ਕੈਪਟਨ ਕੰਵਰ ਹਰਭਜਨ ਸਿੰਘ ਦੀ ਯਾਦ ਵਿਚ ਸੈਂਟਾ ਐਨਾ ਗੁਰਦੁਆਰਾ ਸਾਹਿਬ ਵਿਚ ਸਮਾਗਮ

ਕੈਪਟਨ ਕੰਵਰ ਹਰਭਜਨ ਸਿੰਘ ਦੀ ਯਾਦ ਵਿਚ ਸੈਂਟਾ ਐਨਾ ਗੁਰਦੁਆਰਾ ਸਾਹਿਬ ਵਿਚ ਸਮਾਗਮ

ਸੈਂਟਾ ਐਨਾ/ਬਿਊਰੋ ਨਿਊਜ਼ :
ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਗੁਰਮਤਿ ਸਟੱਡੀਜ਼ (ਆਈ.ਆਈ.ਜੀ.ਐਸ.) ਵਲੋਂ ਸੰਸਥਾ ਦੇ ਬਾਨੀ ਮਰਹੂਮ ਕੈਪਟਨ ਕੰਵਰ ਹਰਭਜਨ ਸਿੰਘ ਨੂੰ ਯਾਦ ਕਰਦਿਆਂ ਸੈਂਟਾ ਐਨਾ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕੀਤਾ ਗਿਆ। ਕੈਪਟਨ ਕੰਵਰ ਹਰਭਜਨ ਸਿੰਘ ਨੂੰ, ਜੋ 30 ਜਨਵਰੀ 2011 ਨੂੰ ਵਿਛੋੜਾ ਦੇ ਗਏ ਸਨ, ਸਾਰਿਆਂ ਵਲੋਂ ਸਤਿਕਾਰ ਨਾਲ ਪਾਪਾ ਜੀ ਸੱਦਿਆ ਜਾਂਦਾ ਸੀ। ਇਹ ਸਮਾਗਮ ਸ਼ਾਮ 6:00 ਵਜੇ ਸ਼ੁਰੂ ਹੋਇਆ ਜਿਸ ਵਿਚ ਸੈਂਟਾ ਐਨਾ ਗੁਰਦੁਆਰਾ ਸਾਹਿਬ ਦੇ ਰਾਗੀ ਸਿੰਘਾਂ ਅਤੇ ਵਿਦਿਆਰਥੀਆਂ ਵਲੋਂ ਕੀਰਤਨ ਕੀਤਾ ਗਿਆ। ਸਫਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਗਏ। ਜ਼ਿਕਰਯੋਗ ਹੈ ਕਿ ਕੈਪਟਨ ਹਰਭਜਨ ਸਿੰਘ ਦੀ ਯਾਦ ਵਿਚ ਸੰਸਥਾ ਵਲੋਂ ਸਿੱਖ ਨੌਜਵਾਨਾਂ ਨੂੰ ਵੱਖ ਵੱਖ ਖੇਤਰਾਂ ਲਈ ਵਜ਼ੀਫ਼ੇ ਦਿੱਤੇ ਜਾਂਦੇ ਹਨ। ਅਕਤੂਬਰ ਵਿਚ ਪਾਪਾ ਜੀ ਦੀ ਯਾਦ ਵਿਚ ਗੌਲਫ਼ ਟੂਰਨਾਮੈਂਟ ਕਰਵਾਇਆ ਗਿਆ ਸੀ ਤੇ ਵਜ਼ੀਫਿਆਂ ਲਈ ਫੰਡ ਜੁਟਾਏ ਗਏ ਸਨ। ਇਹ ਸੰਸਥਾ ਨੌਜਵਾਨ ਪੀੜ੍ਹੀ ਨੂੰ ਸਿੱਖੀ ਸਿਧਾਂਤਾ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਹੋਰ ਸਭਿਆਚਾਰਕ ਤੇ ਸਮਾਜਿਕ ਗਤੀਵਿਧੀਆਂ ਵੀ ਕਰਵਾਉਂਦੀ ਹੈ।