ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਸਹੀਦ ਭਾਈ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸ਼ਮਾਗਮ

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਸਹੀਦ ਭਾਈ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸ਼ਮਾਗਮ

ਫਰੀਮਾਂਟ/ਬਲਵਿੰਦਰਪਾਲ ੰਿਸੰਘ ਖਾਲਸਾ :
ਜ਼ਾਲਮਾਂ ਨੂੰ ਜ਼ੁਲਮ ਕਰਨ ਤੋਂ ਰੋਕਣ ਲਈ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੇ ਆਪਣੀ ਜਾਨ ਦੇ ਕੇ ਉਹ ਕਾਰਜ ਕਰ ਵਿਖਾਏ ਹਨ, ਜੋ ਸੰਸਾਰ ਨੂੰ ਹੈਰਾਨ ਕਰਨ ਵਾਲੇ ਹਨ। ਗੁਰਦੁਆਰਾ ਸਹਿਬ ਫਰੀਮਾਂਟ ਵਿਚ ਐਤਵਾਰ ਨੂੰ ਖਾਲਿਸਤਾਨ ਦੇ ਸ਼ਹੀਦਾਂ ਨੂੰ ਸਮਰਪਿਤ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਸਹੀਦ ਭਾਈ ਦਿਲਾਵਰ ਸਿੰਘ ਦੀ ਯਾਦ ਵਿਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸ਼ਹੀਦੀ ਸਮਾਗਮ ਦੀ ਸ਼ੁਰੂਆਤ ਸਹਿਜ ਪਾਠ ਦੀ ਅਰੰਭਤਾ ਨਾਲ ਕੀਤੀ ਗਈ ਤੇ ਕਈ ਦਿਨ ਗੁਰਬਾਣੀ ਦੇ ਪ੍ਰਵਾਹ ਚੱਲੇ।
ਐਤਵਾਰ ਦੇ ਮੁੱਖ ਦੀਵਾਨ ਵਿਚ ਗੁਰਬਾਣੀ ਪਾਠ ਦੀ ਸੰਪੂਰਨਤਾ ਤੋਂ ਬਾਅਦ ਕਥਾਕਾਰ ਭਾਈ ਸਾਹਿਬ ਸਿੰਘ ਨੇ ਸ਼ਹੀਦਾਂ ਦੇ ਬਿਰਤਾਂਤ ਸੰਗਤਾਂ ਨੂੰ ਸੁਣਾਏ। ਕੀਰਤਨੀ ਜਥਾ ਭਾਈ ਹਜ਼ਾਰਾ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪੰਥਕ ਬੁਲਾਰਿਆਂ ਵਿਚ ਸਭ ਤੋਂ ਪਹਿਲਾਂ ਮਨੁੱਖੀ ਅਧਿਕਾਰਾਂ ਦੇ ਮਸੀਹਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਬੇਟੀ ਬੀਬੀ ਨਵਕਿਰਨ ਕੌਰ ਨੇ ਆਪਣੇ ਮਹਾਨ ਪਿਤਾ ਤੇ ਭਾਈ ਦਿਲਾਵਰ ਸਿੰਘ ਦੀਆਂ ਕੁਰਬਾਨੀਆਂ ਦੇ ਵੱਖੋ ਵੱਖਰੇ ਪਹਿਲੂਆਂ ਬਾਰੇ ਦੱਸਦਿਆਂ ਉਨ੍ਹਾਂ ਦੇ ਬੇਮਿਸਾਲ ਕਾਰਨਾਮਿਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਤੇ ਪੁਲੀਸ ਦੇ ਬੁੱਚੜਾਂ ਵਾਲੇ ਕਾਰਨਾਮਿਆਂ ਦੀ ਵਾਰਤਾ ਦੱਸੀ, ਜਿਨਾਂ ਤਹਿਤ ਭਾਈ ਖਾਲੜਾ ਨੂੰ ਸਹੀਦ ਕੀਤਾ ਤੇ ਕਰਵਾਇਆ। ਉਨ੍ਹਾਂ ਦੱਸਿਆਂ ਕਿ ਇਸ ਵਿਚ ਮੁੱਖ ਦੋਸ਼ੀ ਪੰਜਾਬ ਸਰਕਾਰ, ਭਾਰਤ ਸਰਕਾਰ, ਕੇਪੀਐਸ ਗਿੱਲ ਤੇ ਅਜੀਤ ਸਿੰਘ ਸੰਧੂ ਸੀ। ਭਾਈ ਖਾਲੜਾ ਦੀ ਸਭ ਤੋਂ ਵਡੀ ਮਹਾਨਤਾ ਇਸ ਗੱਲ ਵਿਚ ਵੀ ਸੀ ਕਿ ਉਨਾਂ ਕੈਨੇਡਾ, ਇੰਗਲੈਂਡ ਤੇ ਯੂਰਪ ਵਿਚ ਰਾਜਨੀਤਕ ਸ਼ਰਨ ਹਾਸਲ ਕਰਨ ਤੋਂ ਇਨਕਾਰ ਕਰਕੇ ਸ਼ਹਾਦਤ ਨੂੰ ਪਹਿਲ ਦਿੱਤੀ ਕਿਉਂਕਿ ਉਨ੍ਹਾਂ ਅਨੁਸਾਰ ਸ਼ਹਾਦਤ ਦੀ ਦਾਤ ਗੁਰੂ ਸਾਹਿਬ ਵੱਲੋਂ ਹੁੰਦੀ ਹੈ। ਬੇਟੀ ਖਾਲੜਾ ਨੇ ਵਿਸ਼ੇਸ਼ ਤੌਰ ਤੇ ਸਾਰੀ ਕੌਮ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਹੁਣ ਇਹ ਕੌਮ ਨੇ ਸੋਚਣਾ ਹੈ ਕਿ ਉਸ ਨੇ ਭਾਈ ਖਾਲੜਾ ਦੀ ਮਹਾਨ ਵਿਰਾਸਤ ਨੂੰ ਕਿਵੇਂ ਸੰਭਾਲਣਾ ਹੈ ਤੇ ਉਨਾਂ ਦੀ ਕੁਰਬਾਨੀ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਵੇਂ ਜਾਣੂੰ ਕਰਵਾਉਣਾ ਹੈ। ਉਨ੍ਹਾਂ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਬਾਦਲਾਂ ਦਾ ਮੁਕੰਮਲ ਬਾਈਕਾਟ ਕਰਨ ਦੀ ਅਪੀਲ ਵੀ ਕੀਤੀ।
