ਦੂਸਰਾ ਸਾਲਾਨਾ ”ਜੌਹਰ-ਏ-ਤੇਗ” ਗੱਤਕਾ ਮੁਕਾਬਲਾ ਯਾਦਗਾਰੀ ਹੋ ਨਿਬੜਿਆ

ਦੂਸਰਾ ਸਾਲਾਨਾ ”ਜੌਹਰ-ਏ-ਤੇਗ” ਗੱਤਕਾ ਮੁਕਾਬਲਾ ਯਾਦਗਾਰੀ ਹੋ ਨਿਬੜਿਆ

ਫਰੀਮਾਂਟ/ਬਿਊਰੋ ਨਿਊਜ਼ :
ਕੈਲੀਫੋਰਨੀਆ ਗੱਤਕਾ ਦਲ ਅਤੇ ਫਰੀਮਾਂਟ ਅਖਾੜੇ ਦੇ ਸੇਵਾਦਾਰ ਵਲੋਂ ਇਸ ਸਾਲ ਦਾ ਸਾਲਾਨਾ ”ਜੌਹਰ-ਏ-ਤੇਗ” ਮੁਕਾਬਲਾ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਆਯੋਜਿਤ ਕੀਤਾ ਗਿਆ। ਇਸ ਵਿਚ 30 ਟੀਮਾਂ ਨੇ ਭਾਗ ਲਿਆ। ਕੈਲੀਫੋਰਨੀਆ ਵਿਚੋਂ ਯੂਬਾ ਸਿਟੀ ਤੋਂ ਲੈ ਕੇ ਰਿਵਰਸਾਈਡ ਤੱਕ ਸਾਰੇ ਰਾਜ ਵਿਚੋਂ ਹੀ ਟੀਮਾਂ ਆਈਆਂ ਤੇ ਇਕ ਟੀਮ ਨਿਊਜਰਸੀ ਤੋਂ ਆਈ ਜੋ ਕਿ ਇਸ ਸਾਲ ਦੇ ਮੁਕਾਬਲੇ ਵਿਚ ਜੇਤੂ ਟੀਮ ਰਹੀ। ਇਹ ਪ੍ਰੋਗਰਾਮ ਸਵੇਰੇ 9 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਚੱਲਿਆ ਤੇ ਵਿਸ਼ੇਸ਼ ਗੱਲ ਇਹ ਸੀ ਕਿ ਰਾਤ ਦੇ 10 ਵਜੇ ਵੀ ਸੰਗਤ ਤੇ ਦੇਖਣ ਵਾਲਿਆਂ ਦੀ ਗਿਣਤੀ ਉਨੀ ਹੀ ਸੀ ਜਿੰਨੀ ਸਵੇਰ ਦੇ ਸਮੇਂ ਸੀ। ਖਾਣ-ਪੀਣ ਦੇ ਲੰਗਰ ਸਾਰਾ ਦਿਨ ਅਤੁੱਟ ਵਰਤੇ। ਭਾਈ ਰਣਜੀਤ ਸਿੰਘ ਨੇ ਸਾਰਾ ਦਿਨ ਕੁਮੈਂਟਰੀ ਕਰਕੇ ਜਿੱਥੇ ਮੁਕਾਬਲਿਆਂ ਦੀ ਜਾਣਕਾਰੀ ਨਾਲੋ ਨਾਲ ਦਿੱਤੀ, ਉਥੇ ਆਪਣੀਆਂ ਗੱਲਾਂ, ਕਵਿਤਾਵਾਂ ਨਾਲ ਸਭ ਦਾ ਦਿਲ ਪਰਚਾਈ ਰੱਖਿਆ।
”ਜੌਹਰ-ਏ- ਤੇਗ” ਦੇ ਉਚੇਚੇ ਸੱਦੇ ਤੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਕਥਾਵਾਚਕ ਗਿਆਨ ਜੰਗਬੀਰ ਸਿੰਘ ਜੀ ਤੇ ਆਸਟ੍ਰੇਲੀਆ ਤੋਂ ਗੱਤਕਾ ਅਖਾੜਾ ਖੁਰਮਨੀਆਂ ਦੇ ਉਸਤਾਦ ਇੰਦਰਜੀਤ ਸਿੰਘ ਜੀ ਵੀ ਪਹੁੰਚੇ।
