ਧਾਰਮਿਕ ਅਸਹਿਣਸ਼ੀਲਤਾ ਭਾਰਤ ਦੀ ਕੌਮੀ ਪਛਾਣ ਨੂੰ ਢਾਹ ਲਾਏਗੀ : ਪ੍ਰਣਬ ਮੁਖਰਜੀ
ਨਾਗਪੁਰ/ਬਿਊਰੋ ਨਿਉਜ਼ :
ਸਾਬਕਾ ਰਾਸ਼ਟਰਪਤੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਣਬ ਮੁਖਰਜੀ ਨੇ ਚਿਤਾਵਨੀ ਦਿੱਤੀ ਕਿ ਧਰਮ ਅਤੇ ਅਸਹਿਣਸ਼ੀਲਤਾ ਰਾਹੀਂ ਭਾਰਤ ਨੂੰ ਪਰਿਭਾਸ਼ਿਤ ਕਰਨ ਦੀ ਕੋਈ ਵੀ ਕੋਸ਼ਿਸ਼ ਮੁਲਕ ਦੀ ਹੋਂਦ ਨੂੰ ਕਮਜ਼ੋਰ ਕਰੇਗੀ। ਆਪਣੀ ਧੀ ਸਮੇਤ ਕਾਂਗਰਸ ਪਾਰਟੀ ਦੇ ਆਗੂਆਂ ਦੀਆਂ ਆਲੋਚਨਾਵਾਂ ਦੇ ਬਾਵਜੂਦ ਸ੍ਰੀ ਮੁਖਰਜੀ ਨੇ ਆਰਐਸਐਸ ਦੇ ਸਮਾਗਮ ‘ਚ ਹਾਜ਼ਰੀ ਭਰੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸਹਿਣਸ਼ੀਲਤਾ ਭਾਰਤ ਦੀ ਕੌਮੀ ਪਛਾਣ ਨੂੰ ਢਾਹ ਲਾਏਗੀ ਅਤੇ ਭਾਰਤੀ ਰਾਸ਼ਟਰਵਾਦ ਸਹਿ ਹੋਂਦ, ਵਿਆਪਕਤਾ ਅਤੇ ਸਮਾਨਤਾ ‘ਚੋਂ ਨਿਕਲਿਆ ਹੈ। ਉਨ੍ਹਾਂ ਕਿਹਾ,”ਭਾਰਤ ‘ਚ ਅਸੀਂ ਸਹਿਣਸ਼ੀਲਤਾ ਤੋਂ ਤਾਕਤ ਹਾਸਲ ਕਰਦੇ ਹਾਂ ਅਤੇ ਬਹੁਲਵਾਦ ਦਾ ਸਤਿਕਾਰ ਹੁੰਦਾ ਹੈ। ਅਸੀਂ ਵਿਭਿੰਨਤਾ ਦਾ ਜਸ਼ਨ ਵੀ ਮਨਾਉਂਦੇ ਹਾਂ।”
ਸਾਲ 2012 ਤੋਂ 2017 ਦੌਰਾਨ ਮੁਲਕ ਦੇ ਰਾਸ਼ਟਰਪਤੀ ਰਹੇ ਸ੍ਰੀ ਮੁਖਰਜੀ ਨੇ ਕਿਹਾ ਕਿ ਉਹ ਇਥੇ ਆਪਣੇ ਮੁਲਕ, ਜਿਸ ਨੂੰ ਭਾਰਤ ਆਖਦੇ ਹਨ, ਬਾਰੇ ਰਾਸ਼ਟਰ, ਰਾਸ਼ਟਰਵਾਦ ਅਤੇ ਦੇਸ਼ਭਗਤੀ ਸਬੰਧੀ ਆਪਣੇ ਵਿਚਾਰ ਸਾਂਝੇ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੁਲ੍ਹ ਕੇ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਅਤੇ ਲੋਕ ਆਪਣੇ ਵਿਚਾਰ ਰੱਖਣ ਲਈ ਹਰ ਤਰ੍ਹਾਂ ਦੇ ਡਰ ਅਤੇ ਹਿੰਸਾ ਤੋਂ ਮੁਕਤ ਹੋਣ। ਇਸ ਤੋਂ ਪਹਿਲਾਂ ਸ੍ਰੀ ਮੁਖਰਜੀ ਨੇ ਆਰਐਸਐਸ ਬਾਨੀ ਕੇਸ਼ਵ ਬਲੀਰਾਮ ਹੈਡਗੇਵਾਰ ਦੇ ਜਨਮ ਅਸਥਾਨ ਦਾ ਦੌਰਾ ਕਰਕੇ ਉਨ੍ਹਾਂ ਨੂੰ ‘ਭਾਰਤ ਦਾ ਮਹਾਨ ਸਪੂਤ’ ਗਰਦਾਨਿਆ। ਸਾਬਕਾ ਰਾਸ਼ਟਰਪਤੀ ਦੇ ਸੰਬੋਧਨ ਤੋਂ ਪਹਿਲਾਂ ਆਰਐਸਐਸ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਸ੍ਰੀ ਮੁਖਰਜੀ ਵੱਲੋਂ ਆਰਐਸਐਸ ਸਮਾਗਮ ‘ਚ ਸ਼ਮੂਲੀਅਤ ਦੇ ਫ਼ੈਸਲੇ ‘ਤੇ ਬਹਿਸ ‘ਅਰਥਹੀਣ’ ਹੈ ਅਤੇ ਉਨ੍ਹਾਂ ਦੀ ਜਥੇਬੰਦੀ ਲਈ ਕੋਈ ਵੀ ਬਾਹਰਲਾ ਨਹੀਂ ਹੈ। ਸ੍ਰੀ ਭਾਗਵਤ ਨੇ ਕਿਹਾ,”ਮੁਖਰਜੀ ਉਹ ਹੀ ਰਹਿਣਗੇ, ਜੋ ਉਹ ਹਨ ਅਤੇ ਸਮਾਗਮ ਮਗਰੋਂ ਸੰਘ ਵੀ ਸੰਘ ਹੀ ਰਹੇਗਾ। ਲੋਕਾਂ ਦੇ ਭਾਵੇਂ ਵੱਖਰੇ ਵਿਚਾਰ ਹੋਣ ਪਰ ਉਹ ਸਾਰੇ ਭਾਰਤ ਮਾਂ ਦੇ ਬੱਚੇ ਹਨ।” ਉਨ੍ਹਾਂ ਕਿਹਾ ਕਿ ਹਰ ਸਾਲ ਸਮਾਗਮ ‘ਚ ਸੰਘ ਵੱਲੋਂ ਅਹਿਮ ਹਸਤੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ। ਸਮਾਗਮ ‘ਚ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਪੁੱਤਰ ਸੁਨੀਲ ਸ਼ਾਸਤਰੀ, ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਰਿਸ਼ਤੇਦਾਰ ਅਰਧੇਂਦੂ ਬੋਸ, ਉਨ੍ਹਾਂ ਦੀ ਪਤਨੀ ਅਤੇ ਪੁੱਤਰ ਨੇ ਵੀ ਹਾਜ਼ਰੀ ਭਰੀ।
ਉਧਰ ਕਾਂਗਰਸ ਨੇ ਰਾਸ਼ਟਰੀ ਸੋਇਮ ਸੇਵਕ ਸੰਘ ਅਤੇ ਭਾਜਪਾ ਨੂੰ ਪੁੱਛਿਆ ਹੈ ਕਿ ਕੀ ਉਹ ਸਾਬਕਾ ਰਾਸ਼ਟਰਪਤੀ ਵੱਲੋਂ ਦਿੱਤੀ ਸਿਆਣੀ ਸਲਾਹ ਅਨੁਸਾਰ ਆਪਣੇ ਕਿਰਦਾਰ, ਵਿਚਾਰਧਾਰਾ ਅਤੇ ਟੀਚਿਆਂ ਵਿੱਚ ਤਬਦੀਲੀ ਲਿਆਏਗਾ। ਕਾਂਗਰਸ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਨੇ ਸੰਘ ਨੂੰ ਸ਼ੀਸਾ ਦਿਖਾਇਆ ਹੈ। ਕਾਂਗਰਸ ਦੇ ਤਰਜਮਾਨ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਸ੍ਰੀ ਮੁਖਰਜੀ ਨੇ ਨਾਗਪੁਰ ਵਿੱਚ ਸੰਘ ਦੇ ਹੈੱਡਕੁਆਰਟਰ ਵਿੱਚ ਦਿੱਤੇ ਆਪਣੇ ਭਾਸ਼ਣ ਵਿੱਚ ਦੇਸ਼ ਦੇ ਬਹੁਲਵਾਦ, ਸ਼ਹਿਣਸ਼ੀਲਤਾ ਅਤੇ ਅਨੇਕਤਾ ਵਿੱਚ ਏਕਤਾ ਅਤੇ ਸ਼ਾਂਤੀ ਵਰਗੇ ਸੰਕਲਪਾਂ ਦੀ ਸੰਘ ਨੂੰ ਯਾਦ ਦਿਵਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਵੱਲੋਂ ਦਿੱਤੀ ਕੀਮਤੀ ਸਲਾਹ ਉੱਤੇ ਸੰਘ ਦੇ ਮੁਖੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਦੇ ਜਵਾਬ ਦੀ ਉਡੀਕ ਰਹੇਗੀ।
