ਸੀਆਰਐਸ ਰੀਪੋਰਟ ਨੇ ਭਾਰਤ ਵਿਚ ਹਿੰਦੂ-ਅੱਤਵਾਦ ਦਾ ਡਰ ਪ੍ਰਗਟਾਇਆ

ਸੀਆਰਐਸ ਰੀਪੋਰਟ ਨੇ ਭਾਰਤ ਵਿਚ ਹਿੰਦੂ-ਅੱਤਵਾਦ ਦਾ ਡਰ ਪ੍ਰਗਟਾਇਆ

ਵਾਸ਼ਿੰਗਟਨ/ਬਿਊਰੋ ਨਿਊਜ਼ :
ਕਾਂਗਰੇਸ਼ਨਲ ਰਿਸਰਚ ਸਰਵਿਸ (ਸੀਆਰਐਸ) ਨੇ ਅਮਰੀਕੀ ਸੰਸਦ ਵਿਚ ਪੇਸ਼ ਆਪਣੀ ਰੀਪੋਰਟ ਵਿਚ ਭਾਰਤ ‘ਚ ਕਥਿਤ ਧਰਮ-ਪ੍ਰੇਰਿਤ ਅਤਿਆਚਾਰ ਅਤੇ ਹਿੰਸਾ ਦੇ ਵੱਖ ਵੱਖ ਖੇਤਰਾਂ ਦਾ ਜ਼ਿਕਰ ਕੀਤਾ ਹੈ।ਇਨ੍ਹਾਂ ਵਿਚ ਰਾਜ ਪੱਧਰੀ ਧਰਮ ਤਬਦੀਲੀ ਵਿਰੋਧੀ ਕਾਨੂੰਨ, ਗਊ ਰਾਖੀ ਲਈ ਕਾਨੂੰਨ ਹੱਥ ਵਿਚ ਲੈਣਾ, ਵਿਅਕੀਗਤ ਆਜ਼ਾਦੀ ‘ਤੇ ਕਥਿਤ ਹਮਲੇ ਅਤੇ ਗ਼ੈਰ-ਸਰਕਾਰੀ ਜਥੇਬੰਦੀਆਂ ਦੀਆਂ ਮੁਹਿੰਮਾਂ ਨੂੰ ਭਾਰਤ ਦੀਆਂ ਧਰਮਨਿਰਪੱਖ ਰਵਾਇਤਾਂ ਲਈ ਹਾਨੀਕਾਰਕ ਮੰਨਿਆ ਗਿਆ ਹੈ।
ਗੌਰਤਲਬ ਹੈ ਕਿ ਭਾਵੇਂ ਸੀਆਰਐਸ ਰੀਪੋਰਟ ਨੂੰ ਅਮਰੀਕੀ ਸੰਸਦ ਦੀ ਅਧਿਕਾਰਤ ਰੀਪੋਰਟ ਨਹੀਂ ਮੰਨਿਆ ਜਾਂਦਾ ਹੈ ਅਤੇ ਨਾ ਹੀ ਇਹ ਸੰਸਦ ਮੈਂਬਰਾਂ ਦੇ ਵਿਚਾਰਾਂ ਦੀ ਤਰਜਮਾਨੀ ਕਰਦੀ ਹੈ ਪਰ ਇਸ ਤਰ੍ਹਾਂ ਦੀ ਰੀਪੋਰਟ ਆਜ਼ਾਦ ਮਾਹਰ ਸਮੂਹ ਤਿਆਰ ਕਰਦੇ ਹਨ ਤਾਂ ਕਿ ਸੰਸਦ ਮੈਂਬਰ ਇਸ ‘ਤੇ ਗ਼ੌਰ ਕਰ ਸਕਣ ਅਤੇ ਢੁਕਵਾਂ ਫ਼ੈਸਲਾ ਲੈ ਸਕਣ।
ਰੀਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਹਾਲ ਹੀ ਦੇ ਦਹਾਕਿਆਂ ਵਿਚ ਭਾਰਤ ਵਿਚ ਹਿੰਦੂ ਰਾਸ਼ਟਰਵਾਦ ਉਭਰਦੀ ਰਾਜਨੀਤਕ ਤਾਕਤ ਹੈ ਜਿਸ ਨਾਲ ਉਥੋਂ ਦੇ ਧਰਮਨਿਰਪੱਖ ਤਾਣੇ-ਬਾਣੇ ਦਾ ਨੁਕਸਾਨ ਹੋ ਰਿਹਾ ਹੈ। ਚੇਤਾਵਨੀ ਦਿਤੀ ਗਈ ਹੈ ਕਿ ਸੋਸ਼ਲ ਮੀਡੀਆ ਪਲੇਟਫ਼ਾਰਮ ਦੇਸ਼ ਵਿਚ ਬਹੁਗਿਣਤੀ ਵਰਗ ਦੀ ਹਿੰਸਾ ਦੀਆਂ ਵਧਦੀਆਂ ਘਟਨਾਵਾਂ ਨੂੰ ਸਿੱਧੀ ਅਤੇ ਅਸਿੱਧੀ ਮਨਜ਼ੂਰੀ ਦਿੰਦੇ ਹਨ।
‘ਇੰਡੀਆ : ਰਿਲੀਜੀਅਸ ਫ਼ਰੀਡਮ ਇਸ਼ੂਜ਼’ਨਾਂ ਦੇ ਸਿਰਲੇਖ ਵਾਲੀ ਰੀਪੋਰਟ ਵਿਚ ਕਿਹਾ ਗਿਆ ਹੈ, ਕਿ ”ਸੰਵਿਧਾਨ ਦੁਆਰਾ ਧਾਰਮਕ ਆਜ਼ਾਦੀ ਦੀ ਸਪੱਸ਼ਟ ਰੂਪ ਨਾਲ ਰਾਖੀ ਕੀਤੀ ਗਈ ਹੈ। ਭਾਰਤ ਦੀ ਆਬਾਦੀ ਵਿਚ ਹਿੰਦੂਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਬੀਤੇ ਦਹਾਕਿਆਂ ਵਿਚ ਹਿੰਦੂ ਰਾਸ਼ਟਰਵਾਦ ਉਭਰਦਾ ਰਾਜਨੀਤਕ ਬਲ ਹੈ ਅਤੇ ਇਹ ਕਈ ਮਾਅਨਿਆਂ ਵਿਚ ਭਾਰਤ ਦੇ ਧਰਮਨਿਰਪੱਖ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਤੇ ਦੇਸ਼ ਦੀ ਧਾਰਮਕ ਆਜ਼ਾਦੀ ‘ਤੇ ਨਵੇਂ ਹਮਲਿਆਂ ਦਾ ਕਾਰਨ ਬਣ ਰਿਹਾ ਹੈ।”