ਗੈਂਗਸਟਰਾਂ ਦਾ ਖ਼ੌਫ-ਪੰਜਾਬ ਲਈ ਵੱਡਾ ਖ਼ਤਰਾ

ਗੈਂਗਸਟਰਾਂ ਦਾ ਖ਼ੌਫ-ਪੰਜਾਬ ਲਈ ਵੱਡਾ ਖ਼ਤਰਾ

ਪੰਜਾਬ ਦੀਆਂ ਜੇਲਾਂ ਵਿੱਚ 400 ਤੋਂ ਵੱਧ ਗੈਂਗਸਟਰ ਕੈਦ

ਜਮਾਲਗੋਟਾ ਗੈਂਗ ਪੰਜਾਬ ‘ਚ ਸਭ ਤੋਂ ਖਤਰਨਾਕ ਜਿਸ ਦਾ ਮੁਖੀ ਜੈਪਾਲ 

ਜਲੰਧਰ/ਬਿਊਰੋ ਨਿਊਜ਼ :

ਬੇਰੋਜ਼ਗਾਰੀ ਤੇ ਅਪਰਾਧਿਕ ਸੋਚ ਕਰਕੇ ਪੰਜਾਬ ਦੇ ਨੌਜਵਾਨ ਸੰਗੀਨ ਅਪਰਾਧਾਂ ਵਿੱਚ ਫੱਸਦੇ ਜਾ ਰਹੇ ਹਨ। ਇਹ ਅਪਰਾਧੀ ਹੁਣ ਗੁਆਂਢੀ ਸੂਬਿਆਂ ਵਿਚ ਵੀ ਸਰਗਰਮ ਹਨ ਅਤੇ ਉੱਥੇ ਅਪਰਾਧ ਕਰ ਰਹੇ ਹਨ। ਨਵੰਬਰ 2017 ਵਿੱਚ ਕੋਲਕਾਤਾ ਦੇ ਹੋਟਲ ਵਿਚ ਇਹ ਸਰਗਰਮ ਦਿੱਖੇ, ਇੱਕ ਹੋਰ ਵੀਡੀਓ ਸਾਹਮਣੇ ਆਇਆ, ਜਿਸ ਵਿੱਚ ਮਹਾਰਾਸ਼ਟਰ ਦਾ ਇੱਕ ਸਕੂਲ ਵਿਖਾਈ ਦੇ ਰਿਹਾ ਹੈ। ਸਕੂਲ ਦੇ ਬਾਹਰ ਗੋਲੀਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਸਕੂਲ ਦੇ ਬਾਹਰ ਜੋ ਲੋਕ ਗੋਲੀਆਂ ਬਰਸਾ ਰਹੇ ਹਨ , ਉਹ ਦਿਲਪ੍ਰੀਤ ਉਰਫ ਬਾਬਾ ਤੇ ਹਰਵਿੰਦਰ ਸੰਧੂ ਉਰਫ ਰਿੰਦਾ ਨਾਮ ਦੇ ਗੈਂਗਸਟਰ ਹਨ। ਜੋ ਕਿ ਉੱਥੇ ਇੱਕ ਸ਼ਖਸ ਨੂੰ ਮੌਤ ਦੇ ਘਾਟ ਉਤਾਰ ਕੇ ਉੱਥੋਂ ਫਰਾਰ ਹੋ ਗਏ ਸਨ। ਪੰਜਾਬ ਦੇ ਇਹ ਦੋਵੇਂ ਗੈਂਗਸਟਰ ਆਪਣੇ ਵੱਖ – ਵੱਖ ਗੈਂਗ ਚਲਾਉਂਦੇ ਹਨ। ਹਰਵਿੰਦਰ ਸੰਧੂ, ਰਿੰਦਾ ਗੈਂਗ ਤੇ ਦਿਲਪ੍ਰੀਤ ਬਾਬਾ, ਦਿਲਪ੍ਰੀਤ ਗੈਂਗ ਦਾ ਸਰਗਨਾ ਹੈ। ਦਿਲਪ੍ਰੀਤ ਨੂੰ ਹਾਲ ਹੀ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਰਿੰਦਾ ਹਾਲੇ ਵੀ ਭਗੌੜਾ ਹੈ। ਪੰਜਾਬ ਪੁਲਿਸ ਦੇ ਖੁਫੀਆ ਵਿਭਾਗ ਦੇ ਪ੍ਰਮੁੱਖ ਰਾਜ ਕੁੰਵਰ ਫਤਹਿ ਪ੍ਰਤਾਪ ਸਿੰਘ ਦੇ ਮੁਤਾਬਕ ਪੰਜਾਬ ਦੀਆਂ ਜੇਲਾਂ ਵਿੱਚ 400 ਤੋਂ ਵੱਧ ਗੈਂਗਸਟਰ ਕੈਦ ਹਨ। ਇਸਦੇ ਇਲਾਵਾ ਪੰਜਾਬ ਵਿੱਚ 8 ‘ਏ’ ਕਲਾਸ ਗੈਂਗਸਟਰ ਕੰਮ ਕਰ ਰਹੇ ਹਨ ਅਤੇ ਹਰ ਗੈਂਗ ਵਿੱਚ ਘੱਟੋ- ਘੱਟ 50 ਤੋਂ 60 ਗੈਂਗਸਟਰ ਹਨ। ਜਿੰਨ੍ਹੇ ਗੈਂਗਸਟਰ ਪੰਜਾਬ ਦੀਆਂ ਜੇਲਾਂ ਦੇ ਅੰਦਰ ਹਨ , ਓਨੇ ਹੀ ਜੇਲਾਂ ਤੋਂ ਬਾਹਰ ਵੀ ਸਰਗਰਮ ਹਨ।

