ਗੀਤਕਾਰ ਜਸਬੀਰ ਗੁਣਾਚੌਰੀਆ ਦਾ ਸੈਕਰਾਮੈਂਟੋ ‘ਚ ਸਨਮਾਨ

ਗੀਤਕਾਰ ਜਸਬੀਰ ਗੁਣਾਚੌਰੀਆ ਦਾ ਸੈਕਰਾਮੈਂਟੋ ‘ਚ ਸਨਮਾਨ

ਸੈਕਰਾਮੈਂਟੋ/ਹੁਸਨ ਲੜੋਆ ਬੰਗਾ:
ਪੰਜਾਬੀ ਦੇ ਵੱਖ ਵੱਖ ਚਰਚਿਤ ਗੀਤਾਂ ਦੇ ਰਚੇਤਾ ਗੀਤਕਾਰ ਜਸਬੀਰ ਗੁਣਾਚੌਰੀਆ ਦਾ ਵਿਸ਼ੇਸ਼ ਸਨਮਾਨ ਸਮਾਗਮ ਸੈਕਰਾਮੈਂਟੋ ਦੇ ਮਿਰਾਜ਼ ਬੈਂਕੁਏਟ ਹਾਲ ਵਿਚ ਰੱਖਿਆ ਗਿਆ, ਇਸ ਪ੍ਰੋਗਰਾਮ ਦਾ ਪ੍ਰਬੰਧ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸੈਕਰਾਮੈਂਟੋ ਵਲੋਂ ਵਿਸ਼ੇਸ਼ ਤੌਰ ‘ਤੇ ਕੀਤਾ ਗਿਆ। ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਹਾਕੀ ਉਲੰਪੀਅਨ ਸ. ਸੁਰਿੰਦਰ ਸਿੰਘ ਸੋਢੀ ਪਹੁੰਚੇ। ਸਮਾਗਮ ਵਿਚ ਗੀਤ ਸੰਗੀਤ ਵੀ ਚੱਲਿਆ। ਪੰਜਾਬੀ ਗਾਇਕਾ ਸਤਿੰਦਰ ਸੱਤੀ ਤੇ ਰੇਣੂ ਨੇ ਕੁਝ ਗੀਤ ਸਰੋਤਿਆਂ ਨੂੰ ਸੁਣਾਏ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਜਸਬੀਰ ਗੁਣਾਚੌਰੀਆ ਪ੍ਰਤੀ ਆਪਣੇ ਆਪਣੇ ਵਿਚਾਰ ਰੱਖੇ ਜਿਨ੍ਹਾਂ ਵਿਚ ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਗੁਰਜਤਿੰਦਰ ਸਿੰਘ ਰੰਧਾਵਾ ਤੇ ਪ੍ਰਗਟ ਸਿੰਘ ਸੰਧੂ ਸ਼ਾਮਲ ਸਨ।
ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੇ ਪ੍ਰਬੰਧਕਾਂ ਵਲੋਂ ਇਸ ਸਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਆਉਣ ਵਾਲੇ ਖੇਡ ਸਮਾਗਮਾਂ ਲਈ ਭਾਈਚਾਰੇ ਦਾ ਸਹਿਯੋਗ ਮੰਗਿਆ। ਇਸ ਸੰਖੇਪ ਅਤੇ ਪ੍ਰਭਾਸ਼ਾਲੀ ਸਮਾਗਮ ਵਿਚ ਗੀਤਕਾਰ ਜਸਬੀਰ ਗੁਣਾਚੌਰੀਆ ਨੂੰ ਗੋਲਡ ਮੈਡਲ ਅਤੇ ਪੰਜ ਹਜ਼ਾਰ ਅਮਰੀਕੀ ਡਾਲਰ ਨਾਲ ਸਨਮਾਨਿਤ ਕੀਤਾ ਗਿਆ। ਜਸਬੀਰ ਗੁਣਾਚੌਰੀਆ ਦੀ ਕਿਤਾਬ ”ਹਸਦੇ ਸ਼ਹੀਦੀਆਂ ਪਾ ਗਏ” ਵੀ ਰਲੀਜ਼ ਕੀਤੀ ਗਈ। ਉਨ੍ਹਾਂ ਆਪਣੇ ਲੰਮੇ ਪੈਂਡੇ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਸੁਖਵਿੰਦਰ ਸੰਘੇੜਾ ਨੇ ਸਟੇਜ ਦੀ ਜ਼ਿੰਮੇਵਾਰੀ ਨਿਭਾਈ।