ਐਸਵਾਈਐੱਲ ਬਣਾਉਣ ਲਈ ਬਜ਼ਿੱਦ ਇਨੈਲੋ ਦੇ ਆਗੂਆਂ ਨੂੰ ਜੇਲ੍ਹ ‘ਚ ਰਾਤ ਲਈ ਮਿਲੀਆਂ ਦਰੀਆਂ

ਐਸਵਾਈਐੱਲ ਬਣਾਉਣ ਲਈ ਬਜ਼ਿੱਦ ਇਨੈਲੋ ਦੇ ਆਗੂਆਂ ਨੂੰ ਜੇਲ੍ਹ ‘ਚ ਰਾਤ ਲਈ ਮਿਲੀਆਂ ਦਰੀਆਂ

ਪਟਿਆਲਾ/ਬਿਊਰੋ ਨਿਊਜ਼:
ਐਸਵਾਈਐਲ ਨਹਿਰ ਦੀ ਖੁਦਾਈ ਲਈ ਪੰਜਾਬ ਵੱਲ ਮਾਰਚ ਕਰਨ ਸਮੇਂ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ‘ਚ ਵੀਰਵਾਰ ਨੂੰ ਗ੍ਰਿਫ਼ਤਾਰ ਕੀਤੇ ਅਭੈ ਚੌਟਾਲਾ ਦੀ ਅਗਵਾਈ ਵਾਲੇ ਇਨੈਲੋ ਲੀਡਰਾਂ ਤੇ ਵਰਕਰਾਂ ਦੇ 74 ਮੈਂਬਰੀ ਜਥੇ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬਾਕੀ ਅਪਰਾਧੀਆਂ ਨਾਲੋਂ ਵੱਖ ਤਿੰਨ ਬੈਰਕਾਂ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਨੂੰ ਕੱਲ੍ਹ ਰਾਤ ਗਿਆਰਾਂ ਵਜੇ ਜੇਲ੍ਹ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਨੇ ਜੇਲ੍ਹ ਵਿੱਚ ਦਰੀਆਂ ਉਤੇ ਰਾਤ ਕੱਟੀ ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ‘ਚ ਕੁਝ ਸਾਲਾਂ ਤੋਂ ‘ਬੀ’ ਕਲਾਸ ਵਿਵਸਥਾ ਖਤਮ ਕੀਤੀ ਹੋਣ ਕਰ ਕੇ ਕਿਸੇ ਵੀ ‘ਬੰਦੀ’ ਵਾਸਤੇ ਬੈੱਡ ਦੀ ਵਿਵਸਥਾ ਨਹੀਂ ਹੈਗ਼ ਉਂਜ ਕਿਸੇ ਵਿਸ਼ੇਸ਼ ਕੇਸ ‘ਚ  ਡਾਕਟਰ ਦੀ ਸਿਫਾਰਸ਼ ‘ਤੇ ਬੈੱਡ ਹਾਸਲ ਕੀਤਾ ਜਾ ਸਕਦਾ ਹੈ। ਹਰੇਕ ਜੇਲ੍ਹ ਵਿਚਲੀ ਬੈਰਕ ਵਿੱਚ ਤਕਰੀਬਨ ਗੋਡੇ ਜਿੰਨੇ ਉੱਚੇ ਥੜ੍ਹੇ ਬਣੇ ਹੋਏ ਹਨ, ਜਿਸ ‘ਤੇ ਦਰੀਆਂ ਜਾਂ ਕੰਬਲ ਵਿਛਾਅ ਕੇ ਸੌਣਾ ਪੈਂਦਾ ਹੈ।
ਇਨੈਲੋ ਆਗੂਆਂ ਨੂੰ ਇਸ ਜੇਲ੍ਹ ‘ਚ ਦੋ ਸਾਲ ਪਹਿਲਾਂ ਬਣੀ ਦੋ ਮੰਜ਼ਲੀ ‘9’ ਨੰਬਰ ਬੈਰਕ ਵਿੱਚ ਰੱਖਿਆ ਗਿਆ ਹੈ, ਜਿਥੇ ਸਵਾ ਸੌ ਦੇ ਕਰੀਬ ਬੰਦੀਆਂ ਨੂੰ ਰੱਖਣ ਦਾ ਪ੍ਰਬੰਧ ਹੈਗ਼ ਹੋਰ ਬੈਰਕਾਂ ਵਾਂਗ ਇਸ ਬੈਰਕ ‘ਚ ਵੀ ਟੀਵੀ ਲੱਗੇ ਹਨ ਪਰ ਇਥੇ ਸਿਰਫ਼ ਧਾਰਮਿਕ ਤੇ ਸਪੋਰਟਸ ਚੈਨਲ ਹੀ ਚੱਲਦੇ ਹਨਗ਼ ਇਸ ਦੌਰਾਨ ਜੇਲ੍ਹ ਨਿਯਮਾਂ ਮੁਤਾਬਕ ਹੁਣ ਖਾਣ ਪੀਣ ਦਾ ਸਾਮਾਨ ਵੀ  ਬਾਹਰੋਂ ਨਹੀਂ  ਲਿਆਂਦਾ  ਜਾ ਸਕਦਾ ਕਿਉਂਕਿ ਅਜਿਹੇ ਸਾਮਾਨ ਦੇ ਬਹਾਨੇ ਜੇਲ੍ਹਾਂ ‘ਚ ਨਸ਼ੀਲੇ ਪਦਾਰਥ ਅਤੇ ਹੋਰ ਇਤਰਾਜ਼ਯੋਗ ਵਸਤਾਂ ਪੁੱਜਣ ਲੱਗੀਆਂ ਸਨਗ਼ ਇਸ ਕਰਕੇ ਜੇਲ੍ਹ ਅੰਦਰ ਬਣੀ ਕੰਟੀਨ ‘ਚੋਂ ਹੀ ਲੋੜੀਂਦੇ ਸਾਮਾਨ ਦੀ ਖਰੀਦੋ ਫ਼ਰੋਖ਼ਤ ਕੀਤੀ ਜਾ ਸਕਦੀ ਹੈਗ਼ ਸੂਤਰਾਂ ਮੁਤਾਬਕ ਅਭੈ ਚੌਟਾਲ ਤੇ ਹੋਰਾਂ ਨਾਲ 15 ਪਾਰਟੀ ਵਰਕਰਾਂ ਨੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਵੇਂ ਕੱਪੜੇ ਦਿੱਤੇ। ਇਕ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਹੋਰ ਕੈਦੀਆਂ ਦੇ ਨਾਲ ਦਾ ਨਾਸ਼ਤਾ ਤੇ ਦੁਪਹਿਰ ਦਾ ਖਾਣਾ ਖਾਧਾ। ਅਭੈ ਚੌਟਾਲਾ ਨੂੰ ਮਿਲਣ ਲਈ ਅੱਜ ਸੈਂਕੜੇ ਇਨੈਲੋ ਵਰਕਰ ਜੇਲ੍ਹ ਬਾਹਰ ਪੁੱਜੇ ਹੋਏ ਸਨ, ਜਿਨ੍ਹਾਂ ਵਿੱਚੋਂ ਕੁੱਝ ਨੂੰ ਮੁਲਾਕਾਤ ਕਰਨ ਦਿੱਤੀ ਗਈ। ਇਨ੍ਹਾਂ ਨੇ ਕੈਦੀਆਂ ਵਾਸਤੇ ਮੁਲਾਕਾਤ ਵਾਲੇ ਕਮਰੇ ਬਜਾਏ ਅਫ਼ਸਰਾਂ ਵਾਲੇ ਕਮਰੇ ‘ਚ ਮੁਲਾਕਾਤ ਕੀਤੀ। ਅਭੈ ਤੇ ਪਾਰਟੀ ਐਮਪੀ ਚਰਨਜੀਤ ਸਿੰਘ ਰੋੜੀ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ, ‘ਜੋ ਜੇਲ੍ਹ ਬਾਹਰ ਮੁਲਾਕਾਤ ਦੀ ਉਡੀਕ ‘ਚ ਬੈਠੇ ਹਨ। ਉਹ ਅਮਨ ਕਾਨੂੰਨ ਦੀ ਵਿਵਸਥਾ ਭੰਗ ਨਾ ਕਰਨ ਤੇ ਘਰਾਂ ਨੂੰ ਪਰਤ ਜਾਣ। ਸੂਤਰਾਂ ਮੁਤਾਬਕ ਇਨੈਲੋ ਆਗੂਆਂ ਨੇ ਆਪਣੇ ਸਮਰਥਕਾਂ ਕੋਲੋਂ ਫਲਾਂ ਵਾਲੇ ਦੋ ਲਿਫਾਫੇ ਹੀ ਸਵੀਕਾਰ ਕੀਤੇ ਹਨ ਅਤੇ ਬਾਕੀ ਸਾਰਾ ਕੁੱਝ ਵਾਪਸ ਕਰ ਦਿੱਤਾ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਲਾਕਾਤ 2 ਵਜੇ ਤੋਂ ਪਹਿਲਾਂ ਸਮਾਪਤ ਕਰ ਦਿੱਤੀ ਸੀ। ਇਨੈਲੋ ਆਗੂਆਂ ਨੇ ਕਿਹਾ ਕਿ ਉਹ ਆਪਣੀ ਰਿਹਾਈ ਲਈ ਜ਼ਮਾਨਤ ਅਰਜ਼ੀ ਨਹੀਂ ਦੇਣਗੇ। ਗ਼ੌਰਤਲਬ ਹੈ ਕਿ 27 ਫਰਵਰੀ ਨੂੰ ਸ਼ੁਰੂ ਹੋ ਰਹੇ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਜ਼ਮਾਨਤ ਮੰਗੇ ਜਾਣ ਦੇ ਕਿਆਸ ਲਾਏ ਜਾ ਰਹੇ ਸਨ। ਰਾਜਪੁਰਾ ਦੇ ਐਸਡੀਐਮ ਨੇ ਇਨੈਲੋ ਆਗੂਆਂ ਤੇ ਵਰਕਰਾਂ ਨੂੰ 27 ਫਰਵਰੀ ਤਕ ਜੇਲ੍ਹ ਭੇਜ ਦਿੱਤਾ ਹੈ। ਸੂਤਰਾਂ ਮੁਤਾਬਕ ਇਨੈਲੋ ਆਗੂ ਜਲਦੀ ਜ਼ਮਾਨਤ ਲੈ ਕੇ ਮਿਲੀਆਂ ਸੁਰਖੀਆਂ ਨਹੀਂ ਗੁਆਉਣਾ ਚਾਹੁੰਦੇ। ਜੇਲ੍ਹ ਸੁਪਰਡੈਂਟ ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ ਕਿ ਜੇਲ੍ਹ ‘ਚ ਬੰਦੀਆਂ ਲਈ  ਬੈੱਡ ਦੀ  ਵਿਵਸਥਾ ਨਹੀਂ ਹੈ ਤੇ ਸਾਰਿਆਂ ਲਈ ਬੈਰਕਾਂ ‘ਚ ਬਣਾਏ ਗਏ ਥੜ੍ਹਿਆਂ ‘ਤੇ ਹੀ ਸੌਣ ਦਾ ਪ੍ਰਬੰਧ ਹੈਗ਼ ਇਨੈਲੋ ਆਗੂਆਂ ਨੂੰ ਵੀ ਜੇਲ੍ਹ ਨਿਯਮਾਂ ਮੁਤਾਬਕ ਹੀ ਰੱਖਿਆ ਹੋਇਆ ਹੈ।
ਇਨੈਲੋ ਵੱਲੋਂ 27 ਨੂੰ ਸ਼ਕਤੀ ਪ੍ਰਦਰਸ਼ਨ ਦੀ ਵਿਉਂਤਬੰਦੀ
ਪਟਿਆਲਾ ਜੇਲ੍ਹ ਵਿਚ ਬੰਦ ਇਨੈਲੋ ਆਗੂਆਂ ਦੀ ਰਾਜਪੁਰਾ ਵਿਖੇ ਐਸਡੀਐਮ ਅਦਾਲਤ ਵਿਚ 27 ਫਰਵਰੀ ਨੂੰ ਅਗਲੀ ਸੁਣਵਾਈ ਲਈ ਪੇਸ਼ੀ ਮੌਕੇ ਪਾਰਟੀ ਦੇ ਵੱਡੀ ਗਿਣਤੀ  ਵਰਕਰਾਂ ਨੂੰ ਰਾਜਪੁਰਾ ਪਹੁੰਚਣ ਦੇ ਸੁਨੇਹੇ ਦਿੱਤੇ ਜਾ ਰਹੇ ਹਨਗ਼ ਇਸ ਤੋਂ ਜਾਪਦਾ ਹੈ ਕਿ ਉਸ ਦਿਨ ਪਾਰਟੀ ਵੱਲੋਂ ਉਥੇ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾਗ਼ ਇਸ ਕਾਰਵਾਈ ਨੂੰ ਉਸੇ ਦਿਨ ਸ਼ੁਰੂ ਹੋਣ ਵਾਲ਼ੇ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ। ਇਸ ਦੌਰਾਨ 25 ਫਰਵਰੀ ਨੂੰ  ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ  ਦੇ ਵੀ ਇਨੈਲੋ  ਆਗੂਆਂ ਨਾਲ  ਮੁਲਾਕਾਤ ਲਈ ਪਟਿਆਲਾ ਜੇਲ੍ਹ ਆਉਣ ਦੀ  ਚਰਚਾ ਹੈ।