ਭਾਰਤੀ ਅਮਰੀਕੀ ਜੋੜੇ ਨੇ ‘ਹਾਰਵੇ’ ਪੀੜਤਾਂ ਲਈ ਢਾਈ ਲੱਖ ਡਾਲਰ ਦਾਨ ਕੀਤੇ
ਭਾਰਤੀ-ਅਮਰੀਕੀ ਜੋੜਾ ਅਮਿਤ ਭੰਡਾਰੀ ਤੇ ਅਰਪਿਤਾ ਬ੍ਰਹਮਭੱਟ ਭੰਡਾਰੀ।
ਹਿਊਸਟਨ/ਬਿਊਰੋ ਨਿਊਜ਼:
ਭਾਰਤੀ ਮੂਲ ਦੇ ਅਮਰੀਕੀ ਜੋੜੇ ਨੇ ਸਮੁੰਦਰੀ ਤੂਫ਼ਾਨ ਹਾਰਵੇ ਦੇ ਪੀੜਤਾਂ ਲਈ ਢਾਈ ਲੱਖ ਅਮਰੀਕੀ ਡਾਲਰ ਦਾਨ ਵਜੋਂ ਦਿੱਤੇ ਹਨ। ਇਹ ਰਾਸ਼ੀ ਹਾਰਵੇ ਰਾਹਤ ਕਾਰਜਾਂ ਲਈ ਬਣੇ ਹਿਊਸਟਨ ਮੇਅਰ ਫ਼ੰਡ ‘ਚ ਦਿੱਤੀ ਗਈ ਹੈ। ਅਮਰੀਕਾ ਦੇ ਟੈਕਸਾਸ ਰਾਜ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਆਏ ਹਾਰਵੇ ਕਰਕੇ ਆਏ ਹੜ੍ਹਾਂ ਨੇ ਵੱਡੇ ਪੱਧਰ ‘ਤੇ ਜਾਨੀ ਮਾਲੀ ਨੁਕਸਾਨ ਕੀਤਾ ਸੀ। ਹਿਊਸਟਨ ਵਾਸੀ ਅਮਿਤ ਭੰਡਾਰੀ ਤੇ ਉਸ ਦੀ ਪਤਨੀ ਅਰਪਿਤਾ ਬ੍ਰਹਮਭੱਟ ਭੰਡਾਰੀ ਨੇ ਗ੍ਰੇਟਰ ਹਿਊਸਟਨ ਕਮਿਊਨਿਟੀ ਫਾਊਂਡੇਸ਼ਨ ਵੱਲੋਂ ‘ਹਰੀਕੇਨਹਾਰਵੇ ਰਾਹਤ ਨਾਂ ਹੇਠ ਕਰਵਾਏ ਨਿੱਜੀ ਸਮਾਗਮ ਦੌਰਾਨ ਉਪਰੋਕਤ ਰਾਸ਼ੀ ਮੇਅਰ ਸਿਲਵੈਸਟਰ ਟਰਨਰ ਨੂੰ ਦਿੱਤੀ। ਭੰਡਾਰੀ ਬਾਇਓਊਰਜਾ ਗਰੁੱਪ ਦਾ ਮਾਲਕ ਤੇ ਸੀਈਓ ਹੈ। ਕੰਪਨੀ ਊਰਜਾ ਤੇ ਖੇਤੀ ਵਸਤਾਂ ਦੇ ਕਾਰੋਬਾਰ ਨੂੰ ਵੇਖਦੀ ਹੈ ਤੇ ਇਸ ਦੇ ਪੂਰੀ ਦੁਨੀਆ ‘ਚ ਦਫ਼ਤਰ ਹਨ।
ਹਿਊਸਟਨ ਰਹਿੰਦੇ ਭਾਰਤੀ ਮੂਲ ਦੇ ਅਮਰੀਕੀ ਭਾਈਚਾਰੇ ਨੇ ਹਾਰਵੇ ਦੀ ਮਾਰ ਹੇਠ ਆਏ ਲੋਕਾਂ ਦੇ ਮੁੜ ਵਸੇਬੇ ਤੇ ਰਾਹਤ ਲਈ ਮਿਲ ਕੇ ਫੰਡ ਇਕੱਤਰ ਕੀਤੇ ਹਨ। ਟਰਨਰ ਨੇ ਭਾਰਤੀ ਅਮਰੀਕੀ ਭਾਈਚਾਰੇ ਵੱਲੋਂ ਫੰਡ ਇਕੱਤਰ ਕਰਨ ਲਈ ਵਿਖਾਈ ਉਦਾਰਤਾ ਤੇ ਯਤਨਾਂ ਨੂੰ ਸਲਾਹਿਆ ਹੈ। ਉਨ੍ਹਾਂ ਕਿਹਾ,’ਹਾਰਵੇ ਪਹਿਲਾ ਮੌਕਾ ਨਹੀਂ ਜਦੋਂ ਭਾਰਤੀ ਅਮਰੀਕੀ ਭਾਈਚਾਰੇ ਨੇ ਆਪਣਾ ਯੋਗਦਾਨ ਪਾਇਆ ਹੈ। ਉਹ ਲੰਮੇ ਸਮੇਂ ਤੋਂ ਯੋਗਦਾਨ ਪਾ ਰਹੇ ਹਨ। ਭਾਰਤੀ ਭਾਈਚਾਰਾ ਸ਼ਹਿਰ ਲਈ ਕਾਫ਼ੀ ਅਹਿਮ ਹੈ ਤੇ ਉਨ੍ਹਾਂ ਦੀ ਮਦਦ ਨਾਲ ਹੀ ਹਿਊਸਟਨ ਮਹਾਨ ਸ਼ਹਿਰ ਹੈ।’ ਕਾਬਿਲੇਗੌਰ ਹੈ ਕਿ ਹਾਰਵੇ ਕਰਕੇ ਹੜ੍ਹਾਂ ਦੀ ਜ਼ੱਦ ‘ਚ ਆਏ ਪੂਰਬੀ ਟੈਕਸਾਸ ਜਿੱਥੇ 70 ਤੋਂ ਵੱਧ ਲੋਕ ਫ਼ੌਤ ਹੋ ਗਏ, ਉੱਥੇ 30 ਹਜ਼ਾਰ ਲੋਕਾਂ ਨੂੰ ਘਰੋਂ ਬੇਘਰ ਹੋਣਾ ਪਿਆ।
Comments (0)