ਧਰਮ ਅਤੇ ਇਤਿਹਾਸ ਦੇ ਸਨਮੁੱਖ ਮਨੋਰੰਜਨ

ਧਰਮ ਅਤੇ ਇਤਿਹਾਸ ਦੇ ਸਨਮੁੱਖ ਮਨੋਰੰਜਨ

ਸਾਲ 2005 ਵਿਚ ਜਦੋਂ ‘ਸਾਹਿਬਜ਼ਾਦੇ’ ਨਾ ਦੀ ਕਾਰਟੂਨ ਫਿਲਮ ਆਈ ਸੀ ਤਾਂ ਉਸ ਵੇਲੇ ਹੀ ਕਈ ਸਿੱਖ ਹਲਕਿਆਂ ਵੱਲੋਂ ਪੰਥ ਨੂੰ ਇਸ ਰੁਝਾਨ ਨੂੰ ਨਕਾਰਨ ਦਾ ਸੱਦਾ ਦਿੱਤਾ ਸੀ ਤੇ ਇਸ ਰਾਹ ਨੂੰ ਰੂਹਾਨੀ ਖ਼ੁਦਕੁਸ਼ੀ ਦਾ ਰਾਹ ਦੱਸਿਆ ਸੀ। ਪਰ ਇਹ ਰੁਝਾਨ ਕਿਸੇ ਨਾ ਕਿਸੇ ਹੱਦ ਤਕ ਸਹਿਣ ਕੀਤਾ ਜਾਂਦਾ ਰਿਹਾ ਤੇ ਇਸ ਪਿੱਛੇ ਇਕ ਕਾਰਨ ਇਹ ਸੀ ਕਿ ਕਾਰਟੂਨ ਵਿਧੀ ਨੂੰ ਨਕਲਾਂ ਲਾਹੁਣ ਦੇ ਹੋਰਨਾਂ ਢੰਗਾਂ ਤੋਂ ਵੱਖਰੇ ਤੌਰ ਤੇ ਵੇਖਿਆ ਜਾ ਰਿਹਾ ਸੀ। ਦੂਜਾ ਇਸ ਨੂੰ ਅਜੋਕੇ ਸਮੇਂ ਵਿੱਚ ਪਰਚਾਰ ਦੀ ਲੋੜ ਦੱਸਿਆ ਜਾ ਰਿਹਾ ਸੀ ਤੇ ਕੁਝ ਹਿੱਸੇ ਇਸ ਨੂੰ ਸਿੱਖ ਕਲਾ ਦੇ ਵਿਸਤਾਰ ਵਜੋਂ ਵੇਖ ਰਹੇ ਸਨ। ਇਸ ਰੁਝਾਨ ਨੂੰ 2014 ਵਿਚ ਆਈ ‘ਚਾਰ ਸਾਹਿਬਜ਼ਾਦੇ’ ਫਿਲਮ ਮੌਕੇ ਸਭ ਤੋਂ ਵੱਧ ਮਾਨਤਾ ਮਿਲੀ ਪਰ ਨਾਲ ਇਸ ਛੇਤੀ ਇਸ ਦੀ ਸਾਰਥਿਕਤਾ ਬਾਰੇ ਗੰਭੀਰ ਸਵਾਲ ਵੀ ਉੱਠੇ। ਸੰਨ 2015 ਤੇ 2018 ਵਿਚ ‘ਨਾਨਕ ਸ਼ਾਹ ਫ਼ਕੀਰ’ ਫਿਲਮ ਦੇ ਵਿਰੋਧ ਮੌਕੇ ਸਿੱਖ ਜਗਤ ਨੇ ਇਸ ਰੁਝਾਨ ਨੂੰ ਕਾਫੀ ਹੱਦ ਤਕ ਰੱਦ ਕਰ ਦਿੱਤਾ ਹੈ। ਇਸ ਸਾਰੇ ਵਰਤਾਰੇ ਦੀ ਡੂੰਘੀ ਪੜਤਾਲ ਕਰਦਿਆਂ ਡਾ. ਸੇਵਕ ਸਿੰਘ ਨੇ ਇਕ ਲੰਮੀ ਲਿਖਤ ਪਾਠਕਾਂ ਸਾਂਝੀ ਕੀਤੀ ਹੈ। ਇਸ ਲਿਖਤ ਦਾ ਪਹਿਲਾ ਹਿੱਸਾ (ਪਰਛਾਵੇਂ ਅੰਦਰ ਸਿੱਖ ਬਣਕੇ ਜੀਣ ਦੀ ਲੋਚਾ) ਕੁਝ ਹਫ਼ਤੇ ਪਹਿਲਾਂ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਦੇ ਪਾਠਕਾਂ ਨਾਲ ਸਾਂਝਾ ਕੀਤਾ ਗਿਆ ਸੀ। ਇਸ ਵਾਰ ਪੇਸ਼ ਹੈ ਉਸ ਲਿਖਤ ਦਾ ਦੂਜਾ ਹਿੱਸਾ ਸਾਂਝਾ ਕਰ ਰਹੇ ਹਾਂ ਜਿਸ ਦਾ ਸਿਰਲੇਖ ਹੈ ”ਧਰਮ ਅਤੇ ਇਤਿਹਾਸ ਦੇ ਸਨਮੁਖ ਮਨੋਰੰਜਨ”।  ਇਸ ਲਿਖਤ ਦਾ ਅਗਲਾ ਹਿੱਸਾ ਆਉਂਦੇ ਦਿਨਾਂ ਵਿੱਚ ਪਾਠਕਾਂ ਨਾਲ ਸਾਂਝਾ ਕੀਤਾ ਜਾਵੇਗਾ: ਸੰਪਾਦਕ।

ਡਾ. ਸੇਵਕ ਸਿੰਘ

ਪਰਛਾਵਿਆਂ ਦਾ ਸਵਾਲ ਪੰਥ ਸਾਹਮਣੇ ਕਾਫੀ ਚਿਰ ਤੋਂ ਹੈ ਪਰ ਬਿਜਾਲ ਅਤੇ ਮੱਕੜਜਾਲ ਦੇ ਚਲਣ ਨਾਲ ਇਹ ਹੋਰ ਅਹਿਮ ਹੋ ਗਿਆ ਹੈ। ਕੁਝ ਲੋਕਾਂ ਵਲੋਂ ਆਪ ਮੁਹਾਰੇ ਰੂਪ ਵਿਚ ਪਰਛਾਵੇਂ ਬਣਾਉਣ ਨਾਲ ਇਹ ਸਵਾਲ ਚਰਚਾ ਵਿਚ ਆ ਗਿਆ ਹੈ, ਹੁਣ ਹੋਰ ਟਾਲਿਆ ਨਹੀਂ ਜਾ ਸਕਦਾ। ਇਹ ਮਸਲੇ ਨੂੰ ਸਮਝਣ ਲਈ ਕੁਝ ਨੁਕਤਿਆਂ ਦੀ ਸੰਖੇਪ ਚਰਚਾ ਜਰੂਰੀ ਹੈ। ਮੂਲ ਰੂਪ ਵਿਚ ਧਰਮ, ਧਰਮ ਇਤਿਹਾਸ ਅਤੇ ਆਮ ਇਤਿਹਾਸ ਦਾ ਫਰਕ ਸਮਝਣਾ ਅਤੇ ਫਿਰ ਏਹਨਾ ਨੂੰ ਨਕਲ, ਕਲਪਨਾ, ਮਨੋਰੰਜਨ ਅਤੇ ਮੰਡੀ ਦੇ ਪਰਸੰਗ ਵਿਚ ਸਮਝਣਾ ਲਾਜਮੀ ਹੈ ਤਾਂਕਿ ਦੁਨੀਆ ਨਾਲ ਰਲਣ ਲਈ ਅਮਲੀ ਕਿਰਦਾਰ ਅਤੇ ਪਰਚਾਰ ਦੀ ਲੋੜ ਦੇ ਫਰਕ ਨੂੰ ਸਮਝਿਆ ਜਾ ਸਕੇ। ਇਹ ਲਿਖਤ ਵਿਚ ਏਹ ਨੁਕਤੇ ਜੁੜਵੇਂ ਰੂਪ ਵਿਚ ਵਿਚਾਰੇ ਗਏ ਹਨ।

ਧਰਮ ਅਤੇ ਇਤਿਹਾਸ ਨੂੰ ਰੁਤਬੇਧਾਰੀ ਲੋਕ ਆਪਣੇ ਹਿੱਤ ਕਰਕੇ ਅਤੇ ਆਮ ਲੋਕ ਆਪਣੇ ਸੁਭਾਅ ਕਰਕੇ ਰਲਗੱਡ ਕਰਦੇ ਰਹਿੰਦੇ ਹਨ। ਰੁਤਬੇਧਾਰੀ ਲੋਕਾਂ ਵਲੋਂ ਇਹ ਰਲਗੱਡ (ਅਗਿਆਨਤਾ ਵਸ, ਜਾਣਬੁਝ ਕੇ ਜਾਂ ਕਾਹਲੀ ਅਤੇ ਬੇਸੰਜਮੀ ਨਾਲ) ਕਿਸੇ ਤਰ੍ਹਾਂ ਵੀ ਹੋ ਸਕਦੀ ਹੈ ਪਰ ਆਮ ਲੋਕਾਂ ਵਲੋ ਏਹਨਾ ਨੂੰ ਰਲਗਡ ਕਰਨ ਦੇ ਵੱਖਰੇ ਕਾਰਨ ਹਨ। ਆਮ ਲੋਕਾਂ ਵਿਚ ਇਹ ਰਲਗਡ ਪਰੰਪਰਾਗਤ ਸਮਝ ਕਰਕੇ ਵਧੇਰੇ ਹੁੰਦੀ ਹੈ ਜਿਸ ਅਨੁਸਾਰ ਇਤਿਹਾਸ ਵੀ ਧਰਮ ਵਰਗੀ ਭੂਮਿਕਾ ਨਿਭਾਉਂਦਾ ਹੈ। ਦੂਜਾ ਵੱਡਾ ਕਾਰਨ ਹੈ ਕਿ ਦੁਨੀਆ ਦੀ ਮੁੱਖਧਾਰਾ ਬਣੀ ਵਿਗਿਆਨਕ ਮਾਨਤਾ ਵਾਲੀ ਸਮਝ ਜੋ ਏਹਨਾ ਨੂੰ (ਆਪਣੇ ਤਰੀਕੇ ਨਾਲ ਰਲਗਡ ਕਰਕੇ) ਪਦਾਰਥਵਾਦੀ ਨੁਕਤੇ ਤੋਂ ਵਿਖਾਉਂਦੀ ਹੈ। ਧਰਮ ਅਤੇ ਇਤਿਹਾਸ ਦੀ ਦੁਰਵਰਤੋਂ ਕਰਨ ਵਾਲੇ ਲੋਕਾਂ ਨੂੰ ਭਾਵੇਂ ਇਹ ਰਲਗੱਡ ਦੀ ਸਮਝ ਹੋਵੇ ਜਾਂ ਨਾ ਹੋਵੇ ਪਰ ਜੋ ਸਹੀ ਅਤੇ ਨੇਕਦਿਲ ਵਰਤੋਂ ਕਰਨੀ ਚਾਹੁੰਦੇ ਹਨ ਓਹਨਾ ਲਈ ਧਰਮ ਅਤੇ ਇਤਿਹਾਸ ਵਿਚਲਾ ਫਰਕ ਸਮਝਣਾ ਬਹੁਤ ਜਰੂਰੀ ਹੈ। ਇਹ ਫਰਕ ਸਮਝੇ ਬਿਨਾ ਅੱਗੋਂ ਧਰਮ ਇਤਿਹਾਸ ਅਤੇ ਆਮ ਇਤਿਹਾਸ ਦਾ ਫਰਕ ਵੀ ਸਮਝ ਨਹੀਂ ਆਉਂਦਾ। ਸਿੱਖਾਂ ਸਮੇਤ ਅਨੇਕਾਂ ਧਾਰਮਿਕ ਲੋਕ ਆਪਣੇ ਧਰਮ ਅਤੇ ਇਤਿਹਾਸ ਨੂੰ ਵੱਖ ਕਰਕੇ ਨਹੀਂ ਵੇਖਦੇ, ਇਸ ਕਰਕੇ ਹੀ ਓਹ ਅਕਸਰ ਆਮ ਇਤਿਹਾਸ ਅਤੇ ਧਰਮ ਇਤਿਹਾਸ ਵਿੱਚ ਵੀ ਫਰਕ ਨਹੀਂ ਕਰਦੇ। ਏਹਨਾ ਫਰਕਾਂ ਨੂੰ ਸਮਝੇ ਬਿਨਾ ਧਰਮ ਅਤੇ ਇਤਿਹਾਸ ਬਾਰੇ ਹੀ ਨਹੀਂ ਸਗੋਂ ਸਾਰੀ ਜਿੰਦਗੀ ਬਾਰੇ ਵੀ ਕਾਫੀ ਗੱਲਾਂ ਗਲਤ ਸਮਝਣ ਜਾਂ ਕਰਨ ਦੀ ਸੰਭਾਵਨਾ ਹੁੰਦੀ ਹੈ।

ਬੀਤੇ ਸਮੇਂ ਨੂੰ ਅਤੇ ਜਿੰਦਗੀ ਦੇ ਮਨੋਰਥ ਨੂੰ ਧਰਮ ਦੇ ਨਜਰੀਏ ਤੋਂ ਸਮਝਣਾ ਹੋਰ ਗੱਲ ਹੈ ਅਤੇ ਆਮ ਇਤਿਹਾਸਕ ਸਮਝ ਨਾਲ ਸਮਝਣਾ ਹੋਰ ਗੱਲ ਹੈ। ਇਹ ਫਰਕ ਨੂੰ ਜਾਣਨਾ ਏਨਾ ਅਹਿਮ ਹੈ ਕਿ ਜੀਵਨ ਸੇਧ ਦੇ ਅਰਥ ਬਦਲ ਜਾਂਦੇ ਹਨ। ਧਰਮ ਜਾਂ ਇਤਿਹਾਸ ਵਿਚੋਂ ਕਿਸ ਨੂੰ ਜੀਵਨ ਸੇਧ ਵਜੋਂ ਅਪਣਾਉਣਾ ਹੈ, ਇਹ ਸਵਾਲ ਤੋਂ ਲੈ ਕੇ ਪਰਛਾਵੇਂ ਬਣਾ ਕੇ ਵੇਖਣ ਵਿਖਾਉਣ ਦੇ ਮਨਸ਼ੇ ਅਤੇ ਅਮਲ ਤੱਕ ਸਮੁਚੇ ਜੀਵਨ ਤੇ ਇਹ ਫਰਕ ਦਾ ਅਸਰ ਹੁੰਦਾ ਹੈ।

ਧਰਮ ਇਤਿਹਾਸ ਦੇ ਫਰਕ ਦਾ ਸਵਾਲ

ਧਰਮ ਅਤੇ ਇਤਿਹਾਸ ਦੇ ਫਰਕ ਨੂੰ ਸਮਝਣ ਲਈ ਕੁਝ ਨੁਕਤੇ ਵਿਚਾਰਯੋਗ ਹਨ।

ਇਤਿਹਾਸ ਜਾਣਨ ਦੀ ਆਮ ਵਿਧੀ ਪਦਾਰਥਵਾਦੀ ਹੈ ਜਿਸਨੂੰ ਧਰਮ ਦੀ ਬੋਲੀ ਵਿੱਚ ਸੰਸਾਰੀ ਜਾਂ ਭੋਗਵਾਦੀ ਬਿਰਤੀ ਵੀ ਕਹਿੰਦੇ ਹਨ। ਇਹ ਵਿਧੀ ਨਾਲ ਧਰਮ ਜੀਵਨ ਸੇਧ ਨਾ ਹੋ ਕੇ ਇਤਿਹਾਸ ਵਾਂਗ ਅਧਿਐਨ ਦਾ ਇਕ ਵਿਸ਼ਾ ਬਣ ਜਾਂਦਾ ਹੈ ਜੋ ਬਿਰਤਾਂਤ ਦੇ ਅਰਥਾਂ ਤੱਕ ਸਿਮਟ ਜਾਂਦਾ ਹੈ। ਇਤਿਹਾਸ ਦੇ ਬਿਰਤਾਂਤ ਹੋਣ ਦੀ ਗੱਲ ਇਤਿਹਾਸ ਦੇ ਸਿਧਾਂਤਕਾਰਾਂ ਅਤੇ ਇਤਿਹਾਸਕਾਰਾਂ ਨੇ ਲਿਖਤ ਰੂਪ ਵਿਚ ਕਹੀ ਹੋਈ ਹੈ ਪਰ ਧਰਮ ਬਾਰੇ ਧਰਮ ਬਾਨੀਆਂ ਅਤੇ ਸਿਧਾਂਤਕਾਰਾਂ ਨੇ ਇਹ ਗੱਲ ਨਹੀਂ ਆਖੀ। ਦੋਵਾਂ ਪਾਸਿਆਂ ਦੇ ਸਿਧਾਂਤਕਾਰ ਆਪਣੇ ਆਪਣੇ ਪੱਖ ਬਾਰੇ ਕੀ ਕਹਿੰਦੇ ਹਨ, ਓਹਨਾ ਦੇ ਵਿਚਾਰ ਜਾਣੋ ਤਾਂ ਗਲ ਸੌਖੇ ਰੂਪ ਵਿੱਚ ਸਮਝ ਆਏਗੀ ਕਿ ਧਰਮ ਕੀ ਹੈ, ਧਰਮ ਅਤੇ ਇਤਿਹਾਸ ਦਾ ਅਸਲ ਵਿੱਚ ਕਿੰਨਾ ਕੁ ਫਰਕ ਹੈ।

ਮੂਲ ਅਸੂਲ: ਹਰ ਧਰਮ ਨੇ ਆਪਣੇ ਸ਼ਬਦਾਂ ਵਿਚ ਆਪਣੇ ਤਰੀਕੇ ਨਾਲ ਧਰਮ ਨੂੰ ਜਿੰਦਗੀ ਦਾ ਮੂਲ ਕਿਹਾ ਹੈ। ਧਰਮ ਦਾ ਸਾਦਾ ਅਰਥ ਮੂਲ ਅਸੂਲ ਬਣਦਾ ਹੈ (ਜਿਹੜੇ ਰੱਬ/ਧਰਮ ਨੂੰ ਨਹੀਂ ਮੰਨਦੇ ਓਹ ਵੀ ਨੈਤਿਕਤਾ ਨੂੰ ਤਾਂ ਮੰਨ ਹੀ ਲੈਂਦੇ ਹਨ)। ਧਰਮ ਦੀ ਗੱਲ ਧਰਮ ਬਾਨੀਆਂ ਅਨੁਸਾਰ ਸੱਚ ਦੀ ਗੱਲ ਹੁੰਦੀ ਹੈ। ਆਖਰ ਕੋਈ ਵੱਡਾ ਕਾਰਨ ਹੋਏਗਾ ਕਿ ਦੁਨੀਆ ਦੇ ਸਾਰੇ ਧਰਮਾਂ ਨੇ ਸੱਚ ਨੂੰ ਧਰਮ ਰੂਪ ਕਿਹਾ ਹੈ। ਇਸ ਦੇ ਉਲਟ ਇਤਿਹਾਸ ਦਾ ਕੋਈ ਸਿਧਾਂਤਕਾਰ ਜਾਂ ਵੱਡਾ ਇਤਿਹਾਸਕਾਰ ਇਤਿਹਾਸ ਦੇ ਸੱਚ ਹੋਣ ਦੀ ਗਵਾਹੀ ਨਹੀਂ ਭਰਦਾ। ਇਤਿਹਾਸਕਾਰ ਪੱਕੇ ਸਬੂਤਾਂ ਵਿਚ ਵੀ ਝੂਠ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਸਕਦੇ। ਧਰਮ ਵਿਚ ਅਤੇ ਇਤਿਹਾਸ ਵਿਚ ਝੂਠ ਦੇ ਅਰਥਾਂ ਦਾ ਬਹੁਤ ਵੱਡਾ ਫਰਕ ਹੈ। ਸਾਰੇ ਧਰਮਾਂ ਨੇ ਅਤੇ ਬਹੁਤੇ ਨਾਸਤਕਾਂ ਨੇ ਵੀ ਝੂਠ ਨੂੰ ਮਾੜਾ ਕਿਹਾ ਹੈ। ਇਹ ਯਾਦ ਰਖਣਾ ਬਹੁਤ ਜਰੂਰੀ ਹੈ ਕਿ ਜਿੰਦਗੀ ਅਤੇ ਜਹਾਨ ਨੂੰ ਜਾਣਨ ਦੇ ਸਾਰੇ ਆਸਤਕ-ਨਾਸਤਕ ਰਾਹ ਸੱਚ ਝੂਠ ਦਾ ਪੈਮਾਨਾ ਤੈਅ ਕਰਕੇ ਹੀ ਆਪਣੇ ਵਿਚਾਰ ਦਾ ਢਾਂਚਾ ਖੜ੍ਹਾ ਕਰਦੇ ਹਨ। ਸੱਚ ਝੂਠ ਵਿਚਲਾ ਫਰਕ ਅਖੀਰ ਨੂੰ ਜਿੰਦਗੀ ਦੇ ਧੁਰੇ ਨਾਲ ਜੁੜ ਜਾਂਦਾ ਹੈ ਜਿਥੇ ਹਰ ਸਮਾਜ ਦੀਆਂ ਕਦਰਾਂ ਕੀਮਤਾਂ ਅਤੇ ਮਾਨਤਾਵਾਂ ਖੜ੍ਹੀਆਂ ਹੁੰਦੀਆਂ ਹਨ। ਇਸ ਕਰਕੇ ਇਹ ਗਲ ਬਹੁਤ ਧਿਆਨ ਨਾਲ ਸਮਝਣ ਵਾਲੀ ਹੈ ਕਿ ਧਰਮ ਅਤੇ ਇਤਿਹਾਸ ਵਿਚਲਾ ਫਰਕ ਕਿਹੜੇ ਕਾਰਨਾਂ ਕਰਕੇ ਸਮਾਜਕ ਮਾਨਤਾਵਾਂ ਵਾਲੀ ਸੱਚ-ਝੂਠ ਦੀ ਮੂਲ ਵੰਡ ਨਾਲ ਜੁੜਦਾ ਹੈ।

