ਗੁਰਦੁਆਰਾ ਸਾਹਿਬ ਸਿੰਘ ਸਭਾ ਬੇ ਏਰੀਆ ਮਿਲਪੀਟਸ ਵਿਖੇ ”ਖਾਲਿਸਤਾਨ ਐਲਾਨਨਾਮਾ ਦਿਵਸ” ਮਨਾਇਆ
ਮਿਲਪੀਟਸ/ਬਿਊਰੋ ਨਿਊਜ਼:
ਗੁਰਦੁਆਰਾ ਸਾਹਿਬ ਸਿੰਘ ਸਭਾ ਬੇ ਏਰੀਆ ਮਿਲਪੀਟਸ ਵਿਖੇ ”ਖਾਲਿਸਤਾਨ ਐਲਾਨਨਾਮਾ ਦਿਵਸ” ਮਨਾਇਆ ਗਿਆ। ਇਸ ਸਬੰਧੀ ਕੀਤੇ ਵਿਸ਼ੇਸ਼ ਸਮਾਗਮ ਵਿੱਚ ਸਮੂਹ ਮਿਲਪੀਟਸ, ਸੈਨਹੋਜ਼ੇ ਅਤੇ ਫਰੀਮੌਂਟ ਦੀਆਂ ਸੰਗਤਾਂ ਵਲੋਂ ਸ਼ਿਰਕਤ ਕੀਤੀ ਗਈ । ਅੰਮ੍ਰਿਤ ਵੇਲੇ ਤੋਂ ਆਰੰਭ ਦੀਵਾਨਾ ਵਿੱਚ ਸੁਖਮਨੀ ਸਾਹਿਬ ਦੇ ਪਾਠ ਦੀ ਸਮਾਪਤੀ ਤੋਂ ਉਪਰੰਤ ਗੁਰੂ ਘਰ ਦੇ ਹਜ਼ੂਰੀ ਜਥੇ ਵਲੋਂ ਕੀਰਤਨ ਦੀ ਆਰੰਭਤਾ ਹੋਈ ਜਿਸ ਵਿੱਚ ਗੁਰਬਾਣੀ ਸ਼ਬਦ ”ਬੇਗਮ ਪੁਰਾ ਸਹਰ ਕੋ ਨਾਉ ।। ਦੂਖ ਅੰਦੋਹੁ ਨਹੀਂ ਤਿਹਿ ਠਾਉ।।” ਨੂੰ ਅੱਜ ਦੇ ਸੰਦਰਭ ਵਿੱਚ ਵਿਚਾਰਿਆ ਗਿਆ ਕਿ ਕਿਸ ਤਰਾਂ ਸਮੇ ਦੇ ਸਿਸਟਮ ਤੋਂ ਪ੍ਰਭਾਵਤ ਹੋ ਕੇ ਭਗਤ ਰਵਿਦਾਸ ਜੀ ਨੇ ਇਕ ਏਸੇ ਸ਼ਹਿਰ ਦੀ ਕਲਪਨਾ ਕੀਤੀ ਸੀ ਜਿਥੇ ਸਿਰਫ ਤੇ ਸਿਰਫ ਉਸ ਅਕਾਲ ਪੁਰਖੁ ਦਾ ਵਾਸਾ ਹੋ ਸਕਦਾ ਹੈ ਉਥੇ ਕਿਸੀ ਵੀ ਜਾਤ, ਪਾਤ ਅਤੇ ਧਰਮ ਦੇ ਨਾਮ ਤੇ ਅਨਿਆਂ ਤੇ ਨਫਰਤ ਨਈ ਕੀਤੀ ਜਾਂਦੀ ।
ਇਸ ਮੌਕੇ ਅਮੈਰਿਕਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਅਪ੍ਰੈਲ 1986 ਨੂੰ ਯਾਦ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਹਿੰਦੋਸਤਾਨ ਦੀ ਆਰਮੀ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਉਥੇ ਮੌਜੂਦ ਅਣਗਿਣਤ ਨਿਹੱਥੇ ਸਿੰਘਾਂ ਨੂੰ ਚੁੱਕ ਲਿਆ ਤੇ ਅੰਨੇ ਵਾਹ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਉਨ੍ਹਾਂ ਬਚਨਾਂ ਨੂੰ ਵੀ ਯਾਦ ਕੀਤਾ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜਿਸ ਦਿਨ ਹਰਮੰਦਿਰ ਸਾਹਿਬ ਵਿੱਚ ਹਿੰਦੋਸਤਾਨ ਦੀ ਆਰਮੀ ਦਾਖਿਲ ਹੁੰਦੀ ਹੈ ਤਾਂ ਉਸ ਦਿਨ ਤੋਂ ਹੀ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਬੁਲਾਰਿਆਂ ਨੇ ਸੱਦਾ ਦਿੱਤਾ ਕਿ ਆਓ ਅਸੀਂ ਅੱਜ ਰਲ਼ ਕੇ ਇਸ ਗੱਲ ਦਾ ਪ੍ਰਣ ਕਰੀਏ ਕਿ ਇਸ ਸੰਘਰਸ਼ ਨੂੰ ਆਜ਼ਾਦ ਮੁਲਕ ਭਾਵ ਖਾਲਿਸਤਾਨ ਦੀ ਪ੍ਰਾਪਤੀ ਤਕ ਜਾਰੀ ਰਖਾਂਗੇ। ਸਮਾਪਤੀ ਉੱਤੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।
Comments (0)