‘ਗੁੱਚੀ’ ਦੇ ਫੈਸ਼ਨ ਬਰਾਂਡ ਵਿਚ ਪੱਗੜੀ ਸ਼ਾਮਲ ਹੋਣ ‘ਤੇ ਸੋਸ਼ਲ ਮੀਡੀਆ ‘ਚ ਬਹਿਸ

‘ਗੁੱਚੀ’ ਦੇ ਫੈਸ਼ਨ ਬਰਾਂਡ ਵਿਚ ਪੱਗੜੀ ਸ਼ਾਮਲ ਹੋਣ ‘ਤੇ ਸੋਸ਼ਲ ਮੀਡੀਆ ‘ਚ ਬਹਿਸ

ਮਿਲਾਨ/ਬਿਊਰੋ ਨਿਊਜ਼ :
ਵਿਸ਼ਵ ਦੇ ਸਭ ਤੋਂ ਮਸ਼ਹੂਰ ਫ਼ੈਸ਼ਨ ਬ੍ਰਾਂਡਾਂ ਵਿਚੋਂ ਇਕ ਗੁੱਚੀ ਵਲੋਂ ਇਸ ਸਾਲ ਦੇ ਸ਼ੁਰੂ ਵਿਚ ਇਕ ਫ਼ੈਸ਼ਨ ਸ਼ੋਅ ਦੌਰਾਨ ਪੱਗੜੀ ਦੀ ਵਰਤੋਂ ਕੀਤੀ ਗਈ। ਫਰਵਰੀ 2018 ਵਿਚ ਮਿਲਾਨ ਫੈਸ਼ਨ ਵੀਕ ਵਿਚ ਕਰਵਾਏ ਫ਼ੈਸ਼ਨ ਸ਼ੋਅ ਵਿਚ ਪੱਗੜੀ ਪਹਿਨੇ ਸਿੱਖ ਮਾਡਲ ਸ਼ਾਮਲ ਸਨ ਪਰ ਬਾਅਦ ਵਿਚ ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬਹਿਸ ਸ਼ੁਰੂ ਹੋ ਗਈ।
ਇਕ ਸਿੱਖ ਹਰਿੰਦਰ ਸਿੰਘ ਕੁਕਰੇਜਾ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਗਿਆ ”ਪਿਆਰੇ ਗੁੱਚੀ, ਸਿੱਖ ਪੱਗੜੀ ਗੋਰੇ ਮਾਡਲਾਂ ਲਈ ਕੋਈ ਟੋਪੀ ਨਹੀਂ ਹੈ ਬਲਕਿ ਇਹ ਸਿੱਖੀ ਦਾ ਇਕ ਪ੍ਰਤੀਕ ਹੈ। ਤੁਹਾਡੇ ਮਾਡਲਾਂ ਨੇ ਪੱਗੜੀ ਨੂੰ ਟੋਪੀ ਦੇ ਰੂਪ ਵਿਚ ਇਸਤੇਮਾਲ ਕੀਤਾ ਹੈ ਜਦਕਿ ਸਿੱਖ ਇਸ ਨੂੰ ਇਕ-ਇਕ ਲੜ ਕਰ ਕੇ ਬੰਨ੍ਹਦੇ ਹਨ। ਫ਼ਰਜ਼ੀ ਸਿੱਖ ਪੱਗੜੀ ਦੀ ਵਰਤੋਂ ਨਕਲੀ ਗੁੱਚੀ ਉਤਪਾਦਾਂ ਨੂੰ ਵੇਚਣ ਤੋਂ ਵੀ ਮਾੜਾ ਹੈ।”
ਇਕ ਹੋਰ ਸਿੱਖ ਰਾਜਵਤਨ ਸਿੰਘ ਨੇ ਕਿਹਾ ਕਿ ਜੇਕਰ ਗੁੱਚੀ ਨੇ ਅਪਣੇ ਉਤਪਾਦਾਂ ਲਈ ਪੱਗੜੀ ਦੀ ਵਰਤੋਂ ਕਰਨੀ ਹੀ ਸੀ ਤਾਂ ਗੋਰੇ ਵਿਅਕਤੀਆਂ ਦੀ ਵਰਤੋਂ ਕਰਨ ਦੀ ਬਜਾਏ ਗੁੱਚੀ ਸਿੱਖ ਮਾਡਲਾਂ ਦੀ ਵਰਤੋਂ ਕਰ ਸਕਦੀ ਸੀ ਪਰ ਤੁਸੀਂ ਕਿਸੇ ਅਜਿਹੇ ਵਿਅਕਤੀ ਦੀ ਵਰਤੋਂ ਕਰ ਰਹੇ ਹੋ, ਜਿਨ੍ਹਾਂ ਦੀ ਪ੍ਰੰਪਰਾ ਪੱਗੜੀ ਬੰਨ੍ਹਣ ਦੀ ਨਹੀਂ ਹੈ ਤਾਂ ਤੁਹਾਨੂੰ ਇਸ ਤੱਥ ਤੋਂ ਜਾਣੂ ਹੋਣਾ ਚਾਹੀਦਾ ਸੀ ਕਿ ਸਿੱਖ ਸਮਾਜ ਵਿਚ ਪੱਗੜੀ ਦਾ ਕਿੰਨਾ ਮਹੱਤਵ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ੈਸ਼ਨ ਬ੍ਰਾਂਡ ਗੁੱਚੀ ਵਲੋਂ ਪੱਗੜੀ ਦੀ ਵਰਤੋਂ ਕਰਨ ‘ਤੇ ਸਖ਼ਤ ਇਤਰਾਜ਼ ਜਤਾਇਆ । ਉਸ ਨੇ ਕਿਹਾ ਸੀ ਕਿ ਗੁੱਚੀ ਨੇ ਦਸਤਾਰ ਨੂੰ ਅਪਣੇ ਬ੍ਰਾਂਡ ਦੇ ਉਤਪਾਦ ਦੇ ਤੌਰ ‘ਤੇ ਇਸਤੇਮਾਲ ਕਰਕੇ ਦਸਤਾਰ ਦੀ ਕੀਮਤ ਲਗਾਉਣ ਦੀ ਗੁਸਤਾਖ਼ੀ ਕੀਤੀ ਹੈ। ਸਿੱਖ ਦੀ ਪੱਗੜੀ ਦੀ ਕੀਮਤ ਕੋਈ ਨਹੀਂ ਲਗਾ ਸਕਦਾ। ਸਿੱਖ ਦੇ ਸਿਰ ‘ਤੇ ਸਜੀ ਹੋਈ ਪੱਗੜੀ ਲੋਕਾਂ ਦੇ ਲਈ ਇਨਸਾਫ਼ ਜਾਂ ਇਨਸਾਨੀਅਤ ਦੀ ਗਰੰਟੀ ਹੈ ਅਤੇ ਦੁਸ਼ਮਣਾਂ ਲਈ ਸਿਰ ‘ਤੇ ਬੰਨ੍ਹੇ ਕੱਫਣ ਵਰਗੀ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਫੈਸ਼ਨ ਕਾਰਨ ਅਪਣੇ ਸਿਰ ‘ਤੇ ਗੁੱਚੀ ਦੀ ਟੋਪੀ ਪਾਉਣ ਵਾਲੇ ਨੌਂਜਵਾਨਾਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਹੁਣ ਇਕ ਵੱਡੇ ਫੈਸ਼ਨ ਬ੍ਰਾਂਡ ਨੇ ਵੀ ਮੰਨ ਲਿਆ ਹੈ ਕਿ ਦਸਤਾਰ ਫ਼ੈਸ਼ਨ ਦਾ ਹਿੱਸਾ ਹੈ। ਉਨ੍ਹਾਂ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਰਦਾਰੀ ਦੇ ਰੂਪ ਵਿਚ ਦਸਤਾਰ ਬੰਨ੍ਹਣ ਦਾ ਹੁਕਮ ਦਿਤਾ ਸੀ, ਜਿਸ ਨੂੰ ਹੁਣ ਗੁੱਚੀ ਪ੍ਰਮਾਣਤ ਕਰ ਰਿਹਾ ਹੈ। ਉਨ੍ਹਾਂ ਇਸ ਸਬੰਧੀ ਗੁੱਚੀ ਨੂੰ ਦਸਤਾਰ ਨੂੰ ਫੈਸ਼ਨ ਉਤਪਾਦ ਦੇ ਰੂਪ ਵਿਚ ਨਾ ਵਰਤਣ ਦੀ ਚਿਤਾਵਨੀ ਵੀ  ਦਿਤੀ।