ਇਹਨੂੰ ਸਮਝਣ ਲਈ ਦੋ ਫਰਕ ਵੇਖਣ ਵਾਲੇ ਹਨ। ਪਹਿਲਾ ਫਰਕ ਹੈ ਮੂਲ ਅਸੂਲ ਮੰਨਣ ਦਾ। ਜੇ ਧਰਮ ਨੂੰ ਮੂਲ ਅਸੂਲ ਮੰਨੀਏ ਤਾਂ ਇਹ ਪਵਿੱਤਰਤਾ ਦੇ ਅਰਥ ਧਾਰਨ ਕਰਦਾ ਹੈ। ਪਵਿੱਤਰਤਾ ਦੇ ਘੇਰੇ ਤੋਂ ਬਾਹਰਲਾ ਸਭ ਕੁਝ ਸੰਸਾਰੀ ਜਾਣਕਾਰੀ ਹੀ ਹੈ। ਇਹਦੇ ਅਨੁਸਾਰ ਆਮ ਇਤਿਹਾਸ ਵੀ ਜਾਣਕਾਰੀ ਹੀ ਹੈ। ਜੇ ਆਮ ਇਤਿਹਾਸ ਨੂੰ ਮੂਲ ਅਸੂਲ ਮੰਨੀਏ ਤਾਂ ਧਰਮ ਅਤੇ ਇਤਿਹਾਸ ਸਮੇਤ ਸਭ ਕੁਝ ਹੀ ਜਾਣਕਾਰੀ ਹੈ। ਦੂਜਾ ਫਰਕ ਹੈ ਸਬੂਤ ਮੰਨਣ ਦਾ। ਧਰਮ ਲਈ ਸੱਚ ਅਮਲ ਦਾ ਮਹੱਤਵ ਹੈ ਅਤੇ ਉਹ ਹੀ ਸਬੂਤ ਹੈ। ਆਮ ਇਤਿਹਾਸ ਲਈ ਲਿਖਤੀ ਜਾਂ ਵਸਤਾਂ ਵਾਲੇ ਸਬੂਤਾਂ ਦਾ ਮਹੱਤਵ ਹੁੰਦਾ ਹੈ। ਇਤਿਹਾਸਕ ਸਚਾਈ ਸਬੂਤਾਂ ਦੀ ਮੁਹਤਾਜ ਹੁੰਦੀ ਹੈ।

ਜਾਣਕਾਰੀ ਅਤੇ ਪਵਿੱਤਰਤਾ: ਇਤਿਹਾਸ ਜਾਣਕਾਰੀ ਵਿੱਚ ਢਲ ਸਕਦਾ ਹੈ ਕਿਉਂਕਿ ਉਹਦੀ ਪੈਦਾਵਰ ਹੀ ਜਾਣਕਾਰੀ ਰੂਪ ਵਿੱਚ ਹੁੰਦੀ ਹੈ ਪਰ ਜੋ ਪਵਿੱਤਰ ਹੈ ਉਹ ਜਾਣਕਾਰੀ ਵਿੱਚ ਤਬਦੀਲ ਨਹੀਂ ਹੁੰਦਾ। ਪਵਿੱਤਰ ਉਞ ਵੀ ਤਬਦੀਲ ਨਹੀਂ ਹੁੰਦਾ ਪਰ ਜਾਣਕਾਰੀ ਬਦਲਦੀ ਅਤੇ ਵਧਦੀ ਰਹਿੰਦੀ ਹੈ। ਜੋ ਪਵਿੱਤਰ ਹੈ ਉਹਦੀ ਹੋਂਦ ਇਤਿਹਾਸ ਕਰਕੇ ਨਹੀਂ ਹੈ ਭਾਵੇਂ ਉਹਦਾ ਲਿਖਤੀ ਇਤਿਹਾਸ ਵੀ ਮਿਲਦਾ ਹੋਵੇ। ਮਿਸਾਲ ਵਜੋਂ ਸਿੱਖਾਂ ਲਈ ਗੁਰੂ ਦੇ ਨਾਮ ਵਿੱਚ ਘਾਟਾ ਵਾਧਾ ਨਹੀਂ ਹੋ ਸਕਦਾ ਭਾਵੇਂ ਇਤਿਹਾਸ ਦੇ ਸਰੋਤ ਵਧ-ਘੱਟ ਜਾਂ ਖਤਮ ਹੋ ਜਾਣ। ਸਿੱਖਾਂ ਲਈ ਸ਼ਹੀਦਾਂ ਦਾ ਨਾਮ ਵੀ ਪਵਿੱਤਰ ਹੈ। ਸ਼ਹੀਦਾਂ ਦੇ ਇਤਿਹਾਸ ਦੇ ਸਰੋਤ ਜਾਂ ਓਹਨਾ ਦੀ ਗਿਣਤੀ ਤਾਂ ਘਟ ਵਧ ਸਕਦੀ ਹੈ ਪਰ ਓਹਨਾ ਦੇ ਰੁਤਬੇ ਨੂੰ ਫਰਕ ਨਹੀਂ ਪਏਗਾ। ਜੋ ਕੁਝ ਧਰਮ ਵਜੋਂ ਪਰਵਾਨ ਹੈ ਉਹ ਥਾਂ ਸਮੇਂ ਦੀ ਹੱਦ ਤੋਂ ਪਾਰ ਹੈ। ਅਸਲ ਵਿਚ ਧਰਮ ਦਾ ਇਤਿਹਾਸ ਨਹੀਂ ਹੁੰਦਾ ਸਗੋਂ ਸਚੀ ਸਾਖੀ ਹੁੰਦੀ ਹੈ। ਕੋਈ ਵੀ ਇਤਿਹਾਸ ਭਾਵੇਂ ਜਾਣਕਾਰੀ ਰੂਪ ਵਿਚ ਝੂਠ ਨਹੀਂ ਹੁੰਦਾ ਪਰ ਇਹ ਯਕੀਨ ਵਾਲੀ ਪਵਿੱਤਰਤਾ ਦਾ ਭਾਰ ਨਹੀਂ ਚੁੱਕਦਾ। ਪਵਿੱਤਰਤਾ ਬਿਨਾ ਇਤਿਹਾਸਕ ਜਾਣਕਾਰੀ ਨਾਲ ਲੱਦਿਆ ਜੀਵਨ ਵੀ ਅਸਲ ਵਿੱਚ ਖਾਲੀ ਹੋ ਸਕਦਾ ਹੈ ਜੋ ਧਰਮ ਦੇ ਪਾਸਕੂ ਨਾਲ ਵੀ ਨਹੀਂ ਤੁਲਦਾ। ਇਤਿਹਾਸ ਜਾਂ ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਬੰਦੇ ਨੂੰ ਮਾਣ ਨਾਲ ਭਰਨ ਵਾਲੀ ਉਚਾਈ ਤੱਕ ਹੀ ਲਿਜਾ ਸਕਦੀ ਹੈ ਪਰ ਪਵਿੱਤਰਤਾ ਦੇ ਅਹਿਸਾਸ ਤੱਕ ਨਹੀਂ ਲਿਜਾਂਦੀ। ਜਾਣਕਾਰੀ ਅਤੇ ਪਵਿੱਤਰਤਾ ਨੂੰ ਧਾਰਨ ਕਰਨ ਦੇ ਰਾਹ ਜੇ ਆਪਸ ਵਿਰੋਧੀ ਨਹੀਂ ਤਾਂ ਯਕੀਨਨ ਵੱਖਰੇ ਹਨ। ਸਭ ਤੋਂ ਵੱਡਾ ਫਰਕ ਅਮਲ ਦਾ ਹੈ। ਇਤਿਹਾਸ ਦੀ ਗੱਲ ਕੋਈ ਵੀ ਆਖ ਸਕਦਾ ਹੈ ਪਰ ਧਰਮ ਦੀ ਗੱਲ ਆਖਣ ਦਾ ਅਸਲ ਹੱਕਦਾਰ ਉਹੀ ਹੈ ਜਿਸ ਨੇ ਧਰਮ ਧਾਰਿਆ ਹੈ। ਅਮਲਹੀਣ ਗੱਲ ਸਿਰਫ ਜਾਣਕਾਰੀ ਹੀ ਬਣ ਸਕਦੀ ਹੈ। ਇਸ ਕਰਕੇ ਹੀ ਬਹੁਤੇ ਲੋਕ ਧਰਮ ਨੂੰ ਇਤਿਹਾਸ ਰੂਪ ਵਿਚ ਪਰਚਾਰਨਾ ਚਾਹੁੰਦੇ ਹਨ ਕਿਉਂਕਿ ਓਹ ਉਸੇ ਧਰਮ ਦੇ ਅਮਲ ਤੋਂ ਬਚਣਾ ਚਾਹੁੰਦੇ ਹਨ, ਜੀਹਦੇ ਉਹ ਵਾਰਸ ਜਾਂ ਪਰਚਾਰਕ ਬਣਨਾ ਚਾਹੁੰਦੇ ਹਨ। ਧਰਮ ਨੂੰ ਪਰਛਾਵਿਆਂ ਦੇ ਰੂਪ ਵਿਚ ਵਿਰਸੇ ਦੀ ਸੋਝੀ ਵਜੋਂ ਪਰਚਾਰਨ ਪਿਛੇ ਵੀ ਇਹੋ ਭਾਵਨਾ ਜਾਪਦੀ ਹੈ।

ਅਮਲ ਅਤੇ ਸਬੂਤ ਵਿਚਲਾ ਫਰਕ ਮੋਟੇ ਰੂਪ ਵਿਚ ਅਸੀਂ ਜੋ ਇਤਿਹਾਸ ਮੰਨਦੇ ਹਾਂ ਉਹ ਇਕ ਬਿਰਤਾਂਤ ਹੁੰਦਾ ਹੈ ਜੋ ਪਰਾਪਤ ਸਬੂਤਾਂ ਦੇ ਅਧਾਰ ਤੇ (ਕਾਰਣ ਕਾਰਜ ਵਾਲੀਆਂ) ਦਲੀਲਾਂ ਨਾਲ ਬੁਣਿਆ ਹੁੰਦਾ ਹੈ। ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਰੌਚਕਤਾ ਅਤੇ ਕਾਰਣ ਕਾਰਜ ਦੀਆਂ ਜਚਵੀਆਂ ਦਲੀਲਾਂ ਕਰਕੇ ਮਿਥਕ ਬਿਰਤਾਂਤ ਅਕਸਰ ਇਤਿਹਾਸ ਤੋਂ ਵਧੇਰੇ ਚਰਚਿਤ ਹੁੰਦਾ ਹੈ। ਪਰ ਧਰਮ ਦੀ ਗੱਲ ਰੌਚਕ ਬਿਰਤਾਂਤ ਵਾਲੀ ਤੱਕੜੀ ਨਾਲ ਨਹੀਂ ਤੁਲਦੀ, ਕਿਉਂਕਿ ਧਰਮ ਅਟੁਟ ਯਕੀਨ ਵਾਲੇ ਅਮਲ ਦੀ ਗਵਾਹੀ ਮੰਗਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੌਤ ਅਤੇ ਮੁਸ਼ਕਲ ਵਾਲੀ ਪਰਖ ਤੋਂ ਬਿਨਾ ਯਕੀਨ ਵਾਲੇ ਅਮਲ ਦੀ ਸਚਾਈ ਦਾ ਕੋਈ ਪਤਾ ਨਹੀਂ ਲਗਦਾ। ਇਸ ਕਰਕੇ ਹੀ ਧਰਮ ਦੇ ਨਾਂ ਤੇ ਝੂਠੇ ਡੇਰੇ ਵੀ ਚਲਦੇ ਰਹਿੰਦੇ ਹਨ। ਇਤਿਹਾਸ ਵੀ ਦੁਨੀਆ ਵਿਚ ਜੀਣ ਦਾ ਵੱਡਾ ਆਸਰਾ ਹੈ ਪਰ ਧਰਮ ਮਨੁੱਖ ਨੂੰ ਯਕੀਨ ਨਾਲ ਭਰਦਾ ਹੈ, ਜੋ ਦਿਸਦੇ ਪਾਸਾਰੇ ਤੋਂ ਪਾਰ ਹਸਤੀ ਨੂੰ ਮਹਿਸੂਸ ਕਰਨ ਦਾ ਆਸਰਾ ਹੈ। ਮਾਣਯੋਗ ਇਤਿਹਾਸ ਵੀ ਧਰਮ ਵਰਗੇ ਆਸਰੇ ਬਿਨਾ ਨਾ ਹੀ ਸਿਰਜਿਆ ਜਾਂਦਾ ਏ ਅਤੇ ਨਾ ਹੀ ਸਮਝ ਆਉਂਦਾ ਹੈ। ਇਤਿਹਾਸ ਦੇ ਨਜਰੀਏ ਨਾਲ ਧਰਮ ਨੂੰ ਸਮਝਣਾ ਔਖਾ ਹੁੰਦਾ ਹੈ ਕਿਉਂਕਿ ਧਰਮ ਆਪਣੇ ਜੀਣ ਲਈ ਧਾਰਿਆ ਜਾਂਦਾ ਹੈ ਨਾ ਕਿ ਜਾਣਕਾਰੀ ਹਾਸਲ ਕਰਨ ਜਾਂ ਪੈਦਾ ਕਰਨ ਲਈ। ਧਾਰਮਿਕ ਲੋਕਾਂ ਨੂੰ ਆਪਣੇ ਅਮਲ ਅਤੇ ਯਕੀਨ ਦੇ ਸਬੂਤ ਪੈਦਾ ਕਰਨ ਦੀ ਲੋੜ ਨਹੀਂ ਹੁੰਦੀ ਜਿਵੇਂ ਕਿ ਇਤਿਹਾਸ ਬਣਾਉਣ ਦੇ ਚਾਹਵਾਨ ਲੋਕਾਂ ਨੂੰ ਹੁੰਦੀ ਹੈ। ਧਰਮ ਬਾਨੀਆਂ ਨੇ ਹੀ ਧਰਮ ਦੇ ਨੇਮਾਂ ਅਸੂਲਾਂ ਨੂੰ ਜੀਅ ਕੇ ਦੱਸਣ ਨੂੰ ਪਹਿਲ ਦਿੱਤੀ ਹੈ। ਇਹ ਸਮਝਣ ਵਾਲੀ ਗੱਲ ਹੈ ਕਿ ਓਹਨਾ ਨੇ ਇਤਿਹਾਸ ਲਿਖਣ ਨੂੰ ਪਹਿਲ ਕਿਉਂ ਨਹੀਂ ਦਿੱਤੀ। ਧਾਰਮਿਕ ਲੋਕਾਂ ਦੇ ਉਲਟ ਰਾਜਿਆਂ, ਅਮੀਰਾਂ, ਵਪਾਰੀਆਂ, ਕਲਾਕਾਰਾਂ, ਵਿਦਵਾਨਾਂ ਅਤੇ ਯੋਧਿਆਂ ਆਦਿ ਨੇ ਕਈ ਤਰੀਕਿਆਂ ਨਾਲ ਆਪਣਾ ਨਾਮ ਰੱਖਣ ਦੇ ਜਤਨ ਕੀਤੇ ਹਨ।

ਜੋ ਕੁਝ ਇਤਿਹਾਸ ਵਜੋਂ ਮੰਨਿਆ ਜਾਂਦਾ ਹੈ ਉਹ ਅਦਾਲਤ ਵਿੱਚ ਦਿੱਤੇ ਬਿਆਨ ਵਰਗਾ ਹੁੰਦਾ ਹੈ। ਅਗਲਿਆਂ ਨੇ ਪੜਚੋਲ ਦੇ ਨਾਂ ਤੇ ਸ਼ਹਾਦਤ (ਗਵਾਹੀ) ਅਤੇ ਸ਼ਹੀਦ (ਗਵਾਹ) ਦੀ ਖੱਲ ਲਾਹੁਣੀ ਹੁੰਦੀ ਹੈ। ਉਹ ਗਵਾਹ ਦੇ ਬਿਆਨ ਤੇ ਵੀ ਅਤੇ ਉਹਦੀ ਹਸਤੀ ਤੇ ਵੀ ਸ਼ੱਕ ਕਰਦੇ ਹਨ। ਧਰਮ ਦੀ ਪਰਛਾਵਿਆਂ ਵਜੋਂ ਪੇਸ਼ਕਾਰੀ ਨੂੰ ਇਹ ਪੱਖ ਤੋਂ ਵੀ ਸਮਝਣਾ ਚਾਹੀਦਾ ਹੈ ਕਿ ਜਿਹੜੇ ਲੋਕ ਗੁਰੂ ਸਾਹਿਬ ਅਤੇ ਸ਼ਹੀਦਾਂ ਦੇ ਜੀਵਨ ਨੂੰ ਮਨੁੱਖੀ ਜਾਂ ਬਿਜਲਈ ਪਰਛਾਵਿਆਂ ਦੇ ਰੂਪ ਵਿੱਚ ਸਿੱਖੀ ਦੇ ਸਬੂਤ ਵਜੋਂ ਪੇਸ਼ ਕਰ ਰਹੇ ਹਨ, ਓਹ ਦੋ ਵੱਡੀਆਂ ਗਲਤੀਆਂ ਕਰ ਰਹੇ ਹਨ। ਇਕ ਤਾਂ ਓਹ ਆਪਣੇ ਲਈ ਸਭ ਤੋਂ ਪਵਿੱਤਰ ਨੂੰ ਦੁਨੀਆ ਅੱਗੇ ਬੇਲੋੜੇ ਸਬੂਤਾਂ ਵਾਂਗ ਪੇਸ਼ ਕਰ ਰਹੇ ਹਨ, ਲਿਹਾਜਾ ਦੂਜਿਆਂ ਨੂੰ ਪੜਚੋਲ ਕਰਨ ਜਾਂ ਨਕਾਰਨ ਦਾ ਮੌਕਾ ਦੇ ਕੇ ਬੇਅਦਬੀ ਨੂੰ ਸੱਦਾ ਦੇ ਰਹੇ ਹਨ। ਦੂਜਾ, ਓਹ ਜਿੰਦਗੀ ਵਿੱਚ ਜੋ ਸਭ ਤੋਂ ਕੀਮਤੀ ਹੈ ਉਸਨੂੰ ਹੀ ਮਸ਼ਹੂਰੀ ਜਾਂ ਵੰਨਗੀ ਵਿਖਾਵੇ ਵਜੋਂ ਹੀ ਦੁਨੀਆ ਵਿਚ ਪੇਸ਼ ਕਰ ਰਹੇ ਹਨ। ਫਿਰ ਓਹਨਾ ਦੇ ਪੱਲੇ ਵਿੱਚ ਕੀ ਰਹਿ ਜਾਂਦਾ ਹੈ? ਧਰਮ ਨੂੰ ਮੰਨਣ ਵਾਲੇ ਲੋਕ ਜਾਣਦੇ ਹਨ ਕਿ ਪਵਿੱਤਰਤਾ ਵਿਖਾਈ ਨਹੀਂ ਜਾਂਦੀ, ਲੁਕਾਈ ਜਾਂਦੀ ਹੈ। ਜੋ ਵਿਖਾਇਆ ਜਾਵੇ ਉਹ ਮਸ਼ਹੂਰੀ ਦਾ ਸਾਧਨ ਹੁੰਦਾ ਹੈ। ਮਸ਼ਹੂਰੀ ਦਾ ਕੋਈ ਸਾਧਨ ਵੀ ਧਰਮ ਦੇ ਵਾਧੇ ਦਾ ਸਾਧਨ ਨਹੀਂ ਹੁੰਦਾ ਸਗੋਂ ਆਉਂਦੀ ਪੀੜ੍ਹੀ ਨੂੰ ਧਰਮ ਤੋਂ ਦੂਰ ਲੈ ਜਾਂਦੀ ਹੈ।

ਧਰਮ ਅਤੇ ਆਮ ਇਤਿਹਾਸ ਦੇ ਫਰਕ ਬਾਰੇ ਗੱਲ ਕਰਨ ਤੋਂ ਬਾਅਦ ਧਰਮ ਇਤਿਹਾਸ ਅਤੇ ਆਮ ਇਤਿਹਾਸ ਨੂੰ ਸਾਂਭਣ ਦੀ ਸਮਝ ਅਤੇ ਲੋੜ ਬਾਰੇ ਵੀ ਗੱਲ ਕਰਨੀ ਜਰੂਰੀ ਹੈ।

ਧਰਮ ਇਤਿਹਾਸ ਨੂੰ ਸਾਂਭਣ ਦਾ ਸਵਾਲ

ਪਤਾ ਨਹੀਂ ਕਿਵੇਂ ਇਹ ਮਨੌਤ ਬਹੁਤ ਚਰਚਿਤ ਹੋ ਗਈ ਹੈ ਕਿ ਸਿੱਖ ਇਤਿਹਾਸ ਬਣਾਉਂਦੇ ਹਨ ਪਰ ਸਾਂਭਦੇ ਨਹੀਂ। ਸਾਇਦ ਇਹ ਆਮ ਇਤਿਹਾਸ ਸਾਂਭਣ ਦੇ ਨੁਕਤੇ ਤੋਂ ਕਹੀ ਹੋਈ ਗਲ ਹੈ ਕਿਉਂਕਿ ਧਰਮ ਦਾ ਇਤਿਹਾਸ ਸਾਂਭਣ ਨਾਲੋਂ ਸਿਮਰਿਆ ਵਧੇਰੇ ਜਾਂਦਾ ਹੈ। ਧਰਮ ਇਤਿਹਾਸ ਕੰਧਾਂ ਜਾਂ ਪਰਦਿਆਂ ਤੇ ਨਹੀਂ ਚਿਤਰਿਆ ਜਾਂਦਾ ਸਗੋਂ ਹਿਰਦਿਆਂ ਤੇ ਸ਼ਬਦ ਕਣੀਆਂ ਨਾਲ ਉਤਰਦਾ ਹੈ ਜਿਥੇ ਉਹ ਸਦਾ ਤਾਜਾ, ਧੜਕਦਾ ਅਤੇ ਪਵਿੱਤਰ ਰਹਿੰਦਾ ਹੈ। ਸਿੱਖਾਂ ਤੋਂ ਵੱਧ ਸ਼ਾਇਦ ਕਿਸੇ ਨੇ ਹੀ ਆਪਣੇ ਧਰਮ ਇਤਿਹਾਸ ਨੂੰ ਏਨੇ ਸੁਚਜੇ ਤਰੀਕੇ ਨਾਲ ਸਾਂਭਿਆ ਹੋਵੇ। ਧਰਮ ਇਤਿਹਾਸ ਨੂੰ ਸਿਮਰਨ ਦਾ ਸਿੱਖ ਅਰਦਾਸ ਤੋਂ ਬਿਹਤਰ ਹੋਰ ਕੋਈ ਵੀ ਰੂਪ ਅਤੇ ਤਰੀਕਾ ਦੁਨੀਆ ਵਿਚ ਵੇਖਣ ਨੂੰ ਨਹੀਂ ਮਿਲਦਾ ਹੈ।

ਮਨੁਖ ਨੇ ਆਪਣੇ ਜੀਵਨ ਵਿਚ ਅਸਲ ਵਿਚ ਉਹੀ ਸਾਂਭਿਆ ਹੈ ਜੋ ਉਹਨੇ ਚੇਤੇ ਵਿਚ ਸਾਂਭਿਆ ਹੈ। ਵਿਰਾਸਤ ਵਜੋਂ ਵੀ ਉਹੀ ਸਾਂਭਿਆ ਜਾਂਦਾ ਹੈ ਜੋ ਸ਼ਬਦ ਰੂਪ ਵਿਚ ਸਾਂਭਿਆ ਹੋਵੇ। ਕੋਈ ਸ਼ੈਅ ਵੀ ਸ਼ਬਦ ਨਾਲੋਂ ਵਧੇਰੇ ਚਿਰਜੀਵੀ ਵਿਰਾਸਤ ਨਹੀਂ ਹੋ ਸਕਦੀ। ਸਾਂਭਣ ਅਤੇ ਸਿਮਰਣ ਦਾ ਸ਼ਬਦ ਤੋਂ ਉਤਮ ਹੋਰ ਕੋਈ ਵੀ ਸਾਧਨ ਨਹੀਂ ਹੈ। ਹੀਰੇ ਮੋਤੀ, ਧਨ ਮਾਲ ਸਮੇਤ ਜਹਾਨ ਦੀ ਹਰ ਸ਼ੈਅ ਦੀ ਕੀਮਤ ਹੀ ਮਨੁਖ ਅੰਦਰ ਸ਼ਬਦ ਰੂਪ ਵਿਚ ਵਸੀ ਹੋਈ ਹੈ। ਇਸ ਲਈ ਸ਼ਬਦ ਪਦਾਰਥ ਦੀ ਕੀਮਤ ਵਜੋਂ ਵੀ ਮੂਲ ਹੈ ਅਤੇ ਧਰਮ ਰੂਪ ਵਿਚ ਵੀ। ਸਾਡੇ ਲਈ ਤਾਂ ਸ਼ਬਦ ਰੂਪ ਸਭ ਤੋਂ ਉਤਮ ਅਤੇ ਪਵਿੱਤਰ ਹੈ ਫਿਰ ਧਰਮ ਅਤੇ ਧਰਮ ਇਤਿਹਾਸ ਨੂੰ ਕਿਸੇ ਹੋਰ ਰੂਪ ਵਿਚ ਸਾਂਭਣ ਦਾ ਖਿਆਲ ਵੀ ਸਾਡੇ ਮਨ ਵਿਚ ਕਿਵੇਂ ਆ ਸਕਦਾ ਹੈ?

ਜਿਹੜਾ ਬੰਦਾ ਧਾਰਮਿਕ ਹੈ ਉਹਦੇ ਲਈ ਧਰਮ ਦੇ ਨੇਮਾਂ ਅਸੂਲਾਂ ਨੂੰ ਅਮਲ ਵਿਚ ਧਾਰਨ ਕਰਨਾ ਹੀ ਅਸਲ ਵਿਚ ਉਹਨਾ ਨੂੰ ਸਾਂਭਣ ਹੈ। ਇਹ ਜਰੂਰੀ ਨਹੀਂ ਕਿ ਧਰਮੀ ਬੰਦਾ ਆਮ ਇਤਿਹਾਸ ਸਾਂਭਣ ਦੇ ਤਰੀਕੇ ਬਾਰੇ ਸੁਚੇਤ ਹੋਵੇ ਜਾਂ ਏਦਾਂ ਇਤਿਹਾਸ ਨੂੰ ਸਾਂਭਣਾ ਉਹਦੇ ਲਈ ਮਾਅਨੇ ਵੀ ਰਖਦਾ ਹੋਵੇ। ਸਿੱਖਾਂ ਵਲੋਂ ਇਤਿਹਾਸ ਨੂੰ ਪਦਾਰਥਕ ਰੂਪ ਵਿਚ ਨਾ ਸਾਂਭਣ ਪਿਛੇ ਵੱਡਾ ਕਾਰਨ ਧਾਰਮਿਕ ਭਾਵਨਾ ਹੀ ਹੈ। ਓਹਨਾ ਲਈ ਅਚੇਤ ਰੂਪ ਵਿਚ ਹੀ ਧਰਮ ਦਾ ਨਜ਼ਰੀਆ ਇਤਿਹਾਸ ਦੀ ਪਦਾਰਥਵਾਦੀ ਸਮਝ ਨਾਲੋਂ ਉਪਰ ਹੈ। ਜੋ ਧਰਮ ਅਨੁਸਾਰ ਸੱਚ ਹੈ ਉਹ ਪਵਿਤਰ ਰੂਪ ਵਿਚ ਹੈ ਨਾਕਿ ਇਤਿਹਾਸਕ ਸਬੂਤਾਂ ਵਾਲੇ ਤੱਥ ਰੂਪ ਵਿਚ। ਇਕ ਧਾਰਿਮਕ ਬੰਦੇ ਲਈ ਸੱਚ ਧਰਮ ਦੀ ਪਵਿੱਤਰਤਾ ਅਤੇ ਤਥਗਤ ਇਤਿਹਾਸ ਦੀ ਮਾਨਤਾ ਵਿੱਚ ਬਹੁਤ ਫਰਕ ਹੈ। ਧਰਮ ਅਤੇ ਇਤਿਹਾਸ ਦੇ ਫਰਕ ਨੂੰ ਏਵੇਂ ਵੀ ਜਾਣਿਆ ਜਾ ਸਕਦਾ ਹੈ ਕਿ ਪਵਿੱਤਰਤਾ ਬੰਦੇ ਲਈ ਹਰ ਸਮੇਂ ਹੀ ਆਸਰਾ ਬਣਦੀ ਹੈ ਜਦਕਿ ਤੱਥਾਂ ਸਬੂਤਾਂ ਵਾਲੀ ਜਾਣਕਾਰੀ ਬੰਦੇ ਲਈ ਕਿੰਨੀ ਵੀ ਕੀਮਤੀ ਹੋਵੇ ਆਖਰ ਨੂੰ ਉਹ ਬੋਝ ਬਣ ਜਾਂਦੀ ਹੈ।

ਇਤਿਹਾਸ ਨੂੰ ਸਾਂਭਣ ਦਾ ਸਵਾਲ

ਕਿਸੇ ਵਿਚਾਰ ਨੂੰ ਪਰਚਾਰਨਾ ਉਹਨੂੰ ਸਾਂਭਣਾ ਹੀ ਹੁੰਦਾ ਹੈ ਪਰ ਧਰਮ ਅਸੂਲਾਂ ਨੂੰ ਜੀਅ ਕੇ ਪਰਚਾਰਨਾ ਜਾਂ ਉਹਦੇ ਬਾਰੇ ਇਤਿਹਾਸ ਵਜੋਂ ਜਾਣੂ ਕਰਾਉਣਾ ਦੋ ਵੱਖਰੇ ਵਰਤਾਰੇ ਹਨ। ਧਰਮ ਨੂੰ ਆਮ ਇਤਿਹਾਸ ਵਜੋ ਪੇਸ਼ ਕਰਨ ਵਾਲੇ ਲੋਕ ਜਾਂ ਤਾਂ ਧਰਮ ਅਤੇ ਇਤਿਹਾਸ ਦੇ ਫਰਕ ਨੂੰ ਨਹੀਂ ਸਮਝਦੇ ਜਾਂ ਓਹ ਉਹਨੂੰ ਉਲੰਘਣਾ ਚਾਹੁੰਦੇ ਹਨ। ਓਹ ਲੋਕ ਆਪਣੇ ਆਪ ਨੂੰ ਕੁਝ ਵੀ ਸਮਝਣ ਜਾਂ ਦੱਸਣ, ਪਰ ਓਹਨਾ ਦੀ ਧਰਮ ਅਤੇ ਸਮੁਚੀ ਜਿੰਦਗੀ ਬਾਰੇ ਅਸਲ ਸਮਝ ਦੁਨੀਆ ਦੀ ਮੁਖਧਾਰਾ ਵਾਲੀ (ਆਮ ਇਤਿਹਾਸ ਵਿਧੀ ਵਾਲੀ) ਹੀ ਹੁੰਦੀ ਹੈ। ਏਦਾਂ ਦੀ ਸਮਝ ਤੋਂ ਬਿਨਾ ਸੰਭਵ ਨਹੀਂ ਹੈ ਕਿ ਬੰਦਾ ਪਵਿੱਤਰ ਅਤੇ ਇਤਿਹਾਸਕ ਵਿਚਲੇ ਫਰਕ ਨੂੰ ਭੁੱਲ ਜਾਵੇ ਜਾਂ ਉਲੰਘ ਦੇਵੇ।

ਜਦੋਂ ਕੋਈ ਬੰਦਾ ਆਪਣੇ ਧਰਮ ਨੂੰ ਹੀ ਆਮ ਇਤਿਹਾਸ ਵਜੋਂ ਜਾਨਣ ਦੀ ਕੋਸ਼ਿਸ ਕਰਦਾ ਹੈ ਤਾਂ ਧਰਮ ਉਹਦੇ ਲਈ ਜਿੰਦਗੀ ਧੁਰਾ ਨਹੀਂ ਹੁੰਦਾ ਸਗੋਂ ਇਕ ਵਿਸ਼ਾ ਬਣਦਾ ਹੈ, ਜੋ ਇਤਿਹਾਸ ਦੇ ਨੇਮਾਂ ਅਧੀਨ ਹੀ ਲਿਖਿਆ ਅਤੇ ਪੜ੍ਹਿਆ ਜਾਂਦਾ ਹੈ। ਇਤਿਹਾਸ ਬਾਰੇ ਜੋ ਦੁਨੀਆ ਦੀ ਸਮਝ ਹੁੰਦੀ ਹੈ ਫਿਰ ਉਹੀ ਸਮਝ ਉਹਦੀ ਧਰਮ ਦੀ ਭਾਵਨਾ ਤੇ ਅਸਰ ਪਾਉਂਦੀ ਹੈ। ਇਹ ਚੱਕਰ ਵਿੱਚ ਪਏ ਲੋਕ ਆਪਣੀ ਧਾਰਮਿਕ ਪਛਾਣ ਬਾਰੇ ਸੁਚੇਤ ਹੁੰਦੇ ਹੋਏ ਵੀ ਜਾਣੇ/ਅਣਜਾਣੇ ਦੁਨੀਆ ਦੀ ਸਮਝ ਦੇ ਮੇਚ ਆਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਸਿੱਖ ਕਹਾਉਣ ਵਾਲੇ ਲੋਕਾਂ ਦਾ ਆਪਣੀ ਪਛਾਣ ਬਚਾਉਣ ਜਾਂ ਬਣਾਉਣ ਲਈ ਪਰਛਾਵਿਆਂ ਵੱਲ ਉਲਰਣਾ ਇਸੇ ਸਮਝ ਦਾ ਅਸਲੀ ਨਮੂਨਾ ਹੈ।

ਆਪਣਾ ਇਤਿਹਾਸ ਬੰਦਾ ਆਪਣੇ ਸਿੱਖਣ ਲਈ ਪੜ੍ਹਦਾ ਹੈ ਤਾਂਕਿ ਉਹ ਭਵਿੱਖ ਲਈ ਕੋਈ ਸੇਧ ਲੈ ਸਕੇ ਪਰ ਕੋਈ ਆਪਣਾ ਇਤਿਹਾਸ ਦੂਜਿਆਂ ਨੂੰ ਕਿਉਂ ਪੜ੍ਹਾਉਣਾ ਜਾਂ ਜਣਾਉਣਾ ਚਾਹੁੰਦਾ ਹੈ? ਉਤਰ ਵਜੋ ਇਹੋ ਸਮਝ ਆਉਂਦਾ ਹੈ ਕਿ ਦੂਜਿਆਂ ਨੂੰ ਆਪਣੇ ਇਤਿਹਾਸ ਬਾਰੇ ਜਾਣੂ ਕਰਾਉਣ ਦੇ ਤਿੰਨ ਕੁ ਕਾਰਨ ਬਣਦੇ ਹਨ ਪਹਿਲਾ, ਜੇਤੂ ਹੋਣ ਦੀ ਹਾਲਤ ਵਿੱਚ ਦੂਜਿਆਂ ਤੇ ਆਪਣੇ ਇਤਿਹਾਸ ਦਾ ਦਾਬਾ ਪਾਉਣਾ, ਦੂਜਾ ਆਪਣੀ ਕਮਜੋਰ ਹੋਣ ਦੀ ਹਾਲਤ ਵਿੱਚ ਦੂਜਿਆਂ ਤੋਂ ਮਦਦ ਲੈਣ ਲਈ ਤਰਲਾ ਕਰਨਾ ਅਤੇ ਤੀਜਾ ਵਰਤਮਾਨ ਦੀਆਂ ਔਕੜਾਂ ਤੋਂ ਬਚਣ ਖਾਤਰ ਇਤਿਹਾਸ ਵਿਚ ਰੁਝ ਜਾਣਾ। ਪਰਛਾਵਿਆਂ ਦੀ ਨਵੀਂ ਤਕਨੀਕ ਦਾ ਰੌਲ਼ਾ ਪਾ ਕੇ ਸਾਡੇ ਲੋਕ ਕਿਹੜੇ ਕੰਮ ਲੱਗੇ ਹਨ, ਸਮਝਣਾ ਚਾਹੀਦਾ ਹੈ। ਭਾਵੇਂ ਕੁਝ ਲੋਕ ਬਹੁਤ ਇਮਾਨਦਾਰੀ ਨਾਲ ਪਰਛਾਵੇ ਰੂਪ ਵਿੱਚ ਸਭ ਕੁਝ ਨੂੰ ਸਾਂਭਣ ਦੀ ਇੱਛਾ ਕਰ ਰਹੇ ਹਨ ਪਰ ਸ਼ਾਇਦ ਓਹ ਧਰਮ, ਧਰਮ ਇਤਿਹਾਸ ਅਤੇ ਇਤਿਹਾਸ ਦੇ ਮੂਲ ਫਰਕ ਨੂੰ ਨਹੀਂ ਸਮਝ ਰਹੇ ਅਤੇ ਨਾ ਹੀ ਸੋਚ ਰਹੇ ਹਨ ਕਿ ਕੀ ਸਾਂਭਣਾ ਚਾਹੀਦਾ ਹੈ ਅਤੇ ਕਿਸ ਰੂਪ ਵਿਚ? ਧਰਮ ਬਾਰੇ ਅਮਲੀ ਸਮਝ ਦਾ ਫਰਕ ਹੀ ਹੈ ਜੋ ਸਿੱਖਾਂ ਅੰਦਰ ਪਰਛਾਵਿਆਂ ਬਾਰੇ ਵੱਖਰੀਆਂ ਵੱਖਰੀਆਂ ਰਾਵਾਂ ਦੀ ਟੇਕ ਬਣ ਰਿਹਾ ਹੈ। ਇਹ ਰਾਵਾਂ ਵੀ ਵੇਖਣੀਆਂ ਚਾਹੀਦੀਆਂ ਹਨ।

