ਪੰਜਾਬ ‘ਚ ਨਸ਼ਿਆਂ ਦੇ ਮੁੱਦੇ ਉਤੇ ਕਸੂਤੇ ਘਿਰ ਗਏ ਹਨ ਮੁੱਖ ਮੰਤਰੀ, ਪਾਰਟੀ ਦੇ ਅੰਦਰੋਂ ਵੀ ਆਵਾਜ਼ਾਂ ਉਠੀਆਂ

ਪੰਜਾਬ ‘ਚ ਨਸ਼ਿਆਂ ਦੇ ਮੁੱਦੇ ਉਤੇ ਕਸੂਤੇ ਘਿਰ ਗਏ ਹਨ ਮੁੱਖ ਮੰਤਰੀ, ਪਾਰਟੀ ਦੇ ਅੰਦਰੋਂ ਵੀ ਆਵਾਜ਼ਾਂ ਉਠੀਆਂ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਸਰਕਾਰ ਅਤੇ ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਵਿੱਚ ਚੱਲ ਰਹੇ ਨਸ਼ਿਆਂ ਦੇ ਕਹਿਰ ਦੇ ਮੁੱਦੇ ਉਪਰ ਬੁਰੀ ਤਰ੍ਹਾਂ ਘਿਰ ਗਏ ਹਨ। ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਵੱਲੋਂ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਚਾਰ ਹਫ਼ਤਿਆਂ ਵਿਚ ਨਸ਼ਿਆਂ ਦਾ ਖ਼ਾਤਮਾ ਕਰਨ ਦੀ ਖਾਧੀ ਸਹੁੰ ਦੀ ਵੀਡੀਓ ਉਪਰ ਕਈ ਤਰ੍ਹਾਂ ਦੀਆਂ ਤਿੱਖੀਆਂ ਟਿੱਪਣੀਆਂ ਸੋਸ਼ਲ ਮੀਡੀਆ ਉਪਰ ਚਰਚਾ ਦਾ ਵਿਸ਼ਾ ਬਣੀਆਂ ਪਈਆਂ ਹਨ। ਉਧਰ ਸੋਸ਼ਲ ਮੀਡੀਆ ਰਾਹੀਂ ਕੁਝ ਵਿਅਕਤੀਆਂ ਵੱਲੋਂ ‘ਮਰੋ ਜਾਂ ਵਿਰੋਧ ਕਰੋ’ ਅਤੇ ‘ਚਿੱਟੇ ਵਿਰੁੱਧ ਕਾਲਾ ਹਫਤਾ’ ਮਨਾਉਣ ਦੇ ਦਿੱਤੇ ਸੱਦੇ ਉਪਰ ਲੋਕ ਲਹਿਰ ਖੜ੍ਹੀ ਹੋ ਰਹੀ ਹੈ। ਇਸ ਤਹਿਤ 1 ਜੁਲਾਈ ਤੋਂ 7 ਜੁਲਾਈ ਤੱਕ ਸੂਬੇ ਭਰ ਵਿਚ ਕਾਲੇ ਕੱਪੜੇ, ਪੱਗਾਂ ਅਤੇ ਚੁੰਨੀਆਂ ਪਹਿਨ ਕੇ ਅਤੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟ ਕੀਤਾ ਜਾਵੇਗਾ।
ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਨੇ ਨਸ਼ਿਆਂ ਨੂੰ ਠੱਲ੍ਹਣ ਤੋਂ ਅਸਮਰੱਥ ਰਹਿਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਵੱਲ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਵੀ ਸਰਕਾਰ ਵਿਰੁੱਧ ਇਸ ਮੁੱਦੇ ਉਪਰ ਸੰਘਰਸ਼ ਵਿੱਢ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਫਿਲਹਾਲ ਕਿਸੇ ਸੰਘਰਸ਼ ਦਾ ਐਲਾਨ ਨਹੀਂ ਕੀਤਾ ਹੈ।  ਪਿਛਲੇ ਦਿਨਾਂ ਤੋਂ ਨਸ਼ੇ ਦੀ ਵਧ ਮਾਤਰਾ (ਓਵਰਡੋਜ਼) ਲੈਣ ਕਾਰਨ ਨਿਰੰਤਰ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਅਤੇ ਪੁਲੀਸ ਅਧਿਕਾਰੀਆਂ ਵੱਲੋਂ ਨਸ਼ਿਆਂ ਦੇ ਰਾਹ ਪਾਈਆਂ ਕੁੜੀਆਂ ਵੱਲੋਂ ਨਿਸੰਗ ਹੋ ਕੇ ਕੈਪਟਨ ਸਰਕਾਰ ਵਿਰੁੱਧ ਮੈਦਾਨ ਵਿੱਚ ਆਉਣ ਕਾਰਨ ਸਰਕਾਰ ਕਸੂਤੀ ਸਥਿਤੀ ‘ਚ ਫਸ ਗਈ ਹੈ।