ਜਮਾਲਗੋਟਾ ਗੈਂਗ : ਪੰਜਾਬ ਪੁਲਿਸ ਦੇ ਖੁਫ਼ੀਆ ਵਿਭਾਗ ਨੇ ਰਾਜ ਦੇ ਜਿਸ ਖੂੰਖਾਰ ਗੈਂਗ ਨੂੰ ਪਹਿਲੇ ਨੰਬਰ ‘ਤੇ ਜਗ੍ਹਾ ਦਿੱਤੀ ਹੈ , ਉਨ੍ਹਾਂ ਵਿੱਚ ਜਮਾਲਗੋਟਾ ਗੈਂਗ ਸਭ ਤੋਂ ਉੱਤੇ ਦੱਸਿਆ ਜਾ ਰਿਹਾ ਹੈ ਇਸ ਗੈਂਗ ਦਾ ਸਰਗਨਾ ਜੈਪਾਲ ਸਿੰਘ ਭੁੱਲਰ ਹੈ, ਜੋ ਫਿਰੋਜਪੁਰ ਦੇ ਇੱਕ ਸੇਵਾਨਿਵ੍ਰਤ ਸਹਾਇਕ ਪੁਲਿਸ ਇੰਸਪੇਕਟਰ ਦਾ ਪੁੱਤਰ ਹੈ।
ਲਾਰੇਂਸ ਗੈਂਗ : ਇਸ ਗੈਂਗ ਦਾ ਸਰਗਨਾ ਲਾਰੇਂਸ ਬਿਸ਼ਨੋਈ ਅਬੋਹਰ ਫਿਲਹਾਲ ਰਾਜਸਥਾਨ ਦੀ ਅਜਮੇਰ ਜੇਲ੍ਹ ਵਿੱਚ ਬੰਦ ਹੈ ਅਤੇ ਜੇਲ੍ਹ ਤੋਂ ਹੀ ਆਪਣਾ ਗੈਂਗ ਚਲਾਉਂਦਾ ਹੈ। ਉਸ ਨੇ ਇਸ ਸਾਲ ਜਨਵਰੀ 2018 ਵਿੱਚ ਬਾਲੀਵੁਡ ਐਕਟਰ ਸਲਮਾਨ ਖਾਨ ਨੂੰ ਜਾਨੋਂ ਮਾਰਨੇ ਦੀ ਧਮਕੀ ਦਿੱਤੀ ਸੀ। ਉਸਦੇ ਬਾਅਦ ਹਾਲ ਹੀ ਵਿਚ ਜੂਨ 2018 ਵਿੱਚ ਹੈਦਰਾਬਾਦ ਤੋਂ ਗ੍ਰਿਫਤਾਰ ਕੀਤੇ ਉਸ ਦੇ ਸ਼ਾਰਪ ਸ਼ੂਟਰ ਸੰਪਤ ਨੇਹਿਰਾ ਨੇ ਬਕਾਇਦਾ ਸਲਮਾਨ ਦੇ ਮੁੰਬਈ ਵਿਖੇ ਘਰ ਦੀ ਰੇਕੀ ਕੀਤੀ ਹੈ।
ਦਿਲਪ੍ਰੀਤ ਗੈਂਗ : ਇਸ ਗੈਂਗ ਦਾ ਸਰਗਨਾ ਦਿਲਪ੍ਰੀਤ ਸਿੰਘ ਉਰਫ ਬਾਬਾ ਹੈ ਜੋ ਹੈ ਜੁਲਾਈ 2018 ਨੂੰ ਚੰਡੀਗੜ੍ਹ ਵਿੱਚ ਪੁਲਿਸ ਦੇ ਹੱਥੇ ਚੜ੍ਹਿਆ। ਉਸਦੇ ਗੈਂਗ ਦੇ ਚਾਰ ਮੈਂਬਰ ਪੰਜਾਬ ਦੇ ਵੱਖਰੇ ਜਿਲ੍ਹਿਆਂ ਵਿਚ ਬੰਦ ਹਨ ਜਦੋਂ ਕਿ ਦੋ ਭਗੋੜੇ ਕਰਾਰ ਦਿੱਤੇ ਜਾ ਚੁੱਕੇ ਹਨ।
ਬੰਬੀਹਾ ਗੈਂਗ : ਬੰਬੀਹਾ ਗੈਂਗ ਦਾ ਸਰਗਨਾ ਦਵਿੰਦਰ ਬੰਬੀਹਾ ਸੀ ਜਿਸ ਨੂੰ ਬਠਿੰਡਾ ਪੁਲਿਸ ਨੇ 9 ਸਿਤੰਬਰ 2016 ਨੂੰ ਇੱਕ ਪੁਲੀਸ ਮੁਕਾਬਲੇ ਵਿਚ ਮਾਰ ਸੁੱਟਿਆ ਸੀ, ਪੰਜਾਬ ਪੁਲਿਸ ਨੇ ਹਾਲ ਹੀ ਵਿਚ ਇਸ ਗੈਂਗ ਦੇ 11 ਮੈਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ, ਪਰ ਇਸ ਗੈਂਗ ਦਾ ਨਵਾਂ ਸਰਗਨਾ ਸੁਖਪ੍ਰੀਤ ਸਿੰਘ ਬੁੱਢਾ ਫਿਲਹਾਲ ਪੁਲਿਸ ਦੀ ਗਿਰਫਤ ਤੋਂ ਬਾਹਰ ਹੈ।