ਉਪਰੰਤ ਸੁਪਰੀਮ ਕੌਂਸਲ ਦੇ ਮੈਂਬਰ ਭਾਈ ਜਸਵਿੰਦਰ ਸਿੰਘ ਜੰਡੀ ਨੇ ਵਿਸ਼ੇਸ ਤੌਰ ‘ਤੇ ਪਹੁੰਚੇ ਸ਼ਹੀਦੀ ਪਰਿਵਾਰਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਕਵੰਲਜੀਤ ਸਿੰਘ ਨੇ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿਹੁੰ ਦੇ ਜ਼ੁਲਮਾਂ ਬਾਰੇ ਦੱਸਦਿਆਂ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਦੀ ਮਹਾਨਤਾ ਦੇ ਕੇਂਦਰ ਬਿੰਦੂ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਭਾਈ ਦਿਲਵਾਰ ਸਿੰਘ  ਨੇ ਆਪਣੀ ਕੁਰਬਾਨੀ ਦੇ ਕੇ ਹਜ਼ਾਰਾਂ ਹੋਰ ਸਿੱਖ ਨੌਜਵਾਨਾਂ ਦੀ ਜਾਨ ਬਚਾਈ ਜਿਨਾਂ ਨੂੰ ਹਕੂਮਤ ਮਾਰ ਮੁਕਾਉਣਾ ਚਾਹੁੰਦੀ ਸੀ। ਉਨਾਂ ਭਾਈ ਖਾਲੜਾ ਦੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਕਿਹਾ ਕਿ ਭੈਣ ਜੀ ਖਾਲੜਾ ਆਪਣੇ ਪਿਤਾ ਦੇ ਸ਼ਾਨਦਾਰ ਵਿਰਸੇ ਦਾ ਝੰਡਾ ਝੁਲਾ ਕੇ ਉਨਾਂ ਦੀ ਕੁਰਬਾਨੀ ਦੇ ਗਿਆਨ ਦਾ ਚਾਨਣ ਵੰਡ ਰਹੇ ਹਨ।
ਉਪਰੰਤ ਗੁਰਦੁਆਰਾ ਸਾਹਿਬ ਦੇ ਸਾਬਕਾ ਸਕੱਤਰ ਭਾਈ ਸਤਨਾਮ ਸਿੰਘ ਖਾਲਸਾ ਨੇ ਕਵਿਤਾ ਸੰਗਤਾਂ ਨੂੰ ਸੁਣਾਈ ਤੇ ਖਾਲਿਸਤਾਨ ਦੇ ਜੈਕਾਰੇ ਗਜਾਏ, ਜਿਸ ਦਾ ਸੰਗਤਾਂ ਨੇ ਪੂਰੇ ਜੋਸ਼ ਨਾਲ ਜਵਾਬ ਦਿੱਤਾ। ਮਨਟੀਕਾ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਭਾਈ ਅਮਰੀਕ ਸਿੰਘ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਨ ਕੀਤੀ। ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਮਾਤਾ ਜੀ ਸੁਰਜੀਤ ਕੌਰ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਿਰੋਪਾਉ ਤੇ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ ਗਿਆ ਜੋ ਵਿਸ਼ੇਸ਼ ਤੌਰ ਤੇ ਕੈਨੇਡਾ ਤੋਂ ਅਮਰੀਕਾ, ਇਸ ਸਮਾਗਮ ਵਿਚ ਹਾਜ਼ਰੀ ਭਰਨ ਪਹੁੰਚੇ ਸਨ। ਭਾਈ ਬਲਜਿੰਦਰ ਸਿੰਘ ਜੋ ਮਾਤਾ ਜੀ ਨੂੰ ਖਾਸ ਤੌਰ ਤੇ ਕੈਨੇਡਾ ਤੋਂ ਲੈ ਕੇ ਆਏ ਸਨ ਅਤੇ ਬੀਬੀ ਨਵਕਿਰਨ ਕੌਰ ਖਾਲੜਾ ਦਾ ਵੀ ਸੰਗਤ ਵੱਲੋਂ ਸਨਮਾਨ ਕੀਤਾ ਗਿਆ। ਸੁਪਰੀਮ ਕੌਂਸਲ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸ਼ਹੀਦੀ ਸਮਾਗਮ ਵਿਚ ਪੰਥਕ ਜਥੇਬੰਦੀਆਂ ਤੇ ਸੰਗਤਾਂ ਨੇ ਭਰਪੂਰ ਸਹਿਯੋਗ ਦਿੱਤਾ।