ਟਰੰਪ ਦੀ ਪਹਿਲੀ ਕਾਨੂੰਨੀ ਜਿੱਤ

ਟਰੰਪ ਦੀ ਪਹਿਲੀ ਕਾਨੂੰਨੀ ਜਿੱਤ

ਸੁਪਰੀਮ ਕੋਰਟ ਨੇ ਯਾਤਰਾ ਉੱਤੇ ਪਾਬੰਦੀ ਵਾਲਾ ਹੁਕਮ ਰਖਿਆ ਬਹਾਲ
ਵਾਸ਼ਿੰਗਟਨ//ਬਿਊਰੋ ਨਿਊਜ਼:
ਅਮਰੀਕੀ ਸੁਪਰੀਮ ਕੋਰਟ ਨੇ ਛੇ ਮੁਸਲਿਮ ਬਹੁ-ਗਿਣਤੀ ਮੁਲਕਾਂ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਡੋਨਲਡ ਟਰੰਪ ਦੇ ਯਾਤਰਾ ਪਾਬੰਦੀ ਵਾਲੇ ਵਿਵਾਦਤ ਫੈਸਲੇ ਨੂੰ ਅੰਸ਼ਕ ਤੌਰ ‘ਤੇ ਬਹਾਲ ਕਰ ਦਿੱਤਾ।
ਨਿਆਂ ਵਿਭਾਗ ਨੇ ਫੈਸਲਾ ਸੁਣਾਇਆ ਕਿ ਇਹ ਯਾਤਰਾ ਪਾਬੰਦੀ ਉਨ੍ਹਾਂ ਉਤੇ ਲਾਗੂ ਹੋਵੇਗੀ, ਜਿਨ੍ਹਾਂ ਦਾ ਕੋਈ ਰਿਸ਼ਤੇਦਾਰ ਅਮਰੀਕਾ ਦਾ ਪੱਕਾ ਵਸਨੀਕ ਨਹੀਂ ਹੈ। ਇਹ ਹੁਕਮ ਅਕਤੂਬਰ ਵਿੱਚ ਇਸ ਕੇਸ ਦੀ ਸੁਣਵਾਈ ਤੱਕ ਲਾਗੂ ਰਹਿਣਗੇ। ਇਹ ਫੈਸਲਾ ਰਿਪਬਲਿਕਨ ਡੋਨਲਡ ਟਰੰਪ ਲਈ ਜਿੱਤ ਬਰਾਬਰ ਹੈ, ਜਿਹੜੇ ਆਲੋਚਨਾ ਦੇ ਬਾਵਜੂਦ ਇਸ ਪਾਬੰਦੀ ਨੂੰ ਕੌਮੀ ਸੁਰੱਖਿਆ ਲਈ ਲਾਜ਼ਮੀ ਦੱਸ ਰਹੇ ਹਨ। ਫੈਡਰਲ ਅਪੀਲੀ ਅਦਾਲਤਾਂ ਨੇ ਇਸ ਫੈਸਲੇ ਉਤੇ ਰੋਕ ਲਾ ਦਿੱਤੀ ਸੀ। ਇਨ੍ਹਾਂ ਅਦਾਲਤਾਂ ਨੇ ਦਲੀਲ ਦਿੱਤੀ ਸੀ ਕਿ ਰਾਸ਼ਟਰਪਤੀ ਨੇ ਆਪਣੇ ਅਹੁਦੇ ਦੀ ਉਲੰਘਣਾ ਕੀਤੀ ਹੈ ਅਤੇ ਇਹ ਐਗਜ਼ੀਕਿਊਟਿਵ ਆਦੇਸ਼ ਨਾਗਰਿਕਤਾ ਦੇ ਆਧਾਰ ਉਤੇ ਯਾਤਰੀਆਂ ਨਾਲ ਵਿਤਕਰਾ ਕਰਦੇ ਹਨ।