ਲੰਡਨ : ਸਿੱਖਾਂ ਨੂੰ ਕਿਰਪਾਨ ਪਹਿਨ ਕੇ ਪਾਰਕ ‘ਚ ਆਉਣ ‘ਤੇ ਲੱਗੀ ਪਾਬੰਦੀ ਹਟਾਈ

ਲੰਡਨ : ਸਿੱਖਾਂ ਨੂੰ ਕਿਰਪਾਨ ਪਹਿਨ ਕੇ ਪਾਰਕ ‘ਚ ਆਉਣ ‘ਤੇ ਲੱਗੀ ਪਾਬੰਦੀ ਹਟਾਈ

ਲੰਡਨ/ਬਿਊਰੋ ਨਿਊਜ਼ :
ਸਿੱਖ ਬੱਚਿਆਂ ਦੇ ਇਕ ਗਰੁੱਪ ਨਾਲ ਇਕ ਅੰਮ੍ਰਿਤਧਾਰੀ ਸਿੱਖ ਨੂੰ ਕਿਰਪਾਨ ਪਹਿਨ ਕੇ ਬਰਤਾਨੀਆ ਵਿਚ ਸਟੈਫੋਰਡਸ਼ਾਇਰ ਸਥਿਤ ਡਰੇਟਨ ਮੈਨਰ ਥੇਮ ਪਾਰਕ ਅੰਦਰ ਜਾਣ ਤੋਂ ਰੋਕੇ ਜਾਣ ਦੀ ਖ਼ਬਰ ਨਾਲ ਸਿੱਖਾਂ ਅੰਦਰ ਫੈਲੇ ਰੋਸ ਤੋਂ ਬਾਅਦ ਇਸ ਮਾਮਲੇ ਨੂੰ ਸਿੱਖ ਕਾਸਲ ਯੂ.ਕੇ. ਨੇ ਹੁਣ ਨਜਿੱਠ ਲਿਆ ਹੈ ਅਤੇ ਪਾਰਕ ਦੇ ਪ੍ਰਬੰਧਕਾਂ ਨੇ ਕਿਰਪਾਨ ‘ਤੇ ਲਾਈ ਪਾਬੰਦੀ ਨੂੰ ਹਟਾ ਦਿੱਤਾ ਹੈ। ਸਟੈਫੋਰਡਸ਼ਾਇਰ ਸਥਿਤ ਡਰੇਟਨ ਮੈਨਰ ਥੇਮ ਪਾਰਕ ਵਿਚ ਇਕ ਬੱਚੇ ਦੇ ਜਨਮ ਦਿਨ ਮੌਕੇ ਪਾਰਟੀ ਰੱਖੀ ਗਈ ਸੀ, ਜਿਸ ਵਿਚ ਜਾਣ ਸਮੇਂ ਇਕ ਪ੍ਰਾਇਮਰੀ ਸਕੂਲ ਦੇ ਕਵੈਂਟਰੀ ਵਾਸੀ ਅਧਿਆਪਕ ਨੇ ਛੋਟੀ ਕਿਰਪਾਨ ਪਹਿਨੀ ਹੋਈ ਸੀ। ਸਿੱਖ ਪ੍ਰੈੱਸ ਐਸੋਸੀਏਸ਼ਨ ਵੱਲੋਂ ਇਸ ਮੁੱਦੇ ਨੂੰ ਉਠਾਇਆ ਗਿਆ ਕਿ ਸਿੱਖਾਂ ਨੂੰ ਬਰਤਾਨੀਆ ਦੀ ਪਾਰਲੀਮੈਂਟ ਵਿਚ ਕਿਰਪਾਨ ਲਿਜਾਣ ਦੀ ਇਜਾਜ਼ਤ ਹੈ, ਪਰ ਅਫਸੋਸ ਕਿ ਇਕ ਪਾਰਕ ਵਿਚ ਲਿਜਾਣ ਤੋਂ ਰੋਕਿਆ ਗਿਆ ਹੈ, ਬਾਅਦ ਵਿੱਚ ਇਹ ਮਾਮਲਾ ਸਿੱਖ ਕੌਂਸਲ ਯੂ.ਕੇ. ਕੋਲ ਪਹੁੰਚਿਆ ਅਤੇ ਪਾਰਕ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਸਿੱਖ ਧਰਮ ਵਿੱਚ ਕਿਰਪਾਨ ਦੀ ਮਹੱਤਤਾ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਇਆ ਗਿਆ। ਇਸ ਤੋਂ ਬਾਅਦ ਸਿੱਖ ਕੌਂਸਲ ਯੂ.ਕੇ. ਅਤੇ ਪਾਰਕ ਦੇ ਪ੍ਰਬੰਧਕਾਂ ਵੱਲੋਂ ਬਣਾਏ ਨਵੇਂ ਨਿਯਮਾਂ ਵਿੱਚ ਕਿਹਾ ਗਿਆ ਕਿ ਪਾਰਕ ਅਧਿਕਾਰੀ ਕਿਰਪਾਨ ਦੀ ਜਾਂਚ ਕਰ ਸਕਦੇ ਹਨ, ਕਿਰਪਾਨ ਦੀ ਲੰਬਾਈ 6 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ।

