ਸਾਕਾ ਨੀਲਾ ਤਾਰਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਸਬੰਧੀ ਗੁਰਦੁਆਰਾ ਸਾਹਿਬ ਸਿੰਘ ਸਭਾ ਬੇ ਏਰੀਆ ਮਿਲਪੀਟਸ ਵਿਖੇ ਵਿਸ਼ੇਸ਼ ਸ਼ਹੀਦੀ ਸਮਾਗਮ

ਸਾਕਾ ਨੀਲਾ ਤਾਰਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਸਬੰਧੀ ਗੁਰਦੁਆਰਾ ਸਾਹਿਬ ਸਿੰਘ ਸਭਾ ਬੇ ਏਰੀਆ ਮਿਲਪੀਟਸ ਵਿਖੇ ਵਿਸ਼ੇਸ਼ ਸ਼ਹੀਦੀ ਸਮਾਗਮ

ਸਮਾਜ ਸੇਵਕ ਮਨਪ੍ਰੀਤ ਸਿੰਘ ਬਦੇਸ਼ਾ ਵਲੋਂ ਅਖੰਡ ਪਾਠ ਸਾਹਿਬ ਦੀ ਸੇਵਾ
ਮਿਲਪੀਟਸ/ਬਿਊਰੋ ਨਿਊਜ਼
ਗੁਰਦੁਆਰਾ ਸਾਹਿਬ ਸਿੰਘ ਸਭਾ ਬੇ ਏਰੀਆ ਮਿਲਪੀਟਸ ਵਿਖੇ ਸਾਕਾ ਨੀਲਾ ਤਾਰਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਤ ਸਮਾਗਮ ਕਰਵਾਏ ਗਏ। ਮਿਲਪੀਟਸ ਅਤੇ ਨਾਲ ਲਗਦੇ ਸ਼ਹਿਰਾਂ ਵਿੱਚੋਂ ਸਮੂਹ ਸੰਗਤਾਂ ਨੇ ਬੜੀ ਸ਼ਰਧਾ ਤੇ ਭਾਵਨਾ ਨਾਲ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀ ਲਗਵਾਈ। ਗੁਰੂ ਘਰ ਦੇ ਸੇਵਾਦਾਰ ਅਤੇ ਸਮਾਜ ਸੇਵਕ ਮਨਪ੍ਰੀਤ ਸਿੰਘ ਬਦੇਸ਼ਾ ਵਲੋਂ ਸਮੂਹ ਮਨੁੱਖਤਾ ਦੇ ਭਲੇ ਲਈ ਅਰੰਭੇ ਸ਼੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਦੀ ਅਰੰਭਤਾ ਹੋਈ। ਗੁਰੂ ਘਰ ਦੇ ਹਜ਼ੂਰੀ ਰਾਗੀ  ਭਾਈ ਸੁਖਦੇਵ ਸਿੰਘ ਅਤੇ ਡਾ. ਰਵਿੰਦਰ ਸਿੰਘ ਜੀ ਵਲੋਂ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਹਾਜ਼ਰ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕੀਤਾ ਗਿਆ।
ਉਪਰੰਤ ਵਿਸ਼ੇਸ਼ ਸੱਦੇ ਤੇ ਆਏ ਨੌਜਵਾਨ ਕਵੀਸ਼ਰੀ ਜੱਥੇ ਭਾਈ ਭਗੀਰਥ ਸਿੰਘ ਅਤੇ ਭਾਈ ਹਰਜੋਤ ਸਿੰਘ ਜੀ ਸਿਆਟਲ ਵਾਲਿਆਂ ਵਲੋਂ  ਸੰਗਤਾਂ ਨੂੰ ਜੋਸ਼ੀਲੀਆਂ ਵਾਰਾਂ ਸੁਣਾ ਕੇ ਅਪਣੇ ਇਤਿਹਾਸ  ਅਤੇ ਅਮੀਰ ਵਿਰਸੇ ਨਾਲ ਜੋੜਿਆ ਗਿਆ। ਜ਼ਿਕਰਯੋਗ ਹੈ ਕਿ ਇਹ ਦੋਵੇਂ ਨੌਜਵਾਨ ਵੀਰ ਅਮਰੀਕਾ ਦੇ ਜੰਮਪਲ ਹੁੰਦੇ ਹੋਇਆਂ ਠੇਠ ਪੰਜਾਬੀ ਉੱਤੇ ਗੂੜ੍ਹੀ ਪਕੜ ਰੱਖਦੇ ਹਨ ਅਤੇ ਅਮਰੀਕਾ ਵਿਖੇ ਵੱਖ-ਵੱਖ ਸਮੇਂ ‘ਤੇ ਕੱਢੇ ਜਾਂਦੇ ਨਗਰ ਕੀਰਤਨ ਸਮਾਗਮਾਂ ਵਿੱਚ ਸ਼ਿਰਕਤ ਕਰਦੇ ਹਨ। ਸੰਗਤਾਂ ਦੀ ਵਿਸ਼ੇਸ਼ ਚਾਹਤ ਤੇ ਇਨ੍ਹਾਂ ਵਲੋਂ ਹਰ ਸਮਾਗਮ ਵਿੱਚ ਗਾਈ ਜਾਂਦੀ ਇਹ ਵਾਰ ”ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਈ ਸਰਕਾਰੇ ਨੀ” ਪੇਸ਼ ਕੀਤੀ ਗਈ। ਇਸ ਉਪਰੰਤ ਉੱਚੇਚੇ ਤੌਰ ‘ਤੇ ਪਹੁੰਚੇ ਕਵੀ ਸਾਹਿਬਾਨਾਂ ਵਲੋਂ ਇਸ ਵਿਸ਼ੇਸ਼ ਦਿਨ ਨੂੰ ਸਮਰਪਿਤ ਕਵੀ ਦਰਬਾਰ ਸਜਾਏ ਗਏ।
ਸਮਾਪਤੀ ਉਪਰੰਤ ਗੁਰੂ ਘਰ ਦੇ ਸੇਵਾਦਾਰ ਭਾਈ ਜਸਵੰਤ ਸਿੰਘ ਹੋਠੀ ਵਲੋਂ ਸਮੁੱਚੀ ਸਿੱਖ ਕੌਮ ਨੂੰ ਇੱਕ ਹੋ ਕੇ ਪੂਰੀ ਮਾਨਵਤਾ ਲਈ ਸੇਵਾ ਕਰਨ ਦੀ ਬੇਨਤੀ ਕੀਤੀ ਅਤੇ ਆਉਣ ਵਾਲੇ ਸਮੇ ਵਿੱਚ ਗੁਰੂ ਘਰ ਵਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਦੱਸਿਆ। ਸਟੇਜ ਸਕੱਤਰ ਦੀ ਭੂਮਿਕਾ ਜਗਜੀਤ ਸਿੰਘ ਕੰਗ ਵਲੋਂ ਬਾਖੂਬੀ ਨਿਭਾਈ ਗਈ।
ਅੰਤ ਵਿੱਚ ਗੁਰੂ ਘਰ ਵਿਖੇ ਪਹੁੰਚੇ ਸਮੂਹ ਰਾਗੀ ਅਤੇ ਢਾਡੀ ਸਾਹਿਬਾਨਾਂ ਅਤੇ ਸੁਖਪ੍ਰੀਤ ਸਿੰਘ ਬਦੇਸ਼ਾ (ਜੋਬਨ) ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।