ਅਮਰੀਕਾ ਵਲੋਂ ਭਾਰਤੀ ਪੁਲੀਸ ਅਧਿਕਾਰੀ ਨੂੰ ਇਨਾਮ ਐਵਾਰਡ

ਅਮਰੀਕਾ ਵਲੋਂ ਭਾਰਤੀ ਪੁਲੀਸ ਅਧਿਕਾਰੀ ਨੂੰ ਇਨਾਮ ਐਵਾਰਡ

ਵਾਸ਼ਿੰਗਟਰਨ/ਬਿਊਰੋ ਨਿਊਜ਼:
ਭਾਰਤੀ ਪੁਲੀਸ ਅਧਿਕਾਰੀ ਨੇ ਅਮਰੀਕੀ ਸਰਕਾਰ ਦਾ 2017 ਦਾ ‘ਟਰੈਫਿਕਿੰਗ ਇਨ ਪਰਸਨਜ਼ ਹੀਰੋ ਐਵਾਰਡ’ ਜਿੱਤਿਆ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਵੱਲੋਂ ਇਸ ਸਾਲ ਦੇ ਅੱਠ ਜੇਤੂਆਂ ਦੀ ਜਾਰੀ ਸੂਚੀ ਵਿੱਚ ਮਹੇਸ਼ ਮੁਰਲੀਧਰ ਭਾਗਵਤ ਦਾ ਨਾਂ ਸ਼ਾਮਲ ਹੈ। ਉਸ ਨੂੰ ਇਹ ਇਨਾਮ ਭਾਰਤ ਵਿੱਚ ਮਨੁੱਖੀ ਤਸਕਰੀ ਰੋਕਣ ਲਈ ਨਿਭਾਈ ਭੂਮਿਕਾ ਅਤੇ ਕੇਸਾਂ ਦੀ ਜਾਂਚ ਲਈ ਨਵੇਂ ਤਰੀਕੇ ਅਪਨਾਉਣ ਲਈ ਦਿੱਤਾ ਗਿਆ। ਇਹ ਐਵਾਰਡ ਸਮਾਰੋਹ ਮੰਗਲਵਾਰ ਨੂੰ ਵਾਸ਼ਿੰਗਟਨ ਵਿੱਚ ਹੋਇਆ, ਜਿਸ ਵਿੱਚ ਭਾਗਵਤ (48 ਸਾਲ) ਹਾਜ਼ਰ ਨਹੀਂ ਸੀ।
ਤਿਲੰਗਾਨਾ ਰਾਜ ਦੇ ਦੱਖਣੀ ਜ਼ਿਲ੍ਹੇ ਰਚਾਕੋਂਡਾ ਦੇ ਪੁਲੀਸ ਮੁਖੀ ਭਾਗਵਤ ਨੇ ਕਿਹਾ ਕਿ ਇਹ ਐਵਾਰਡ ਉਸ ਵੱਲੋਂ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਲੜੀ ਜਾ ਰਹੀ ਲੜਾਈ ਨੂੰ ਮਾਨਤਾ ਹੈ। ਉਨ੍ਹਾਂ 2004 ਵਿੱਚ ਤਸਕਰੀ ਦੇ ਆਪਣੇ ਪਹਿਲੇ ਕੇਸ ਤੋਂ ਹੁਣ ਤੱਕ ਲੰਮਾ ਸਫ਼ਰ ਤੈਅ ਕੀਤਾ ਹੈ।
ਭਾਗਵਤ ਨੇ ਕਿਹਾ ਕਿ ਉਸ ਨੂੰ ਇਹ ਜਾਣ ਕੇ ਧੱਕਾ ਲੱਗਿਆ ਕਿ ਵੇਸਵਾਗਮਨੀ ਲਈ ਇਸ ਸ਼ਹਿਰ ਤੋਂ ਲੜਕੀਆਂ ਦੀ ਤਸਕਰੀ ਵਾਸਤੇ ਸਕੂਲ ਬੱਸਾਂ ਦੀ ਵਰਤੋਂ ਕੀਤੀ ਜਾ ਰਹੀ ਸੀ। ਇਹ ਉਸ ਦਾ ਪਹਿਲਾ ਕੇਸ ਸੀ। ਪੁਲੀਸ ਵਿੱਚ ਆਉਣ ਤੋਂ ਪਹਿਲਾਂ ਸਿਵਲ ਇੰਜਨੀਅਰ ਵਜੋਂ ਕੰਮ ਕਰ ਚੁੱਕੇ ਭਾਗਵਤ ਨੂੰ ਇਕ ਸਾਲ ਤੋਂ ਘੱਟ ਸਮੇਂ ਵਿੱਚ 25 ਚਕਲੇ ਬੰਦ ਕਰਵਾਉਣ ਦਾ ਸਿਹਰਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਜ ਤੇ ਕੌਮੀ ਸਰਹੱਦਾਂ ਉਤੇ ਗਤੀਵਿਧੀਆਂ ਚਲਾਉਣ ਵਾਲੇ ਤਸਕਰਾਂ ਨੂੰ ਦੋਸ਼ੀ ਠਹਿਰਾਉਣਾ ਅੱਜ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸਾਹਮਣੇ ਵੱਡੀ ਚੁਣੌਤੀ ਹੈ।