ਹਿੰਸਾ ਭੜਕਾਉਣ ਦੇ ਮਾਮਲੇ ਵਿਚ ਟਰੰਪ ਦੀ ਵਧ ਸਕਦੀ ਹੈ ਮੁਸ਼ਕਲ

ਹਿੰਸਾ ਭੜਕਾਉਣ ਦੇ ਮਾਮਲੇ ਵਿਚ ਟਰੰਪ ਦੀ ਵਧ ਸਕਦੀ ਹੈ ਮੁਸ਼ਕਲ

ਲੁਈਸਵਿਲੇ/ਬਿਊਰੋ ਨਿਊਜ਼ :
ਇਕ ਸੰਘੀ ਅਦਾਲਤ ਦੇ ਜੱਜ ਨੇ ਚੋਣ ਮੁਹਿੰਮ ਦੌਰਾਨ ਰੈਲੀ ਵਿਚ ਪ੍ਰਦਰਸ਼ਨਕਾਰੀਆਂ ਖਿਲਾਫ ਹਿੰਸਾ ਭੜਕਾਉਣ ਦੇ ਮਾਮਲੇ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮੁਕੱਦਮੇ ਤੋਂ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਦੇ ਵਕੀਲਾਂ ਨੇ ਉਨ੍ਹਾਂ ਤਿੰਨਾਂ ਪ੍ਰਦਰਸ਼ਨਕਾਰੀਆਂ ਵੱਲੋਂ ਦਰਜ ਕਰਵਾਏ ਗਏ ਮੁਕੱਦਮੇ ਨੂੰ ਖਾਰਜ ਕਰਨ ਦੀ ਮੰਗ ਕੀਤੀ ਸੀ, ਜਿਨ੍ਹਾਂ ਦਾ ਕਹਿਣਾ ਸੀ ਕਿ ਕੇਂਟਕੀ ਦੇ ਲੁਈਸਵਿਲੇ ਵਿਚ 1 ਮਾਰਚ 2016 ਨੂੰ ਹੋਈ ਰੈਲੀ ਵਿਚ ਟਰੰਪ ਦੇ ਸਮਰਥਕਾਂ ਨੇ ਉਨ੍ਹਾਂ ਨਾਲ ਹਿੰਸਾ ਕੀਤੀ ਸੀ। ਵਕੀਲਾਂ ਨੇ ਦਲੀਲ ਦਿੱਤੀ ਕਿ ਟਰੰਪ ਦਾ ਇਰਾਦਾ ਆਪਣੇ ਸਮਰਥਕਾਂ ਨੂੰ ਉਕਸਾਉਣ ਦਾ ਬਿਲਕੁਲ ਨਹੀਂ ਸੀ। ਪ੍ਰਦਰਸ਼ਨਕਾਰੀਆਂ ਵਿਚੋਂ 2 ਔਰਤਾਂ ਅਤੇ ਇਕ ਮਰਦ ਦਾ ਕਹਿਣਾ ਹੈ ਕਿ ਟਰੰਪ ਦੇ ਹੁਕਮ ‘ਤੇ ਉਨ੍ਹਾਂ ਦੇ ਸਮਰਥਕਾਂ ਨੇ ਸਾਨੂੰ ਧੱਕਾ ਦਿੱਤਾ ਅਤੇ ਮੁੱਕੇ ਮਾਰੇ। ਇਸ ਦੌਰਾਨ ਕਈ ਦ੍ਰਿਸ਼ ਵੀਡੀਓ ਵਿਚ ਕੈਦ ਹੋ ਗਏ ਸਨ ਅਤੇ ਚੋਣ ਮੁਹਿੰਮ ਦੌਰਾਨ ਉਨ੍ਹ੍ਹਾਂ ਨੂੰ ਵਿਆਪਕ ਰੂਪ ਵਿਚ ਪ੍ਰਸਾਰਤ ਕੀਤਾ ਗਿਆ ਸੀ। ਵੀਡੀਓ ਵਿਚ ਟਰੰਪ ਨੂੰ ਪ੍ਰਦਰਸ਼ਨਕਾਰੀਆਂ ਵੱਲ ਇਸ਼ਾਰਾ ਕਰਕੇ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ‘ਉਨ੍ਹਾਂ ਨੂੰ ਬਾਹਰ ਕੱਢੋ’। ਲੁਈਸਵਿਲੇ ਵਿਚ ਜੱਜ ਡੇਵਿਡ ਜੇ ਹੇਲ ਨੇ ਸ਼ੁੱਕਰਵਾਰ (31 ਮਾਰਚ) ਨੂੰ ਆਪਣੇ ਫੈਸਲੇ ਵਿਚ ਕਿਹਾ ਕਿ ਟਰੰਪ ਅਤੇ ਉਨ੍ਹਾਂ ਦੇ ਤਿੰਨ ਸਮਰਥਕਾਂ ਖਿਲਾਫ ਮੁਕੱਦਮਾ ਜਾਰੀ ਰਹੇਗਾ। ਹੇਲ ਨੇ ਉਨ੍ਹਾਂ ਸਬੂਤਾਂ ਨੂੰ ਪੁਖਤਾ ਬਰਾਮਦ ਕੀਤਾ, ਜਿਨ੍ਹਾਂ ਨਾਲ ਇਹ ਦੋਸ਼ ਸਿੱਧ ਹੁੰਦਾ ਹੈ ਕਿ ਟਰੰਪ ਦੀਆਂ ਗਤੀਵਿਧੀਆਂ ਦੇ ਕਾਰਨ ਪ੍ਰਦਰਸ਼ਨਕਾਰੀਆਂ ਨੂੰ ਹਿੰਸਾ ਦਾ ਸਾਹਮਣਾ ਕਰਨਾ ਪਿਆ।