ਗਦਰ ਹਾਲ ਸਾਨਫਰਾਂਸਿਸਕੋ ਦੀ ਨਵੀਂ ਬਿਲਡਿੰਗ ਦੀ ਉਸਾਰੀ ਲਈ ਭਾਰਤ ਸਰਕਾਰ ਲਗਾਤਾਰ ਯਤਨਸ਼ੀਲ

ਗਦਰ ਹਾਲ ਸਾਨਫਰਾਂਸਿਸਕੋ ਦੀ ਨਵੀਂ ਬਿਲਡਿੰਗ ਦੀ ਉਸਾਰੀ ਲਈ ਭਾਰਤ ਸਰਕਾਰ ਲਗਾਤਾਰ ਯਤਨਸ਼ੀਲ

ਚਰਨ ਸਿੰਘ ਜੱਜ ਅਗਵਾਈ ਹੇਠ ਦਿੱਲੀ ਗਏ ਵਫ਼ਦ ਨੂੰ ਸਰਕਾਰੀ ਅਫ਼ਸਰਾਂ ਨੇ ਦਿੱਤਾ ਭਰੋਸਾ
ਊਧਮ ਸਿੰਘ ਦੀ ਸ਼ਹੀਦੀ ਸਬੰਧੀ ਸਮਾਗਮ 30 ਜੁਲਾਈ ਨੂੰ
ਸੈਕਰਾਮੈਂਟੋ/ਬਿਊਰੋ ਨਿਊਜ਼:
ਗਦਰ ਹਾਲ ਸਾਨਫਰਾਂਸਿਸਕੋ ਦੀ ਨਵੀਂ ਬਿਲਡਿੰਗ ਦੀ ਉਸਾਰੀ ਲਈ ਭਾਰਤ ਸਰਕਾਰ ਲਗਾਤਾਰ ਯਤਨਸ਼ੀਲ ਹੈ ਅਤੇ ਇਹ ਕੰਮ ਛੇਤੀ ਸ਼ੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਆਫ ਨਾਰਥ ਅਮਰੀਕਾ ਦੇ ਮੋਢੀ ਮੈਂਬਰ ਚਰਨ ਸਿੰਘ ਜੱਜ ਦੀ ਅਗਵਾਈ ਹੇਠ ਪਿਛਲੇ ਮਹੀਨੇ ਨਵੀਂ ਦਿੱਲੀ ਗਏ ਜਥੇਬੰਦੀ ਦੇ ਆਗੂਆਂ ਨੇ ਇਕ ਤਿੰਨ ਮੈਂਬਰੀ ਵਫਦ ਨੂੰ ਸਰਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ। ਜਥੇਬੰਦੀ ਵਲੋਂ ਇਸ ਮੰਤਵ ਲਈ ਉਚੇਚਾ ਦਿੱਲੀ ਭੇਜੇ ਗਏ ਵਫ਼ਦ ਜਿਸ ਵਿਚ ਚਰਨ ਸਿੰਘ ਜੱਜ ਤੋਂ ਇਲਾਵਾ ਜੌਹਨ ਬੰਗਾ ਅਤੇ ਡਾ. ਹਰੀਸ਼ ਪਾਇਲ ਸ਼ਾਮਲ ਸਨ, ਨੇ 12 ਫਰਵਰੀ 2017 ਨੂੰ ਕੇਂਦਰੀ ਮੰਤਰੀ ਵਿਜੇ ਸਾਂਪਲਾ ਨਾਲ ਗਦਰ ਹਾਲ ਦੀ ਨਵੀਂ ਬਿਲਡਿੰਗ ਦੀ ਉਸਾਰੀ ਵਿੱਚ ਹੋ ਰਹੀ ਦੇਰੀ ਸਬੰਧੀ ਗੱਲਬਾਤ ਕੀਤੀ। ਮੰਤਰੀ ਨੇ ਇਸ ਬਿਲਡਿੰਗ ਦੀ ਨਵੀਂ ਉਸਾਰੀ ਵਿਚ ਕਾਫ਼ੀ ਰੁਚੀ ਦਿਖਾਈ।
ਚਰਨ ਸਿੰਘ ਜੱਜ ਦੀ ਅਗਵਾਈ ਵਿਚਲੇ ਵਫ਼ਦ ਦੇ ਤਿੰਨੇ ਹੀ ਮੈਂਬਰਾਂ ਨੇ ਉਸਤੋਂ ਬਾਅਦ ਵਿਦੇਸ਼ ਵਿਭਾਗ ਦੀ ਜਾਇੰਟ ਸਕੱਤਰ ਮੈਡਮ ਵਾਨੀ ਰਾਓ ਨਾਲ ਮੁਲਾਕਾਤ ਕੀਤੀ। ਸ੍ਰੀਮਤੀ ਵਾਨੀ ਰਾਓ ਨੇ ਗਦਰੀ ਬਾਬਿਆਂ ਬਾਰੇ ਅਤੇ ਗਦਰ ਹਾਲ ਦੀ ਨਵੀਂ ਬਿਲਡਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ। ਵਿਚਾਰ ਚਰਚਾ ਦੌਰਾਨ ਵਿਦੇਸ਼ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਬਿਲਡਿੰਗ ਦਾ ਕਾਂਟਰੈਕਟ ਹੋਣ ਵਾਲਾ ਹੀ ਹੈ ਅਤੇ ਨਵੀਂ ਉਸਾਰੀ ਇਸ ਤੋਂ ਬਾਅਦ ਜਲਦੀ ਸ਼ੁਰੂ ਕਰ ਦਿੱਤੀ ਜਾਵੇਗੀ।