ਸੂਤਰਾਂ ਅਨੁਸਾਰ ਡਰੱਗਜ਼ ਦੇ ਮੁੱਦੇ ਉਪਰ ਉੱਠ ਰਹੇ ਸੰਘਰਸ਼ਾਂ ਨੂੰ ਦੇਖਦਿਆਂ ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਨੂੰ ਪੁਲੀਸ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਸੱਦ ਕੇ ਅਧਿਕਾਰੀਆਂ ਨੂੰ ਨਸ਼ਿਆਂ ਵਿਰੁੱਧ ਜੰਗ ਛੇੜਨ ਦੀਆਂ ਸਖ਼ਤ ਹਦਾਇਤਾਂ ਦੇਣੀਆਂ ਪਈਆਂ ਹਨ। ਜ਼ਿਕਰਯੋਗ ਹੈ ਕਿ ਸਰਕਾਰ ਬਣਨ ਤੋਂ ਕੁਝ ਸਮੇਂ ਬਾਅਦ ਹੀ ਹੁਕਮਰਾਨ ਕਾਂਗਰਸ ਪਾਰਟੀ ਦੇ 40 ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਸਾਂਝਾ ਪੱਤਰ ਲਿਖ ਕੇ ਚੋਣਾਂ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਨਸ਼ਿਆਂ ਦੇ ਵੱਡੇ ਸੌਦਾਗਰਾਂ ਨੂੰ ਜੇਲ੍ਹਾਂ ਵਿੱਚ ਸੁੱਟਣ ਦੀ ਫਰਿਆਦ ਕੀਤੀ ਸੀ। ਮੁੱਖ ਮੰਤਰੀ ਨੇ ਸਾਰਿਆਂ ਨੂੰ ਇਹ ਕਹਿ ਕੇ ਠੰਢਾ ਕਰ ਦਿੱਤਾ ਸੀ ਕਿ ਠੋਸ ਸਬੂਤ ਮਿਲਣ ‘ਤੇ ਹੀ ਕਿਸੇ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ। ਹੁਣ ਸਰਕਾਰ ਵਿਰੁੱਧ ਲੋਕਾਂ ਦੇ ਵਧ ਰਹੇ ਰੋਹ ਨੂੰ ਦੇਖਦਿਆਂ ਕਾਂਗਰਸ ਅੰਦਰ ਵੀ ਘੁਸਰ-ਮੁਸਰ ਸ਼ੁਰੂ ਹੋ ਗਈ ਹੈ। ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਤਾਂ ਇਸ ਮੁੱਦੇ ਉਪਰ ਆਪਣੀ ਭੜਾਸ ਵੀ ਕੱਢ ਚੁੱਕੇ ਹਨ। ਇਸ ਮੁੱਦੇ ਉਪਰ ਕਲਾਕਾਰ ਪਾਲੀ ਭੁਪਿੰਦਰ, ਪੱਤਰਕਾਰ ਬਲਤੇਜ ਪੰਨੂ, ਵਕੀਲ ਹਾਕਮ ਸਿੰਘ ਆਦਿ ਵੱਲੋਂ ਨਸ਼ਿਆਂ ਵਿਰੁੱਧ ਸੋਸ਼ਲ ਮੀਡੀਆ ਰਾਹੀਂ ਸ਼ੁਰੂ ਕੀਤੀ ਮੁਹਿੰਮ ਹੁਣ ਜ਼ਮੀਨ ਉਪਰ ਵੀ ਚੱਲ ਪਈ ਹੈ ਅਤੇ 1 ਜੁਲਾਈ ਤੋਂ ਪੰਜਾਬ ਵਿੱਚ ‘ਚਿੱਟੇ ਵਿਰੁੱਧ ਕਾਲਾ ਸਪਤਾਹ’ ਮਨਾਉਣ ਦੀ ਚਰਚਾ ਚੱਲ ਪਈ ਹੈ, ਜੋ ਸਰਕਾਰ ਲਈ ਵੱਡੀ ਸਿਰਦਰਦੀ ਬਣ ਸਕਦੀ ਹੈ।
ਦੂਸਰੇ ਪਾਸੇ ‘ਆਪ’ ਨੇ ਏਕੇ ਦਾ ਸਬੂਤ ਦੇ ਕੇ ਡਰੱਗਜ਼ ਦੇ ਮੁੱਦੇ ਉਪਰ ਕੈਪਟਨ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਈ ਹੈ। ਸੰਸਦ ਮੈਂਬਰ ਭਗਵੰਤ ਮਾਨ, ਜੋ ਪਾਰਟੀ ਦੀਆਂ ਸਰਗਰਮੀਆਂ ਤੋਂ ਪੂਰੀ ਤਰਾਂ ਪਾਸਾ ਵੱਟ ਗਏ ਸਨ, ਵੀ ‘ਆਪ’ ਵੱਲੋਂ ਕੈਪਟਨ ਦੀ ਰਿਹਾਇਸ਼ ਵੱਲ ਕੀਤੇ ਜਾ ਰਹੇ ਮਾਰਚ ਵਿੱਚ ਸ਼ਾਮਲ ਹੋ ਰਹੇ ਹਨ। ‘ਆਪ’ ਵੱਲੋਂ ਮਿੱਥੇ ਪ੍ਰੋਗਰਾਮ ਅਨੁਸਾਰ ਰੋਸ ਮਾਰਚ ਦੀ ਅਗਵਾਈ ਪੰਜਾਬ ਦੇ ਸਹਿ ਪ੍ਰਧਾਨ ਡਾਕਟਰ ਬਲਬੀਰ ਸਿੰਘ, ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਅਤੇ ਭਗਵੰਤ ਮਾਨ ਕਰਨਗੇ। ਵਿਧਾਇਕ ਬੈਂਸ ਭਰਾਵਾਂ ਦੀ ਜੋੜੀ ਨੇ ਵੀ ਨਸ਼ਿਆਂ ਦੇ ਮੁੱਦੇ ਉਪਰ ਪੀੜਤ ਕੁੜੀਆਂ ਨੂੰ ਲੈ ਕੇ ਸੂਬੇ ਵਿਚ ਸੰਘਰਸ਼ ਛੇੜਨ ਦਾ ਐਲਾਨ ਕਰ ਦਿੱਤਾ ਹੈ।