ਕੈਲੀਫੋਰਨੀਆ ਗੱਤਕਾ ਦਲ ਅਤੇ ਮਿਸਲ ਫਰੀਮਾਂਟ ਦੇ ਪ੍ਰਬੰਧਕਾਂ ਵਲੋਂ ਇਸ ਪ੍ਰੋਗਰਾਮ ਵਿੱਚ ਹਾਜ਼ਰੀ ਭਰ ਕੇ ਸਫਲਤਾ ਬਖਸ਼ਣ ਵਾਲੇ ਸਭ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਫਰੀਮਾਂਟ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ”ਜੌਹਰ-ਏ-ਤੇਗ” ਦੀ ਸਫ਼ਲਤਾ ਲਈ ਪੂਰਾ ਯੋਗਦਾਨ ਪਾਇਆ ਅਤੇ ਪ੍ਰੋਗਰਾਮ ਦੇ ਅਖ਼ੀਰ ਤੱਕ ਹਾਜ਼ਰ ਰਹੇ ਅਤੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ।
ਜੇਤੂ ਟੀਮਾਂ ਦਾ ਵੇਰਵਾ : ਭੁਝੰਗੀਆਂ ਦੀ 12-15 ਸਾਲ ਦੀ ਉਮਰ ਦੀਆਂ 6 ਟੀਮਾਂ ਵਿਚੋਂ ਗਦਰ ਫੌਜ ਦੀ ਟੀਮ ਜੇਤੂ ਰਹੀ। ਭੁਝੰਗਣਾਂ ਦੀਆਂ 4 ਟੀਮਾਂ ਵਿਚੋਂ ਮਿਸਲ ਫਰੀਮਾਂਟ ਸਿਰੋਹੀ ਟੀਮ ਜੇਤੂ ਰਹੀ। ਭੁਝੰਗੀਆਂ ਦੀ 15 ਸਾਲ ਤੋਂ ਉਪਰ ਵਾਲਿਆਂ ਦੀਆਂ 11 ਟੀਮਾਂ ਵਿਚੋਂ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਨਿਊਜਰਸੀ ਦੀ ਟੀਮ ਪਹਿਲੇ ਨੰਬਰ ‘ਤੇ ਰਹੀ। ਫੌਜ ਬਾਬਾ ਬਿਨੋਦ ਸਿੰਘ ਜੀ ਦੂਜੇ ਨੰਬਰ ‘ਤੇ ਅਤੇ ਟੀਮ ਅਕਾਲੀ ਬਾਬਾ ਨੈਣਾ ਸਿੰਘ ਜੀ ਤੀਜੇ ਨੰਬਰ ‘ਤੇ ਰਹੀ। ਭੁਝੰਗਣਾਂ ਦੀ 15 ਸਾਲ ਤੋਂ ਉਪਰ ਉਮਰ ਵਾਲੀਆਂ ਟੀਮਾਂ,ਜਿਨਾਂ ਦੀ ਗਿਣਤੀ 9 ਸੀ, ਵਿਚੋਂ ਟੀਮ ਫੌਜ ਮਾਤਾ ਸਾਹਿਬ ਕੌਰ ਜੀ ਪਹਿਲੇ ਨੰਬਰ ‘ਤੇ, ਰਿਵਰਸਾਈਡ ਜੁਝਾਰਨਾਂ ਦੂਜੇ ਨੰਬਰ ‘ਤੇ ਅਤੇ ਯੂਬਾ ਸਿਟੀ ਬੱਬਰ ਟੀਮ ਤੀਜੇ ਨੰਬਰ ‘ਤੇ ਰਹੀ।