ਦਿੱਲੀ ਤੋਂ ਵਾਸ਼ਿੰਗਟਨ ਲਈ ਸਿੱਧੀ ਉਡਾਣ ਨੇ ਭਰੀ ਉਡਾਰੀ

ਦਿੱਲੀ ਤੋਂ ਵਾਸ਼ਿੰਗਟਨ ਲਈ ਸਿੱਧੀ ਉਡਾਣ ਨੇ ਭਰੀ ਉਡਾਰੀ

ਵਾਸ਼ਿੰਗਟਨ/ਬਿਊਰੋ ਨਿਊਜ਼ :
ਦਿੱਲੀ ਤੋਂ ਵਾਸ਼ਿੰਗਟਨ ਡੀਸੀ ਦੀ ਸਿੱਧੀ ਉਡਾਣ ਡਲੈੱਸ ਕੌਮਾਂਤਰੀ ਹਵਾਈ ਅੱਡੇ ਉਤੇ ਉਤਰੀ। ਇਸ ਨਾਲ ਵਿਸ਼ਵ ਦੀਆਂ ਦੋ ਸਭ ਤੋਂ ਵੱਡੀਆਂ ਜਮਹੂਰੀਅਤਾਂ ਦੀਆਂ ਰਾਜਧਾਨੀਆਂ ਆਪਸ ਵਿੱਚ ਜੁੜ ਗਈਆਂ।
ਇੱਥੇ ਪੁੱਜਣ ਉਤੇ ਇਸ ਉਡਾਣ ਏਆਈ 103 ਨੂੰ ਜਲ ਤੋਪਾਂ ਦੀ ਸਲਾਮੀ ਦਿੱਤੀ ਗਈ ਅਤੇ ਰਸਮੀ ਪ੍ਰਾਰਥਨਾ ਕੀਤੀ ਗਈ। ਅਮਰੀਕਾ ਵਿੱਚ ਭਾਰਤੀ ਸਫ਼ੀਰ ਨਵਤੇਜ ਸਰਨਾ, ਏਅਰ ਇੰਡੀਆ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਅਸ਼ਵਨੀ ਲੋਹਾਨੀ ਅਤੇ ਕਮਰਸ਼ੀਅਲ ਡਾਇਰੈਕਟਰ ਪੰਕਜ ਸ੍ਰੀਵਾਸਤਵ ਵਾਸ਼ਿੰਗਟਨ ਲਈ ਇਸ ਪਹਿਲੀ ਸਿੱਧੀ ਉਡਾਣ ਦੇ ਯਾਤਰੀਆਂ ਵਿੱਚ ਸ਼ਾਮਲ ਸਨ। ਅਮਰੀਕਾ ਲਈ ਇਸ ਨਵੀਂ ਸਿੱਧੀ ਉਡਾਣ ਲਈ ਏਅਰ ਇੰਡੀਆ ਨੇ ਆਪਣਾ 238 ਸੀਟਾਂ ਵਾਲਾ ਬੋਇੰਗ 777-200 ਐਲਆਰ ਜਹਾਜ਼ ਲਾਇਆ ਹੈ। ਇਸ ਜਹਾਜ਼ ਵਿੱਚ ਪਹਿਲੇ ਦਰਜੇ ਦੀਆਂ ਅੱਠ ਸੀਟਾਂ, ਬਿਜ਼ਨਸ ਕਲਾਸ ਦੀਆਂ 35 ਅਤੇ ਇਕੌਨਮੀ ਕਲਾਸ ਦੀਆਂ 195 ਸੀਟਾਂ ਹਨ। ਏਅਰਲਾਈਨ ਦੇ ਬੁਲਾਰੇ ਅਨੁਸਾਰ 9 ਤੋਂ 17 ਜੁਲਾਈ ਵਿਚਕਾਰ ਇਸ ਰੂਟ ਉਤੇ 321 ਸੀਟਾਂ ਵਾਲਾ ਜਹਾਜ਼ ਬੋਇੰਗ 777-300 ਈਆਰ ਉਡਾਇਆ ਜਾਵੇਗਾ।
ਕੋਲੰਬੀਆ ਦੇ ਮੇਅਰ ਮੁਰੀਲ ਬਾਊਜ਼ਰ ਨੇ ਕਿਹਾ ਕਿ ”ਇੱਥੇ ਰਾਜਧਾਨੀ ਵਿੱਚ ਅਸੀਂ ਭਾਰਤ ਤੋਂ ਹੋਰ ਜ਼ਿਆਦਾ ਸੈਲਾਨੀਆਂ ਨੂੰ ਸੱਦਾ ਦੇ ਕੇ ਖ਼ੁਸ਼ੀ ਮਹਿਸੂਸ ਕਰ ਰਹੇ ਹਾਂ। ਸੈਲਾਨੀ ਇੱਥੋਂ ਦੇ ਦ੍ਰਿਸ਼ਾਂ ਅਤੇ ਧੁਨੀਆਂ ਦਾ ਆਨੰਦ ਮਾਣ ਸਕਦੇ ਹਨ, ਜਿਹੜੇ ਵਾਸ਼ਿੰਗਟਨ ਡੀਸੀ ਨੂੰ ਦੁਨੀਆ ਦਾ ਸਭ ਤੋਂ ਮਹਾਨ ਸ਼ਹਿਰ ਬਣਾਉਂਦੇ ਹਨ।”