ਡਰੱਗ ਕੇਸ ‘ਚ ਅਕਾਲੀ ਆਗੂ ਮਜੀਠੀਆ ਦੀ ਜਾਂਚ ਕਰਨ ਵਾਲੇ ਨਿਰੰਜਣ ਸਿੰਘ ਦੇ ਅਸਤੀਫਾ ਮਾਮਲੇ ਵਿਚ ਨਵਾਂ ਮੋੜ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਭੋਲਾ ਡਰੱਗ ਕੇਸ ‘ਚ ਅਕਾਲੀ ਆਗੂ ਮਜੀਠੀਆ ਦੀ ਜਾਂਚ ਕਰਨ ਵਾਲੇ ਨਿਰੰਜਣ ਸਿੰਘ ਦੇ ਅਸਤੀਫਾ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਨਿਰੰਜਣ ਸਿੰਘ ਦੇ ਵਕੀਲ ਨੇ ਪੰਜਾਬ ਹਰਿਆਣਾ ਵਿਚ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਮੁਵਕਿਲ ਨੇ ਨਸ਼ਿਆਂ ਦੇ ਕੇਸ ਵਿਚ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕਾਰਵਾਈ ਦੀ ਇਜਾਜ਼ਤ ਨਾ ਮਿਲਣ ਤੋਂ ਅੱਕ ਕੇ ਇਹ ਕਦਮ ਚੁੱਕਿਆ ਹੈ। ਚੀਫ ਜਸਟਿਸ ਕ੍ਰਿਸ਼ਨ ਮੁਰਾਰੀ ਤੇ ਜਸਟਿਸ ਏਬੀ ਚੌਧਰੀ ਦੇ ਬੈਂਚ ਸਾਹਮਣੇ ਸੀਨੀਅਰ ਐਡਵੋਕੇਟ ਅਨੁਪਮ ਗੁਪਤਾ ਨੇ ਕਿਹਾ ਕਿ ਈਡੀ ਵੱਲੋਂ ਮਜੀਠੀਆ ਖਿਲਾਫ਼ ਕਾਰਵਾਈ ਦੀ ਆਗਿਆ ਨਾ ਦਿੱਤੇ ਜਾਣ ਤੋਂ ਮਾਯੂਸ ਹੋ ਕੇ ਪਿਛਲੇ ਹਫ਼ਤੇ ਅਸਤੀਫ਼ਾ ਦਿੱਤਾ ਸੀ। ਉਹ ਪਿਛਲੀ ਸਰਕਾਰ ਵਿਚ ਮਾਲ ਮੰਤਰੀ ਸੀ ਤੇ ਉਸ ਦੀ ਪਾਰਟੀ ਇਸ ਵੇਲੇ ਕੇਂਦਰ ਵਿਚ ਭਿਆਲ ਹੈ ਜਿਸ ਕਰ ਕੇ ਉਸ ਦਾ ਬਹੁਤ ਹੀ ਦਬਦਬਾ ਹੈ। ਉਨ੍ਹਾਂ ਕਿਹਾ ਕਿ ਉਹ ਅਦਾਲਤ ਨੂੰ ਦੱਸ ਸਕਦੇ ਹਨ ਕਿਵੇਂ ਕੇਂਦਰੀ ਵਿੱਤ ਮੰਤਰਾਲੇ ਵੱਲੋਂ ਜਗਦੀਸ਼ ਭੋਲਾ ਡਰੱਗ ਕੇਸ ਵਿਚ ਉਨ੍ਹਾਂ (ਨਿਰੰਜਣ ਸਿੰਘ) ਨੂੰ ਧਮਕਾਇਆ ਗਿਆ ਸੀ। ਉਨ੍ਹਾਂ ਨੂੰ ਕੋਈ ਮੌਕਾ ਨਹੀਂ ਦਿੱਤਾ ਗਿਆ, ਇਕ ਵੀ ਗਵਾਹ ਤੋਂ ਪੁੱਛਗਿਛ ਨਹੀਂ ਕੀਤੀ ਗਈ ਤੇ ਕੋਈ ਅਸਾਸਾ ਜ਼ਬਤ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਸਲਾ ਮਜੀਠੀਏ ਦਾ ਨਹੀਂ ਸਗੋਂ ਕੇਂਦਰੀ ਵਿੱਤ ਮੰਤਰਾਲੇ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਹੈ।
Comments (0)