ਅੱਕੇ ਹੋਏ ਲੋਕਾਂ ਨੇ ਨਸ਼ੇ ਦਾ ਧੰਦਾ ਕਰਨ ਵਾਲੇ ਨੂੰ ਵੱਢਿਆ

ਅੱਕੇ ਹੋਏ ਲੋਕਾਂ ਨੇ ਨਸ਼ੇ ਦਾ ਧੰਦਾ ਕਰਨ ਵਾਲੇ ਨੂੰ ਵੱਢਿਆ

ਜ਼ਖ਼ਮੀ ਨੌਜਵਾਨ ਨਸ਼ਾ ਤਸਕਰ ਦਾ ਇਲਾਜ ਕਰਦੇ ਹੋਏ ਡਾਕਟਰ, ਜਿਹੜਾ ਬਾਅਦ ‘ਚ ਹਸਪਤਾਲ ਚ ਦਮ ਤੋੜ ਗਿਆ।

ਤਲਵੰਡੀ ਸਾਬੋ/ਬਿਊਰੋ ਨਿਊਜ਼:
ਭਾਗੀਵਾਂਦਰ ‘ਚ ਇੱਕ ਨੌਜਵਾਨ ਨੂੰ ਨਸ਼ਾ ਤਸਕਰ ਦਸ ਕੇ ਵੱਢਣ ਦੇ ਦੋਸ਼ ਹੇਠ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਤਲਵੰਡੀ ਸਾਬੋ ਦੀ ਪੁਲੀਸ ਜਦੋਂ ਜ਼ਖ਼ਮੀ ਨੂੰ ਹਸਪਤਾਲ ਲਿਆਈ ਤਾਂ ਪਿੰਡ ਵਾਸੀਆਂ ਨੇ ਹਸਪਤਾਲ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ। ਪੁਲੀਸ ਦੇ ਉੱਚ ਅਧਿਕਾਰੀਆਂ ਨੇ ਆ ਕੇ ਸਥਿਤੀ ਸੰਭਾਲੀ। ਪੁਲੀਸ ਨੇ ਦੱਸਿਆ ਕਿ ਅੱਜ ਥਾਣਾ ਤਲਵੰਡੀ ਸਾਬੋ ‘ਚ ਇੱਕ ਫੋਨ ਆਇਆ ਕਿ ਵਿਨੋਦ ਕੁਮਾਰ ਉਰਫ ਸੋਨੂੰ ਅਰੋੜਾ (30 ਸਾਲ) ਵਾਸੀ ਤਲਵੰਡੀ ਸਾਬੋ ਨੂੰ ਪਿੰਡ ਭਾਗੀਵਾਂਦਰ ਦੀ ਵਾਂਦਰ ਪੱਤੀ ਦੀ ਸੱਥ ਕੋਲ ਵੱਢ ਕੇ ਸੁੱਟਿਆ ਪਿਆ ਹੈ। ਏਐੱਸਆਈ ਗੁਰਮੇਜ ਸਿੰਘ ਤੇ ਏਐੱਸਆਈ ਗੁਰਜੰਟ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਸੋਨੂੰ ਅਰੋੜਾ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ।
ਇਸੇ ਦੌਰਾਨ ਪਿੰਡ ਦੀ ਮਹਿਲਾ ਸਰਪੰਚ ਚਰਨਜੀਤ ਕੌਰ ਤੇ ਅਕਾਲੀ ਆਗੂ ਮਨਦੀਪ ਕੌਰ ਬਰਾੜ ਦੀ ਅਗਵਾਈ ‘ਚ ਪਹੁੰਚੇ ਪਿੰਡ ਵਾਸੀਆਂ ਨੇ ਇਹ ਕਹਿੰਦਿਆਂ ਹਸਪਤਾਲ ਦਾ ਘਿਰਾਓ ਕਰ ਲਿਆ ਕਿ ਪੁਲੀਸ ਇਸ ਮਾਮਲੇ ਵਿੱਚ ਮਹਿਲਾ ਸਰਪੰਚ ਦੇ ਪੁੱਤਰ ਅਮਰਿੰਦਰ ਸਿੰਘ ਰਾਜੂ ‘ਤੇ ਕੇਸ ਦਰਜ ਕਰ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਮਰਿੰਦਰ ਸਿੰਘ ਰਾਜੂ ਦੀ ਅਗਵਾਈ ਵਿੱਚ ਚਾਰ ਦਿਨ ਪਹਿਲਾਂ ਪਿੰਡ ਵਾਸੀਆਂ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਸੋਨੂੰ ਅਰੋੜਾ ਪਿੰਡ ਦੇ ਨੌਜਵਾਨਾਂ ਨੂੰ ਕਥਿਤ ਤੌਰ ‘ਤੇ ਨਸ਼ੇ ਵੇਚਦਾ ਹੈ, ਪਰ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਇਸ ਦੇ ਉਲਟ ਦੋ ਦਿਨ ਪਹਿਲਾਂ ਮਹਿਲਾ ਸਰਪੰਚ ਚਰਨਜੀਤ ਕੌਰ ਦੇ ਦੂਜੇ ਪੁੱਤਰ ਉੱਪਰ ਸੋਨੂੰ ਅਰੋੜਾ ਦੇ ਘਰ ਜਾ ਕੇ ਉਸ ਦੀ ਕੁੱਟਮਾਰ ਤੇ ਘਰ ਦੀਆਂ ਔਰਤਾਂ ਦੇ ਕੱਪੜੇ ਪਾੜਨ ਦਾ ਝੂਠਾ ਕੇਸ ਦਰਜ ਕਰ ਦਿੱਤਾ ਗਿਆ। ਸਥਿਤੀ ਤਣਾਅਪੂਰਨ ਹੁੰਦੀ ਦੇਖ ਕੇ ਐੱਸ.ਪੀ (ਐੱਚ) ਭੁਪਿੰਦਰ ਸਿੰਘ, ਥਾਣਾ ਮੁਖੀ ਜਗਦੀਸ਼ ਕੁਮਾਰ ਬਾਅਦ, ਡੀਐੱਸਪੀ ਤਲਵੰਡੀ ਸਾਬੋ ਬਰਿੰਦਰ ਸਿੰਘ ਗਿੱਲ ਤੇ ਥਾਣਾ ਰਾਮਾਂ ਮੁਖੀ ਮਨੋਜ ਕੁਮਾਰ ਵੀ ਹਸਪਤਾਲ ਪਹੁੰਚੇ। ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਐੱਫਆਈਆਰ ਸੌਂਪਣ ਤੇ ਪਿੰਡ ਵਾਸੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਭਰੋਸੇ ਮਗਰੋਂ ਲੋਕਾਂ ਨੇ ਜ਼ਖ਼ਮੀ ਨੂੰ ਅਗਲੇਰੇ ਇਲਾਜ ਲਈ ਜਾਣ ਦਿੱਤਾ। ਦੂਜੇ ਪਾਸੇ ਜ਼ਖ਼ਮੀ ਨੌਜਵਾਨ ਦੀ ਭਰਜਾਈ ਜਸਪ੍ਰੀਤ ਕੌਰ ਨੇ ਮਹਿਲਾ ਸਰਪੰਚ ਦੇ ਪੁੱਤਰ ਅਮਰਿੰਦਰ ਸਿੰਘ ਰਾਜੂ ‘ਤੇ  ਸੋਨੂੰ ਅਰੋੜਾ ਦੀ ਵੱਢ ਟੁੱਕ ਦਾ ਦੋਸ਼ ਲਾਇਆ ਹੈ।