ਇਸ ਤੋਂ ਪਹਿਲਾਂ ਕਾਂਗਰਸ ਨੇ ਕਿਹਾ ਸੀ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਆਰਐਸਐਸ ਹੈੱਡਕੁਆਰਟਰ ਦੇ ਦੌਰੇ ਨਾਲ ਪਾਰਟੀ ਦੇ ਲੱਖਾਂ ਵਰਕਰਾਂ ਨੂੰ ਨਿਰਾਸ਼ਾ ਹੋਈ ਹੈ ਜੋ ਭਾਰਤੀ ਗਣਰਾਜ ਦੇ ਬਹੁਲਵਾਦ ਅਤੇ ਵਿਭਿੰਨਤਾ ‘ਚ ਵਿਸ਼ਵਾਸ ਰੱਖਦੇ ਹਨ। ਕਾਂਗਰਸ ਦੇ ਸੀਨੀਅਰ ਤਰਜਮਾਨ ਆਨੰਦ ਸ਼ਰਮਾ ਨੇ ਟਵਿੱਟਰ ‘ਤੇ ਆਪਣੀ ਨਾਰਾਜ਼ਗੀ ਜਤਾਈ। ਉਨ੍ਹਾਂ ਕਿਹਾ ਕਿ ਵਾਰਤਾ ਉਨ੍ਹਾਂ ਨਾਲ ਹੀ ਸੰਭਵ ਹੈ ਜੋ ਦੂਜਿਆਂ ਦੀ ਗੱਲ ਸੁਣਨ ਅਤੇ ਬਦਲਣ ਦੀ ਇੱਛਾ ਰੱਖਦੇ ਹਨ। ‘ਆਰਐਸਐਸ ਦੇ ਆਪਣੇ ਏਜੰਡੇ ਤੋਂ ਹਟਣ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲਦੀ। ਇਸ ਤੋਂ ਪਹਿਲਾਂ ਦਿਨ ਵੇਲੇ ਸੀਨੀਅਰ ਕਾਂਗਰਸ ਆਗੂ ਅਹਿਮਦ ਪਟੇਲ ਨੇ ਸਾਬਕਾ ਰਾਸ਼ਟਰਪਤੀ ਦੇ ਆਰਐਸਐਸ ਹੈੱਡਕੁਆਰਟਰ ‘ਤੇ ਦੌਰੇ ਨੂੰ ਅਪ੍ਰਵਾਨ ਕਰ ਦਿੱਤਾ। ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਦੇ ਨੇੜਲੇ ਆਗੂ ਅਹਿਮਦ ਨੇ ਟਵਿਟਰ ‘ਤੇ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਉਹ ‘ਪ੍ਰਣਬ ਦਾ’ ਤੋਂ ਅਜਿਹੀ ਆਸ ਨਹੀਂ ਰੱਖ ਸਕਦੇ ਸਨ। ਕਾਂਗਰਸ ਪਾਰਟੀ ਨੇ ਆਪਣੇ ਟਵਿਟਰ ਹੈਂਡਲ ‘ਤੇ ਇਕ ਵੀਡਿਓ ਅਤੇ ਲੇਖ ਵੀ ਪਾਇਆ ਜਿਸ ‘ਚ ਆਰਐਸਐਸ ਬਾਰੇ ਵਿਚਾਰ ਪ੍ਰਗਟਾਏ ਗਏ ਹਨ। ਸ੍ਰੀ ਮੁਖਰਜੀ ਦੀ ਧੀ ਸ਼ਰਮਿਸ਼ਠਾ ਨੇ ਵੀ ਆਪਣੇ ਪਿਤਾ ਨੂੰ ਆਰਐਸਐਸ ਦਫ਼ਤਰ ਨਾ ਜਾਣ ਦੀ ਅਪੀਲ ਕੀਤੀ ਸੀ।
ਦੂਜੇ ਪਾਸੇ ਖੱਬੀਆਂ ਧਿਰਾਂ ਨੇ ਸ੍ਰੀ ਮੁਖਰਜੀ ਦੇ ਬਿਆਨ ਉੱਤੇ ਟਿੱਪਣੀ ਕਰਦਿਆਂ ਉਨ੍ਹਾਂ ਵੱਲੋਂ ਭਾਰਤ ਦੇ ਅਸਲੀ ਅਨੇਕਤਾ ਵਿੱਚ ਏਕਤਾ ਅਤੇ ਬਹੁਲਵਾਦੀ ਸਮਾਜ ਤੋਂ ਜਾਣੂ ਕਰਵਾਉਣ ਲਈ ਸ਼ਲਾਘਾ ਕੀਤੀ ਹੈ। ਸੀਪੀਐਮ ਦੇ ਜਨਰਲ ਸਕੱਤਰ ਸੀਤਾ ਰਾਮ ਯੈਚੁਰੀ ਨੇ ਮੁਖਰਜੀ ਵੱਲੋਂ ਮਹਾਤਮਾ ਗਾਂਧੀ ਦੀ ਹੱਤਿਆ ਦੇ ਮੁੱਦੇ ਉੱਤੇ ਚੁੱਪ ਧਾਰਨ ਸਬੰਧੀ ਸਵਾਲ ਵੀ ਉਠਾਇਆ ਹੈ।
Comments (0)