ਕੋਲੰਬਸ ਵਿਚ ਹਾਦਸੇ ਕਾਰਨ ਭਾਰਤੀ ਇੰਜਨੀਅਰ ਦੀ ਮੌਤ, ਪਤਨੀ ਗੰਭੀਰ ਜ਼ਖ਼ਮੀ

ਕੋਲੰਬਸ ਵਿਚ ਹਾਦਸੇ ਕਾਰਨ ਭਾਰਤੀ ਇੰਜਨੀਅਰ ਦੀ ਮੌਤ, ਪਤਨੀ ਗੰਭੀਰ ਜ਼ਖ਼ਮੀ

ਕੋਲੰਬਸ/ਬਿਊਰੋ ਨਿਊਜ਼ :
ਅਮਰੀਕਾ ਦੇ ਸ਼ਹਿਰ ਕੋਲੰਬਸ ਵਿੱਚ ਟੱਕਰ ਮਾਰ ਕੇ ਭੱਜਣ ਦੇ ਮਾਮਲੇ ਵਿੱਚ 30 ਸਾਲਾ ਭਾਰਤੀ ਇੰਜਨੀਅਰ ਦੀ ਮੌਤ ਹੋ ਗਈ, ਜਦੋਂਕਿ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿਚ ਜ਼ੇਰੇ-ਇਲਾਜ ਹੈ। ਇਕ ਮਿੰਨੀ ਵੈਨ ਦੇ ਨਸ਼ੇ ਵਿੱਚ ਧੁੱਤ ਡਰਾਈਵਰ ਨੇ ਉਨ੍ਹਾਂ ਨੂੰ ਪਿੱਛਲੇ ਪਾਸਿਉਂ ਟੱਕਰ ਮਾਰ ਦਿੱਤੀ।
ਹਾਦਸੇ ਵਿੱਚ ਇੰਜਨੀਅਰ ਅੰਸ਼ੁਲ ਸ਼ਰਮਾ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਉਸ ਦੀ ਪਤਨੀ ਸਮੀਰਾ ਭਾਰਦਵਾਜ (28) ਗੰਭੀਰ ਜ਼ਖ਼ਮੀ ਹੋ ਗਈ। ਘਟਨਾ ਵੇਲੇ ਇਹ ਦੋਵੇਂ ਸੜਕ ਦੇ ਇਕ ਪਾਸੇ ਪੈਦਲ ਜਾ ਰਹੇ ਸਨ। ਹਾਦਸੇ ਲਈ ਜ਼ਿੰਮੇਵਾਰ 36 ਸਾਲਾ ਡਰਾਈਵਰ ਮਾਈਕਲ ਡੇਮੀਓ ਨੂੰ ਗ੍ਰਿਫ਼ਤਾਰ ਕਰ ਕੇ ਪੁਲੀਸ ਨੇ ਉਸ ਖ਼ਿਲਾਫ਼ ਫ਼ੌਜਦਾਰੀ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਮੁਲਜ਼ਮ ਨੂੰ ਬਾਰਥੋਲੋਮਿਊ ਕਾਉਂਟੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ, ਜਿਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਲਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਹਾਦਸੇ ਤੋਂ ਬਾਅਦ ਭੱਜ ਜਾਣਾ ਤੇ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣਾ ਵੀ ਸ਼ਾਮਲ ਹੈ। ਰੋਜ਼ਨਾਮਾ ‘ਰਿਪਬਲਿਕਾ’ ਮੁਤਾਬਕ ਸ਼ਰਮਾ ਨੂੰ ਮੌਕੇ ‘ਤੇ ਹੀ ਦਮ ਤੋੜ ਗਿਆ ਐਲਾਨਿਆ ਗਿਆ। ਸ਼ਰਮਾ ਦੀ ਰੁਜ਼ਗਾਰਦਾਤਾ ਕੰਪਨੀ ਕੰਮਿਨਜ਼, ਜੋ ਡੀਜ਼ਲ ਇੰਜਣ ਬਣਾਉਂਦੀ ਹੈ, ਦੀ ਤਰਜਮਾਨ ਨੇ ਕਿਹਾ ਕਿ ਕੰਪਨੀ ਨੇ ਇਸ ਦੁੱਖ ਦੀ ਘੜੀ ਵਿੱਚ ਸ਼ਰਮਾ ਦੇ ਪਰਿਵਾਰ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ। ਕੰਪਨੀ ਵੱਲੋਂ ਉਸ ਦੀ ਲਾਸ਼ ਨੂੰ ਭਾਰਤ ਵਾਪਸ ਭੇਜਣ ਵਿੱਚ ਵੀ ਮਦਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਦੀ ਪਤਨੀ ਸਮੀਰਾ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।