ਮੋਹਨ ਭਾਗਵਤ ਆਰਐਸਐਸ ਦੀ ਅਪਣੀ ਨਿੱਕਧਾਰੀ ਫ਼ੌਜ ਨੂੰ ਚੀਨ ਦੇ ਬਾਰਡਰ ਉੱਤੇ ਲਾਵੇ : ਸਿੱਖ ਕੋਆਰਡੀਨੇਸ਼ਨ ਕਮੇਟੀ
ਵਾਸ਼ਿੰਗਟਨ/ਹੁਸਨ ਲੜੋਆ ਬੰਗਾ:
ਅਮਰੀਕਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਸਾਂਝੇ ਤੌਰ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਆਰਐਸਐਸ ਮੁਖੀ ਮੋਹਨ ਭਾਗਵਤ ਦੇ ਉਸ ਬਿਆਨ ਦਾ ਸਖ਼ਤ ਨੋਟਿਸ ਲਿਆ ਹੈ ਜਿਸ ਵਿਚ ਮੋਹਨ ਭਾਗਵਤ ਕਹਿ ਰਿਹਾ ਹੈ ਕਿ ਉਹ ਤਿੰਨ ਦਿਨਾਂ ਵਿਚ ਆਰਐਸਐਸ ਦੀ ਫ਼ੌਜ ਤਿਆਰ ਕਰ ਸਕਦੇ ਹਨ ਜਦ ਕਿ ਭਾਰਤੀ ਸੈਨਾ ਨੂੰ 6-7 ਮਹੀਨੇ ਤਿਆਰੀ ਕਰਨ ਨੂੰ ਲੱਗ ਜਾਂਦੇ ਹਨ। ਕੋਆਰਡੀਨੇਸ਼ਨ ਕਮੇਟੀ ਦੇ ਆਗੂਆਂ ਨੇ ਹੰਗਾਮੀ ਮੀਟਿੰਗ ਕਰਕੇ ਕਿਹਾ ਹੈ ਕਿ ਇਹ ਅਸਲ ਵਿਚ ਹਿੰਦੁਸਤਾਨ ਵਿਚ ਹਿੰਦੂ ਅੱਤਵਾਦ ਦਾ ਕਰੂਰ ਚਿਹਰਾ-ਮੋਹਰਾ ਹੈ ਜੋ ਹਿੰਦੁਸਤਾਨ ਦੀ ਕੇਂਦਰ ਸਰਕਾਰ ਨੂੰ ਨਜ਼ਰ ਨਹੀਂ ਆ ਰਿਹਾ।
ਇੱਥੇ ਜਾਰੀ ਇੱਕ ਸਾਂਝੇ ਲਿਖਤੀ ਪ੍ਰੈਸ ਬਿਆਨ ‘ਚ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਤੇ ਹੋਰਨਾਂ ਆਗੂਆਂ ਵਿਚ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਕਿਹਾ ਕਿ ਮੋਹਨ ਭਾਗਵਤ ਦਾ ਇਹ ਬਿਆਨ ਭਾਰਤ ਨੂੰ ਬਾਰਡਰਾਂ ਤੇ ਗੁਆਂਢੀ ਦੇਸ਼ਾਂ ਨਾਲ ਹੁੰਦੀ ਤਲਖ਼ੀ ਤੋਂ ਬਚਾਉਣ ਦਾ ਨਹੀਂ ਹੈ, ਸਗੋਂ ਇਹ ਬਿਆਨ ਘੱਟ ਗਿਣਤੀਆਂ ਨੂੰ ਡਰਾਉਣ ਧਮਕਾਉਣ ਲਈ ਦਿੱਤਾ ਗਿਆ ਹੈ।
ਅਮਰੀਕੀ ਸਿੱਖ ਆਗੂਆਂ ਨੇ ਕਿਹਾ ਕਿ ਆਰਐਸਐਸ ਤੇ ਹੋਰ ਹਿੰਦੂਤਵਾ ਦੀਆਂ ਸੰਸਥਾਵਾਂ ਵੱਲੋਂ ਜਿਸ ਤਰ੍ਹਾਂ ਫਿਰਕੂ ਤਡਾਅ ਪੈਦਾ ਕਰਨ ਲਈ ਮੰਦਰਾਂ ਵਿਚ ਖ਼ਤਰਨਾਕ ਹਥਿਆਰ ਰੱਖ ਦੇ ਪੂਜਾ ਕੀਤੀ ਜਾਂਦੀ ਹੈ, ਤੇ ਹਥਿਆਰਾਂ ਨਾਲ ਲੈਸ ਹੋ ਕੇ ਪੰਜਾਬ ਵਰਗੇ ਸੂਬੇ ਵਿਚ ਜਲੂਸ ਕੱਢੇ ਜਾਂਦੇ ਹਨ, ਉਹ ਕੇਂਦਰ ਦੀਆਂ ਨਿਆਂ ਪ੍ਰਣਾਲੀ ਦੀਆਂ ਏਜੰਸੀਆਂ ਨੂੰ ਨਜ਼ਰ ਨਹੀਂ ਆਉਂਦੇ ਪਰ ਜੇਕਰ ਸਿੱਖ, ਗੁਰੂਆਂ ਦੀ ਕਿਰਪਾ ਨਾਲ ਸਜਾਈ ਗਈ ਕਿਰਪਾਨ ਦਾ ਪ੍ਰਦਰਸ਼ਨ ਕਰ ਦਿੰਦੇ ਹਨ ਤਾਂ ਭਾਰਤੀ ਹਿੰਦੂਤਵਾ ਮੀਡੀਆ ਦੇ ਕੈਮਰੇ ਝੱਟ ਉਧਰ ਨੂੰ ਘੁੰਮ ਜਾਂਦੇ ਹਨ। ਜਦੋਂ ਪੰਜਾਬ ਵਰਗੇ ਸੂਬੇ ਵਿਚ ਆਰਐਸਐਸ ਦੇ ਇਹ ਕਾਰਕੁਨ ਸਿੱਧਮ ਸਿੱਧੇ ਹਥਿਆਰਾਂ ਨਾਲ ਪ੍ਰਦਰਸ਼ਨ ਕਰਦੇ ਹਨ ਤਾਂ ਭਾਰਤੀ ਮੀਡੀਆ ਸ਼ਾਂਤ ਰਹਿੰਦਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਮੋਹਨ ਭਾਗਵਤ ਕੋਲ ਆਰਐਸਐਸ ਦੀ ਫੌਜ ਤਿਆਰ ਹੋ ਹੀ ਗਈ ਹੈ ਤਾਂ ਉਹ ਚੀਨ ਦੇ ਬਾਰਡਰ ਤੇ ਉਸ ਨਿੱਕਰਧਾਰੀ ਫੌਜ ਨੂੰ ਲਗਾਵੇ ਤਾਂ ਕਿ ਭਾਰਤ ਦਾ ਬਾਰਡਰ ਸੁਰੱਖਿਅਤ ਰਹਿ ਸਕੇ। ਨਾਲੇ ਸਿਰਫ਼ ਭਾਰਤ ਹੀ ਨਹੀਂ ਬਲਕਿ ਦੁਨੀਆ ਭਰ ‘ਚ ਸਭਨਾਂ ਨੂੰ ਪਤਾ ਲੱਗ ਜਾਵੇਗਾ ਕਿ ਮੋਹਨ ਭਾਗਵਤ ਨਿੱਕਰਧਾਰੀ ਫੌਜ ਅਤੇ ਆਰਐਸਐਸ ਦੇ ਤਿਲਾਂ ਵਿਚ ਕਿੰਨਾ ਕੁ ਤੇਲ ਹੈ। ਇਸ ਬਾਰੇ ਕੋਈ ਸ਼ੰਕਾ ਨਹੀਂ ਕਿ ਭਾਰਤ ਦੀਆਂ ਚੀਨ ਤੇ ਪਾਕਿਸਤਾਨ ਨਾਲ ਲਗਦੀਆਂ ਸਰਹੱਦਾਂ ਉੱਤੇ ਤਾਂ ਹਮੇਸ਼ਾ ਘੱਟ ਗਿਣਤੀਆਂ ਦੇ ਨੌਜਵਾਨ ਹੀ ਸ਼ਹੀਦ ਹੁੰਦੇ ਹਨ, ਜਿਸ ਨੂੰ ਅਸੀਂ ਭਾਰਤੀ ਸਰਕਾਰ ਵੱਲੋਂ ਘੱਟ ਗਿਣਤੀਆਂ ਦਾ ਸਾਜ਼ਿਸ਼ੀ ਕਤਲ ਮੰਨਦੇ ਹਾਂ। ਜਦੋਂ ਵੀ ਕੋਈ ਘੱਟ ਗਿਣਤੀਆਂ ਦਾ ਨੌਜਵਾਨ ਸ਼ਹੀਦ ਹੁੰਦਾ ਹੈ ਤਾਂ ਉਸ ਦੇ ਪਰਿਵਾਰ ਨੂੰ ਕੁੱਝ ਨਹੀਂ ਮਿਲਦਾ ਸਗੋਂ ਖੱਜਲ ਖੁਆਰ ਹੁੰਦਾ ਹੈ।
ਉਨਾਂ ਕਿਹਾ ਕਿ ਆਰਐਸਐਸ ਦਾ ਮੁਖੀ ਘੱਟ ਗਿਣਤੀਆਂ ਨੂੰ ਧਮਕਾਉਣ ਦੀਆਂ ਅਜਿਹੀਆਂ ਗਿੱਦੜ ਭਬਕੀਆਂ ਮਾਰਨੀਆਂ ਬੰਦ ਕਰੇ, ਹਿੰਦੂ ਧਰਮ ਨੂੰ ਬਚਾਉਣ ਲਈ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਹੀ ਹਨ, ਨਹੀਂ ਤਾਂ ਹਿੰਦੁਸਤਾਨ ਵਿਚ ਹਿੰਦੂਤਵ ਦਾ ਨਾਮੋ ਨਿਸ਼ਾਨ ਮਿਟ ਜਾਣਾ ਸੀ। ਉਨਾਂ ਕਿਹਾ ਕਿ ਆਰਐਸਐਸ ਵੱਲੋਂ ਸਿੱਖ ਗੁਰੂ ਸਾਹਿਬਾਨਾ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਜੋ ਬਰਦਾਸ਼ਤ ਨਹੀਂ ਹੁੰਦੀ, ਹੁਣ ਆਰਐਸਐਸ ਮੁਖੀ ਦਾ ਅਜਿਹਾ ਬਿਆਨ ਵੀ ਘੱਟ ਗਿਣਤੀਆਂ ਨੂੰ ਦਬਕਾਉਣ ਦਾ ਕੋਝਾ ਕਾਰਨਾਮਾ ਹੈ, ਜੋ ਬਰਦਾਸ਼ਤ ਤੋਂ ਬਾਹਰ ਹੈ।
Comments (0)