ਪਰਛਾਵਿਆਂ ਬਾਰੇ ਵਿਚਾਰਾਂ ਦੀ ਟੇਕ

ਮਨੁੱਖ ਅਸਲ ਵਿਚ ਇਕ ਵੇਲੇ ਇਕੋ ਵਿਚਾਰ ਅਨੁਸਾਰ ਜਿੰਦਗੀ ਅਤੇ ਦੁਨੀਆ ਨੂੰ ਸਮਝਦਾ ਹੈ। ਪਰਛਾਵਿਆਂ ਦਾ ਜਿਕਰ ਛਿੜਣ ਨਾਲ ਅਚੇਤ ਰੂਪ ਵਿੱਚ ਹੀ ਸਿੱਖਾਂ ਦੀ ਖਾਨਾਵੰਡ ਜਿਹੀ ਹੋ ਗਈ ਹੈ। ਇਹ ਵੰਡ ਧਰਮ, ਧਰਮ ਇਤਿਹਾਸ ਅਤੇ ਆਮ ਇਤਿਹਾਸ ਦੇ ਪਰਸੰਗ ਨਾਲ ਸਿੱਖਾਂ ਦੀ ਰਾਇ ਨੂੰ ਵੇਖਣ ਲਈ ਬੜੀ ਢੁਕਵੀ ਹੈ:

ਸਿੱਖਾਂ ਵਜੋਂ ਦੁਨੀਆ ਨਾਲ ਰਲਣ ਵਾਲਿਆਂ ਦਾ ਪੱਕਾ ਯਕੀਨ ਹੈ ਕਿ ਜੇ ਨਵੀਂ ਤਕਨੀਕ ਨਾ ਅਪਣਾਈ ਤਾਂ ਅਸੀਂ ਪਛੜ ਜਾਵਾਂਗਾ। ਆਮ ਇਤਿਹਾਸਕ (ਦੁਨਿਆਵੀ) ਸਮਝ ਅਨੁਸਾਰ ਇਹ ਗੱਲ ਸਹੀ ਜਾਪਦੀ ਹੈ।
ਜਿਹੜੇ ਲੋਕ ਗੁਰੂ ਸਾਹਿਬਾਨ, ਓਹਨਾ ਦੇ ਪਰਿਵਾਰ ਅਤੇ ਸ਼ਹੀਦਾਂ ਤੋਂ ਬਿਨਾ ਬਾਕੀ ਇਤਿਹਾਸ ਨੂੰ ਪਰਛਾਵਣ ਲਈ ਰਾਜੀ ਹਨ। ਓਹ ਲੋਕ ਧਰਮ ਇਤਿਹਾਸ ਦੇ ਥੜੇ ਤੇ ਖੜ੍ਹ ਕੇ ਜਿੰਦਗੀ ਨੂੰ ਵੇਖ ਰਹੇ ਹਨ।
ਜਿਹੜੇ ਲੋਕਾਂ ਲਈ ਸਭ ਪਰਛਾਵੇਂ ਭਟਕਣ ਮਾਤਰ ਹਨ, ਓਹ ਲੋਕ ਧਰਮ ਦੀ ਨਜਰ ਤੋਂ ਜਿੰਦਗੀ ਅਤੇ ਦੁਨੀਆ ਨੂੰ ਵੇਖ ਰਹੇ ਹਨ।

ਕੋਈ ਸਿੱਖ ਜਿਥੇ ਵੀ ਖੜ੍ਹਕੇ ਪਰਛਾਵਿਆਂ ਦੇ ਹੱਕ/ਵਿਰੋਧ ਵਿੱਚ ਹੈ ਉਹਨੂੰ ਦੂਜਿਆਂ ਦੀ ਹਾਲਤ ਨੂੰ ਠੀਕ ਕਰਨ ਜਾਂ ਆਪਣੀ ਰਾਇ ਮਨਵਾਉਣ ਤੋਂ ਪਹਿਲਾਂ ਆਪਣੀ ਥਾਂ ਪਰਖ ਲੈਣੀ ਚਾਹੀਦੀ ਹੈ ਕਿ ਕੀ ਜਿੰਦਗੀ ਵਿੱਚ ਉਹ ਸਚਮੁਚ ਉਥੇ ਖੜ੍ਹਾ ਹੈ ਜਿਥੇ ਖੜ੍ਹ ਕੇ ਪਰਛਾਵਿਆਂ ਬਾਰੇ ਰਾਇ ਦੇ ਰਿਹਾ ਹੈ? ਪਰਛਾਵੇਂ ਕੋਈ ਸਧਾਰਨ ਸ਼ੈਅ ਨਹੀਂ ਹਨ। ਏਹ ਸਿਰਫ ਧੜੇਬੰਦੀ, ਰਾਜਨੀਤੀ ਦਾ ਮੁੱਦਾ ਜਾਂ ਦੁਸ਼ਮਣ ਦੀ ਚਾਲ ਵਰਗੀ ਗੱਲ ਨਹੀਂ ਹਨ। ਜਿਹੜੇ ਲੋਕ ਪੋਲੇ ਪੈਰੀਂ ਏਹਨਾ ਦਾ ਵਿਰੋਧ ਕਰਨਗੇ ਪਰਛਾਵੇਂ ਓਹਨਾ ਦੇ ਯਕੀਨ ਵਿਚਲੀਆਂ ਮੋਰੀਆਂ ਥਾਣੀਂ ਓਹਨਾ ਦੇ ਅੰਦਰ ਉਤਰ ਜਾਣਗੇ। ਦੁਨੀਆ ਦੀ ਮੁੱਖਧਾਰਾ ਵਿਚ ਰਲਣ ਦੀ ਇਛਾ ਵਾਲੇ ਲੋਕ ਪਰਛਾਵਿਆਂ ਤੋਂ ਪਿੱਛਾ ਨਹੀਂ ਛੁਡਾ ਸਕਣਗੇ। ਦੁਨੀਆ ਨਾਲ ਰਲਣ ਦੀ ਕੋਸ਼ਿਸ਼ ਸਿੱਖਾਂ ਨੇ ਪਹਿਲਾਂ ਵੀ ਕੀਤੀ ਹੈ। ਨਵੀਂ ਕੋਸ਼ਿਸ਼ ਕਰਨ ਤੋਂ ਪਹਿਲਾਂ ਪੁਰਾਣੇ ਤਜਰਬਿਆਂ ਬਾਰੇ ਵੀ ਜਾਣਨਾ ਚਾਹੀਦਾ ਹੈ ਅਤੇ ਏਹਨਾ ਨੂੰ ਧਰਮ ਅਤੇ ਆਮ ਇਤਿਹਾਸ ਦੇ ਫਰਕ ਨਾਲ ਵੀ ਜੋੜ ਕੇ ਵੇਖਣਾ ਚਾਹੀਦਾ ਹੈ।

ਦੁਨੀਆ ਨਾਲ ਰਲਣ ਦੀ ਤਾਂਘ

ਕੋਈ ਬੰਦਾ ਆਪਣੇ ਵਰਤਮਾਨ ਨੂੰ ਹੋਰਾਂ ਦੀ ਰੀਸੇ ਵੇਖਦਾ ਹੈ ਜਾਂ ਆਪਣੇ ਹਿਸਾਬ ਨਾਲ, ਇਥੋਂ ਹੀ ਬਹੁਤ ਕੁਝ ਤੈਅ ਹੋ ਜਾਂਦਾ ਹੈ। ਜੋ ਲੋਕ ਹੋਰਾਂ ਦੇ ਤਰੀਕੇ ਨਾਲ ਆਪਣੀਆਂ ਮੁਸ਼ਕਲਾਂ ਹੱਲ ਕਰਨਾ ਚਾਹੁੰਦੇ ਹਨ, ਓਹਨਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਰੂਰੀ ਨਹੀਂ ਕਿ ਦੋਵਾਂ ਥਾਵਾਂ ਤੇ ਮੁਸ਼ਕਲਾਂ ਇਕੋ ਜਿਹੀਆਂ ਹੋਣ ਜਾਂ ਦੋਵਾਂ ਦੇ ਹੱਲ ਦੇ ਤਰੀਕੇ ਅਤੇ ਰਾਹ ਵੀ ਇਕੋ ਜਿਹੇ ਹੀ ਹੋਣ। ਇਸ ਲਈ ਵੇਖਣਾ ਬਣਦਾ ਹੈ ਕਿ ਸਿੱਖਾਂ ਨੇ ਦੁਨੀਆ ਦੀ ਰੀਸੇ ਆਪਣੀਆਂ ਮੁਸ਼ਕਲਾਂ ਹੱਲ ਕਰਨ ਦਾ ਜੋ ਰਾਹ ਪਹਿਲਾਂ ਅਪਣਾਇਆ ਸੀ ਉਹਦੇ ਨਤੀਜੇ ਕੀ ਰਹੇ?

ੳ. ਇਕ ਸਦੀ ਪਹਿਲਾਂ ਸਨਾਤਨੀ ਮੱਤ ਵਾਲੇ ਡੇਰਿਆਂ ਨੂੰ ਨੁਕਸਦਾਰ ਮੰਨ ਕੇ ਪੰਥ ਦੀ ਚੜ੍ਹਦੀ ਕਲਾ ਲਈ ਇਸਾਈਆਂ ਵਾਂਗ ਪਰਚਾਰਕ ਪੈਦਾ ਕਰਨ ਦੇ ਕੇਂਦਰ ਖੋਹਲੇ ਗਏ। ਅੱਧੀ ਜਾਂ ਪੌਣੀ ਸਦੀ ਬਾਅਦ ਵੀ ਲੇਖਾ ਨਹੀਂ ਹੋਇਆ ਕਿ ਜਿਸ ਆਸੇ ਨੂੰ ਮੁਖ ਰੱਖ ਕੇ ਇਹ ਸ਼ੁਰੂ ਕੀਤੇ ਸਨ ਕੀ ਉਹ ਨਤੀਜੇ ਨਿਕਲੇ ਜਾਂ ਕੁਝ ਘੱਟ ਵਧ। ਜਿਹੜੇ ਲੋਕ ਇਕ ਸਦੀ ਪਹਿਲਾਂ ਸਿੱਖੀ ਦੇ ਮੋਕਲੇ ਘੇਰੇ ਵਿਚ ਆਉਂਦੇ ਸਨ ਅੱਜ ਓਹ ਵੀ ਈਸਾਈ, ਮੁਸਲਮ ਜਾਂ ਹੋਰ ਪਛਾਣ ਧਾਰਨ ਕਰ ਗਏ ਹਨ। ਨਵੀਂ ਪਰਚਾਰ ਵਿਧੀ ਦੇ ਬਾਵਜੂਦ ਬਿਪਰਵਾਦੀ ਡੇਰੇ ਕਈ ਗੁਣਾ ਵਧੇ ਹਨ।

ਅ. ਜੇ ਆਮ ਇਤਿਹਾਸ ਦੀ ਨਜਰ ਤੋਂ ਵੀ ਵੇਖਣਾ ਹੋਵੇ ਤਾਂ ਪਿਛਲੇ ਸਵਾ ਸੌ ਸਾਲ ਵਿਚ ਅਕਾਦਮਿਕ ਤੌਰ ਤੇ ਇਤਿਹਾਸਕ ਅਤੇ ਸਿਧਾਂਤਕ ਲਿਖਤਾਂ ਦੇ ਮਾਮਲੇ ਵਿੱਚ ਅਸੀਂ ਦੁਨੀਆ ਦੇ ਤਰੀਕੇ ਨਾਲ ਦੁਨੀਆ ਦਾ ਕਿੰਨਾ ਕੁ ਮੁਕਾਬਲਾ ਕੀਤਾ ਹੈ? ਸਾਡੇ ਕੋਲ ਇਕੋ ਮਹਾਰਾਜੇ ਦਾ ਇਤਿਹਾਸ ਹੈ, ਹਾਲੇ ਤੱਕ ਉਹਦੇ ਦਰਬਾਰ ਦੇ ਰੋਜਨਾਮਚੇ ਵੀ ਸਾਂਭੇ ਨਹੀਂ ਗਏ। ਮਹਾਰਾਜਾ ਰਣਜੀਤ ਸਿੰਘ ਬਾਰੇ ਅੱਜ ਤੱਕ ਵੀ ਸਭ ਤੋਂ ਸੱਚੀ ਜਾਣਕਾਰੀ ਅੰਗਰੇਜਾਂ ਦੇ ਖੋਜ ਕਥਨਾਂ ਤੇ ਖੜ੍ਹੀ ਹੈ। ਪਿਛਲੇ ਸੌ ਸਾਲ ਵਿੱਚ ਅਸੀਂ ਆਪਣੇ ਪੁਰਾਣੇ ਗਰੰਥਾਂ ਵਿਚਲੀ ਚੰਗੀ ਜਾਣਕਾਰੀ ਨਾਲੋਂ ਬੁਰੀਆਂ ਗੱਲਾਂ ਵਧੇਰੇ ਪਤਾ ਕੀਤੀਆਂ ਹਨ। ਇਸ ਕਰਕੇ ਹੀ 1984 ਵਿੱਚ ਖੂਨ ਡੁੱਲਣ ਤੋਂ ਬਾਅਦ ਜਦੋਂ ਬਹੁਤੇ ਸਿੱਖ ਬੱਚਿਆਂ ਦੀਆਂ ਅੱਖਾਂ ਖੁੱਲ੍ਹੀਆਂ ਤਾਂ ਉਹਨਾਂ ਨੂੰ ਵੀ ਖੁਸ਼ਵੰਤ ਸਿੰਘ ਵਰਗਿਆਂ ਦਾ ਸੰਸਾਰੀ ਬਿਰਤੀ ਨਾਲ ਲਿਖਿਆ ਇਤਿਹਾਸ ਹੀ ਪੜ੍ਹਣਾ ਪਿਆ।

ਇਤਿਹਾਸ ਬਾਰੇ ਅਜੇ ਤੱਕ ਜੋ ਵੀ ਲਿਖਿਆ ਮਿਲਦਾ ਹੈ ਉਹਦਾ ਵੱਡਾ ਹਿੱਸਾ ਗੈਰਾਂ ਨੇ ਲਿਖਿਆ ਹੈ ਜਾਂ ਗੈਰ ਸਿੱਖ ਨਜਰੀਏ ਨਾਲ ਲਿਖਿਆ ਹੋਇਆ ਹੈ। ਅੱਜ ਤੱਕ ਸਿੱਖਾਂ ਬਾਰੇ ਦੁਨੀਆ ਅੰਦਰ ਅਸਿੱਖ ਨਜਰੀਏ ਤੋਂ ਲਿਖੇ ਹੋਏ ਇਤਿਹਾਸ ਅਤੇ ਸਿਧਾਂਤ ਦੀ ਮਾਨਤਾ ਵਧੇਰੇ ਹੈ। ਜੋ ਪੰਜਾਬ ਜਾਂ ਸਿੱਖੀ ਨਾਲ ਸਬੰਧਤ ਸਾਹਿਤ ਰੂਪ ਵਿੱਚ ਲਿਖਿਆ ਗਿਆ ਹੈ ਉਹ ਵੀ ਲਗਭਗ ਸਾਰਾ ਅਸਿਖ ਨਜਰੀਏ ਤੋਂ ਲਿਖਿਆ ਹੋਇਆ ਹੈ। ਸਾਡੇ ਕੋਲ ਜੋ ਕੁਝ ਆਪਣਾ ਹੈ ਉਹ ਕੁਝ ਪੁਰਾਤਨ ਗਰੰਥ ਹਨ, ਜਿਨ੍ਹਾਂ ਦੀ ਅਲੋਚਨਾ/ਨਿੰਦਿਆ ਅਸੀਂ ਪਹਿਲਾਂ ਹੀ ਕਰ ਰਹੇ ਹਾਂ। ਮਨੋਰੰਜਨ ਲਈ ਜਾਂ ਪਰਚਾਰ ਲਈ ਧਰਮ ਇਤਿਹਾਸ ਦੇ ਜਿਹੜੇ ਸਰੋਤ ਵਰਤੇ ਜਾਣਗੇ ਉਹ ਵੀ ਇਹੋ ਲਿਖਤਾਂ ਹੋਣਗੀਆਂ।

ਪਿਛਲੇ ਤਜਰਬੇ ਦੇ ਹਿਸਾਬ ਨਾਲ ਵੇਖੀਏ ਤਾਂ ਜੇ ਪਰਛਾਵੇਕਾਰੀ ਦਾ ਰਾਹ ਤੁਰਿਆ ਤਾਂ ਸਾਡਾ ਧਰਮ ਇਤਿਹਾਸ ਸਾਨੂੰ ਹੋਰ ਵੀ ਬੁਰੇ ਤਰੀਕੇ ਨਾਲ ਵੇਖਣ ਸੁਣਨ ਨੂੰ ਮਿਲੇਗਾ। ਇਹਦੀ ਵਰਤਮਾਨ ਮਿਸਾਲ ਵੀ ਹੈ। ਵਰਤਮਾਨ ਇਤਿਹਾਸ ਦੇ ਸ਼ਹੀਦਾਂ ਲਈ ਅਕਾਲ ਤਖਤ ਸਾਹਿਬ ਉਤੇ ਉਹਨਾਂ ਦੇ ਨਾਮ ਦੀ ਅਰਦਾਸ ਸਾਲ ਵਿਚ ਤਿੰਨ ਵਾਰ ਹੀ ਹੁੰਦੀ ਹੈ। ਉਹਨਾਂ ਤਿੰਨਾਂ ਮੌਕਿਆਂ ਦੇ ਸ਼ਹੀਦਾਂ ਨੂੰ ਹੀ ਪਰਛਾਵੇ ਬਣਾ ਲਿਆ ਗਿਆ। ਜਿਹੜੇ ਲੋਕਾਂ ਨੇ ਦੁਨੀਆ ਦੀ ਰੀਸੇ ਇਹ ਪਰਛਾਵੇ ਬਣਾਉਣ ਦੀ ਕਾਹਲ ਅਤੇ ਕੁਤਾਹੀ ਕੀਤੀ ਹੈ ਓਹਨਾ ਨੂੰ ਧਰਮ ਦੇ ਨੇਮਾਂ ਅਤੇ ਧਰਮ ਇਤਿਹਾਸ ਵਿਚਲੇ ਫਰਕ ਦੀ ਸਮਝ ਜਾਂ ਲੋੜ ਨਹੀਂ ਸੀ। ਓਹਨਾ ਨੇ ਸਾਇਦ ਇਹ ਸੋਚਿਆ ਹੀ ਨਹੀਂ ਕਿ ਅਸੀਂ ਦੁਨੀਆ ਨਾਲ ਰਲਣ ਵਾਸਤੇ ਮਨੋਰੰਜਨ ਦਾ ਰਾਹ ਫੜ ਰਹੇ ਹਾਂ ਅਤੇ ਧਰਮ ਨੂੰ ਮਨੋਰੰਜਨ ਦਾ ਸਾਧਨ ਬਣਾ ਰਹੇ ਹਾਂ। ਧਰਮ ਦੀ ਇਸ ਤੋਂ ਵੱਧ ਬੇਅਦਬੀ ਹੋਰ ਕੀ ਹੋ ਸਕਦੀ ਹੈ? ਕੌਣ ਨਹੀਂ ਜਾਣਦਾ ਕਿ ਮਨੋਰੰਜਨ ਅਜੋਕੇ ਵੇਲੇ ਵਪਾਰਕ ਮੁਨਾਫੇ ਦਾ ਵੱਡਾ ਸਾਧਨ ਹੈ। ਕੀ ਪਰਛਾਵਿਆਂ ਦੀ ਖੇਡ ਖੇਡਣ ਵਾਲੇ ਜਾਣਦੇ ਨਹੀਂ ਕਿ ਮਨੋਰੰਜਨ ਦੇ ਨੇਮ ਅਸੂਲ ਕੀ ਹਨ, ਉਹ ਸਾਡੇ ਧਰਮ ਨਾਲ ਕਿਵੇਂ ਮੇਲ ਖਾਣਗੇ? ਇਹ ਤਰੀਕੇ ਨਾਲ ਧਰਮ ਪਰਚਾਰ ਜਾਂ ਇਤਿਹਾਸ ਵਿਰਾਸਤ ਸਾਂਭਣਾ ਤਾਂ ਦੂਰ, ਦੁਨੀਆਵੀ ਪੱਖ ਤੋਂ ਵੀ ਆਪਣੀ ਪਛਾਣ ਦਾ ਕੁਝ ਨਹੀਂ ਸੌਰਨਾ, ਸਿਵਾਏ ਆਪਣੇ ਧਰਮ ਇਤਿਹਾਸ ਨੂੰ ਕੌਡੀਆਂ ਘਟੇ ਰੋਲਣ ਦੇ।

