ਵਿਸਾਖੀ ਨੂੰ ਅਮਰੀਕਾ ਦੇ ‘ਕੌਮੀ ਸਿੱਖ ਦਿਵਸ’ ਵਜੋਂ ਮਾਨਤਾ ਦਿਵਾਉਣ ਲਈ ਸਿੱਖ ਜਥੇਬੰਦੀਆਂ ਨੇ ਯਤਨ ਆਰੰਭੇ

ਵਿਸਾਖੀ ਨੂੰ ਅਮਰੀਕਾ ਦੇ ‘ਕੌਮੀ ਸਿੱਖ ਦਿਵਸ’ ਵਜੋਂ ਮਾਨਤਾ ਦਿਵਾਉਣ ਲਈ ਸਿੱਖ ਜਥੇਬੰਦੀਆਂ ਨੇ ਯਤਨ ਆਰੰਭੇ

ਵਾਸ਼ਿੰਗਟਨ ਡੀਸੀ ਵਿਚ 8 ਅਪ੍ਰੈਲ ਨੂੰ ‘ਨੈਸ਼ਨਲ ਸਿੱਖ ਡੇਅ ਪਰੇਡ’ ਕਰਨ ਦਾ ਫ਼ੈਸਲਾ
ਵਰਜੀਨੀਆ/ਬਿਊਰੋ ਨਿਊਜ਼ :
‘ਖ਼ਾਲਸਾ ਸਾਜਨਾ ਦਿਵਸ’ ਵਿਸਾਖੀ ਦੇ ਦਿਹਾੜੇ ਨੂੰ ਅਮਰੀਕਾ ਦਾ ਕੌਮੀ ਸਿੱਖ ਦਿਵਸ ਸਥਾਪਤ ਕਰਨ ਲਈ ਅਮਰੀਕਾ ਦੇ ਈਸਟ ਕੋਸਟ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਵਲੋਂ 8 ਅਪ੍ਰੈਲ ਨੂੰ ‘ਨੈਸ਼ਨਲ ਸਿੱਖ ਡੇਅ ਪਰੇਡ’ ਵਾਸ਼ਿੰਗਟਨ ਡੀਸੀ ਵਿਚ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦਿਵਸ ਨੂੰ ਸਥਾਪਤ ਕਰਾਉਣ ਲਈ ਅਮਰੀਕਾ ਦੇ ਹਾਊਸ ਵਿਚ ਮਤਾ ਪਵਾਉਣ ਵਾਸਤੇ ਇਹ ਜਥੇਬੰਦੀ ਇਸ ਪਰੇਡ ਰਾਹੀਂ ਪ੍ਰਭਾਵੀ ਕਦਮ ਚੁੱਕੇਗੀ। ਇਸ ਬਾਰੇ ਵਰਜੀਨੀਆ ਦੇ ਗੁਰਦੁਆਰਾ ਸਾਹਿਬ ਫੇਅਰ ਫੈਕਸ ਵਿਚ ਜਥੇਬੰਦੀਆਂ ਦੇ ਸਾਰੇ ਆਗੂਆਂ ਦੀ ਇਕ ਭਰਵੀਂ ਮੀਟਿੰਗ ਹੋਈ।
ਮੀਟਿੰਗ ਦੀ ਕਾਰਵਾਈ ਬਾਰੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਦੱਸਿਆ ਕਿ ਸਾਡੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਿਸਾਖੀ ਦੇ ਦਿਹਾੜੇ ‘ਤੇ ਸਿੱਖ ਪੰਥ ਦੀ ਸਾਜਨਾ ਕਰਨ ਲਈ ਪੰਜ ਪਿਆਰੇ ਸਾਜੇ ਗਏ ਸਨ। ਇਸ ਕਰਕੇ ਇਹ ਦਿਵਸ ਸਮੁੱਚੀ ਸਿੱਖ ਕੌਮ ਲਈ ਸਭ ਤੋਂ ਵੱਡਾ ਇਤਿਹਾਸਕ ਦਿਵਸ ਹੈ। ਇਸ ਦਿਵਸ ਨੂੰ ਪਹਿਲਾਂ ਅਮਰੀਕਾ ਵਿਚ ਸਥਾਪਤ ਕਰਕੇ ‘ਨੈਸ਼ਨਲ ਸਿੱਖ ਦਿਵਸ’ ਦੇ ਤੌਰ ‘ਤੇ ਮਨਾਇਆ ਜਾਵੇਗਾ, ਉਸ ਤੋਂ ਬਾਅਦ ਸਾਰੀ ਦੁਨੀਆ ਵਿਚ ਇਸ ਦਿਵਸ ਨੂੰ ‘ਅੰਤਰਰਾਸ਼ਟਰੀ ਸਿੱਖ ਦਿਵਸ’ ਵਜੋਂ ਸਥਾਪਤ ਕਰਾਉਣ ਲਈ ਮਤੇ ਪਾਏ ਜਾਣਗੇ। ਸ. ਹਿੰਮਤ ਸਿੰਘ ਨੇ ਕਿਹਾ ਕਿ ਵਰਜੀਨੀਆ ਦੇ ਗੁਰਦੁਆਰਾ ਸਾਹਿਬ ਵਿਚ ਹੋਈ ਮੀਟਿੰਗ ਵਿਚ ਸਾਰੀਆਂ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਦੇ ਆਗੂਆਂ ਵਿਚ ਭਰਵਾਂ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਲਈ 8 ਅਪ੍ਰੈਲ ਨੂੰ ਹੋਣ ਵਾਲੀ ਵਾਸ਼ਿੰਗਟਨ ਡੀਸੀ ਵਿਚ ‘ਨੈਸ਼ਨਲ ਸਿੱਖ ਡੇਅ ਪਰੇਡ’ ਨੂੰ ਪੂਰੀ ਤਰ੍ਹਾਂ ਕਾਮਯਾਬ ਬਣਾਉਣ ਲਈ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਡੀਸੀ ਅਮਰੀਕਾ ਦੀ ਕੈਪੀਟਲ ਸਿਟੀ ਹੈ ਅਤੇ ਇਹ ਪਰੇਡ ਸਮੁੱਚੇ ਸਿੱਖ ਭਾਈਚਾਰੇ ਵੱਲੋਂ ਆਪਣੀ ਹੋਂਦ ਦਾ ਪ੍ਰਗਟਾਵਾ ਕਰਨ ਲਈ ਅਹਿਮੀਅਤ ਰੱਖਦੀ ਹੈ। ਇਸ ਕਰਕੇ ਇਹ ਜ਼ਰੂਰੀ ਹੋ ਗਿਆ ਹੈ ਕਿ ਅਮਰੀਕਨ ਰਾਜਨੀਤੀਵਾਨ ਅਤੇ ਬਾਹਰੋਂ ਸਿੱਖ ਸ਼ਖ਼ਸੀਅਤਾਂ ਦੀ ਵੱਧ ਤੋਂ ਵੱਧ ਹਾਜ਼ਰੀ ਇਸ ਸਿੱਖ ਪਰੇਡ ਵਿਚ ਲਗਾਈ ਜਾਵੇ। ਸ. ਹਿੰਮਤ ਸਿੰਘ ਨੇ ਦੱਸਿਆ ਕਿ ਇਸ ਸਮੇਂ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਹੈ ਕਿ ਇਸ ਦਿਵਸ ਦੀ ਸਥਾਪਤੀ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਇਸ ਵੇਲੇ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਵਿਸ਼ਵ ਨੂੰ ਆਪਣਾ ਸਿੱਖ ਦਿਵਸ ਸਥਾਪਤ ਕਰਨ ਲਈ ਡੱਟ ਕੇ ਅੱਗੇ ਆਉਣਾ ਚਾਹੀਦਾ ਹੈ।