ਟਰੰਪ ਨੇ ਮੀਡੀਆ ਨੂੰ ਦੱਸਿਆ “ਸਭ ਤੋਂ ਬੇਈਮਾਨ ਜਾਤੀ”

ਟਰੰਪ ਨੇ ਮੀਡੀਆ ਨੂੰ ਦੱਸਿਆ “ਸਭ ਤੋਂ ਬੇਈਮਾਨ ਜਾਤੀ”

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੀਡੀਆ ਖ਼ਿਲਾਫ਼ ਇਕ ਫਾਰ ਫਿਰ ਕੁਬੋਲ ਬੋਲਦਿਆਂ ਕਿਹਾ ਹੈ ਕਿ ਉਹ ਧਰਤੀ ‘ਤੇ ਸਭ ਤੋਂ ਵੱਧ ਬੇਈਮਾਨ ਇਨਸਾਨ ਹਨ। ਇਕ ਚੈਨਲ ਵੱਲੋਂ ਉਨ੍ਹਾਂ ਦੇ ਹਲਫਦਾਰੀ ਸਮਾਗਮ ਵਿਚ ਲੋਕਾਂ ਦੀ ਘੱਟ ਹਾਜ਼ਰੀ ਦਿਖਾਏ ਜਾਣ ਤੋਂ ਭੜਕੇ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਮੀਡੀਆ ਨਾਲ ਜੰਗ ਚੱਲ ਰਹੀ ਹੈ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਝੂਠੀ ਖ਼ਬਰ ਦਿਖਾਈ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ। ਸੀਆਈਏ ਹੈੱਡਕੁਆਰਟਰ ‘ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੀਡੀਆ ਨੇ ਇਹ ਅਫ਼ਵਾਹ ਫੈਲਾਈ ਹੋਈ ਹੈ ਕਿ ਉਨ੍ਹਾਂ ਦੇ ਖੁਫ਼ੀਆ ਏਜੰਸੀ ਨਾਲ ਮੱਤਭੇਦ ਹਨ ਅਤੇ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕਰਨ ਲਈ ਹੀ ਉਹ ਇਥੇ ਆਏ ਹਨ। ਉਧਰ ਵ੍ਹਾਈਟ ਹਾਊਸ ਦੇ ਨਵੇਂ ਪ੍ਰੈੱਸ ਸਕੱਤਰ ਸੀਨ ਸਪਾਈਸਰ ਨੇ ਮੀਡੀਆ ਵੱਲੋਂ ਪਿਛਲੇ 48 ਘੰਟਿਆਂ ਵਿਚ ਕੀਤੀ ਗਈ ਪ੍ਰੈੱਸ ਕਵਰੇਜ ਨੂੰ ਗ਼ਲਤ ਅਤੇ ਪੱਖਪਾਤੀ ਕਰਾਰ ਦਿੱਤਾ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਕਰੀਬ ਇਕ ਮਿਲੀਅਨ ਜਾਂ ਡੇਢ ਮਿਲੀਅਨ ਲੋਕ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿਚ ਆਏ ਸਨ। ਚੈਨਲ ਵਾਲਿਆਂ ਨੇ ਉਹ ਥਾਂ ਦਿਖਾਈ ਜੋ ਇਕਦਮ ਖਾਲੀ ਸੀ ਤੇ ਉਥੇ ਸ਼ਾਇਦ ਕੋਈ ਨਹੀਂ ਸੀ। ਮੀਡੀਆ ਵਲੋਂ ਇਹ ਕਹੇ ਜਾਣ ਕਿ ਟਰੰਪ ਜ਼ਿਆਦਾ ਲੋਕਾਂ ਨੂੰ ਆਕਰਸ਼ਤ ਨਹੀਂ ਕਰ ਸਕੇ, ਦੇ ਜਵਾਬ ਵਿਚ ਟਰੰਪ ਬੋਲੇ ਕਿ ਸ਼ਾਇਦ ਲੋਕ ਮੀਂਹ ਕਾਰਨ ਘਬਰਾ ਗਏ ਪਰ ਇਸ਼ਵਰ ਦੀ ਕਿਰਪਾ ਰਹੀ ਤੇ ਮੀਂਹ ਕਾਰਨ ਭਾਸ਼ਣ  ਬਰਬਾਦ ਨਹੀਂ ਹੋਇਆ। ਫਿਰ ਜਦੋਂ ਮੈਂ ਸਹੁੰ ਲੈ ਕੇ ਗਿਆ ਤਾਂ ਫੇਰ ਤੋਂ ਮੀਂਹ ਪੈਣ ਲੱਗਾ। ਪਰ ਫਿਰ ਵੀ ਕਰੀਬ ਇਕ ਤੋਂ ਡੇਢ ਮਿਲੀਅਨ ਲੋਕ ਇਸ ਸਮਾਰੋਹ ਵਿਚ ਆਏ ਸਨ। ਟਰੰਪ ਨੇ ਕਿਹਾ ਕਿ ਫਿਰ ਵੀ ਮੀਡੀਆ ਝੂਠ ਬੋਲ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਕਰੀਬ 250,000 ਲੋਕ ਹੀ ਇਸ ਸਮਾਰੋਹ ਵਿਚ ਆਏ ਸਨ। ਟਰੰਪ ਨੇ ਚਿਤਾਵਨੀ ਦਿੱਤੀ ਕਿ ਮੀਡੀਆ ਨੂੰ ਇਸ ਝੂਠ ਦੀ ਕੀਮਤ ਚੁਕਾਉਣੀ ਪਏਗੀ। ਟਰੰਪ ਨੇ ਸੀ.ਆਈ.ਏ. ਵਿਚ ਮੌਜੂਦ ਅਫ਼ਸਰਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਇਸ ਲਈ ਮਿਲਣ ਆਏ ਹਨ ਕਿਉਂਕਿ ਮੀਡੀਆ ਨਾਲ ਉਨ੍ਹਾਂ ਦੀ ਲੜਾਈ ਚੱਲ ਰਹੀ ਹੈ। ਟਰੰਪ ਨੇ ਕਿਹਾ, ‘ਮੀਡੀਆ ਦੇ ਲੋਕ ਧਰਤੀ ‘ਤੇ ਮਨੁੱਖੀ ਜਾਤੀ ਵਿਚ ਸਭ ਤੋਂ ਬੇਈਮਾਨ ਹੈ।’ ਟਰੰਪ ਦੇ ਇਹ ਕਹਿੰਦਿਆਂ ਹੀ ਸੀ.ਆਈ.ਏ. ਦੇ ਅਧਿਕਾਰੀਆਂ ਨੇ ਤਾੜੀਆਂ ਮਾਰੀਆਂ ਤੇ ਉਹ ਜ਼ੋਰ ਜ਼ੋਰ ਨਾਲ ਹੱਸਣ ਲੱਗੇ। ਟਰੰਪ ਨੇ ਅਫ਼ਸਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਪੇਸ਼ ਕੀਤੀਆਂ ਹਨ ਜਿਸ ਨਾਲ ਲੱਗਣ ਲੱਗੇ ਕਿ ਰਾਸ਼ਟਰਪਤੀ ਤੇ ਬੁੱਧੀਜੀਵੀ ਭਾਈਚਾਰੇ ਵਿਚਾਲੇ ਮਤਭੇਦ ਹਨ, ਜਦਕਿ ਅਜਿਹਾ ਕੁਝ ਨਹੀਂ ਹੈ।
ਚਰਚ ਵਿਚ ਗੂੰਜਿਆ ਸਾਂਝੀਵਾਲਤਾ ਦਾ ਸੁਨੇਹਾ: ਇਤਿਹਾਸਕ ਨੈਸ਼ਨਲ ਚਰਚ ਵਿਚ ਮੰਤਰਾਂ ਦੇ ਜਾਪ ਅਤੇ ਸ਼ਬਦ ਕੀਰਤਨ ਰਾਹੀਂ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਗਿਆ। ਅੰਤਰ ਧਰਮ ਪ੍ਰਾਰਥਨਾ ਸਭਾ ਦੇ ਉਦਘਾਟਨ ਮੌਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਹਾਜ਼ਰ ਸਨ। ਭਾਰਤ-ਅਮਰੀਕੀ ਜੇਸੀ ਸਿੰਘ ਨੇ ਇਸ ਮੌਕੇ ਕੀਰਤਨ ਕੀਤਾ।