ਜਦ ਧਰਮ ਅਤੇ ਆਮ ਇਤਿਹਾਸ ਦੇ ਫਰਕ ਨੂੰ ਅਮਲੀ ਰੂਪ ਵਿਚ ਨਿਖੇੜਣਾ ਹੈ ਤਾਂ ਮਨੋਰੰਜਨ ਨੂੰ ਧਰਮ ਦੇ ਪੱਖ ਤੋਂ ਜਾਨਣਾ ਬਹੁਤ ਜਰੂਰੀ ਹੈ ਕਿਉਂਕਿ ਪਰਛਾਵੇਂ ਅਸਲ ਵਿਚ ਮਨੋਰੰਜਨ ਦਾ ਹੀ ਹਿੱਸਾ ਹਨ। ਜੇ ਮਨੋਰੰਜਨ ਬਾਰੇ ਸਹੀ ਸਮਝ ਨਾ ਬਣੇ ਤਾਂ ਇਹ ਗੱਲ ਸਮਝ ਨਹੀਂ ਪੈਣੀ ਕਿ ਸਿੱਖੀ ਵਿਚ ਪਰਛਾਵਿਆਂ ਦੀ ਕੀ ਥਾਂ ਹੈ।

ਮਨੋਰੰਜਨ ਅਤੇ ਧਰਮ

ਮਨੁਖੀ ਰੁਚੀਆਂ ਨੂੰ ਮਨੋਰੰਜਨ ਰਾਹੀਂ ਕਾਬੂ ਕਰਨਾ ਚਿਰਾਂ ਤੋਂ ਹਕੂਮਤਾਂ ਅਤੇ ਵਪਾਰੀਆਂ ਦਾ ਜਾਦੂਵਾੜਾ ਰਿਹਾ ਹੈ ਜਿਥੋਂ ਬੰਦੇ ਡੰਗਰ ਬਣ ਬਣ ਨਿਕਲਦੇ ਹਨ ਭਾਵੇਂ ਵੜਣ ਵੇਲੇ ਬੰਦੇ ਈ ਹੋਣ। ਪਹਿਲਾਂ ਮਨੋਰੰਜਨ ਦਾ ਅਖਾੜਾ ਵਸੋਂ ਤੋਂ ਦੂਰ ਲਗਦਾ ਸੀ ਫਿਰ ਸੱਥਾਂ ਵਿਚ ਆਇਆ। ਬਿਜਲਈ ਤਕਨੀਕ ਦੇ ਆਉਣ ਨਾਲ ਇਹ ਵਾੜਾ ਹੋਰ ਵੀ ਵੱਡਾ ਤੇ ਲੁਭਾਉ ਹੋ ਕੇ ਘਰ ਘਰ ਪਹੁੰਚ ਗਿਆ, ਹੁਣ ਇਹ ਸਭ ਦੇ ਹੱਥਾਂ ਵਿਚ ਹੈ ਪਰ ਇਕ ਤਰ੍ਹਾਂ ਨਾਲ ਸਭ ਕੁਝ ਇਹਦੇ ਹੱਥ ਚ ਹੈ। ਮਨੋਰੰਜਨ ਦੀ ਵਧਦੀ ਤਾਕਤ ਦੇ ਬਾਵਜੂਦ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਵਾੜੇ ਵਿਚ ਧਰਮ ਦਾ ਮਜਾਕ ਤਾਂ ਉਡਾਇਆ ਜਾ ਸਕਦਾ ਹੈ ਪਰ ਪਰਚਾਰ ਸੰਭਵ ਨਹੀਂ ਹੈ।

ਧਰਮ ਸੱਚ ਅਤੇ ਪਵਿੱਤਰ ਰੂਪ ਮੰਨਿਆ ਜਾਂਦਾ ਹੈ ਪਰ ਮਨੋਰੰਜਨ ਦੀ ਸਚਾਈ ਹੀ ਸਚਾਈ ਨੂੰ ਭੁੱਲ ਜਾਣ ਵਿਚ ਹੈ।ਮਨੋਰੰਜਨ ਕਿਸੇ ਵੀ ਮੁਸ਼ਕਲ ਦਾ ਹੱਲ ਨਹੀਂ ਦਿੰਦਾ ਪਰ ਬੰਦੇ ਨੂੰ ਇਕ ਵਾਰ ਮੁਸ਼ਕਲ ਭੁਲਾਅ ਜਰੂਰ ਦਿੰਦਾ ਹੈ। ਮਨੋਰੰਜਨ ਮਨੁਖ ਦੀ ਸਦੀਵੀ ਲੋੜ ਹੈ ਪਰ ਇਸ ਵਿਚ ਕਦੇ ਵੀ ਪਵਿੱਤਰਤਾ ਅਤੇ ਸਤਿਕਾਰ ਲਈ ਥਾਂ ਨਹੀਂ ਹੁੰਦੀ। ਬਿਜਲ ਪਰਛਾਵੇਂ ਮੂਲ ਰੂਪ ਵਿੱਚ ਮਨੋਰੰਜਨ ਦਾ ਹਿੱਸਾ ਹਨ। ਜਿਹੜੇ ਲੋਕ ਆਪਣੇ ਧਰਮ ਨੂੰ ਮਨੋਰੰਜਨ ਦੇ ਰੂਪ ਵਿੱਚ ਪੇਸ਼ ਕਰਦੇ ਹਨ, ਓਹ ਨਾ ਸਿਰਫ ਪਵਿੱਤਰਤਾ ਅਤੇ ਸਤਿਕਾਰ ਤੋਂ ਖੁੰਝਦੇ ਹਨ ਸਗੋਂ ਮਨੋਰੰਜਨ ਦਾ ਰਾਹ ਵੀ ਗੁਆ ਲੈਂਦੇ ਹਨ। ਜਿਹੜੇ ਅਗਾਂਹਵਧੂ ਸਮਝ ਅਤੇ ਸਮਰੱਥਾ ਵਾਲੇ ਸਿੱਖ ਜਿੰਦਗੀ ਨੂੰ ਪਦਾਰਥਵਾਦੀ ਨਜਰ ਤੋਂ ਵੇਖ ਰਹੇ ਹਨ ਓਹਨਾ ਨੂੰ ਲਗਦਾ ਹੈ ਕਿ ਵੇਲਾ ਖੁੰਝ ਰਿਹਾ ਹੈ, ਅਸੀਂ ਪਹਿਲਾਂ ਹੀ ਬਹੁਤ ਪਿਛੇ ਹਾਂ। ਇਸ ਕਰਕੇ ਓਹਨਾ ਨੂੰ ਦੁਨੀਆ ਦੀ ਚਾਲ ਨਾਲ ਰਲਕੇ ਸਿੱਖਾਂ ਦੀ ਵੱਖਰੀ ਚਾਲ ਸਿੱਧ ਕਰਨ ਦੀ ਕਾਹਲ਼ ਹੈ। ਓਹ ਧਰਮ ਨੂੰ ਸੌਖਾ ਅਤੇ ਮਨੋਰੰਜਕ ਬਣਾ ਕੇ ਪੇਸ਼ ਕਰਨ ਦੇ ਜੋਸ਼ ਅਤੇ ਕਾਹਲ਼ ਵਿਚ ਧਰਮ ਦਾ ਅਸਲੀ ਪੱਖ ਭੁਲ ਰਹੇ ਹਨ। ਇਹ ਭੁਲ ਕਾਰਨ ਹੀ ਓਹਨਾ ਨੂੰ ਧਰਮ ਨੂੰ ਮਨੋਰੰਜਕ ਬਣਾਉਣ ਦੀ ਇੱਛਾ ਅਤੇ ਖੁਸ਼ੀ ਹੈ। ਇਹ ਦੁਬਿਧਾ ਅਤੇ ਭਰਮ ਦੀ ਉਤਸ਼ਾਹੀ ਮੁਹਿੰਮ ਹੈ, ਜਿਹੜੀ ਕਿਸੇ ਜਵਾਨ ਖੂਨ ਦੇ ਨਸ਼ਈ ਹੋਣ ਵਾਂਗ ਹੈ, ਜੋ ਸ਼ੁਰੂ ਵਿਚ ਨਸ਼ੇ ਦੇ ਲੋਰ ਨੂੰ ਬੜੀ ਵਧੀਆ ਸਮਝਦਾ ਹੈ ਪਰ ਮੁੜ ਉਹੀ ਲੋਰ ਜੀਅ ਦਾ ਜੰਜਾਲ ਬਣ ਜਾਂਦੀ ਹੈ। ਜਿਹੜੇ ਲੋਕ ਪਰਛਾਵੇ ਨੂੰ ਆਪਣੇ ਧੁਰ ਅੰਦਰ ਧਰਮ ਜਾਂ ਇਤਿਹਾਸ ਦੀ ਥਾਂ ਤੇ ਸਜਾਉਣ ਦਾ ਨਸ਼ਾ ਕਰ ਰਹੇ ਹਨ, ਓਹ ਦੁਨੀਆ ਦੇ ਨਾਲ ਰਲ ਜਾਣ ਦੇ ਸਵੈ ਸਿਰਜੇ ਭਰਮ ਦੀ ਤਾਜੀ ਲੋਰ ਵਿਚ ਹਨ।

ਮਨੋਰੰਜਨ ਨਾਲ ਕੁਜੋੜ ਦੇ ਸਿੱਖਾਂ ਲਈ ਦੋ ਕਾਰਨ ਹਨ, ਪਹਿਲਾ ਕਾਰਨ ਹੈ ਕਿ ਗਰੰਥ, ਗੁਰੂ ਅਤੇ ਰੱਬ ਇਕੋ ਹਨ। ਧਰਮ ਅਤੇ ਇਤਿਹਾਸ ਦਾ ਫਰਕ ਨਾ ਸਮਝਣ ਕਾਰਨ ਸਭ ਤੋਂ ਵਡੀ ਔਕੜ ਇਹੋ ਆਉਂਦੀ ਹੈ ਕਿ ਲੋਕ ਗੁਰੂ ਦੇ ਧਾਰਮਿਕ ਰੁਤਬੇ ਨੂੰ ਇਤਿਹਾਸਕ ਬਣਾਉਣ ਵਿੱਚ ਉਲਝ ਜਾਂਦੇ ਹਨ। ਧਰਮ ਰੂਪ ਵਿਚ ਗੁਰੂ ਇਕ ਹੈ ਉਹਤੇ ਯਕੀਨ ਨਹੀਂ ਬੱਝਦਾ ਤਾਂ ਹੀ ਇਤਿਹਾਸਕ ਤੌਰ ਤੇ ਦਸ ਰੂਪਾਂ ਵੱਲ ਉਲਾਰ ਹਨ। ਦੂਜਾ ਕਾਰਨ ਇਹ ਹੈ ਕਿ ਸਿੱਖੀ ਵਿੱਚ ਸ਼ਹੀਦ ਦਾ ਰੁਤਬਾ ਵੀ ਪਵਿੱਤਰਤਾ ਦਾ ਧਾਰਨੀ ਹੈ। ਧਰਮ ਇਤਿਹਾਸ ਵਿੱਚ ਸ਼ਹਾਦਤ ਗੁਰੂ ਸਰੂਪ ਨਾਲ ਜੁੜੀ ਹੋਈ ਹੈ ਅਤੇ ‘ਆਪੇ ਗੁਰ ਚੇਲਾ’ ਦੇ ਰੁਤਬੇ ਕਰਕੇ ਗੁਰੂ ਸਿੱਖ ਵਿੱਚ ਵੀ ਸਮਾਇਆ ਹੋਇਆ ਹੈ। ਸਿੱਖ ਜਿਸ ਇਤਿਹਾਸ ਦੇ ਸੋਹਲੇ ਗਾਉਂਦੇ ਹਨ ਉਹਦਾ ਬਹੁਤ ਵੱਡਾ ਹਿੱਸਾ ਸ਼ਹਾਦਤ ਤੇ ਖੜ੍ਹਾ ਹੈ। ਸ਼ਹਾਦਤ ਦੇ ਰੁਤਬੇ ਕਰਕੇ ਇਤਿਹਾਸ ਦਾ ਇਹ ਹਿੱਸਾ ਵੀ ਪਵਿੱਤਰਤਾ ਦਾ ਧਾਰਨੀ ਹੈ।

ਨਕਲ ਅਤੇ ਕਲਪਨਾ

ਕਿਸੇ ਅਸਲੀ ਸ਼ੈਅ ਦੀ ਅਣਹੋਂਦ ਵਿੱਚ ਹੀ ਮਨੁੱਖ ਨੂੰ ਨਕਲੀ ਦੀ ਲੋੜ ਪੈਂਦੀ ਹੈ। ਸਿੱਖਾਂ ਨੂੰ ਗੁਰੂ ਸਾਹਿਬ ਅਤੇ ਸ਼ਹੀਦਾਂ ਦੀ ਨਕਲ ਜਾਂ ਕਾਲਪਨਿਕ ਪਰਛਾਵੇ ਦੀ ਲੋੜ ਕਿਉਂ ਹੈ? ਕੀ ਸਿੱਖਾਂ ਦਾ ਧਰਮ ਨਿਭਾਉਣ ਅਤੇ ਅਮਲਾਂ ਨਾਲ ਇਤਿਹਾਸ ਸਿਰਜਣ ਦਾ ਯਕੀਨ ਟੁੱਟ ਗਿਆ ਹੈ ਜੋ ਨਕਲ ਜਾਂ ਕਲਪਨਾ ਦੇ ਆਸਰੇ ਆਪਣੇ ਧਰਮ ਇਤਿਹਾਸ ਨੂੰ ਖੜ੍ਹਾ ਕਰਨਾ ਚਾਹੁੰਦੇ ਹਨ? ਪਰਛਾਵੇਂ ਲੋਕਾਂ ਨੂੰ ਇਸ ਲਈ ਚਾਹੀਦੇ ਹਨ ਕਿ ਓਹ ਕਲਪਨਾ ਦੇ ਸਹਾਰੇ ਜੀਣਾ ਚਾਹੁੰਦੇ ਹਨ, ਖਾਸ ਕਰਕੇ ਜਿਨ੍ਹਾ ਨੂੰ ਆਪਣਾ ਆਪ ਕਿਸੇ ਹੋਰ ਦੇ ਸਾਹਮਣੇ ਛੋਟਾ ਲਗਦਾ ਹੈ।

ਨਕਲ ਜਾਂ ਕਲਪਨਾ ਦੇ ਮੁਕਾਬਲੇ ਅਸਲੀਅਤ ਤੋਂ ਦੂਰ ਹੋਣ ਦੇ ਕੰਮ ਹੀ ਆਉਂਦੇ ਹਨ। ਨਕਲ/ਕਲਪਨਾ ਦੇ ਵੱਸ ਪਏ ਸਮਾਜ ਵਿਚ ਸਤਿਕਾਰ ਦੇ ਪਾਤਰ ਵੀ ਕਹਾਣੀਆਂ ਦੇ ਪਾਤਰ ਬਣ ਕੇ ਰਹਿ ਜਾਂਦੇ ਹਨ। ਓਥੇ ਕਲਾਕਾਰ ਵੱਡੇ ਅਤੇ ਪੂਜਣਯੋਗ ਛੋਟੇ ਹੋ ਜਾਂਦੇ ਹਨ। ਅਖੀਰ ਨੂੰ ਕਲਾਕਾਰ ਹੀ ਪੂਜਣਯੋਗ ਹੋ ਜਾਂਦੇ ਹਨ। ਦਰਾਵੜੀ ਕਲਾਕਾਰਾਂ ਦੀ ਪੂਜਾ ਇਸੇ ਗੱਲ ਦਾ ਸਬੂਤ ਹੈ।

ਲੋਕ ਆਪਣਾ ਵਕਤ, ਸਾਧਨ ਅਤੇ ਸਮਰੱਥਾ ਖਰਚ ਕੇ ਪਰਛਾਵਿਆਂ ਵਾਲੇ ਮਨੋਰੰਜਨ ਰਾਹੀਂ ਸਿੱਖਣ ਦੇ ਨਾਂ ਹੇਠ ਸਚਾਈ ਤੋਂ ਦੂਰ ਹੀ ਜਾ ਸਕਦੇ ਹਨ, ਪਰ ਕਿਸੇ ਮੁਸ਼ਕਲ ਵਿਚੋਂ ਨਿਕਲ ਨਹੀਂ ਸਕਦੇ। ਕਲਪਨਾ ਕਰਨ ਜਾਂ ਨਕਲਾਂ ਆਸਰੇ ਜਿੰਦਗੀ ਜਿਉਣ ਦੇ ਵੱਸ, ਬੰਦਾ ਓਦੋਂ ਹੀ ਪੈਂਦਾ ਹੈ ਜਦੋਂ ਉਹ ਹਕੀਕਤ ਤੋਂ ਮੁਖ ਮੋੜਣਾ ਚਾਹੁੰਦਾ ਹੋਵੇ। ਬਿਜਲ ਜਗਤ ਨਾਲ ਵਧੇਰੇ ਜੁੜੇ ਲੋਕਾਂ ਨੂੰ ਇਸ ਕਰਕੇ ਹੀ ਅਸਲੀਅਤ ਤੋਂ ਟੁਟੇ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਕਿਤੇ ਧੁਰ ਅੰਦਰ ਕਲਪਨਾ ਸਚਾਈ ਵਾਂਗ ਬਣਨ ਲੱਗ ਜਾਂਦੀ ਹੈ। ਉਹ ਆਪਣੀ ਕਲਪਨਾ ਵਿਚ ਇਥੋਂ ਤੀਕ ਚਲੇ ਜਾਂਦੇ ਹਨ ਕਿ ਓਹਨਾ ਦਾ ਯਕੀਨ ਬੱਝ ਜਾਂਦਾ ਹੈ ਕਿ ਸਚਾਈ ਓਹਨਾ ਦੀ ਕਲਪਨਾ ਮੁਤਾਬਿਕ ਬਦਲ ਜਾਏਗੀ। ਇਸੇ ਤਰ੍ਹਾਂ ਦੀ ਮਨੋ ਅਵਸਥਾ ਵਾਲੇ ਸਮਾਜ ਦਾ ਜਿਕਰ ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਹਮਲੇ ਵੇਲੇ ਕੀਤਾ ਹੈ।

ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰ ਸੁਣਿਆ ਧਾਇਆ।।
ਕੋਈ ਮੁਗਲ ਨਾ ਹੋਆ ਅੰਧਾ ਕਿਨੈ ਨਾ ਪਰਚਾ ਲਾਇਆ।।

ਇਹ ਉਸ ਹਾਲਤ ਦੀ ਤਸਵੀਰ ਹੈ ਜਦੋਂ ਧਰਮ ਨਿਰੋਲ ਕਲਪਨਾ ਬਣ ਜਾਂਦਾ ਹੈ। (ਇਹਦੇ ਬਾਰੇ ਅਗਲੇ ਲੇਖ ਵਿਚ ਗੱਲ ਹੋਵੇਗੀ)। ਇਥੇ ਏਨਾ ਕਹਿਣਾ ਹੀ ਕਾਫੀ ਹੈ ਕਿ ਆਮ ਇਤਿਹਾਸ ਵਾਲੀ ਸਮਝ ਪਰਛਾਵਿਆਂ ਅਤੇ ਮਨੋਰੰਜਨ ਨੂੰ ਹੀ ਧਰਮ ਇਤਿਹਾਸ ਨਾਲ ਰਲਗਡ ਨਹੀਂ ਕਰਦੀ ਸਗੋਂ ਧਰਮ ਪਰਚਾਰ ਨੂੰ ਵੀ ਵਪਾਰ ਅਤੇ ਰਾਜਨੀਤੀ ਦੇ ਪਰਚਾਰ ਨਾਲ ਰਲਗਡ ਕਰਦੀ ਹੈ। ਇਸ ਕਰਕੇ ਹੀ ਬਹੁਤੇ ਲੋਕਾਂ ਨੂੰ ਧਰਮ ਪਰਚਾਰ ਵੀ ਮੰਡੀ ਵਿਚ ਕਮਾਈ ਕਰਨ ਵਾਂਗ ਜਾਪਦਾ ਹੈ।

