ਨਾਰਥ ਕੈਲੀਫੋਰਨੀਆ ਦੇ ਗੁਰੂ ਘਰਾਂ ਦੀ ਸੈਂਟਰਲ ਬਾਡੀ ਬਣਾਉਣ ਦਾ ਫੈਸਲਾ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ:
ਨਾਰਥ ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਗੁਰੂ ਘਰਾਂ ਦੀ ਸੈਂਟਰਲ ਬਾਡੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਬਾਰੇ ਸਹਿਮਤੀ ਗੁਰੂ ਘਰਾਂ ਦੇ ਨੁਮਾਇੰਦਿਆਂ ਦੀ 22 ਮਾਰਚ ਬੁੱਧਵਾਰ ਨੂੰ ਗੁਰਦੁਆਰਾ ਵੈਸਟ ਸੈਕਰਾਮੈਂਟੋ ਵਿਖੇ ਹੋਈ ਇੱਕ ਵਿਸ਼ੇਸ਼ ਮੀਟਿੰਗ ਵਿੱਚ ਹੋਈ ।
ਇਸ ਮੀਟਿੰਗ ਵਿਚ ਮਤੇ ਪਾਸ ਕੀਤੇ ਗਏ ਮਤਿਆਂ ਅਨੁਸਾਰ ਜਿਸ ਵਕਤ ਕੋਈ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਦੀ ਸੇਵਾ ਛੱਡ ਕੇ ਜਾਵੇ ਤਾਂ ਕੁਝ ਹਫਤਿਆਂ ਤੱਕ ਉਸ ਦੀ ਜਾਣਕਾਰੀ ਸੰਗਤਾਂ ਵਿਚ ਫੋਟੋ ਦਿਖਾ ਕੇ ਅਨਾਊਂਸਮੈਟ ਰਾਹੀਂ ਸੰਗਤ ਨੂੰ ਦਿੱਤੀ ਜਾਵੇ।
ਦੂਜੇ ਮਤੇ ਅਨੁਸਾਰ ਸਾਰੇ ਗੁਰੂ ਘਰਾਂ ਵੱਲੋਂ ਇਸ ਗੱਲ ‘ਤੇ ਸਹਿਮਤੀ ਬਣੀ ਕਿ ਸਾਰੇ ਨਾਰਥ ਕੈਲੀਫੋਰਨੀਆ ਦੇ ਗੁਰੂ ਘਰਾਂ ਵੱਲੋਂ ਸੈਂਟਰਲ ਬਾਡੀ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ।
ਇਹ ਫੈਸਲਾ ਵੀ ਹੋਇਆ ਕਿ ਜਿਹੜੇ ਪਰਿਵਾਰ ਗੁਰੂ ਘਰਾਂ ਤੋਂ ਪ੍ਰੋਗਰਾਮ ਕਰਵਾਉਣ ਦੀ ਬਜਾਏ ਬਾਹਰੋਂ ਸੇਵਾ ਮੁਕਤ ਬੰਦਿਆਂ ਤੋਂ ਪ੍ਰੋਗਰਾਮ ਕਰਵਾਉਂਦੇ ਹਨ, ਉਨ੍ਹਾਂ ਪਰਿਵਾਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਗੱਲ ਸੁਨਣ ਤੋਂ ਇਲਾਵਾ ਉਨ੍ਹਾਂ ਨੂੰ ਐਜੂਕੇਟ ਕੀਤਾ ਜਾਵੇ ਤਾਂ ਕਿ ਉਹ ਗੁਰੂ ਘਰਾਂ ਤੋਂ ਹੀ ਪ੍ਰੋਗਰਾਮ ਕਰਵਾਉਣ।
ਮੀਟਿੰਗ ਤੋਂ ਬਾਅਦ ਜਾਰੀ ਕੀਤੇ ਲਿਖਤੀ ਪ੍ਰੈਸ ਬਿਆਨ ਰਾਹੀਂ ਦਸਿਆ ਗਿਆ ਕਿ ਇਹ ਸਾਰੇ ਫੈਸਲੇ ਲੈਣ ਦਾ ਮੁੱਖ ਕਾਰਨ ਗੁਰੂ ਗ੍ਰੰਥ ਸਾਹਿਬ ਦਾ ਵੱਧ ਤੋਂ ਵੱਧ ਸਤਿਕਾਰ ਕਾਇਮ ਰੱਖਣਾ ਹੈ ਕਿਉਂਕਿ ਇਹ ਵੀ ਨੋਟਿਸ ਵਿਚ ਆਇਆ ਹੈ ਕਿ ਕਈ ਬੰਦੇ ਪ੍ਰਾਈਵੇਟ ਤੌਰ ‘ਤੇ ਘਰਾਂ ਵਿਚ ਪ੍ਰੋਗਰਾਮ ਕਰਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ ਬਿੱਲਕੁਲ ਧਿਆਨ ਨਹੀਂ ਰੱਖਦੇ। ਕਈ ਤਾਂ ਝੂਠੀਆਂ ਰਸੀਦ ਬੁੱਕਾਂ ਵੀ ਛਪਵਾ ਕੇ ਸੰਗਤਾਂ ਕੋਲੋ ਝੂਠ ਬੋਲ ਕੇ ਪੈਸਾ ਇਕੱਠਾ ਕਰਦੇ ਹਨ ਅਤੇ ਉਸ ਪੈਸੇ ਨੂੰ ਆਪਣੇ ਨਿੱਜੀ ਕੰਮਾਂ ਲਈ ਵਰਤਦੇ ਹਨ। ਦੂਸਰਾ ਜੇ ਸੰਗਤ ਵੱਲੋਂ ਕੋਈ ਵੀ ਪ੍ਰੋਗਰਾਮ ਗੁਰੂ ਘਰ ਤੋਂ ਕਰਵਾਇਆ ਜਾਂਦਾ ਹੈ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਗੁਰੂ ਘਰ ਦੀ ਹੁੰਦੀ ਹੈ, ਪਰ ਜੇ ਕੋਈ ਬਾਹਰੋ ਪ੍ਰਾਈਵੇਟ ਬੰਦਿਆਂ ਤੋਂ ਘਰਾਂ ਵਿਚ ਪ੍ਰੋਗਰਾਮ ਕਰਵਾਉਂਦੇ ਹਨ ਤਾਂ ਉਸ ਸਮੇਂ ਦਰਮਿਆਨ ਅਗਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਿਚ ਅਤੇ ਗੁਰ ਮਰਿਆਦਾ ਸਬੰਧੀ ਕੋਈ ਊਣਤਾਈ ਹੁੰਦੀ ਹੈ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਉਸ ਪਰਿਵਾਰ ਦੀ ਜੋ ਪ੍ਰੋਗਰਾਮ ਕਰਵਾ ਰਹੇ ਹਨ ਅਤੇ ਉਨ੍ਹਾਂ ਪ੍ਰਾਈਵੇਟ ਬੰਦਿਆਂ ਦੀ ਹੋਵੇਗੀ। ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਇਹ ਹੁਕਮ ਹੈ ਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਾਹਰ ਹਾਲਾਂ ਵਿਚ ਜਾਂ ਅਜਿਹੀਆਂ ਥਾਵਾਂ ਉੱਤੇ ਲਿਜਾ ਕੇ ਪ੍ਰਕਾਸ਼ ਨਾ ਕੀਤੇ ਜਾਣ ਅਤੇ ਉਥੇ ਕੋਈ ਵੀ ਧਾਰਮਿਕ ਪ੍ਰੋਗਰਾਮ ਨਾ ਕੀਤਾ ਜਾਵੇ।
ਮੀਟਿੰਗ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਸ. ਬਲਬੀਰ ਸਿੰਘ ਢਿਲੋਂ (ਸਿੱਖ ਟੈਂਪਲ ਵੈਸਟ ਸੈਕਰਾਮੈਂਟੋ), ਸ. ਬਲਰਾਜ ਸਿੰਘ ਰੰਧਾਵਾ (ਸਿੱਖ ਟੈਂਪਲ ਰੋਜ਼ਵਿਲੇ), ਸ. ਪਰਮਜੀਤ ਸਿੰਘ (ਸਿੱਖ ਟੈਂਪਲ ਦਸ਼ਮੇਸ਼ ਦਰਬਾਰ ਸੈਕਰਾਮੈਂਟੋ), ਸ. ਗੁਰਿੰਦਰ ਸਿੰਘ (ਸਿੱਖ ਟੈਂਪਲ ਸਟਾਕਟਨ), ਸ. ਗੁਰਨਾਮ ਸਿੰਘ (ਸਿੱਖ ਟੈਂਪਲ ਐਲ ਸੋਬਰਾਂਤੇ), ਸ. ਲਖਵੀਰ ਸਿੰਘ ਔਜਲਾ (ਸਿੱਖ ਟੈਂਪਲ ਬਰਾਡਸ਼ਾਅ), ਡਾ. ਗੁਰਤੇਜ ਸਿੰਘ (ਸਿੱਖ ਸੈਂਟਰ ਸੈਕਰਾਮੈਂਟੋ), ਸ. ਦੀਪ ਸਿੰਘ (ਸਿੱਖ ਟੈਂਪਲ ਟਰੇਸੀ), ਸ. ਸਰਬਜੋਤ ਸਿੰਘ ਸਵੱਦੀ (ਸਿੱਖ ਟੈਂਪਲ ਸੈਨ ਹੋਜ਼ੇ) ਅਤੇ ਸ. ਸਰਬਜੀਤ ਸਿੰਘ ਥਿਆੜਾ (ਸਿੱਖ ਟੈਂਪਲ ਯੂਬਾ ਸਿਟੀ) ਸ਼ਾਮਲ ਹੋਏ।
Comments (0)