ਜਨਰਲ ਮੈਕਮਾਸਟਰ ਬਣੇ ਟਰੰਪ ਦੇ ਸੁਰੱਖਿਆ ਸਲਾਹਕਾਰ

ਜਨਰਲ ਮੈਕਮਾਸਟਰ ਬਣੇ ਟਰੰਪ ਦੇ ਸੁਰੱਖਿਆ ਸਲਾਹਕਾਰ

ਵਾਸ਼ਿੰਗਟਨ/ਬਿਊਰੋ ਨਿਊਜ਼ :
ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਫ਼ੌਜ ਦੇ ਲੈਫਟੀ. ਜਨਰਲ ਹਰਬਰਟ ਰੇਅਮੰਡ ਮੈਕਮਾਸਟਰ ਦੀ ਆਪਣੇ ਨਵੇਂ ਕੌਮੀ ਸੁਰੱਖਿਆ ਸਲਾਹਕਾਰ ਵਜੋਂ ਚੋਣ ਕੀਤੀ ਹੈ। ਦੱਸਣਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਇਸ ਅਹੁਦੇ ਲਈ ਚੁਣੇ ਗਏ ਲੈਫ. ਜਨਰਲ ਮਾਈਕਲ ਫਲਿਨ ਨੂੰ ਮਹਿਜ਼ 24 ਦਿਨਾਂ ਬਾਅਦ ਅਹੁਦਾ ਛੱਡਣ ਲਈ ਮਜਬੂਰ ਕਰ ਦਿੱਤਾ ਸੀ ਜਦੋਂ ਕਿ ਦੂਜੇ ਨੇ ਆਪ ਹੀ ਇਸ ਅਹੁਦੇ ਤੋਂ ਇਨਕਾਰ ਕਰ ਦਿੱਤਾ ਸੀ। 54 ਸਾਲਾ ਮੈਕਮਾਸਟਰ ਫ਼ੌਜ ਸਮਰੱਥਾ ਇਕਜੁੱਟਤਾ ਕੇਂਦਰ (ਏਸੀਆਈਸੀ) ਦਾ ਮੁਖੀ ਹੈ। ਫਲੋਰਿਡਾ ਵਿਚ ਆਪਣੀ ਰਿਹਾਇਸ਼ ‘ਤੇ ਟਰੰਪ ਨੇ ਕਿਹਾ, ‘ਮੈਂ ਐਲਾਨ ਕਰਨਾ ਚਾਹੁੰਦਾ ਹਾਂ ਕਿ ਜਨਰਲ ਐਚ ਆਰ ਮੈਕਮਾਸਟਰ ਕੌਮੀ ਸੁਰੱਖਿਆ ਸਲਾਹਕਾਰ ਬਣੇਗਾ। ਉਹ ਬੇਹੱਦ ਕੁਸ਼ਲ ਤੇ ਵੱਡੇ ਤਜਰਬੇ ਵਾਲਾ ਵਿਅਕਤੀ ਹੈ। ਫ਼ੌਜ ਵਿਚ ਉਸ ਦਾ ਸਾਰਿਆਂ ਵੱਲੋਂ ਆਦਰ ਕੀਤਾ ਜਾਂਦਾ ਹੈ ਅਤੇ ਅਸੀਂ ਉਸ ਦੀ  ਚੋਣ ਕਰ ਕੇ ਮਾਣ ਮਹਿਸੂਸ ਕਰ ਰਹੇ ਹਾਂ।’