ਵਰਨਣਯੋਗ ਹੈ ਕਿ ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਆਫ ਨਾਰਥ ਅਮਰੀਕਾ ਵਲੋਂ ਊਧਮ ਸਿੰਘ ਦਾ ਸ਼ਹੀਦੀ ਸਮਾਗਮ 30 ਜੁਲਾਈ 2017 ਐਤਵਾਰ ਨੂੰ ਗਦਰ ਮੈਮੋਰੀਅਲ ਹਾਲ 5 ਵੁੱਡ ਸਟਰੀਟ ਸਾਨਫਰਾਂਸਿਸਕੋ 5 Wood St, San Francisco, CA 94118, US) ਵਿਖੇ ਮਨਾਇਆ ਜਾਵੇਗਾ।
ਸ਼ਹੀਦੀ ਸਮਾਗਮ ਸਬੰਧੀ ਵਿਚਾਰ ਵਟਾਂਦਰਾ ਕਰਨ ਤੇ ਤਿਆਰੀਆਂ ਨੂੰ ਮੁੱਖ ਰਖਦਿਆਂ ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਆਫ ਨਾਰਥ ਅਮਰੀਕਾ ਦੇ ਵਰਕਿੰਗ ਕਮੇਟੀ ਮੈਂਬਰਾਂ ਦੀ ਇਕ ਜ਼ਰੂਰੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਗੁਲਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਲੰਘੇ 9 ਮਾਰਚ ਵੀਰਵਾਰ ਨੂੰ ਬਲਵਿੰਦਰ ਸਿੰਘ ਡੁਲਕੂ ਦੇ ਪੀਜਾ ਸਟੋਰ ਉੱਤੇ ਹੋਈ। ਸੈਕਟਰੀ ਜਨਕ ਰਾਜ ਸਿਧਰਾ ਨੇ ਸਮਾਗਮ ਬਾਰੇ ਏਜੰਡਾ ਪੇਸ਼ ਕੀਤਾ। ਸਾਰੇ ਹੀ ਕਮੇਟੀ ਮੈਂਬਰਾਂ ਨੇ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਭਰਵੀੰ ਵਿਚਾਰ ਚਰਚਾ ਕੀਤੀ। ਮੀਟਿੰਗ ਵਿੱਚ ਹੋਰਨਾਂ ਅਤੋਂ ਇਲਾਵਾ ਗੁਰਦੀਪ ਸਿੰਘ ਗਿੱਲ ਅਤੇ ਮਦਨ ਲਾਲ ਸ਼ਰਮਾ ਨੇ ਵੀ ਭਾਗ ਲਿਆ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸ਼ਹੀਦੀ ਸਮਾਗਮ ਮੌਕੇ ਕਰਵਾਏ ਜਾਣ ਵਾਲੇ ਸੈਮੀਨਾਰ ਵਿਚ ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਮਦਨ ਲਾਲ ਢੀਂਗਰਾ ਦੀਆਂ ਲਾਸਾਨੀ ਕੁਰਬਾਨੀਆਂ ਬਾਰੇ ਵਿਦਵਾਨਾਂ ਵੱਲੋਂ ਪੇਪਰ ਪੜ੍ਹੇ ਜਾਣਗੇ. ਕੁਝ ਬੁਲਾਰੇ ਵੀ ਵਿਚਾਰ ਪੇਸ਼ ਕਰਨਗੇ। ਕਵੀ ਦਰਬਾਰ ਵੀ ਹੋਵੇਗਾ।
ਇਸ ਸ਼ਹੀਦੀ ਸਮਾਗਮ ਲਈ ਇਸ ਵਾਰ ਬੇ ਏਰੀਏ ਦੀਆਂ ਸਾਰੀਆਂ ਹੀ ਜਥੇਬੰਦੀਆਂ ਨੂੰ ਉਚੇਚੇ ਤੌਰ ਤੇ ਸਦਿਆ ਜਾਵੇਗਾ।