ਰਿੰਦਾ ਗੈਂਗ : ਇਸ ਗੈਂਗ ਦਾ ਸਰਗਨਾ ਹਰਵਿੰਦਰ ਸੰਧੂ ਰਿੰਦਾ ਹੈ ਜੋ ਮੂਲ ਤੌਰ ਤੇ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਹੈ। ਉਹ ਮਹਾਰਾਸ਼ਟਰ ਦੇ ਨਾਂਦੇੜ ਤੋਂ ਆਪਣਾ ਗੈਂਗ ਚਲਾਉਂਦਾ ਹੈ ਤੇ ਪੰਜਾਬ ਪੁਲਿਸ ਦੁਆਰਾ ਭਗੌੜਾ ਕਰਾਰ ਦਿੱਤਾ ਗਿਆ ਹੈ। ਉਸ ਨੇ ਸਾਲ 2016 ਵਿੱਚ ਪਟਿਆਲਾ ਜੇਲ੍ਹ ਦੇ ਕਰਮਚਾਰੀਆਂ ਉੱਤੇ ਵੀ ਹਮਲਾ ਕਰ ਦਿੱਤਾ ਸੀ। ਉਸ ਦੇ ਖਿਲਾਫ ਪੰਜਾਬ , ਮਹਾਰਾਸ਼ਟਰ , ਹਰਿਆਣਾ ਅਤੇ ਕਈ ਰਾਜਾਂ ਵਿੱਚ ਕਈ ਸੰਗੀਨ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਨੂੰ ਸ਼ਕ ਹੈ ਕਿ ਉਹ ਖਾਲਿਸਤਾਨੀ ਹੈ।
ਜੱਗੂ ਗੈਂਗ : ਇਸ ਗੈਂਗ ਦਾ ਸਰਗਨਾ ਜੱਗੂ ਭਗਵਾਨਪੁਰਿਆ ਉਰਫ ਜਸਦੀਪ ਸਿੰਘ ਹੈ ਜੋ ਬਟਾਲੇ ਦੇ ਭਗਵਾਨਪੁਰ ਪਿੰਡ ਦਾ ਰਹਿਣ ਵਾਲਾ ਹੈ। ਇਸਦੇ ਖਿਲਾਫ਼ ਪੰਜਾਬ ਅਤੇ ਦੂੱਜੇ ਰਾਜਾਂ ਦੀ ਵੱਖਰੀਆਂ ਅਦਾਲਤਾਂ ਵਿੱਚ 26 ਅਪਰਾਧਿਕ ਮਾਮਲੇ ਵਿਚਾਰ ਅਧੀਨ ਹਨ। ਉਹ ਫਿਲਹਾਲ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਜੱਗੂ ਅਤੇ ਉਸਦੇ ਅੱਧਾ ਦਰਜਨ ਸਾਥੀ ਪੰਜਾਬ ਦੀਆਂ ਜੇਲਾਂ ਵਿੱਚ ਬੰਦ ਹਨ, ਜਦੋਂ ਕਿ ਤਿੰਨ ਗੈਂਗਸਟਰਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ, ਵਿਰੋਧੀ ਗੁਰਪ੍ਰੀਤ ਸੇਖੋਂ ਗੈਂਗ ਨੇ 15 ਜਨਵਰੀ 2015 ਨੂੰ ਇਸ ਗੈਂਗ ਦੇ ਇੱਕ ਖੂੰਖਾਰ ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਦੀ ਫ਼ਗਵਾੜਾ ਵਿਖੇ ਹੱਤਿਆ ਕਰ ਦਿੱਤੀ ਸੀ।