ਮੰਡੀ ਅਤੇ ਧਰਮ

ਵੇਖਣ ਨੂੰ ਮੰਡੀ ਮਨੁਖ ਦੀਆਂ ਲੋੜਾਂ ਤੇ ਖੜ੍ਹੀ ਹੈ ਪਰ ਇਛਾਵਾਂ ਲਾਲਸਾਵਾਂ ਨਾਲ ਚਲਦੀ ਹੈ।ਅਜੋਕੀ ਮਨੋਰੰਜਨ ਮੰਡੀ ਤਾਂ ਨਿਰੋਲ ਹੀ ਇਛਾਵਾਂ ਤੇ ਖੜ੍ਹੀ ਹੈ। ਬਿਜਲਈ ਮੀਡੀਏ ਦੀਆਂ ਲੀਹਾਂ ਇਹ ਮੰਡੀ ਨੇ ਹੀ ਤੈਅ ਕੀਤੀਆਂ ਹਨ। ਦੂਜੇ ਸ਼ਬਦਾਂ ਵਿੱਚ ਮਨੋਰੰਜਨ ਬਿਜਲਈ ਮੰਡੀ ਦਾ ਗਾਡੀ ਰਾਹ ਹੈ। ਜਦੋਂ ਬੰਦੇ ਬਿਜਲ ਪਰਛਾਵਿਆਂ ਰਾਹੀਂ ਧਰਮ ਪਰਚਾਰ ਕਰਨਾ ਚਾਹੁੰਦੇ ਹਨ ਤਾਂ ਉਹ ਧਰਮ ਨੂੰ ਮੰਡੀ ਚ ਹੀ ਲਿਆਉਣਾ ਚਾਹੁੰਦੇ ਹਨ ਚਾਹੇ ਆਪਣੇ ਲੋਕਾਂ ਵਿਚ ਹੀ ਸਹੀ।

ਪਰਛਾਵੇਕਾਰੀ ਦਾ ਆਸਰਾ ਲੋਕ ਕਿਸੇ ਵੀ ਨਾਂ (ਧਰਮ, ਇਤਿਹਾਸ ਜਾਂ ਕਿਸੇ ਕਲਪਨਾ ਵਿੱਚੋਂ) ਹੇਠ ਲੈਣ, ਮੰਡੀ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨੂੰ ਸਿਰਫ ਹਾਜਰੀ ਚਾਹੀਦੀ ਹੈ ਜੋ ਹਾਜਰ ਹੈ ਉਹ ਵਿਕਣਯੋਗ ਹੈ। ਮੰਡੀ ਵਿਚ ਸ਼ਹੀਦ ਦਾ ਰੁਤਬਾ ਵੀ ਮਨੋਰੰਜਨ ਦਾ ਮਾਲ਼ ਹੀ ਹੋਏਗਾ, ਕਿਉਂਕਿ ਝੂਠੇ ਦ੍ਰਿਸ਼ ਨੂੰ ਅਸਲੀ ਦ੍ਰਿਸ਼ ਸਿੱਧ ਕਰਨ ਲਈ ਸ਼ਹੀਦ ਦੀ ਜਿੰਦਗੀ ਨੂੰ ਇਕ ਆਮ ਬੰਦੇ (ਦਰਸ਼ਕ) ਦੀ ਪੱਧਰ ਤੇ ਲਿਆਉਣਾ ਹੀ ਪੈਣਾ ਹੈ ਕਿਉਂਕਿ ਦੇਹੀ ਰਸ ਬਿਨਾ ਇਹ ਮੰਡੀ ਚੱਲੇਗੀ ਹੀ ਨਹੀਂ। ਇਸ ਕਰਕੇ ਕਹਾਣੀ ਨੂੰ ਮਸਾਲਾ ਲਾਉਣਾ ਹੀ ਪਏਗਾ। ਉਹੀ ਮਸਾਲਾ ਜਿਹੜਾ ਕਵੀ ਕਾਲੀਦਾਸ ਦੇ ਵੇਲਿਆਂ ਤੋਂ ਲਗਦਾ ਆ ਰਿਹਾ ਹੈ। ਇਕੋ ਕਲਾਕਾਰ ਸ਼ਹੀਦ, ਸੰਤ, ਵਿਦਵਾਨ, ਯੋਧਾ, ਰਾਜਾ, ਗੁਰੂ ਅਤੇ ਰੱਬ ਸਭ ਕੁਝ ਬਣ ਸਕਦਾ ਹੈ ਤਾਂ ਸਭ ਤੋਂ ਵੱਡੀ ਥਾਂ ਕਲਾਕਾਰ ਦੀ ਹੋਏਗੀ। ਧਰਮ ਜੋ ਸੱਚ ਅਤੇ ਮੂਲ ਅਸੂਲ ਦਾ ਨਾਮ ਹੈ ਉਹਦੇ ਪਰਚਾਰ ਪਰਛਾਵਿਆਂ ਰਾਹੀਂ ਕਰਨ ਨਾਲ ਸਭ ਤੋਂ ਵੱਧ ਮਾਣ ਸਨਮਾਨ ਨਕਲਚੀ (ਕਲਾਕਾਰ) ਲਈ ਹੋਏਗਾ। ਜਦੋਂ ਮਨੋਰੰਜਨ ਮੰਡੀ ਵਿਚ ਧਰਮ ਇਤਿਹਾਸ ਦੇ ਪਰਛਾਵਿਆਂ ਦੀ ਬੋਲੀ ਉਠੇਗੀ ਫਿਰ ਸ਼ਹੀਦਾਂ ਤੱਕ ਨਹੀਂ ਰੁਕੇਗੀ, ਗੁਰੂ ਸਾਹਿਬ ਅਤੇ ਅਕਾਲ ਪੁਰਖ ਦੇ ਪਰਛਾਵਿਆਂ ਦੇ ਢੇਰ ਆਲੂ ਗੰਢਿਆਂ ਵਾਂਗ ਲੱਗਣਗੇ।

ਜਦ ਮੁਕਾਬਲੇ ਅਸਲੀ ਜਿੰਦਗੀ ਦੀ ਥਾਂ ਕਲਪਨਾ ਦੀ ਮੰਡੀ ਵਿੱਚ ਹੋਣਗੇ, ਫਿਰ ਧਰਮ ਦੇ ਨੇਮ ਅਸੂਲ ਖੰਭ ਲਾ ਕੇ ਉਡ ਜਾਣਗੇ। ਨਕਲਾਂ ਦੇ ਸੁਪਨੀਲੇ ਥਲਾਂ ਵਿਚ ਮੰਡੀ ਦੀ ਲੋੜ ਦੇ ਹਾੜ ਸੁਣਾਈ ਦੇਣਗੇ। ਨਿੱਤ ਨਵੇਂ/ਤਾਜੇ ਦੀ ਮੰਗ ਨਕਲ ਅਤੇ ਕਲਪਨਾ ਨੂੰ ਕਿਸ ਹੱਦ ਤੱਕ ਇਤਿਹਾਸ ਮਿਥਿਹਾਸ ਦੀਆਂ ਡੂੰਘੀਆਂ ਕਾਲਖਾਂ ਤੱਕ ਲੈ ਕੇ ਜਾਏਗੀ, ਇਹਦਾ ਅੰਦਾਜਾ ਪਹਿਲਾਂ ਵਾਪਰ ਰਹੀਆਂ ਗੱਲਾਂ ਤੋਂ ਕਰਨਾ ਚਾਹੀਦਾ ਹੈ। ਮਨੋਰੰਜਨ ਮੰਡੀ ਵਿਚ ਕੁਝ ਨਵਾਂ ਕਰਨ ਦੀ ਲੋੜ ਕਿਹੜੀ ਕਿਹੜੀ ਕਾਲਖ ਗੁਰੂ ਸਾਹਿਬ ਅਤੇ ਸ਼ਹੀਦਾਂ ਦੇ ਜੀਵਨ ਤੇ ਮਲੇਗੀ ਅੱਜ ਆਮ ਸਿੱਖ ਸੋਚ ਵੀ ਨਹੀਂ ਸਕਦਾ।

ਜੋ ਪਵਿੱਤਰ ਜਾਂ ਸਤਿਕਾਰਯੋਗ ਹੈ ਉਹਦਾ ਵਿਖਾਵਾ ਸੰਭਵ ਨਹੀਂ ਹੈ। ਇਹਦੇ ਮਾਅਨੇ ਛੁਪੇ ਰਹਿਣ ਤਾਂ ਸਦੀਆਂ ਤੱਕ ਤਾਜੇ ਹਨ, ਪਰ ਜਦੋਂ ਵਿਖਾਵਾ ਕੀਤਾ ਫਿਰ ਬੇਮਾਅਨਾ ਹੋ ਜਾਂਦੇ ਹਨ। ਕਿਸੇ ਚੀਜ ਦਾ ਵਿਖਾਵਾ ਕਰਨਾ ਉਹਦੇ ਗੁਣ ਕੀਮਤ ਨੂੰ ਭੋਗਣਾ ਹੀ ਹੁੰਦਾ ਹੈ। ਪਰਛਾਵਾ ਪਰੇਮੀ ਸਾਇਦ ਅੰਦਾਜਾ ਨਹੀਂ ਲਾ ਰਹੇ ਕਿ ਮੰਡੀ ਦੀਆਂ ਬੇਲਗਾਮ ਇਛਾਵਾਂ ਦੀਆਂ ਵਾਗਾਂ ਇਕ ਵਾਰ ਛੱਡਣ ਤੋਂ ਬਾਅਦ ਕੋਈ ਫੜ ਨਹੀਂ ਸਕੇਗਾ। ਇਹਦੀ ਮਿਸਾਲ ਹੈ ਕਿ ਦੁਨੀਆਂ ਵਿਚ ਸਭ ਤੋਂ ਤਾਕਤਵਰ ਧਿਰ ਵਜੋਂ ਮਾਨਤ ਇਸਾਈਅਤ ਦੇ ਪੈਰੋਕਾਰ, ਓਹ ਵੀ ਈਸਾ ਮਸੀਹ ਦਾ ਮਜਾਕ ਉਡਣੋਂ ਰੋਕ ਨਹੀਂ ਸਕੇ। ਸ਼ੁਰੂ ਦੇ ਪਰਛਾਵਿਆਂ ਵਿਚ ਹਜਰਤ ਈਸਾ ਦਾ ਚਿਹਰਾ ਨਹੀਂ ਵਿਖਾਇਆ ਗਿਆ ਅਤੇ ਸਿਰ ਦੁਆਲੇ ਪਵਿੱਤਰਤਾ ਵਾਲਾ ਚੱਕਰ ਵੀ ਸੀ ਪਰ ਬਾਅਦ ਵਿੱਚ ਹੋਰ ਅਸਲੀ ਬਣਾਉਣ ਦੇ ਚੱਕਰ ਵਿਚ ਨਵੀਆਂ ਗੱਲਾਂ ਜੁੜਦੀਆਂ ਗਈਆਂ। ਪਰਛਾਵੇਕਾਰੀ ਦੀ ਮਨੋਰੰਜਕ ਲੋੜ ਅਤੇ ਖਿਆਲਾਂ ਦੀ ਅਜਾਦੀ ਕਰਕੇ ਇਸਾਈ ਜਗਤ ਦੇ ਅੰਦਰ ਹੀ ਈਸਾ ਮਸੀਹ ਦੀ ਜੋ ਹਾਲਤ ਹੋ ਗਈ, ਉਹ ਸਿੱਖਾਂ ਲਈ ਇਕ ਸਬਕ ਹੈ। ਈਸਾਈਆਂ ਦੇ ਮੁਕਾਬਲੇ ਸਿੱਖਾਂ ਕੋਲ ਰਾਜਸੀ ਜਾਂ ਵਪਾਰਕ ਤਾਕਤ ਨਹੀਂ ਹੈ ਅਤੇ ਪਰਛਾਵੇ ਮੰਡੀ ਵਿੱਚ ਕੋਈ ਵੀ ਥਾਂ ਨਹੀਂ ਹੈ। ਇਸ ਕਰਕੇ ਸਾਰਾ ਕੁਝ ਹੀ ਹੋਰਾਂ ਦੇ ਵੱਸ ਚ ਹੋਵੇਗਾ।
ਧਰਮ ਪਰਚਾਰ ਲਈ ਮੰਡੀ ਵਿਚ ਉਤਰਣ ਤੋਂ ਪਹਿਲਾਂ ਮਨੋਰੰਜਨ ਮੰਡੀ ਦਾ ਚਲਣ ਵੇਖੋ। ਜੋ ਵੀ ਮੁੱਦਾ ਇਕ ਵਾਰ ਇਥੇ ਆ ਗਿਆ ਉਹਨੂੰ ਅਗੋਂ ਮੰਡੀ ਨੇ ਆਪਣੀ ਮਰਜੀ ਨਾਲ ਵਰਤਣਾ ਹੈ। ਹਰ ਮੁੱਦੇ ਨੂੰ ਵਰਤਣ ਦੇ ਮੰਡੀ ਦੇ ਤਿੰਨ ਵੱਡੇ ਰਾਹ ਹਨ।

ਪਹਿਲਾ ਹੈ ਹਰ ਗੱਲ ਨੂੰ ਘਟੀਆ ਮਜਾਕ ਦੀ ਹੱਦ ਤੱਕ ਲੈ ਕੇ ਜਾਣਾ, ਕਿਉਂਕਿ ਮਨੁੱਖੀ (ਖਾਸਕਰ ਮਰਦਾਵੀ) ਹਉਂ ਲੱਚਰ ਵਿਅੰਗ ਵਿਚੋਂ ਵਧੇਰੇ ਅਨੰਦ ਲੈਂਦੀ ਹੈ। ਹਸਾਉਣ ਦੇ ਯਤਨ ਅਕਸਰ ਇਸ ਪਾਸੇ ਹੀ ਜਾਂਦੇ ਹਨ।

ਦੂਜਾ ਰਾਹ ਹੈ ਸ਼ੰਕੇ ਅਤੇ ਜਸੂਸੀ ਵੰਨਗੀ ਦਾ, ਜੀਹਦੇ ਰਾਹੀਂ ਮਨੁਖ ਦੀ ਭੇਤ ਜਾਣਨ ਦੀ ਇੱਛਾ ਨੂੰ ਜਗਾਇਆ ਵਧਾਇਆ ਅਤੇ ਵਰਤਿਆ ਜਾਂਦਾ ਹੈ। ਹੋਰ ਨਵੀਂ ਗੱਲ, ਹੋਰ ਨਵੀਂ ਗੱਲ ਨਾਲ ਬੱਚੇ ਵਾਂਗ ਹੈਰਾਨ ਕਰ ਦੇਣਾ ਜਸੂਸੀ ਕਲਪਨਾ ਦੀ ਲੋੜ ਹੈ। ਧਰਮ ਇਤਿਹਾਸ ਬਾਰੇ ਬਹੁਤੀ ਖੋਜ ਸੰਕੇ ਸਵਾਲ ਕਿਸਮ ਦੀ ਹੀ ਹੁੰਦੀ ਹੈ।

ਤੀਜਾ ਰਾਹ ਹੈ ਊਲ ਜਲੂਲ ਸਵਾਲਾਂ ਵਿਚਾਰਾਂ ਦਾ ਜੋ ਕਿਸੇ ਵੀ ਚੀਜ ਦਾ ਕੋਈ ਸਿਰ ਪੈਰ ਹੀ ਨਹੀਂ ਰਹਿਣ ਦਿੰਦੇ। ਗਲਤ ਠੀਕ ਦੀਆਂ ਹੱਦਾਂ ਨੂੰ ਮੇਟ ਦੇਣਾ, ਵਿਰੋਧਾਭਾਸੀ ਦਲੀਲਬਾਜੀ ਜਾਂ ਉਲਟਬਾਜੀਆਂ (ਸਭ ਕੁਝ ਸਹੀ ਹੈ ਅਤੇ ਕੁਝ ਵੀ ਸਹੀ ਨਹੀਂ) ਵਰਗੀਆਂ ਗੱਲਾਂ ਕਰਨਾ, ਕਿਸੇ ਵੀ ਅਹਿਮ ਗੱਲ ਦਾ ਬੇਸਿਰ ਪੈਰ ਦੀ ਤੁਲਨਾ ਕਰਕੇ ਮਜ਼ਾਕ ਉਡਾ ਦੇਣ, ਆਦਿ ਸਾਰਾ ਭੰਡਪੁਣਾ ਅੱਜ-ਕੱਲ੍ਹ ਜੋਰਾਂ ਤੇ ਹੈ।

ਪਰਛਾਵੇਕਾਰੀ ਦੇ ਹਿਮਾਇਤੀ ਸਿੱਖਾਂ ਨੂੰ ਭੁਲੇਖਾ ਹੈ ਕਿ ਓਹ ਬਿਜਲ ਜਗਤ ਦੀ ਸਹਾਇਤਾ ਨਾਲ ਸਿੱਖੀ ਦੀ ਗੱਲ ਫੈਲਾ ਲੈਣਗੇ। ਜੇ ਸਿੱਖਾਂ ਨੇ ਮਨੋਰੰਜਨ ਅਤੇ ਮੰਡੀ ਦੇ ਚਲਣ ਨੂੰ ਅਣਡਿਠ ਕਰਕੇ ਧਰਮ ਦਾ ਰਾਹ ਪਰਛਾਵਿਆਂ ਲਈ ਖੋਹਲ ਲਿਆ ਤਾਂ ਓਹ ਭੁੱਲ ਜਾਣ ਕਿ ਗੁਰੂ ਸਾਹਿਬ ਅਤੇ ਆਪਣੇ ਸ਼ਹੀਦਾਂ ਬਾਰੇ ਇਕ ਫੀਸਦੀ ਵੀ ਸਹੀ ਜਾਣਕਾਰੀ ਦੇ ਸਕਣਗੇ, ਕਿਉਂਕਿ ਪਰਛਾਵੇਕਾਰੀ ਵਿਚ ਕੁਝ ਵੀ ਪਵਿਤਰ ਨਹੀਂ ਹੈ। ਇਥੇ ਵੱਧ ਤੋਂ ਵੱਧ ਇਤਿਹਾਸਕ-ਤੱਥਗਤ ਦਾ ਖਾਨਾ ਹੁੰਦਾ ਹੈ ਉਹਨੂੰ ਵੀ ਪੇਸ਼ ਕਰਨ ਲਈ ਕਲਪਨਾ ਕਰਨ ਅਤੇ ਮਸਾਲਾ ਲਾਉਣ ਦੀ ਖੁਲ੍ਹ ਹੁੰਦੀ ਹੈ। ਪਰਛਾਵਾਕਾਰੀ ਅਤੇ ਬਿਜਲ ਜਗਤ ਦੀ ਜਿਸ ਵਿਚਾਰ ਵਿਚੋਂ ਪੈਦਾਇਸ਼ ਹੋਈ ਹੈ ਉਹਦੇ ਵਿਚ ਧਰਮ ਦਾ ਖਾਨਾ ਹੀ ਨਹੀਂ ਹੈ।