 

ਆਸਟਰੇਲੀਆ  : ਸਕੂਲਾਂ ‘ਚ ਕਿਰਪਾਨ ਪਾਉਣ ‘ਤੇ ਇਤਰਾਜ਼
ਬ੍ਰਿਸਬਨ/ਬਿਊਰੋ ਨਿਊਜ਼ :
ਇੱਥੇ ਸੂਬਾ ਕੁਈਨਜ਼ਲੈਂਡ ਦੇ ਇੱਕ ਸਕੂਲ ਵਿੱਚ ਸਿੱਖ ਧਰਮ ਵਿੱਚ ਪੰਜ ਕਕਾਰਾਂ ਵਿੱਚੋਂ ਇੱਕ ਕਿਰਪਾਨ ਦੀ ਧਾਰਮਿਕ ਮਹੱਤਤਾ ਨੂੰ ਦੇਖਦਿਆਂ, ਬੱਚਿਆਂ ਦੇ ਮਾਪਿਆਂ ਨੂੰ ਕਿਰਪਾਨ ਪਹਿਨ ਕੇ ਸਕੂਲ  ਅੰਦਰ ਆਉਣ ਦੀ ਆਗਿਆ ਸੀ, ਜਿਸ ਉੱਤੇ ਹੁਣ ਕੁਈਨਜ਼ਲੈਂਡ ਸਿੱਖਿਆ ਵਿਭਾਗ ਨੇ ‘ਕੁਈਨਜ਼ਲੈਂਡ ਹਥਿਆਰ ਐਕਟ 1990’ ਦੇ ਹਵਾਲੇ ਨਾਲ ਇਤਰਾਜ਼ ਜ਼ਾਹਰ ਕੀਤਾ ਹੈ।
ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਜਿਮ ਵੈਟਟਰਸੋਨ ਅਨੁਸਾਰ ਸਕੂਲ ਦੀ ਗਰਾਊਂਡ ਅੰਦਰ ਕਿਰਪਾਨ ਪਹਿਨ ਕੇ ਆਉਣਾ ਕਾਨੂੰਨ ਅਤੇ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਗਲਤ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੇ ਸੂਬੇ ਦੇ ਸਾਰੇ ਸਕੂਲਾਂ ਨੂੰ ਲਿਖਤੀ ਨਿਰਦੇਸ਼ ਭੇਜੇ ਹਨ ਕਿ ਕਿਰਪਾਨ ਵੀ ਇੱਕ ਤਰ੍ਹਾਂ ਦਾ  ਚਾਕੂ ਹੈ ਜੋ ਸਕੂਲੀ ਘੇਰੇ ਅੰਦਰ ਨਹੀਂ ਪਹਿਨਿਆ ਜਾ ਸਕਦਾ। ਡਾ. ਵੈਟਟਰਸੋਨ ਨੇ ਕਿਹਾ ਕਿ  ਸਕੂਲ ਦਾ ਫ਼ੈਸਲਾ ਸਹੀ ਨਹੀਂ ਸੀ ਅਤੇ ਵਿਭਾਗ ਦੀ ਨੀਤੀ ਦੇ ਵਿਰੁੱਧ ਸੀ। ਪਰ ਇਸ ਮਾਮਲੇ ਵਿੱਚ ਇਨਾਲਾ ਇਲਾਕੇ ਤੋਂ ਗਰੀਨ ਉੁਮੀਦਵਾਰ ਨਵਦੀਪ ਸਿੰਘ ਨੇ ਤੱਥਾਂ ਨਾਲ ਮੀਡੀਆ ਨੂੰ ਜਾਣਕਾਰੀ ਵਿੱਚ ਕਿਹਾ ਕਿ ਇਸ ਸਮੇਂ ਸੂਬਾ ਕੁਈਨਜ਼ਲੈਂਡ ਵਿੱਚ 17,500 ਦੇ ਕਰੀਬ ਸਿੱਖਾਂ ਦੀ ਵਸੋਂ ਹੈ। ਕਿਰਪਾਨ ਸਿੱਖ ਧਰਮ ਦੇ ਪੰਜ ਕਕਾਰਾਂ ਵਿਚੋਂ ਇੱਕ ਹੈ ਤੇ ਜੇ ਆਸਟੇਲਿਆਈ ਮੀਡੀਆ ਇਸ ਨੂੰ ਸਿਰਫ਼ ਚਾਕੂ ਦੱਸਦਾ ਤੇ ਲਿਖਦਾ ਹੈ ਤਾਂ ਗਰੀਨ ਪਾਰਟੀ ਇਸ ਸੌੜੀ ਸੋਚ ਦੀ ਵਿਰੋਧੀ ਹੈ।