ਹੈਰੀ ਚਠਾ ਗੈਂਗ : ਇਸ ਗੈਂਗ ਦਾ ਸਰਗਨਾ ਸੁਪ੍ਰੀਤ ਸਿੰਘ ਹੈਰੀ ਚੱਠਾ ਹੈ। ਉਹ ਪੰਜਾਬ ਦੇ ਬਟਾਲੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ। ਇਸਦੇ ਖਿਲਾਫ ਅਗਵਾਹ, ਗੈਂਗਵਾਰ, ਹੱਤਿਆ , ਚੋਰੀ, ਡਕੈਤੀ ਅਤੇ ਨਾਭਾ ਜੇਲ੍ਹ ਬ੍ਰੇਕ ਵਰਗੇ ਅੱਠ ਸੰਗੀਨ ਮਾਮਲੇ ਦਰਜ ਹਨ। ਉਹ ਫਿਲਹਾਲ ਪੁਲਿਸ ਨੇ ਉਸਨੂੰ ਭਗੌੜਾ ਕਰਾਰ ਦਿੱਤਾ ਹੈ। ਉਸ ਉੱਤੇ ਦੋਸ਼ ਹੈ ਕਿ ਉਸਨੇ ਨਾਭਾ ਜੇਲ੍ਹ ਤੋੜਨ ਵਾਲੇ ਖਾਲਿਸਤਾਨੀਆਂ ਤੇ ਗੈਂਗਸਟਰਾਂ ਦੀ ਮਦਦ ਕੀਤੀ ਸੀ।
ਗੁਰਪ੍ਰੀਤ ਸੇਖੋਂ ਗੈਂਗ : ਇਸ ਗੈਂਗ ਦਾ ਸਰਗਨਾ ਗੁਰੁਪ੍ਰੀਤ ਦਮਗਜੀਆਂ ਹੈ , ਜੋ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਹੈ . ਉਸਦੇ ਗੈਂਗ ਦਾ ਇੱਕ ਖੂੰਖਾਰ ਗੈਂਗਸਟਰ ਵਿੱਕੀ ਗੌਂਡਰ ਪੁਲਿਸ ਮੁਕਾਬਲੇ ਵਿੱਚ ਮਾਰਿਆ ਜਾ ਚੁੱਕਿਆ ਹੈ। ਗੁਰਪ੍ਰੀਤ ਸੇਖੋਂ ‘ਤੇ ਨਾਭਾ ਜੇਲ੍ਹ ਤੋੜਨ ਤੇ ਸੁਖਾ ਕਾਹਲਵਾਂ ਗੈਂਗਸਟਰ ਦੀ ਹੱਤਿਆ ਕਰਨ ਅਤੇ ਪੁਲਿਸ ਤੋਂ ਹਥਿਆਰ ਖੋਹਣ ਦੇ ਮਾਮਲੇ ਦਰਜ ਹਨ। ਜਨਵਰੀ 2015 ਵਿੱਚ ਸੁੱਖਾ ਕਾਹਲਵਾਂ ਦੇ ਸਰੀਰ ਵਿੱਚ 40 ਗੋਲੀਆਂ ਦਾਗਣ ਤੋਂ ਬਾਅਦ ਉਸ ਨੇ ਅਤੇ ਉਸਦੇ ਸਾਥੀਆਂ ਨੇ ਉਸ ਦੀ ਲਾਸ਼ ‘ਤੇ ਭੰਗੜਾ ਪਾਇਆ ਸੀ। ਖੁਫੀਆ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਦੇ ਕਈ ਗੈਂਗਸਟਰ ਆਈਐਸਆਈ ਦੇ ਸੰਪਰਕ ਵਿੱਚ ਹਨ, ਜੋ ਨਾ ਕੇਵਲ ਇਨ੍ਹਾਂ ਨੂੰ ਲਗਾਤਾਰ ਹਥਿਆਰ ਦਿੰਦੀ ਹੈ, ਸਗੋਂ ਨਸ਼ਾ ਤਸਕਰੀ ਵਿੱਚ ਧੱਕ ਰਹੀ ਹੈ, ਕਈ ਗੈਂਗਸਟਰਾਂ ਨੂੰ ਨਕਲੀ ਨੋਟ ਤੇ ਹੇਰੋਇਨ ਦੀ ਸਪਲਾਈ ਵੀ ਕਰਦੀ ਹੈ। ਪੰਜਾਬ ਪੁਲਿਸ ਦੁਆਰਾ ਹੁਣੇ ਜਿਹੇ ਗ੍ਰਿਫਤਾਰ ਕੀਤੇ ਬੰਬੀਹਾ ਗੈਂਗ ਦੇ 11 ਮੈਬਰਾਂ ਕੋਲੋਂ ਚੀਨ ਵਿੱਚ ਬਣੇ ਹਥਿਆਰ ਬਰਾਮਦ ਕੀਤੇ ਹਨ।
ਪਾਕਿਸਤਾਨ ਵਿਚ ਸਰਗਰਮ ਬੱਬਰ ਖਾਲਸਾ ਦੇ ਮੁਖੀ ਵਧਾਵਾ ਸਿੰਘ ‘ਤੇ ਆਈ ਐਸ ਆਈ ਲਗਾਤਾਰ ਪੰਜਾਬ ਵਿੱਚ ਨਕਲੀ ਕਰੰਸੀ ਲਈ ਦਬਾਅ ਪਾ ਰਹੀ ਹੈ। ਹਾਲ ਹੀ ਚੰਡੀਗੜ੍ਹ ਵਿੱਚ ਇੱਕ ਮੁਕਾਬਲੇ ਦੇ ਦੌਰਾਨ ਜਿੰਦਾ ਗਿਰਫਤਾਰ ਕੀਤੇ ਗਏ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੇ ਪੁਲਿਸ ਪੁੱਛਗਿਛ ਵਿੱਚ ਖੁਲਾਸਾ ਕੀਤਾ ਕਿ ਉਹ ਤੇ ਭਗੌੜਾ ਗੈਂਗਸਟਰ ਹਰਵਿੰਦਰ ਸੰਧੂ ਰਿੰਦਾ ਕਈ ਵਾਰ ਵਧਾਵਾ ਸਿੰਘ ਨਾਲ ਗੱਲ ਕਰ ਚੁੱਕੇ ਹਨ। ਪੰਜਾਬ ਪੁਲਿਸ ਦੇ ਖੁਫੀਆ ਵਿਭਾਗ ਪ੍ਰਮੁੱਖ ਰਾਜ ਕੁੰਵਰ ਫਤਹਿ ਪ੍ਰਤਾਪ ਸਿੰਘ ਨੇ ਮੰਨਿਆ ਹੈ ਕਿ ਕਈ ਗੈਂਗਸਟਰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ ਐਸ ਆਈ ਦੇ ਸੰਪਰਕ ਵਿੱਚ ਹਨ, ਪੁਲਿਸ ਉਨ੍ਹਾਂ ਉੱਤੇ ਨਜ਼ਰ ਰੱਖ ਰਹੀ ਹੈ। ਗੁਜ਼ਰੇ ਕੁੱਝ ਸਮੇਂ ਤੋਂ ਪੰਜਾਬ ਦੇ ਗੈਂਗਸਟਰ ਆਪਣੀ ਗਤੀਵਿਧੀਆਂ ਚਲਾਉਣ ਲਈ ਸੋਸ਼ਲ ਮੀਡਿਆ ਦਾ ਖੁੱਲ ਕੇ ਇਸਤੇਮਾਲ ਕਰ ਰਹੇ ਹਨ। ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਵੱਡੇ ਗੈਂਗਸਟਰ ਆਪਣੀ ਅਪਰਾਧਿਕ ਗਤੀਵਿਧੀਆਂ ਦੇ ਅਪਡੇਟ ਬਕਾਇਦਾ ਆਪਣੇ ਫੇਸਬੁਕ ਪੇਜ ਉੱਤੇ ਸਾਂਝਾ ਕਰਦੇ ਹਨ। ਜਮਾਲਗੋਟਾ ਗੈਂਗ ਨੇ 30 ਅਪ੍ਰੈਲ 2016 ਨੂੰ ਜਦੋਂ ਫਾਜਿਲਕਾ ਦੇ ਪੂਰਵ ਗੈਂਗਸਟਰ ਅਤੇ ਰਾਜਨੇਤਾ ਜਸਵਿੰਦਰ ਸਿੰਘ ਰਾਕੀ ਦੀ ਹੱਤਿਆ ਕੀਤੀ ਸੀ, ਉਸ ਦੇ ਬਾਅਦ ਜਮਾਲਗੋਟਾ ਨੇ ਆਪ ਫੇਸਬੁਕ ਅਪਡੇਟ ਦੇ ਜਰੀਏ ਨਾ ਹੀ ਕੇਵਲ ਇਸ ਦੀ ਜਿੰਮੇਵਾਰੀ ਲਈ ਸੀ , ਸਗੋਂ ਬਠਿੰਡਾ ਦੇ ਇੱਕ ਪ੍ਰਮੁੱਖ ਪੁਲਿਸ ਮੁਖੀ ਨੂੰ ਧਮਕਾਇਆ ਵੀ ਸੀ।
ਹਾਲ ਹੀ ਵਿਚ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਦਿਲਪ੍ਰੀਤ ਸਿੰਘ ਦਾਹਿਆ ਉਰਫ ਬਾਬਾ ਨੇ ਵੀ ਪੰਜਾਬੀ ਗਾਇਕ ਪਰਮੇਸ਼ ਵਰਮਾ ਉੱਤੇ ਹਮਲਾ ਕਰਨ ਦੇ ਬਾਅਦ ਫੇਸਬੁਕ ਉੱਤੇ ਇਸਦੀ ਜਿੰਮੇਵਾਰੀ ਲਈ ਸੀ। ਉਸ ਨੇ ਬਕਾਇਦਾ ਸੋਸ਼ਲ ਮੀਡਿਆ ਦਾ ਇਸਤੇਮਾਲ ਕਰਨ ਲਈ ਇੱਕ ਗੁਰਗਾ ਵੀ ਰੱਖਿਆ ਹੈ , ਜਿਸ ਨੂੰ ਮੋਹਾਲੀ ਪੁਲਿਸ ਨੇ ਗਿਰਫਤਾਰ ਕੀਤਾ ਸੀ । ਪੁਲਿਸ ਸੂਤਰਾਂ ਦੇ ਮੁਤਾਬਿਕ ਹਾਲ ਹੀ ਵਿਚ ਗਿਰਫਤਾਰ ਕੀਤੇ ਗਏ ਦਰਜਨ ਤੋਂ ਵੱਧ ਗੈਂਗਸਟਰ ਸੋਸ਼ਲ ਮੀਡੀਆ ‘ਤੇ ਮਿਲੇ ਲਿੰਕਸ ਦੇ ਜਰੀਏ ਹੀ ਫੜੇ ਗਏ ਹਨ।
ਜੇਲ੍ਹ ਅਫ਼ਸਰ ਥਰ-ਥਰ ਕੰਬਦੇ ਨੇ ਗੈਂਗਸਟਰਾਂ ਤੋਂ : ਗੈਂਗਸਟਰਾਂ ਨੇ ਜੇਲ੍ਹਾਂ ਵਿਚ ਦਹਿਸ਼ਤ ਦਾ ਮਾਹੌਲ ਬਣਾ ਰੱਖਿਆ ਹੈ। ਏਦਾਂ ਦੇ ਹਾਲਾਤ ਵਿਚ ਕਈ ਜੇਲ੍ਹ ਅਫ਼ਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਤੋਂ ਤੌਬਾ ਕਰ ਲਈ ਹੈ। ਲੰਘੇ ਦਸ ਵਰ੍ਹਿਆਂ ਦੌਰਾਨ ਕਰੀਬ ਸਵਾ ਸੌ ਜੇਲ੍ਹ ਅਫ਼ਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਛੱਡ ਦਿੱਤੀ ਹੈ। ਇਨ੍ਹਾਂ ਵਿਚੋਂ ਬਹੁਤੇ ਸਵੈ-ਇੱਛਾ ਨਾਲ ਸੇਵਾਮੁਕਤੀ ਲੈ ਗਏ ਅਤੇ ਕਈਆਂ ਨੇ ਅਸਤੀਫ਼ੇ ਦੇ ਦਿੱਤੇ ਹਨ। ਗੱਠਜੋੜ ਵਜ਼ਾਰਤ ਦੇ ਸਮੇਂ ਤੋਂ ਜੇਲ੍ਹਾਂ ਵਿਚ ਦਹਿਸ਼ਤ ਦੇ ਦੌਰ ਦਾ ਮੁੱਢ ਬੱਝਿਆ ਸੀ ਜਿਸ ਤੋਂ ਹਾਲੇ ਤੱਕ ਜੇਲ੍ਹਾਂ ਮੁਕਤ ਨਹੀਂ ਹੋਈਆਂ। ਉਂਜ, ਸਵੈ ਇੱਛਕ ਸੇਵਾ ਮੁਕਤੀ (ਵੀਆਰਐਸ) ਅਤੇ ਅਸਤੀਫ਼ਾ ਦੇਣ ਪਿੱਛੇ ਅਧਿਕਾਰੀ ਤੇ ਮੁਲਾਜ਼ਮ ਘਰੇਲੂ ਹਾਲਾਤ ਅਤੇ ਸਿਹਤ ਠੀਕ ਨਾ ਹੋਣ ਦਾ ਹੀ ਤਰਕ ਦਿੰਦੇ ਹਨ।
ਆਰਟੀਆਈ ਵੇਰਵਿਆਂ ਅਨੁਸਾਰ ਕੇਂਦਰੀ ਜੇਲ੍ਹ ਜਲੰਧਰ ਐਟ ਕਪੂਰਥਲਾ ਦੇ ਨਵੰਬਰ 2011 ਤੋਂ ਹੁਣ ਤੱਕ 21 ਅਫ਼ਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਛੱਡ ਦਿੱਤੀ ਹੈ। 19 ਅਫ਼ਸਰਾਂ/ਮੁਲਾਜ਼ਮਾਂ ਨੇ ਵੀਆਰਐਸ ਲੈ ਲਈ ਹੈ ਜਦਕਿ ਸਹਾਇਕ ਸੁਪਰਡੈਂਟ ਤੇ ਇੱਕ ਵਾਰਡਰ ਨੇ ਅਸਤੀਫ਼ਾ ਦਿੱਤਾ ਹੈ। ਬਹੁਗਿਣਤੀ ਨੇ ਘਰੇਲੂ ਕਾਰਨਾਂ ਦਾ ਵਾਸਤਾ ਪਾਇਆ ਹੈ। ਇੱਕ ਸਹਾਇਕ ਸੁਪਰਡੈਂਟ ਨੇ ਜੇਲ੍ਹ ਦੀ ਨੌਕਰੀ ਛੱਡ ਕੇ ਪੰਜਾਬ ਪੁਲੀਸ ਵਿਚ ਸਬ ਇੰਸਪੈਕਟਰ ਦੀ ਨੌਕਰੀ ਜੁਆਇਨ ਕੀਤੀ ਹੈ। ਸੰਗਰੂਰ ਜੇਲ੍ਹ ਦੇ ਅੱਠ ਅਫ਼ਸਰਾਂ/ਮੁਲਾਜ਼ਮਾਂ ਨੇ ਨੌਕਰੀ ਛੱਡੀ ਹੈ। ਇਸ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੇ ਘਰੇਲੂ ਹਾਲਾਤ ਠੀਕ ਨਾ ਹੋਣ ਕਰ ਕੇ ਅਸਤੀਫ਼ਾ ਦੇ ਦਿੱਤਾ। ਸੰਗਰੂਰ ਜੇਲ੍ਹ ਵਿਚ ਬੰਦ ਕੈਦੀ ਰਾਜੀਵ ਕੁਮਾਰ ਨੇ 30 ਮਈ 2015 ਨੂੰ ਸਹਾਇਕ ਜੇਲ੍ਹ ਸੁਪਰਡੈਂਟ ਜਗਮੇਲ ਸਿੰਘ ਨੂੰ ਧਮਕੀ ਦਿੱਤੀ ਅਤੇ ਚਾਰ ਹਵਾਲਾਤੀਆਂ ਨੇ 13 ਅਪਰੈਲ 2017 ਨੂੰ ਸੁਪਰਡੈਂਟ ਹਰਦੀਪ ਭੱਟੀ ਅਤੇ ਸਹਾਇਕ ਸੁਪਰਡੈਂਟ ਕੈਲਾਸ਼ ਕੁਮਾਰ ਨੂੰ ਧਮਕੀ ਦਿੱਤੀ।
ਬਠਿੰਡਾ ਜੇਲ੍ਹ ਵਿਚ ਲੰਘੇ ਤਿੰਨ ਵਰ੍ਹਿਆਂ ਦੌਰਾਨ ਚਾਰ ਅਫ਼ਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਛੱਡੀ ਹੈ ਜਿਨ੍ਹਾਂ ਵਿਚ ਇੱਕ ਸਹਾਇਕ ਸੁਪਰਡੈਂਟ ਵੀ ਸ਼ਾਮਿਲ ਹੈ। ਫ਼ਰੀਦਕੋਟ ਜੇਲ੍ਹ ਦੇ ਸੱਤ ਜੇਲ੍ਹ ਅਫ਼ਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਤੋਂ ਤੌਬਾ ਕੀਤੀ ਹੈ ਜਿਨ੍ਹਾਂ ਵਿਚੋਂ ਦੋ ਨੇ ਅਸਤੀਫ਼ੇ ਦਿੱਤੇ ਹਨ। ਜੇਲ੍ਹ ਦੇ ਡਿਪਟੀ ਸੁਪਰਡੈਂਟ ਨੂੰ ਗੈਂਗਸਟਰਾਂ ਨੇ ਧਮਕੀ ਵੀ ਦਿੱਤੀ ਜਿਸ ਦੀ ਥਾਣੇ ਵਿਚ ਰਿਪੋਰਟ ਦਰਜ ਵੀ ਕਰਾਈ ਗਈ ਪ੍ਰੰਤੂ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਸਬ ਜੇਲ੍ਹ ਦਸੂਹਾ ਦੇ ਇੱਕ ਮੁਲਾਜ਼ਮ ਨੇ ਵੀਆਰਐਸ ਲਈ ਹੈ ਅਤੇ ਇਸ ਜੇਲ੍ਹ ਦੇ ਡਿਪਟੀ ਸੁਪਰਡੈਂਟ ਨੂੰ ਇੱਕ ਹਵਾਲਾਤੀ ਨੇ ਫ਼ੋਨ ਤੇ ਧਮਕੀ ਦਿੱਤੀ ਹੈ। ਥਾਣੇ ਨੂੰ ਰਿਪੋਰਟ ਵੀ ਦਿੱਤੀ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ। ਕੇਂਦਰੀ ਜੇਲ੍ਹ ਲੁਧਿਆਣਾ ਦੇ 10 ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਲੰਘੇ ਪੰਜ ਵਰ੍ਹਿਆਂ ਦੌਰਾਨ ਨੌਕਰੀ ਨੂੰ ਅਲਵਿਦਾ ਆਖਿਆ ਹੈ ਜਿਨ੍ਹਾਂ ਵਿਚੋਂ ਦੋ ਨੇ ਅਸਤੀਫ਼ਾ ਦਿੱਤਾ ਹੈ। ਇਸ ਜੇਲ੍ਹ ਵਿਚ 67 ਅਸਾਮੀਆਂ ਖ਼ਾਲੀ ਹਨ। ਫ਼ਿਰੋਜ਼ਪੁਰ ਜੇਲ੍ਹ ਦੇ ਅੱਠ ਹੈੱਡ ਵਾਰਡਰਾਂ ਅਤੇ ਵਾਰਡਰਾਂ ਨੇ ਨੌਕਰੀ ਛੱਡੀ ਹੈ ਜਦੋਂ ਕਿ ਰੋਪੜ ਜੇਲ੍ਹ ਦੇ ਅੱਠ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਵੀਆਰਐਸ ਲੈ ਲਈ ਹੈ ਜਿਨ੍ਹਾਂ ਵਿਚ ਦੋ ਸਹਾਇਕ ਸੁਪਰਡੈਂਟ ਵੀ ਸ਼ਾਮਿਲ ਹਨ। ਸੂਤਰ ਦੱਸਦੇ ਹਨ ਕਿ ਜੇਲ੍ਹਾਂ ਦੇ ਮਾਹੌਲ ਨੂੰ ਦੇਖਦੇ ਹੋਏ ਹੁਣ ਤਾਂ ਕੋਈ ਜੇਲ੍ਹ ਸੁਪਰਡੈਂਟ ਵੀ ਲੱਗਣ ਨੂੰ ਤਿਆਰ ਨਹੀਂ ਹੈ। ਇਹ ਵੀ ਕੋਈ ਲੁਕੀ ਛੁਪੀ ਗੱਲ ਨਹੀਂ ਕਿ ਜੇਲ੍ਹਾਂ ਵਿਚ ਨਸ਼ਿਆਂ ਤੇ ਮੋਬਾਈਲਾਂ ਦੀ ਵਰਤੋਂ ਵੀ ਰੁਕੀ ਨਹੀਂ ਅਤੇ ਇਹ ਧੰਦਾ ਜੇਲ੍ਹ ਸਟਾਫ਼ ਦੀ ਸ਼ਮੂਲੀਅਤ ਤੋਂ ਬਿਨਾਂ ਸੰਭਵ ਨਹੀਂ ਹੈ। ਬਹੁਤੇ ਜੇਲ੍ਹ ਅਧਿਕਾਰੀ ਜੇਲ੍ਹਾਂ ਵਿਚ ਦੋ ਨੰਬਰ ਦੇ ਕਾਰੋਬਾਰ ਨੂੰ ਹੱਲਾਸ਼ੇਰੀ ਦੇ ਕੇ ਹੱਥ ਵੀ ਰੰਗ ਰਹੇ ਹਨ। ਜੇਲ੍ਹਾਂ ਵਿਚ ਲੜਾਈ ਝਗੜੇ ਵੀ ਪਹਿਲਾਂ ਨਾਲੋਂ ਵਧੇ ਹਨ। ਪੰਜਾਬ ਵਿੱਚ ਛੋਟੀਆਂ ਵੱਡੀਆਂ 26 ਜੇਲ੍ਹਾਂ ਹਨ ਜਿਨ੍ਹਾਂ ਦੀ 23,218 ਬੰਦੀਆਂ ਨੂੰ ਸੰਭਾਲਣ ਦੀ ਸਮਰੱਥਾ ਹੈ। ਇਨ੍ਹਾਂ ਜੇਲ੍ਹਾਂ ਵਿਚ ਵਾਰਡਰ ਗਾਰਦ ਦੀਆਂ 2683 ਅਸਾਮੀਆਂ ਪ੍ਰਵਾਨਿਤ ਹਨ ਜਿਨ੍ਹਾਂ ਵਿਚੋਂ 789 ਖ਼ਾਲੀ ਪਈਆਂ ਹਨ। ਜੇਲ੍ਹਾਂ ਦੀ ਸੁਰੱਖਿਆ ਤੇ ਪੰਜਾਬ ਪੁਲੀਸ/ਆਈਆਰਬੀ/ ਪੀਏਪੀ/ਹੋਮ ਗਾਰਡ ਅਤੇ ਪੈਸਕੋ ਦੇ ਕਰੀਬ 1867 ਜਵਾਨ ਤਾਇਨਾਤ ਕੀਤੇ ਹੋਏ ਹਨ। ਹੁਣ ਛੇ ਜੇਲ੍ਹਾਂ ਦੀ ਸੁਰੱਖਿਆ ਕੇਂਦਰੀ ਸਨਅਤੀ ਸੁਰੱਖਿਆ ਦਲ ਨੂੰ ਦਿੱਤੀ ਜਾਣੀ ਹੈ। ਪੰਜਾਬ ਦੀਆਂ ਜੇਲ੍ਹਾਂ ਵਿਚ ਇਸ ਵੇਲੇ ਕਰੀਬ ਸਵਾ ਦੋ ਸੌ ਗੈਂਗਸਟਰ ਬੰਦ ਹਨ ਜਿਨ੍ਹਾਂ ਵਿਚੋਂ 35 ਖ਼ਤਰਨਾਕ ਗੈਂਗਸਟਰ ਹਨ।
ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਿਸੇ ਦੀ ਦਹਿਸ਼ਤ ਕਰ ਕੇ ਜੇਲ੍ਹ ਅਫਸਰਾਂ ਤੇ ਮੁਲਾਜ਼ਮਾਂ ਨੂੰ ਹੁਣ ਨੌਕਰੀ ਛੱਡਣ ਦੀ ਨੌਬਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਜਿੱਥੇ ਕਿਤੇ ਜੇਲ੍ਹ ਅਫ਼ਸਰਾਂ ਨੂੰ ਧਮਕੀ ਮਿਲੀ ਹੈ ਤਾਂ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।