ਅਮਰੀਕੀ ਉਪ ਰਾਸ਼ਟਰਪਤੀ ਵਲੋਂ ਸਿੱਖਾਂ ਦੀ ਸ਼ਲਾਘਾ
ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਅਮਰੀਕਾ ਵਿਚ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ ਅਤੇ ਉਨ੍ਹਾਂ ਨੂੰ ਸਥਾਨਕ, ਸੂਬਾਈ ਅਤੇ ਸੰਘੀ ਪੱਧਰ ‘ਤੇ ਫੌਜ ਅਤੇ ਸਰਕਾਰੀ ਦਫਤਰਾਂ ਵਿਚ ਆਪਣੀਆਂ ਸੇਵਾਵਾਂ ਦੇ ਕੇ ਆਪਣਾ ਯੋਗਦਾਨ ਜਾਰੀ ਰੱਖਣ ਨੂੰ ਕਿਹਾ ਹੈ। ਇੰਡੀਆਨਾਪੋਲਿਸ ਵਿਚ ਇਕ ਸਿੱਖ ਪ੍ਰਤੀਨਿਧੀ ਮੰਡਲ ਨਾਲ ਚਰਚਾ ਕਰਦੇ ਹੋਏ ਕਿਹਾ, ”ਸਿੱਖ ਭਾਈਚਾਰੇ ਅਤੇ ਉਨ੍ਹਾਂ ਦੇ ਮੁੱਦੇ ਹਮੇਸ਼ਾ ਮੇਰੇ ਦਿਲ ਦੇ ਕਰੀਬ ਰਹੇ ਹਨ ਅਤੇ ਮੈਂ ਹਮੇਸ਼ਾ ਇੰਡੀਆਨਾ ਅਤੇ ਸਮੂਹ ਅਮਰੀਕਾ ਦੇ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਾ ਹਾਂ।”
ਸਿੱਖ ਪਾਲਿਟੀਕਲ ਐਕਸ਼ਨ ਕਮੇਟੀ (ਸਿੱਖਪੈਕ) ਦੇ ਨਾਲ ਬੈਠਕ ਦੌਰਾਨ ਪੇਂਸ ਨੇ ਕਿਹਾ ਕਿ ਜਦੋਂ ਉਹ ਇਥੋਂ ਦੇ ਗਵਰਨਰ ਸਨ ਤਾਂ ਉਨ੍ਹਾਂ ਦਿਨਾਂ ਤੋਂ ਹੀ ਉਹ ਸਿੱਖ ਮੁੱਦਿਆਂ ਤੋਂ ਪੂਰੀ ਤਰ੍ਹਾਂ ਵਾਕਿਫ ਹਨ। ਪ੍ਰਤੀਨਿਧੀ ਮੰਡਲ ਦੇ ਨਾਲ ਚਰਚਾ ਦਾ ਮੁੱਖ ਵਿਸ਼ਾ ਸਿੱਖ ਜਾਗਰੂਕਤਾ ਅਤੇ ਸੰਘੀ ਸਿੱਖਿਆ ਵਿਭਾਗ ਦੇ ਮਾਧਿਅਮ ਨਾਲ ਇਤਿਹਾਸ ਦੇ ਪਾਠਕ੍ਰਮ ਵਿਚ ਸਿੱਖ ਇਤਿਹਾਸ ਨੂੰ ਸ਼ਾਮਲ ਕਰਵਾਉਣ ‘ਤੇ ਵਿਚਾਰ ਕਰਨਾ ਸੀ। ਬਿਆਨ ਵਿਚ ਕਿਹਾ ਗਿਆ ਕਿ ਉਨ੍ਹਾਂ ਨੇ ਮੁੱਖ ਧਾਰਾ ਦੀ ਰਾਜਨੀਤੀ ਵਿਚ ਆਪਣੀ ਹਿੱਸੇਦਾਰੀ ਲਈ ਸਿੱਖ ਭਾਈਚਾਰੇ ਨੂੰ ਉਤਸ਼ਾਹਤ ਕਰਨ ਸੰਬੰਧੀ ਸਿੱਖਪੈਕ ਦੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ। ਬਿਆਨ ਅਨੁਸਾਰ ਬੈਠਕ ਦੌਰਾਨ ਪੇਂਸ ਨੇ ਸਿੱਖ ਭਾਈਚਾਰੇ ਦੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ।
Comments (0)