ਪੰਜਾਬੀ ਨੌਜਵਾਨ ਦੀ ਚਚੇਰੇ ਭਰਾ ਵੱਲੋਂ ਹੱਤਿਆ

ਪੰਜਾਬੀ ਨੌਜਵਾਨ ਦੀ ਚਚੇਰੇ ਭਰਾ ਵੱਲੋਂ ਹੱਤਿਆ

ਨਿਊਯਾਰਕ/ਬਿਊਰੋ ਨਿਊਜ਼:
ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਦੇ ਇਕ ਨੌਜਵਾਨ ਸ਼ਰਨਜੀਤ ਸਿੰਘ ਦਾ ਉਸ ਦੇ ਚਚੇਰੇ ਭਰਾ ਨੇ ਕਤਲ ਕਰ ਦਿੱਤਾ। ਮ੍ਰਿਤਕ ਸ਼ਰਨਜੀਤ ਸਿੰਘ (26 ਸਾਲ) ਦਸੂਹਾ ਤਹਿਸੀਲ ਦੇ ਆਲਮਪੁਰ ਪਿੰਤ ਨਾਲ ਸਬੰਧ ਰੱਖਦਾ ਸੀ ਅਤੇ ਸੰਨ 2013 ਵਿੱਚ ਅਮਰੀਕਾ ਪੁੱਜਾ ਸੀ। ਉਹ ਕਾਰ ਡਰਾਈਵਰ ਵਜੋਂ ਕੰਮ ਕਰਦਾ ਸੀ।  ਉਸਦੇ ਪਿਤਾ ਕੁਲਦੀਪ ਸਿੰਘ, ਮਾਂ ਸੁਰਜੀਤ ਕੌਰ ਤੇ ਵੱਡਾ ਭਰਾ ਪ੍ਰਿੰਸ ਪਿੱਛੇ ਪਿੰਡ ਰਹਿੰਦੇ ਹਨ।
ਪੁਲੀਸ ਨੇ ਕਤਲ ਦੇ ਮੁਲਜ਼ਮ ਲਵਦੀਪ ਸਿੰਘ (24 ਸਾਲ ) ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕਤਲ ਅਤੇ ਗ਼ੈਰਕਾਨੂੰਨੀ ਹਥਿਆਰ ਰੱਖਣ ਦੀਆਂ ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਹਨ। ਦੋਸ਼ ਸਾਬਤ ਹੋਣ ਦੀ ਸੂਰਤ ‘ਚ ਮੁਲਜ਼ਮ ਨੂੰ 25 ਸਾਲ ਜੇਲ੍ਹ ‘ਚ ਕੱਟਣੇ ਹੋਣਗੇ।  ਲਵਦੀਪ ਸਿੰਘ ਦੇ ਮਾਪੇ ਅਮਰੀਕਾ ਰਹਿੰਦੇ ਮਾਪੇ ਪਿੱਛੇ ਜਿਹੇ ਪੰਜਾਬ ਵਾਪਸ ਮੁੜ ਗਏ ਸਨ। ਇਸ ਲਈ ਤਿੰਨੇ ਚਚੇਰੇ ਭਰਾ ਇਕੱਠੇ ਰਹਿ ਰਹੇ ਸਨ।
ਕਤਲ ਦੀ ਇਹ ਵਾਰਦਾਤ 26 ਜੂਨ ਨੂੰ ਤੜ੍ਹਕੇ ਨਿਊਯਾਰਕ ਸਿਟੀ ਦੇ ਬੋਰੋਹ ਕੁਈਨਜ਼ ਸਥਿਤ ਅਪਾਰਟਮੈਂਟ ‘ਚ ਵਾਪਰੀ। ਪੁਲੀਸ ਮੁਤਾਬਕ ਲਵਦੀਪ ਸਿੰਘ ਨੇ ਸ਼ਰਨਜੀਤ ਸਿੰਘ ਦੀ ਧੌਣ ਤੇ ਧੜ ‘ਤੇ ਚਾਕੂ ਨਾਲ ਵਾਰ ਕੀਤੇ। ਮੁਲਜ਼ਮ ਨੇ ਪੁਲੀਸ ਕੋਲ ਮੰਨਿਆ ਹੈ ਕਿ ਉਸ ਨੇ ਆਪਣੇ ਚਚੇਰੇ ਭਰਾ ਅਤੇ ਕਮਰੇ ‘ਚ ਨਾਲ ਰਹਿੰਦੇ ਸ਼ਰਨਜੀਤ ‘ਤੇ ਬੇਰਹਿਮੀ ਨਾਲ ਹਮਲਾ ਕੀਤਾ ਹੈ। ਅਪਰਾਧਿਕ ਸ਼ਿਕਾਇਤ ਦੇ ਅਧਾਰ ‘ਤੇ ਮੁਲਜ਼ਮ ਨੂੰ ਮੰਗਲਵਾਰ ਨੂੰ ਕੁਈਨਜ਼ ਦੀ ਅਪਰਾਧਿਕ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਸ਼ਰਨਜੀਤ, ਇਥੇ ਡਰਾਈਵਰ ਵਜੋਂ ਕੰਮ ਕਰਦਾ ਸੀ ਤੇ ਸਾਲ 2013 ਵਿੱਚ ਅਮਰੀਕਾ ਆਇਆ ਸੀ। ਉਸ ਦੇ ਮਾਤਾ ਪਿਤਾ ਭਾਰਤ ਵਿੱਚ ਰਹਿੰਦੇ ਹਨ। ਪੁਲੀਸ ਮੁਤਾਬਕ ਕਤਲ ਦੇ ਅਸਲ ਕਾਰਨਾਂ ਬਾਰੇ ਅਜੇ ਕੁਝ ਪਤਾ ਨਹੀਂ ਲੱਗਾ।