ਜੇ ਲੋਕਾਂ ਦੇ ਪਿੱਛੇ ਲੱਗ ਗੁਰੂ ਅਤੇ ਸ਼ਹੀਦਾਂ ਦੇ ਰੁਤਬੇ ਨੂੰ ਪਵਿੱਤਰਤਾ ਦੇ ਆਭਾ ਮੰਡਲ ਵਿਚੋਂ ਉਤਾਰ ਕੇ ਮਨੋਰੰਜਨ ਮੰਡੀ ਵਿੱਚ ਨਚਾਉਣਾ ਮਨਜੂਰ ਕਰ ਲਿਆ ਤਾਂ ਧਰਮ ਦੀ ਅਰਸ਼ੀ ਸ਼ਾਨ ਪਰਛਾਵਿਆਂ ਦੀ ਭੱਠੀ ਵਿਚ ਪੈ ਜਾਏਗੀ। ਅਗਲੀ ਪੀੜ੍ਹੀ ਜਾਂ ਹੋਰਾਂ ਨੂੰ ਜਾਗਰੂਕ ਕਰਨਾ ਤੇ ਦੂਰ, ਪਰਛਾਵੇਂ ਬਣਾ ਕੇ ਵੇਖਣ ਨਾਲ ਆਪਣੇ ਮਨਾਂ ਵਿਚੋ ਵੀ ਸਤਿਕਾਰ ਸ਼ਰਧਾ ਖਤਮ ਹੋ ਜਾਣਗੇ। 1867 ਈਸਵੀ ਵਿੱਚ ਅੰਗਰੇਜ ਭਗਤ ਅਰਨੈਸਟ ਟਰੰਪ ਨੇ ਸਿੱਖਾਂ ਦੇ ਛੇਤੀ ਖਤਮ ਹੋਣ ਦੀ ਕਲਪਨਾ ਕੀਤੀ ਸੀ। ਫਿਰ ਭਾਰਤੀ ਲਿਖਾਰੀ ਖੁਸਵੰਤ ਸਿੰਘ ਨੇ ਸਿੱਖਾਂ ਦੇ 50 ਸਾਲ ਵਿਚ ਖਤਮ ਹੋਣ ਦੀ ਕਲਪਨਾ ਕੀਤੀ ਸੀ। ਏਹ ਕਲਪਨਾਵਾਂ ਸੱਚੀਆਂ ਹੋ ਜਾਂਦੀਆਂ ਜੇ ਦਰਬਾਰ ਸਾਹਿਬ ਦੇ ਹਮਲੇ ਸਾਹਮਣੇ ਅਸਲੀ ਸ਼ਹੀਦ ਨਾ ਖੜ੍ਹੇ ਹੁੰਦੇ। ਜੇ ਅੱਜ ਅਸੀਂ ਗੁਰੂ ਸਾਹਿਬ ਅਤੇ ਸ਼ਹੀਦਾਂ ਦੇ ਪਰਛਾਵੇ ਬਣਾ ਕੇ ਧਰਮ ਨੂੰ ਹੀ ਕਲਪਨਾ ਦੇ ਖਾਤੇ ਵਿੱਚ ਪਾ ਲਿਆ ਤਾਂ ਫਿਰ ਕਿਸੇ ਹੋਰ ਨੂੰ ਕਲਪਨਾ ਕਰਨ ਦੀ ਕੀ ਲੋੜ ਹੈ, ਸਾਡਾ ਭਵਿੱਖ ਆਪ ਹੀ ਪਰਛਾਵੇ ਦੀ ਕੈਦ ਵਿਚ ਪੈ ਜਾਏਗਾ। ਪਰਛਾਵੇਕਾਰੀ ਨਾਲ ਤਾਂ ਇਤਿਹਾਸ ਵੀ ਕਲਪਨਾ ਦੁਆਰਾ ਬੰਨ੍ਹੀ ਹੱਦ ਤੋਂ ਅੱਗੇ ਨਹੀਂ ਜਾ ਸਕੇਗਾ, ਧਰਮ ਦਾ ਸੱਚ ਪੇਸ਼ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ।

ਜਿਹੜੇ ਸਾਡੇ ਮੁੱਢ ਵਿੱਚ ਬੈਠੇ ਹਨ ਉਹ ਆਦਿ ਕਾਲ ਤੋਂ ਬੁੱਤ ਪੂਜਾ ਦੇ ਧਨੀ ਹਨ ਅਤੇ ਅੱਜ ਕੱਲ੍ਹ ਦੁਨੀਆ ਦੀ ਸਭ ਤੋਂ ਮਸ਼ਹੂਰ ਪਰਛਾਵਾਂ ਮੰਡੀ ਦੇ ਮਾਲਕ ਹਨ। ਪਰਛਾਵਿਆਂ ਦੀ ਹਿੰਦੀ ਅੰਗਰੇਜੀ ਮੰਡੀ ਹੀ ਏਡੀ ਵੱਡੀ ਤੇ ਮੂੰਹਜੋਰ ਹੈ ਕਿ ਸਿੱਖ ਤਾਂ ਇਹਦੇ ਪਾਸਕੂ ਵੀ ਨਹੀਂ ਬਣਨੇ ਪਰ ਇਹ ਧਰਮ ਦੀ ਸ਼ਾਨ ਨੂੰ ਰਾਮ ਲੀਲਾ, ਰਾਸ ਲੀਲਾ ਜਰੂਰ ਬਣਾ ਲੈਣਗੇ ਤੇ ਅਖੀਰ ਧਰਮ ਇਤਿਹਾਸ ਦੀ ਹਰਿਆਣਵੀ ਰਮਾਇਣ ਵਰਗੀ ਹਾਲਤ ਬਣੇਗੀ।

ਪਰਛਾਵੇਕਾਰੀ ਦਾ ਅਸਰ

ਮਨੋਰੰਜਨ ਰਾਹੀਂ ਧਰਮ ਸੇਵਾ ਦਾ ਨਵਾਂ ਤਰੀਕਾ ਵਰਤਣ ਤੋਂ ਪਹਿਲਾਂ ਇਹਦੇ ਅਸਰ ਬਾਰੇ ਕਿਉਂ ਨਾ ਸੋਚਿਆ ਜਾਵੇ। ਜਿਹੜੇ ਲੋਕਾਂ ਨੇ ਪਰਛਾਵੇਕਾਰੀ ਦੇ ਜੰਜਾਲ ਦਾ ਅਸਰ ਸਾਡੇ ਤੋਂ ਸਦੀ ਪਹਿਲਾਂ ਵੇਖ ਲਿਆ, ਉਹਨਾਂ ਦੇ ਤਜਰਬੇ ਕਿਸੇ ਉਲਾਰ ਅਧੀਨ ਸਾਥੋਂ ਅਣਡਿੱਠ ਹੋ ਰਹੇ ਹਨ। ਪਦਾਰਥਵਾਦੀ ਸਮਝ ਵਾਲੇ ਵਿਦਵਾਨਾਂ ਨੇ ਵੀ ਦੂਜੀ ਸੰਸਾਰ ਜੰਗ ਤੋਂ ਪਹਿਲਾਂ ਇਹ ਤੱਤ ਕੱਢ ਲਿਆ ਸੀ ਕਿ ਪਰਛਾਵੇਂ ਬੰਦੇ ਦੇ ਸਵੈਮਾਣ ਅਤੇ ਸੋਚ ਨੂੰ ਮਾਰਨ ਅਤੇ ਭੀੜ ਰੂਪ ਵਿਚ ਲੋਕਾਂ ਦੀ ਸੋਚ ਨੂੰ ਕਾਬੂ ਕਰਕੇ ਚਲਾਉਣ ਦੇ ਕੰਮ ਆਉਣਗੇ। ਲੋਕ ਭਲਾਈ ਅਤੇ ਪੈਸਾਮੁਖੀ ਸੋਚ ਦੇ ਬੰਦਿਆਂ ਨੇ ਆਪਣੇ ਆਪਣੇ ਹਿਸਾਬ ਨਾਲ ਬਿਜਲਈ ਮੰਡੀ ਦੇ ਆਉਣ ਵਾਲੇ ਨਤੀਜਿਆਂ ਨੂੰ ੧੯੪੦ (1940) ਤੋਂ ਪਹਿਲਾਂ ਸਮਝ ਲਿਆ ਸੀ।

ਨਾਟਕ ਅਤੇ ਪਰਛਾਵੇਂ ਮੂਲ ਰੂਪ ਵਿਚ ਮਨੋਰੰਜਨ ਦਾ ਸਾਧਨ ਹਨ। ਇਹਨਾਂ ਰਾਹੀਂ ਜੋ ਵੀ ਪੇਸ਼ ਹੋਏਗਾ ਆਖਰ ਨੂੰ ਉਹ ਮਜਾਕ ਬਣੇਗਾ। ਬਿਜਲ ਪਰਛਾਵੇ ਰਾਹੀ ਧਰਮ ਪੇਸ਼ ਕਰਨ ਦੀ ਪੱਥਰ ਵਰਗੀ ਠੋਸ ਮਿਸਾਲ ਹਨ; ਚਾਰ ਸਾਹਿਬਜਾਦੇ ਫਿਲਮਾਂ। ਇਹਨਾਂ ਫਿਲਮਾਂ ਵਿਚ ਸਾਹਿਬਜਾਦੇ ਮਜਾਕ ਕਰਦੇ ਵੀ ਹਨ ਅਤੇ ਉਹ ਮਜਾਕ ਦੇ ਪਾਤਰ ਬਣ ਕੇ ਦਰਸ਼ਕਾਂ ਅੰਦਰ ਹਾਸੇ ਪੈਦਾ ਕਰਨ ਦੇ ਕੰਮ ਵੀ ਆਉਂਦੇ ਹਨ। ਸਿੱਖਾਂ ਦੀਆਂ ਅੱਖਾਂ ਸਾਹਮਣੇ ਧਰਮ ਦੇ ਪਰਚਾਰ ਦੇ ਨਾਂ ਹੇਠ ਸ਼ਹੀਦਾਂ ਦਾ ਮਜਾਕ ਬਣਿਆ। ਛੋਟੀਆਂ ਜਿੰਦਾਂ ਵੱਡੇ ਸਾਕੇ ਦੇ ਬਾਬਿਆਂ ਦਾ ਮਜਾਕ ਉਡਿਆ। ਪਹਿਲੇ ਸਿੱਖ ਬਾਦਸ਼ਾਹ, ਜਰਨੈਲ ਅਤੇ ਸ਼ਹੀਦ ਦਾ ਵੀ ਮਜਾਕ ਉਡਿਆ। ਪਿਛਲੀਆਂ ਤਿੰਨ ਸਦੀਆਂ ਵਿੱਚ ਕਦੇ ਕਿਸੇ ਸਿੱਖ ਨੇ ਘਰ ਅੰਦਰ ਜਾਂ ਲੋਕਾਂ ਵਿਚ ਸਾਹਿਬਜਾਦਿਆਂ ਦੇ ਨਾਮ ਤੇ ਮਜਾਕ ਕਰਨ ਦਾ ਸੁਪਨਾ ਵੀ ਨਹੀਂ ਲਿਆ ਸੀ। ਪਰਛਾਵੇ ਦੀ ਤਕਨੀਕ ਦੇ ਉਤਮ ਹੋਣ ਦਾ ਭਰਮ ਏਡਾ ਕਹਿਰਵਾਨ ਸੀ ਕਿ ਲੋਕ ਸ਼ਹੀਦਾਂ ਨਾਲ ਮਜਾਕ ਵਾਲੇ ਜਹਿਰ ਨੂੰ ਵੀ ਸ਼ਹਿਦ ਵਾਂਗ ਸੰਘੋਂ ਹੇਠ ਲੰਘਾ ਗਏ। ਫਿਲਮ ਵਿਰੁੱਧ ਬੋਲਣ ਵਾਲੇ ਲੋਕ ਨੂੰ ਪਿਛਾਂਹਖਿਚੂ ਜਾਂ ਕਟੜਪੰਥੀ ਦੱਸਿਆ। ਸ਼ਹੀਦਾਂ ਦੇ ਨਾਮ ਦੀ ਉਹ ਪਵਿੱਤਰਤਾ, ਜੀਹਦੇ ਲਈ ਜੀਵਿਆ ਅਤੇ ਮਰਿਆ ਜਾਂਦਾ ਸੀ ਉਹ ਹਾਸੇ ਦੇ ਕੰਮ ਆ ਗਈ। ਜਿਹੜੀ ਗੱਲ ਪਦਾਰਥਵਾਦੀ ਲੋਕਾਂ ਨੂੰ ਵੀ ਸਮਝ ਆ ਗਈ ਸੀ ਉਹ ਗੱਲ ਧਾਰਮਿਕਾਂ ਨੂੰ ਪਰਛਾਵੇਕਾਰੀ ਦੇ ਉੱਤਮ ਸਾਧਨ ਹੋਣ ਦੇ ਭਰਮ ਕਰਕੇ ਸਮਝ ਨਹੀਂ ਆਈ। ਓਹ ਨਹੀਂ ਜਾਣ ਸਕੇ ਕਿ ਮੰਡੀ ਨੇ ਧਰਮ ਪਰਚਾਰ ਦੇ ਨਾਂ ਹੇਠ ਪਵਿਤਰਤਾ ਨਾਲ ਮਨੋ ਰੰਜਨ ਕਰ ਲਿਆ। ਵੇਖਣ ਵਾਲ਼ਿਆਂ ਸਿੱਖਾਂ ਦੇ ਮਨ ਵਿੱਚ ਸ਼ਾਹਿਬਜਾਦੇ ਅਰਦਾਸ ਵਿਚਲੇ ਪਹਿਲੀ ਕਤਾਰ ਦੇ ਸ਼ਹੀਦਾਂ ਤੋਂ ਬਿਜਲ ਪਰਛਾਵੇ ਬਣ ਗਏ। ਹੁਣ ਓਹਨਾ ਦਾ ਚੇਤੇ ਮੁੜ ਅਸਲੀ ਅਹਿਸਾਸ ਲਈ ਸ਼ਾਇਦ ਹੀ ਕਦੇ ਏਹਨਾ ਬੁੱਤਾਂ ਤੋਂ ਮੁਕਤ ਹੋਣਗੇ।

ਗੁਰੂ ਸਾਹਿਬ ਨੇ ਜਿਹੜੇ ਲੋਕਾਂ ਨੂੰ ਕੁੱਲ ਸੰਸਾਰ ਦੇ ਮਾਇਅਵੀ ਰੂਪ ਤੋਂ ਸੁਚੇਤ ਕੀਤਾ ਸੀ, ਉਹ ਪਰਛਾਵੇ ਦੀ ਪੈੜ ਵਿਚ ਹੀ ਉਲਝ ਗਏ। ਸੱਚ ਅਤੇ ਪਵਿੱਤਰਤਾ ਨੂੰ ਆਪਣੀ ਅਕਲ ਦੇ ਜੋਰ ਨਾਲ ਪਰਛਾਵੇ ਵਿੱਚ ਬੰਨ੍ਹਣ ਦੇ ਭਰਮ ਵਿਚ ਖੁਸ਼ ਹਨ। ਕੌਣ ਜਾਣਦਾ ਸੀ ਕਿ ਅਜਿਹਾ ਵੇਲਾ ਵੀ ਆਏਗਾ ਕਿ ਸਿੱਖ ਆਪ ਹੀ ਗੁਰੂ ਅਤੇ ਸ਼ਹੀਦਾਂ ਦੇ ਬੁਤ ਸਾਜਣਗੇ। ਗੁਰੂ ਸ਼ਬਦ ਨੂੰ ਸੁਣਨ ਦੀ ਥਾਂ ਸੰਦਾਂ ਦੀ ਅਵਾਜ ਨੂੰ ਗੁਰੂ ਸਾਹਿਬ ਅਤੇ ਸ਼ਹੀਦਾਂ ਦੀ ਅਵਾਜ ਜਾਨਣਗੇ। ਪਰ ਇਤਿਹਾਸ ਇਹ ਜਾਣਦਾ ਹੈ ਕਿ ਜਦੋਂ ਬੰਦੇ ਦੀ ਹਉਮੈ ਧਰਤੀ ਦੀਆਂ ਚੁੰਹਾਂ ਕੂੰਟਾਂ ਤੋਂ ਪਾਰ ਅਸਮਾਨ ਤੱਕ ਚੜ੍ਹਦੀ ਹੈ ਤਾਂ ਉਹ ਆਪਣੇ ਹੱਥੀ ਆਪਣੇ ਪੂਜਣਯੋਗ ਦੀ ਤੋਰ ਸਿਰਜਣ ਦਾ ਅਤਿ ਮਾੜਾ ਕਰਮ ਕਰਦੀ ਹੈ। ਉਦੋਂ ਲੋਕ ਆਪਣੀ ਜਿੰਦਗੀ ਦੇ ਬੇਭਾਗੇ ਪਲਾਂ ਨੂੰ ਬੜਾ ਅਹਿਮ ਸਮਝਣ ਲਗਦੇ ਹਨ ਜਦੋਂ ਕਲਪਨਾ ਰਾਹੀਂ ਰੱਬਤਾ ਨੂੰ ਆਪਣੀ ਮੁੱਠੀ ਵਿੱਚ ਫੜਣ ਦੀ ਕੋਸ਼ਿਸ਼ ਕਰਦੇ ਹਨ।

ਜੇ ਬੰਦੇ ਦੀ ਧਰਮ ਭਾਵਨਾ ਸੱਚੀ ਹੋਵੇ ਤਾਂ ਉਹ ਅਸੂਲਾਂ ਦਾ ਪਰਚਾਰ ਆਪਣੇ ਬੋਲਾਂ ਅਮਲਾਂ ਨਾਲ ਕਰਦਾ ਹੈ। ਇਹ ਗੱਲ ਸੱਜਰੇ ਇਤਿਹਾਸ ਵਿੱਚ ਬਹੁਤ ਚੰਗੀ ਤਰ੍ਹਾਂ ਪਰਗਟ ਹੋਈ ਹੈ ਕਿ ਜਿਹੜੇ ਲੋਕਾਂ ਨੇ ਧਰਮ ਨੂੰ ਇਤਿਹਾਸ ਰੂਪ ਵਿੱਚ ਜਾਣਿਆ ਸੀ ਉਹ ਧਰਮ ਨਹੀਂ ਨਿਭਾ ਸਕੇ। ਜਿਹੜੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦੇ ਮਾਤਾ ਪਿਤਾ ਦਾ ਨਾਂ ਵੀ ਨਹੀਂ ਪਤਾ ਸੀ ਉਹ ਆਪਣਾ ਜੀਵਨ ਸ਼ਰਧਾ ਦੇ ਅਹਿਸਾਸ ਵਿੱਚ ਹੀ ਲੇਖੇ ਲਾ ਗਏ। ਧਰਮ ਉਹਨਾਂ ਲਈ ਜੀਵਨ ਅਮਲ ਸੀ। ਧਰਮ ਦਾ ਫੈਲਾਅ ਸਦਾ ਹੀ ਅਮਲ ਤੋਂ ਹੁੰਦਾ ਹੈ। ਇਕ ਧਰਮ ਨੂੰ ਮੰਨਣ ਵਾਲਾ ਦੂਜੇ ਦੇ ਧਰਮ ਨੂੰ ਇਤਿਹਾਸ ਰੂਪ ਰਾਹੀਂ ਹੀ ਜਾਣਦਾ ਹੈ ਪਰ ਜੇ ਕੋਈ ਆਪਣੇ ਧਰਮ ਨੂੰ ਹੀ ਇਤਿਹਾਸ ਰੂਪ ਵਿਚ ਦੱਸਣ ਲੱਗੇ ਤਾਂ ਇਹ ਪਰਚਾਰ ਨਹੀਂ ਹੁੰਦਾ, ਸਗੋਂ ਆਪਣੇ ਧਰਮ ਨੂੰ ਕਿਸੇ ਰਾਜਸੀ ਜਾਂ ਵਪਾਰਕ ਮੰਡੀ ਦੀ ਲੋੜ ਦੇ ਪੱਧਰ ਤੇ ਲਿਆਉਣਾ ਹੁੰਦਾ ਹੈ। ਦੁਨਿਆਵੀ ਬਿਰਤੀ ਬਿਨਾ ਕੋਈ ਵੀ ਬੰਦਾ ਪਵਿੱਤਰ ਨੂੰ ਕੈਦ ਕਰਨ ਦਾ ਭਰਮ ਨਹੀਂ ਪਾਲ਼ਦਾ ਅਤੇ ਨਾ ਹੀ ਇਸਨੂੰ ਮਨੋਰੰਜਨ ਸਮਝ ਸਕਦਾ ਹੈ।

ਕਿਰਦਾਰ ਅਤੇ ਪਰਚਾਰ

ਜਦ ਤੋਂ ਮਨੁਖ ਧਰਮ ਦੇ ਰਾਹ ਪਿਆ ਹੈ ਅਮਲੀ ਕਿਰਦਾਰ ਹੀ ਪਰਚਾਰ ਦਾ ਅਸਲੀ ਤੇ ਵੱਡਾ ਸਾਧਨ ਰਿਹਾ ਹੈ ਪਰ ਅਸਲੀ ਸਵਾਲ ਇਹ ਹੈ ਕਿ ਨਵੀਂ ਤਕਨੀਕ ਨਾਲ ਪਰਚਾਰ ਕਰਨ ਦੀ ਗੱਲ ਕਿਸੇ ਸਿੱਖ ਨੂੰ ਜਚੀ ਕਿਵੇਂ? ਕੋਈ ਧਰਮ ਪਰਚਾਰ ਕਰਨ ਲਈ ਧਰਮ ਨੂੰ ਇਤਿਹਾਸ ਵਿੱਚ ਉਤਾਰ ਕੇ ਪੇਸ਼ ਕਿਉਂ ਕਰਦਾ ਹੈ? ਅੰਗਰੇਜਾਂ ਵੇਲੇ ਜੋ ਨਵੇਂ ਤਰੀਕੇ ਅਪਣਾਏ ਸਨ ਓਹਨਾ ਦੀ ਗੱਲ ਪਿਛੇ ਹੋ ਗਈ ਹੈ। ਅੰਗਰੇਜਾਂ ਤੋਂ ਪਹਿਲਾਂ ਅਤੇ ਓਹਨਾ ਤੋਂ ਬਾਅਦ ਵੀ ਸਿੱਖੀ ਦਾ ਅਸਲ ਪਰਚਾਰ ਕਿਰਦਾਰ ਰਾਹੀਂ ਹੀ ਹੋਇਆ ਹੈ। ਜੇ ਅਤਿ ਬਿਖੜੇ ਵੇਲੇ ਵੀ ਅਸੀਂ ਕਿਰਦਾਰ ਸਿਰ ਜੀਏ ਤੇ ਵਧੇ ਤਾਂ ਹੁਣ ਝੂਠ ਦਾ ਆਸਰਾ ਕਿਉਂ?

