ਟਰੰਪ ਨੇ ਓਬਾਮਾ ਦੀਆਂ ਵਾਤਾਵਰਣ ਸਬੰਧੀ ਨੀਤੀਆਂ ਵੀ ਬਦਲੀਆਂ

ਟਰੰਪ ਨੇ ਓਬਾਮਾ ਦੀਆਂ ਵਾਤਾਵਰਣ ਸਬੰਧੀ ਨੀਤੀਆਂ ਵੀ ਬਦਲੀਆਂ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕੀ ਸਦਰ ਡੋਨਲਡ ਟਰੰਪ ਨੇ ਇਕ ਹੋਰ ਵਿਵਾਦਗ੍ਰਸਤ ਪ੍ਰਸ਼ਾਸਕੀ ਹੁਕਮ ਉਤੇ ਸਹੀ ਪਾ ਦਿੱਤੀ, ਜਿਸ ਤਹਿਤ ਉਨ੍ਹਾਂ ਤੋਂ ਪਹਿਲੇ ਰਾਸ਼ਟਰਪਤੀ ਬਰਾਕ ਓਬਾਮਾ ਦੀਆਂ ਵਾਤਾਵਰਣ ਸਬੰਧੀ ਨੀਤੀਆਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ। ਇਸ ਨਾਲ ਆਲਮੀ ਤਪਸ਼ ਵਰਗੀਆਂ ਵਾਤਾਵਰਣ ਸਮੱਸਿਆਵਾਂ ਦੇ ਟਾਕਰੇ ਦੀਆਂ ਕੋਸ਼ਿਸ਼ਾਂ ਨੂੰ ਸੱਟ ਵੱਜੇਗੀ। ਸ੍ਰੀ ਟਰੰਪ ਨੇ ਵਾਤਾਵਰਣ ਸੁਰੱਖਿਆ ਏਜੰਸੀ (ਈਪੀਏ) ਬਾਰੇ ਇਨ੍ਹਾਂ ਹੁਕਮਾਂ ਨੂੰ ਆਪਣੇ ਚੋਣ ਵਾਅਦਿਆਂ ਦੇ ਮੱਦੇਨਜ਼ਰ ਸਹੀਬੰਦ ਕੀਤਾ, ਜਿਨ੍ਹਾਂ ਦੇਸ਼ ਦੀ ਕੋਲਾ ਸਨਅਤ ਦੀ ਮੱਦਦ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਹੁਕਮ ਨਾਲ ‘ਫੈਡਰਲ ਸਰਕਾਰ ਦੀ ਚਲਾਕੀ ਮੁੱਕ’ ਜਾਵੇਗੀ ਤੇ ‘ਪੈਦਾਵਾਰ ਦੇ ਵਾਧੇ ਤੇ ਰੁਜ਼ਗਾਰ ਸਿਰਜਣਾ ਦਾ ਨਵਾਂ ਦੌਰ’ ਸ਼ੁਰੂ ਹੋਵੇਗਾ।  ਹੁਕਮ ਉਤੇ ਦਸਤਖ਼ਤ ਕਰਨ ਤੋਂ ਬਾਅਦ ਸ੍ਰੀ ਟਰੰਪ ਨੇ ਕਿਹਾ, ”ਇਸ ਪ੍ਰਸ਼ਾਸਕੀ ਕਾਰਵਾਈ ਨਾਲ ਮੈਂ ਅਮਰੀਕੀ ਊਰਜਾ ਉਤੇ ਲੱਗੀਆਂ ਰੋਕਾਂ ਹਟਾਉਣ, ਸਰਕਾਰੀ ਦਖ਼ਲਅੰਦਾਜ਼ੀ ਘਟਾਉਣ ਅਤੇ ਨੌਕਰੀਆਂ ਨੂੰ ਮਾਰਨ ਵਾਲੇ ਨਿਯਮਾਂ ਨੂੰ ਖ਼ਤਮ ਕਰਨ ਲਈ ਇਤਿਹਾਸਕ ਕਦਮ ਚੁੱਕਿਆ ਹੈ।”  ਉਨ੍ਹਾਂ ਕਿਹਾ, ”ਮੇਰੀ ਇਹ ਕਾਰਵਾਈ ਅਮਰੀਕੀਆਂ ਲਈ ਰੁਜ਼ਗਾਰ ਪੈਦਾ ਕਰਨ ਤੇ ਉਨ੍ਹਾਂ ਦੀ ਖ਼ੁਸ਼ਹਾਲੀ ਵਧਾਉਣ ਲਈ ਚੁੱਕੇ ਜਾ ਰਹੇ ਕਦਮਾਂ ਦਾ ਹੀ ਤਾਜ਼ਾ ਹਿੱਸਾ ਹੈ। ਅਸੀਂ ਅਮਰੀਕੀਆਂ ਦੀ ਖ਼ੁਸ਼ਹਾਲੀ ਦੀ ਚੋਰੀ ਖ਼ਤਮ ਕਰ ਰਹੇ ਹਾਂ ਅਤੇ ਆਪਣੇ ਪਿਆਰੇ ਵਤਨ ਦੀ ਮੁੜ ਉਸਾਰੀ ਵਿੱਚ ਲੱਗੇ ਹੋਏ ਹਾਂ।”