ਜੈਸਿਕਾ ਤੇ ਸਲਮਾ ਨੇ ਵੀ ਟਰੰਪ ਉਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ

ਜੈਸਿਕਾ ਤੇ ਸਲਮਾ ਨੇ ਵੀ ਟਰੰਪ ਉਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ

ਕਲੀਵਲੈਂਡ/ਬਿਊਰੋ ਨਿਊਜ਼ :
ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦੀ ਪ੍ਰਚਾਰ ਮੁਹਿੰਮ ਨੂੰ ਉਦੋਂ ਹੋਰ ਝਟਕਾ ਲੱਗਿਆ ਜਦੋਂ ਬਾਲਗ ਫਿਲਮਾਂ ਦੀ ਅਦਾਕਾਰ ਜੈਸਿਕਾ ਡਰੇਕ ਨੇ ਉਨ੍ਹਾਂ ਉਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ। ਇਹ ਅਦਾਕਾਰਾ 11ਵੀਂ ਔਰਤ ਹੈ, ਜਿਸ ਨੇ ਟਰੰਪ ਉਤੇ ਅਜਿਹੇ ਦੋਸ਼ ਲਾਏ। ਇਸੇ ਦੌਰਾਨ ਅਦਾਕਾਰਾ ਸਲਮਾ ਹਾਇਕ ਨੇ ਵੀ ਦਾਅਵਾ ਕੀਤਾ ਕਿ ਡੋਨਲਡ ਟਰੰਪ ਨੇ ਉਸ ਬਾਰੇ ਮੀਡੀਆ  ਵਿੱਚ ਗਲਤ ਖ਼ਬਰ ਫੈਲਾਈ ਕਿਉਂਕਿ ਉਸ ਨੇ ਟਰੰਪ ਨਾਲ ਬਾਹਰ ਜਾਣੋਂ ਇਨਕਾਰ ਕਰ ਦਿੱਤਾ ਸੀ।  ‘ਫਰੀਦਾ’ ਫਿਲਮ ਦੀ ਅਦਾਕਾਰਾ ਨੇ ਕਿਹਾ ਕਿ ਜੇ ਟਰੰਪ ਰਾਸ਼ਟਰਪਤੀ ਦੀ ਚੋਣ ਜਿੱਤ ਜਾਂਦਾ ਹੈ  ਤਾਂ ਇਹ ਸਪੇਨੀ ਮੂਲ ਦੇ ਵਾਸੀਆਂ ਲਈ ਬਹੁਤ ਬੁਰਾ ਹੋਵੇਗਾ।
ਜੈਸਿਕਾ ਡਰੇਕ ਨੇ ਦੋਸ਼ ਲਾਇਆ ਕਿ ਇਸ ਰੀਅਲ ਅਸਟੇਟ ਕਾਰੋਬਾਰੀ ਨੇ ਉਸ ਦੀ ਮਰਜ਼ੀ ਤੋਂ ਬਗ਼ੈਰ ਉਸ ਨਾਲ ਜਿਨਸੀ ਛੇੜਛਾੜ ਕੀਤੀ।  ਇਸ 42 ਸਾਲਾ ਅਦਾਕਾਰਾ ਤੇ ਨਿਰਦੇਸ਼ਕ ਨੇ ਦੋਸ਼ ਲਾਇਆ ਕਿ 2006 ਵਿੱਚ ਲੇਕ ਟਾਹੋਈ ਵਿੱਚ ਚੈਰਿਟੀ ਗੌਲਫ ਟੂਰਨਾਮੈਂਟ ਦੌਰਾਨ ਉਹ ਟਰੰਪ ਨੂੰ ਮਿਲੀ ਸੀ। ਇਸ ਮਗਰੋਂ ਉਸ ਨੂੰ ਟਰੰਪ ਦੇ ਅਪਾਰਟਮੈਂਟ ਵਿੱਚ ਸੱਦਿਆ ਗਿਆ, ਜਿੱਥੇ ਉਹ ਆਪਣੀਆਂ ਕੁੱਝ ਸਹੇਲੀਆਂ ਨਾਲ ਗਈ। ਡਰੇਕ ਨੇ ਦਾਅਵਾ ਕੀਤਾ ਕਿ ਟਰੰਪ ਨੇ ਉਸ ਤੋਂ ਫੋਨ ਨੰਬਰ ਮੰਗਿਆ ਅਤੇ ਆਪਣੇ ਅਪਾਰਟਮੈਂਟ ਵਿੱਚ ਰਾਤੀਂ ਸੱਦਿਆ। ਉਹ ਆਪਣੇ ਨਾਲ ਦੋ ਹੋਰ ਔਰਤਾਂ ਨੂੰ ਲੈ ਗਈ। ਉਸ ਨੇ ਕਿਹਾ ਕਿ ਟਰੰਪ ਨੇ ਤਿੰਨਾਂ ਨਾਲ ਛੇੜਛਾੜ ਕੀਤੀ।
ਇਸ ਦੌਰਾਨ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੇ ਕਿਹਾ ਕਿ ਭਾਵੇਂ ਮੀਡੀਆ ਅਤੇ ਸਿਆਸੀ ਵਿਸ਼ਲੇਸ਼ਕ ਕੁੱਝ ਵੀ ਕਹਿਣ, ਉਹ 8 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਜਿੱਤਣਗੇ। ਜਦੋਂ ਉਹ ਇੱਥੇ ਭਾਸ਼ਣ ਦੇ ਰਹੇ ਸਨ ਤਾਂ ਪ੍ਰਦਰਸ਼ਨਕਾਰੀਆਂ ਦੇ ਇਕ ਗਰੁੱਪ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਟਰੰਪ ਨੇ ਦੋਸ਼ ਲਾਇਆ ਕਿ ਇਹ ਪ੍ਰਦਰਸ਼ਨਕਾਰੀ ਹਿਲੇਰੀ ਕਲਿੰਟਨ ਦੇ ਭਾੜੇ ਦੇ ਟੱਟੂ ਹਨ।
ਉਧਰ ਸ਼ਿਕਾਗੋ ਵਿੱਚ ਇਕ ਪ੍ਰਦਰਸ਼ਨਕਾਰੀ ਔਰਤ ਨੇ ਇਕ ਵਾਤਾਵਰਨਕ ਗਰੁੱਪ ਦੀ ਮੀਟਿੰਗ ਵਾਲੇ ਸਥਾਨ ਬਾਹਰ ਖੜ੍ਹੀਆਂ 30 ਕਾਰਾਂ ‘ਤੇ ਮੂੰਗਫਲੀ ਤੋਂ ਤਿਆਰ ਹੋਣ ਵਾਲਾ ਮੱਖਣ ਮਲ ਦਿੱਤਾ। ਉਸ ਨੇ ਇਸ ਨੂੰ ਗਲਤੀ ਨਾਲ ਡੋਨਲਡ ਟਰੰਪ ਦੀ ਰੈਲੀ ਸਮਝ ਲਿਆ ਸੀ। ਕ੍ਰਿਸਟਿਨਾ ਫਰਗੂਸਨ (32) ਨੂੰ ਅਮਹਰਸਟ ਜੰਕਸ਼ਨ, ਵਿਸਕੌਨਸਨ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।