ਆਪਣੇ ਜੀਵਨ ਅਮਲ ਨੂੰ ਸਹੀ ਕੀਤੇ ਬਿਨਾ ਦੂਜਿਆਂ ਦੇ ਮੁਕਾਬਲੇ ਜਾਂ ਸਾਹਮਣੇ ਆਪਣਾ ਸਹੀ ਬਿੰਬ ਕਿਵੇਂ ਬਣਾ ਸਕਦੇ ਹਾਂ? ਇਤਿਹਾਸ ਦੇ ਫੈਲਾਅ ਦੀ ਤਸਵੀਰ ਅਸੀਂ ਹੋਰਾਂ ਨੂੰ ਜਾਂ ਆਪਣੀ ਅਗਲੀ ਪੀੜ੍ਹੀ ਨੂੰ ਵਿਖਾ ਕੇ ਆਪਣੇ ਅੱਜ ਨੂੰ ਕਿਵੇਂ ਬਦਲ ਦਿਆਂਗੇ? ਮਨੁੱਖੀ ਜਾਂ ਮਸ਼ੀਨੀ ਪਰਚਾਰ ਨਾਲ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਵੀ ਕਿੰਨਾ ਕੁ ਸਿਖਿਅਤ ਕਰ ਸਕਾਂਗੇ? ਸਾਡਾ ਜੀਵਨ ਸਾਡੇ ਬੱਚਿਆਂ ਸਾਹਮਣੇ ਜਿਉਂਦੀ ਜਾਗਦੀ ਮਿਸਾਲ ਹੈ। ਸਾਡਾ ਅਮਲ, ਸਾਡੀ ਕਲਪਨਾ ਦੀ ਗਿਣਤੀ ਮਿਣਤੀ ਵਿਚੋਂ ਪੈਦਾ ਹੋਏ ਪਰਛਾਵਿਆਂ ਨਾਲੋਂ ਕਿਤੇ ਵਧੇਰੇ ਅਸਰਦਾਰ ਰਹੇਗਾ। ਅਸੀਂ ਕਿਸੇ ਵੀ ਹੋਰ ਚੀਜ ਨਾਲ ਆਪਣੇ ਜੀਵਨ ਅਮਲ ਦੀ ਸਚਾਈ ਨੂੰ ਨਹੀਂ ਬਦਲ ਸਕਦੇ, ਖਾਸ ਕਰਕੇ ਓਹਨਾ ਸਾਧਨਾਂ ਦੀ ਵਰਤੋਂ ਨਾਲ, ਜਿਹੜੇ ਮੁੱਖ ਰੂਪ ਵਿਚ ਮਨੋਰੰਜਨ ਦੇ ਸਾਧਨ ਹਨ। ਮਨੋਰੰਜਨ ਦੇ ਸਾਧਨਾਂ ਰਾਹੀਂ ਜਦੋਂ ਆਪਣੇ ਬੱਚਿਆਂ ਸਾਹਮਣੇ ਇਤਿਹਾਸ ਪੇਸ਼ ਕਰਾਂਗੇ ਤਾਂ ਹਾਸੀ ਹੀ ਉਡੇਗੀ। ਸਾਨੂੰ ਸਾਡੇ ਬੱਚਿਆਂ ਸਾਹਮਣੇ ਮਨੋਰੰਜਨੀ ਚੀਜਾਂ ਚੰਗਾ ਕਿਵੇਂ ਬਣਾ ਦੇਣਗੀਆਂ? ਬੱਚੇ ਨੇ ਮਾਪਿਆਂ ਅਤੇ ਵਡਾਰੂਆਂ ਤੋਂ ਹੀ ਜਿੰਦਗੀ ਦੇ ਅਸਲੀ ਮਾਪਦੰਡ ਸਿਖਣੇ ਹੁੰਦੇ ਹਨ। ਅਸੀਂ ਜੋ ਘਰਾਂ ਵਿਚ, ਗੁਰੂ ਘਰਾਂ ਵਿੱਚ ਅਤੇ ਸਮਾਜ ਵਿੱਚ ਕਰਦੇ ਹਾਂ ਉਹ ਅਸਲੀ ਪਰਚਾਰ ਹੈ, ਜੋ ਸਾਡੀ ਅਗਲੀ ਪੀੜ੍ਹੀ ਨੂੰ ਸੇਧ ਦੇਵੇਗਾ। ਸਾਨੂੰ ਇਹ ਸਚਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ। ਸਾਡੇ ਅਮਲ ਸਾਡੇ ਬੱਚਿਆਂ ਤੋਂ ਅਤੇ ਅੱਜ ਦੇ ਵੇਲੇ ਗੈਰਾਂ ਤੋਂ ਵੀ ਕਿਵੇਂ ਲੁਕ ਸਕਦੇ ਹਨ ਅਤੇ ਲੁਕਾਉਣੇ ਵੀ ਕਿਉਂ ਚਾਹੀਦੇ ਨੇ?

19ਵੀਂ ਸਦੀ ਵਿੱਚ ਵੀ ਸਿੱਖਾਂ ਅਤੇ ਅੰਗਰੇਜਾਂ ਦੀਆਂ ਜੰਗਾਂ ਦੀਆਂ ਖਬਰਾਂ ਦੂਰ ਬੈਠੇ ਕਾਰਲ ਮਾਰਕਸ ਤੱਕ ਪਹੁੰਚੀਆਂ। ਜਿਹੜਾ ਬੰਦਾ ਸਾਰੀ ਜਿੰਦਗੀ ਕਿਸੇ ਸਿੱਖ ਨੂੰ ਨਹੀਂ ਸੀ ਮਿਲਿਆ ਅਤੇ ਧਰਮ ਨੂੰ ਮਨੁੱਖਤਾ ਲਈ ਮਾੜਾ ਮੰਨਦਾ ਸੀ ਉਹ ਵੀ ਇਕ ਘੜੀ ਸਿੱਖਾਂ ਦਾ ਪਰਸੰਸਕ ਹੋਇਆ, ਪਰ ਕਿਹੜੀ ਗੱਲ ਕਰਕੇ? ਜੇ ਬਾਹਰਲੇ ਮੁਲਕਾਂ ਵਿੱਚ ਅੱਜ ਸਿੱਖਾਂ ਦੀ ਕੋਈ ਗੱਲ ਕਰਦਾ ਜਾਂ ਸੁਣਦਾ ਹੈ ਤਾਂ ਡੁੱਲੇ ਹੋਏ ਅਤੇ ਡੁੱਲ ਰਹੇ ਖੂਨ-ਪਸੀਨੇ ਕਰਕੇ, ਕਿਰਦਾਰ ਦੀ ਉਚਾਈ ਕਰਕੇ ਕਰਦਾ ਹੈ। ਸੰਸਾਰ ਜੰਗਾਂ ਵੇਲੇ ਸਿੱਖ ਫੌਜੀਆਂ ਦੇ ਨਿੱਜੀ ਕਿਰਦਾਰ ਕਰਕੇ ਜਾਂ ਅਜੋਕੇ ਸਮੇਂ ਵਿੱਚ ਦਰਬਾਰ ਸਾਹਿਬ ਦੀ ਰਾਖੀ ਲਈ ਜੂਝਣ ਵਾਲਿਆਂ ਕਰਕੇ ਜਾਂ ਲਾਵਾਰਸ ਲਾਸ਼ਾਂ ਬਣ ਗਏ ਲੋਕਾਂ ਕਰਕੇ ਸਿੱਖਾਂ ਦੀ ਗੱਲ ਹੁੰਦੀ ਹੈ ਨਾ ਕਿ ਕਿਸੇ ਪਰਚਾਰ ਦੇ ਅਸਰ ਕਰਕੇ।

ਇਹ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਵਿੱਤਰਤਾ ਦੇ ਕਿਲੇ ਨੇ ਹੀ ਸਿੱਖਾਂ ਨੂੰ ਦੁਨੀਆ ਦੀ ਮਾਰ ਤੋਂ ਬਚਾਇਆ ਹੋਇਆ ਹੈ। ਭਾਰਤ ਸਮੇਤ ਦੁਨੀਆ ਵਿਚ ਕਿੰਨੇ ਮੁਲਕਾਂ ਵਿੱਚ ਸਿੱਖ ਆਪਣੀ ਪੱਗ, ਕੜੇ ਅਤੇ ਕਿਰਪਾਨ ਲਈ ਅੱਜ ਤੱਕ ਜੂਝ ਰਹੇ ਹਨ। ਜੇ ਸਾਡੀ ਪਛਾਣ ਦੁਨੀਆ ਵਿੱਚ ਸਾਡੇ ਲਈ ਮੁਸ਼ਕਲ ਬਣ ਰਹੀ ਹੈ ਤਾਂ ਇਹ ਮੁਸ਼ਕਲ ਦਾ ਇਲਾਜ ਨਵੀਂ ਮੁਸ਼ਕਲ ਸਹੇੜ ਕੇ ਨਹੀਂ ਹੋ ਸਕਦਾ। ਦੂਜੇ ਪਾਸੇ ਰਾਜਨੀਤੀ ਅਤੇ ਵਪਾਰ ਦੇ ਨੀਤੀਵਾਨਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਧਰਮ ਦਾ ਕਿਲਾ ਜਦੋਂ ਵੀ ਟੁਟੇਗਾ ਅੰਦਰੋਂ ਹੀ ਟੁਟੇਗਾ। ਬਾਹਰੋਂ ਹੋਏ ਹਮਲੇ ਇਹਨੂੰ ਸਿਰਫ ਮਜਬੂਤ ਕਰਦੇ ਹਨ। ਜੇ ਸਿੱਖ ਆਪਣੀ ਪਵਿੱਤਰਤਾ ਦੇ ਕਿਲੇ ਵਿਚੋਂ ਆਪ ਬਾਹਰ ਨਹੀਂ ਨਿਕਲਦੇ, ਉਹਨਾਂ ਅੰਦਰ ਗੁਰੂ ਸ਼ਰਧਾ ਦੀ ਥਾਂ ਮੰਡੀ ਦੀ ਤਾਂਘ ਪੈਦਾ ਨਹੀਂ ਹੁੰਦੀ, ਤਾਂ ਓਹਨਾ ਨੂੰ ਕੋਈ ਹਰਾ ਨਹੀਂ ਸਕਦਾ, ਸਿਰਫ ਜੁਲਮ ਹੀ ਕਰ ਸਕਦਾ ਹੈ। ਅਟੁੱਟ ਨਿਸ਼ਚਾ ਜੁਲਮ ਨਾਲ ਹਮੇਸ਼ਾ ਨਿਖਰਦਾ ਹੀ ਹੈ। ਜਿੰਨਾ ਚਿਰ ਸਿੱਖ ਬੰਦ ਅੱਖਾਂ ਨਾਲ ਗੁਰੂ ਦਾ ਧਿਆਨ ਧਰਦਾ ਹੈ ਉਹ ਅਜਿੱਤ ਹੈ। ਉਹ ਦੁਨੀਆ ਤੋਂ ਅੱਗੇ ਪਿਛੇ ਨਹੀਂ ਸਗੋਂ ਉਸ ਤੋਂ ਨਿਆਰਾ ਹੈ। ਜਦੋਂ ਸਿੱਖ ਨੇ ਗੁਰੂ ਨੂੰ ਅਕਾਰ ਵਿਚ ਢਾਲਣ ਦਾ ਪਾਪ ਕੀਤਾ, ਉਹਦੇ ਲਈ ਗੁਰੂ ਦਾ ਨੂਰ ਮਨੁੱਖ ਦੇਹੀ ਵਰਗੇ ਬੁੱਤ ਵਿਚ ਬਦਲ ਜਾਏਗਾ ਅਤੇ ਪਵਿੱਤਰਤਾ ਦਾ ਕਿਲਾ ਅਲੋਪ ਹੋ ਜਾਏਗਾ। ਫਿਰ ਉਹ ਗੁਰੂ ਲਈ ਮਰੇਗਾ ਨਹੀਂ ਸਗੋਂ ਉਹਦੇ ਅੰਦਰੋਂ ਗੁਰੂ ਦਾ ਉਚਾ ਸੁੱਚਾ ਪਿਆਰ ਮਰੇਗਾ। ਉਹ ਆਪਣੇ ਆਪ ਲਈ ਜੀਏਗਾ ਪਰ ਗੁਰੂ ਲਈ ਨਹੀਂ ਜੀਏਗਾ। ਇਹ ਪਵਿੱਤਰਤਾ ਦੇ ਕਿਲੇ ਨੂੰ ਸਿੱਖ ਆਪਣੀ ਬੇਪਰਵਾਹੀ ਨਾਲ ਵਾਰ ਵਾਰ ਭੁੱਲਦੇ ਹਨ ਪਰ ਸਾੜੇ ਵਾਲਿਆਂ ਨੂੰ ਇਹ ਗੱਲ ਸਦਾ ਯਾਦ ਰਹਿੰਦੀ ਹੈ ਕਿ ਸਿੱਖਾਂ ਲਈ ਜਿੰਨਾ ਚਿਰ ਗੁਰੂ ਅਕਾਲ ਹੈ ਓਹਨਾ ਨੂੰ ਕਾਲ ਦੀਆਂ ਕੁੱਲ ਤਕਲੀਫਾਂ ਭੱਠੀ ਦੀ ਅੱਗ ਹਨ ਜੋ ਓਹਨਾ ਦੇ ਕਿਰਦਾਰ ਨੂੰ ਨਿਖਾਰਦੀ ਹੈ।

ਖੁਆਰ ਹੋਇ ਕੈ

ਧਰਮ ਦੇ ਪੱਖ ਤੋਂ ਰੌਲ਼ਾ ਤਕਨੀਕ ਦਾ ਨਾ ਹੋਕੇ ਅਮਲ ਦਾ ਹੈ। ਤਕਨੀਕ ਦੀ ਵਰਤੋਂ ਵਪਾਰ ਅਤੇ ਰਾਜਨੀਤਕ ਅਮਲ ਦੀ ਖਾਨਾਪੂਰਤੀ ਕਰ ਸਕਦੀ ਹੈ ਪਰ ਧਰਮ ਦੀ ਨਹੀਂ। ਵਪਾਰ ਜਾਂ ਰਾਜਨੀਤੀ ਦੀ ਲੋੜ ਜਾਂ ਸੌਖ ਕਿਸੇ ਵੀ ਨਾਂ ਹੇਠ ਅਤੇ ਕਿਸੇ ਵੀ ਤਰੀਕੇ ਪਵਿੱਤਰਤਾ ਦੇ ਰੁਤਬੇ ਅਤੇ ਅਮਲ ਦੀ ਲੋੜ ਨੂੰ ਘਟਾ ਜਾਂ ਖਪਾ ਨਹੀਂ ਸਕਦੇ। ਤਕਨੀਕ ਜਿਥੇ ਮਰਜੀ ਪਹੁੰਚ ਜਾਏ ਸਿੱਖ ਓਦੋਂ ਤੱਕ ਹੀ ਸਿੱਖ ਹੈ ਜਦੋਂ ਤੱਕ ਉਹ ਅਮਲੀ ਜਿੰਦਗੀ ਨਾਲ ਜੁੜਿਆ ਹੋਇਆ ਹੈ। ਸਿੱਖ ਨੇ ਗੁਰੂ ਦੇ ਦਰਸ਼ਨ ਸ਼ਬਦ ਰੂਪ ਵਿੱਚ ਹੀ ਕਰਨੇ ਹਨ ਅਤੇ ਗੁਰੂਘਰ ਵਿੱਚ ਸੰਗਤ ਰੂਪ ਵਿਚ ਕਰਨੇ ਹਨ, ਪੁਤਲੀਘਰ ਜਾਂ ਬਿਜਲ ਸੰਦ ਵਿਚ ਦਿਸਦੇ ਪਰਛਾਵੇ ਤੋਂ ਨਹੀਂ ਕਰਨੇ। ਗੁਰੂ ਨਾਨਕ ਸਾਹਿਬ ਦਾ ਨਾਮ ਬੇਸ਼ੱਕ ਇਤਿਹਾਸਕ ਤੌਰ ਤੇ ਮਾਨਤ ਹੈ ਪਰ ਸਿੱਖ ਲਈ ਇਹ ਨਾਮ ਧਰਮ ਰੂਪ ਵਿੱਚ ਹੀ ਅਰਥ ਰਖਦਾ ਹੈ। ਇਹ ਪਵਿੱਤਰ ਹੈ, ਰੱਬ ਰੂਪ ਹੈ, ਸ਼ਬਦ ਰੂਪ ਹੈ। ਸਿੱਖ ਲਈ ਧਰਮ ਅਤੇ ਧਰਮ ਇਤਿਹਾਸ ਸਭ ਸ਼ਬਦ ਹੀ ਹੈ। ਕਿਸੇ ਵੀ ਬੁੱਤ, ਤਸਵੀਰ ਜਾਂ ਪਰਛਾਵੇ ਨੂੰ ਗੁਰੂ ਜਾਂ ਸਹੀਦ ਦਾ ਰੂਪ ਕਹਿਣ ਤੋਂ ਵੱਡਾ ਗੁਨਾਹ ਹੋਰ ਕੋਈ ਨਹੀਂ ਹੈ।

ਜਿਹੜੇ ਲੋਕ ਰਹਿਤਨਾਮਿਆਂ ਵਿਚ ਗੁਰੂ ਦਰਸ਼ਨ ਦੇ ਦੱਸੇ ਰਾਹ ਨੂੰ ਭੁੱਲ ਕੇ ਬੁਤ ਦਰਸ਼ਨ ਅਤੇ ਪਰਛਾਵਿਆਂ ਦੀ ਹਿਲਜੁਲ ਵਿਚੋਂ ਗੁਰ ਦਰਸ਼ਨ ਲੱਭਣ ਲੱਗੇ ਹੋਏ ਹਨ ਅਤੇ ਜਿਹੜੇ ਗੁਰੂ ਦੇ ਵਚਨ ਮੰਨਣ ਅਤੇ ਗੁਰੂ ਦੇ ਨਾਮ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਦੇ ਅਮਲ ਨੂੰ ਧਾਰਨ ਨਾਲੋਂ ਓਹਨਾ ਦੇ ਪਰਛਾਵੇਂ ਬਣਾ ਕੇ ਵੇਖਣ ਵਿਖਾਉਣ ਲਗੇ ਹੋਏ ਹਨ, ਓਹ ਚਾਹੇ ਸਭ ਪਦਾਰਥ ਭੋਗ ਲੈਣ,ਸਮੇਂ ਦੀਆਂ ਸਰਕਾਰਾਂ ਓਹਨਾ ਨੂੰ ਵੱਡੇ ਇਨਾਮ, ਸੂਬੇਦਾਰੀਆਂ ਜਾਂ ਵਜੀਰੀਆਂ ਦੇ ਦੇਣ, ਪਰ ਓਹਨਾ ਦੇ ਅਮਲ ਦਾ ਅਸਲ ਲੇਖਾ ਧਰਮ ਸੱਚ ਨਾਲ ਹੋਣਾ ਹੈ ਅਤੇ ਇਹ ਅਸਲੀ ਫੈਸਲਾ ਗੁਰੂ ਪੰਥ ਨੇ ਆਪ ਹੀ ਕਰਨਾ ਹੈ ਕਿ ‘ਖੁਆਰ ਹੋਇ ਸਭ ਮਿਲੇਗੇ’ ਜਾਂ ਫਿਰ ‘ਆਕੀ ਰਹੇ ਨਾ ਕੋਇ’।