ਖਾਲਸਾ-ਏਡ ਨੇ ਕੇਰਲ ਦੇ ਹੜ੍ਹ-ਪੀੜਤਾਂ ਨੂੰ ਦਿੱਤਾ ਸਹਾਰਾ

ਖਾਲਸਾ-ਏਡ ਨੇ ਕੇਰਲ ਦੇ ਹੜ੍ਹ-ਪੀੜਤਾਂ ਨੂੰ ਦਿੱਤਾ ਸਹਾਰਾ

ਲੰਡਨ/ਬਿਊਰੋ ਨਿਊਜ਼ :
ਕੇਰਲ ਵਿਚ ਆਏ ਹੜ੍ਹਾਂ ਦੌਰਾਨ ‘ਖਾਲਸਾ ਏਡ’ ਦੇ ਸੇਵਾਦਾਰਾਂ ਵੱਲੋਂ ਪੀੜਤਾਂ ਦੀ ਮਦਦ ਲਈ ਲੰਗਰ ਲਗਾਏ ਗਏ ਹਨ। ‘ਖਾਲਸਾ ਏਡ’ ਦੀ ਇਸ ਪਹਿਲ ਬਾਰੇ ਮੀਡੀਆ ਵਿਚ ਕਾਫੀ ਸਰਾਹਨਾ ਦੇ ਬੋਲ ਸੁਣਨ-ਪੜ੍ਹਨ ਨੂੰ ਮਿਲ ਰਹੇ ਹਨ।
ਗੌਰਤਲਬ ਹੈ ਕਿ ਭਾਰਤ ਦੇ ਦੱਖਣੀ ਰਾਜ ਕੇਰਲ ਵਿਚ ਹੜ੍ਹਾਂ ਦੀ ਮਾਰ ਨੇ ਬਹੁਤ ਸਾਰੀਆਂ ਜਾਨਾਂ ਲਈਆਂ ਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ। ਇਸ ਮੌਕੇ ‘ਖਾਲਸਾ ਏਡ’ ਦੇ ਕਾਰਕੁੰਨਾਂ ਨੇ ਪੀੜਤਾਂ ਨੂੰ ਲੰਗਰ, ਦਵਾਈਆਂ ਤੇ ਪਾਣੀ ਪਹੁੰਚਾਇਆ। ‘ਖਾਲਸਾ ਏਡ’ ਦੀ ਟੀਮ ਦੇ ਸੇਵਾਦਾਰ ਇਸ ਮੌਕੇ ਟਰੱਕਾਂ ਰਾਹੀਂ ਪ੍ਰਭਾਵਿਤ ਇਲਾਕਿਆਂ ਵਿਚ ਲੋੜੀਂਦਾ ਸਮਾਨ ਲੈ ਕੇ ਪਹੁੰਚੇ ਤੇ ਉਨ੍ਹਾਂ ਲੋਕਾਂ ਨੂੰ ਲੰਗਰ ਛਕਾਇਆ। ਇਥੋਂ ਤੱਕ ਕਿ ਡੂੰਘੇ ਪਾਣੀ ਵਿਚੋਂ ਲੋਕਾਂ ਨੂੰ ਬਾਹਰ ਕੱਢਣ ਵਿਚ ਵੀ ਮਦਦ ਕੀਤੀ ਹੈ।
ਜ਼ਿਕਰਯੋਗ ਹੈ ਕਿ ਬਰਤਾਨੀਆ ਤੋਂ ਸ਼ੁਰੂ ਹੋਈ ਸਿੱਖ ਸਮਾਜ ਸੇਵੀ ਸੰਸਥਾ ‘ਖਾਲਸਾ ਏਡ’ ਅੱਜ ਵਿਸ਼ਵ ਭਰ ਵਿਚ ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਥਾ ਵਜੋਂ ਜਾਣੀ ਜਾਂਦੀ ਹੈ। ਵਿਸ਼ਵ ਦੇ ਹਰ ਕੋਨੇ ਵਿਚ ਲੋੜਵੰਦਾਂ ਦੀ ਮਦਦ ਕਰਨ ਲਈ ‘ਖਾਲਸਾ ਏਡ’ ਦੇ ਸੇਵਾਦਾਰ ਪਹੁੰਚ ਜਾਂਦੇ ਹਨ।