ਸਿਆਸਤ ਦੀਆਂ ‘ਤੱਕੜੀਆਂ’ ਵਿਚ ਤੁਲਦੇ-ਤੁਲਦੇ ਸੀਡੀ ਕੰਬੋਜ ਹੋਏ ‘ਕੱਖੋਂ ਹੌਲੇ’
ਜਲੰਧਰ/ਬਿਊਰੋ ਨਿਊਜ਼ :
ਹਲਕਾ ਸ਼ਾਹਕੋਟ ਉਪ ਚੋਣ ਤੋਂ ਪਹਿਲਾਂ ਦਲਬਦਲੀਆਂ ਦਾ ਸਿਲਸਿਲਾ ਜਾਰੀ ਹੈ। ਅਕਾਲੀ ਦਲ ਵਿੱਚ ਸ਼ਾਮਲ ਹੋਏ ‘ਆਪ’ ਆਗੂ ਸੀਡੀ ਕੰਬੋਜ ਨੇ ਆਪਣੇ ਰਾਜਨੀਤਿਕ ਸਫ਼ਰ ਦੌਰਾਨ ਚੌਥੀ ਵਾਰ ਪਾਰਟੀ ਬਦਲੀ ਹੈ। ‘ਆਪ’ ਤੋਂ ਪਹਿਲਾਂ ਉਹ ਕਾਂਗਰਸ ਵਿੱਚ ਸਨ। ਕਿਸੇ ਸਮੇਂ ਉਹ ਬਸਪਾ ਦੇ ਸੂਬਾ ਪ੍ਰਧਾਨ ਵੀ ਰਹੇ ਹਨ, ਪਰ ਉਨ੍ਹਾਂ ਨੂੰ ਹਾਥੀ ਦੀ ਸਵਾਰੀ ਬਹੁਤੀ ਰਾਸ ਨਹੀਂ ਆਈ ਸੀ। ਉਹ ਸ਼ਾਹਕੋਟ ਹਲਕੇ ਤੋਂ ਦੋ ਵਾਰ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਚੁੱਕੇ ਹਨ ਪਰ ਦੋਵੇਂ ਵਾਰ ਹਾਰ ਗਏ।
ਸਭ ਤੋਂ ਪਹਿਲਾਂ ਸੀਡੀ ਕੰਬੋਜ ਕਾਂਗਰਸ ਵਿੱਚ ਸਨ ਪਰ ਉਹ 1997 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਸਪਾ ਵਿੱਚ ਚਲੇ ਗਏ ਸਨ। ਉਦੋਂ ਬਸਪਾ ਦੇ ਬਾਨੀ ਪ੍ਰਧਾਨ ਬਾਬੂ ਕਾਂਸ਼ੀ ਰਾਮ ਨੇ ਉਨ੍ਹਾਂ ਨੂੰ ਪੰਜਾਬ ਦਾ ਪ੍ਰਧਾਨ ਵੀ ਬਣਾ ਦਿੱਤਾ ਸੀ। ਆਪਣੇ ਕੰਬੋਜ ਭਾਈਚਾਰੇ ਵਿੱਚ ਪੈਂਠ ਨਾ ਬਣਾ ਸਕਣ ਕਾਰਨ ਬਾਬੂ ਕਾਂਸ਼ੀ ਰਾਮ ਨੇ ਉਨ੍ਹਾਂ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ। ਪਾਰਟੀ ਵਿੱਚ ਉਹ ਬਹੁਤ ਚਿਰ ਟਿਕ ਨਾ ਸਕੇ ਤੇ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ । 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਿੰਡ ਸੀਚੇਵਾਲ ਵਿੱਚ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੀ ਹੋਈ ਬਹਿਸ ਦੌਰਾਨ ਉਨ੍ਹਾਂ ਮਰਹੂਮ ਸਾਬਕਾ ਮੰਤਰੀ ਅਜੀਤ ਸਿੰਘ ਕੋਹਾੜ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਰੱਜ ਕੇ ਭੰਡਿਆ ਸੀ।
ਇਸ ਤੋਂ ਬਾਅਦ ਸਾਲ 2016 ਵਿੱਚ ਉਹ ਆਮ ਆਦਮੀ ਪਾਰਟੀ ਵਿੱਚ ਸਰਗਰਮ ਰਹੇ ਪਰ ਸੀਡੀ. ਕੰਬੋਜ ਨੂੰ ਜਦੋਂ ਸ਼ਾਹਕੋਟ ਤੋਂ ਟਿਕਟ ਨਾ ਮਿਲੀ ਤਾਂ ਉਨ੍ਹਾਂ ਦਾ ‘ਆਪ’ ਤੋਂ ਵੀ ਮਨ ਖੱਟਾ ਹੋ ਗਿਆ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਚਰਚਾ ਸੀ ਤੇ ਆਖਰ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਹੀ ਗਏ। ਸੀਡੀ ਕੰਬੋਜ ਦਾ ਹਲਕਾ ਸ਼ਾਹਕੋਟ ਵਿੱਚ ਬਹੁਤਾ ਪ੍ਰਭਾਵ ਨਹੀਂ ਦੱਸਿਆ ਜਾਂਦਾ, ਕਿਉਂਕਿ ਹਲਕੇ ਵਿੱਚ ਉਨ੍ਹਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਰਿਹਾ।
ਇਸ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਹੰਸ ਰਾਜ ਹੰਸ ਨੇ ਵੀ ਆਪਣੇ ਛੋਟੇ ਜਿਹੇ ਰਾਜਨੀਤਿਕ ਸਫ਼ਰ ਵਿੱਚ ਤਿੰਨ ਪਾਰਟੀਆਂ ਦੀਆਂ ‘ਛੱਤਰੀਆਂ’ ਤੋਂ ਉਡਾਰੀ ਭਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਅਕਾਲੀ ਦਲ ਦੀਆਂ ਸਟੇਜਾਂ ਤੋਂ ਵੱਡੇ ਬਾਦਲ ਨੂੰ ਆਪਣਾ ਬਾਬਲ ਕਹਿੰਦਿਆਂ ਹੇਕਾਂ ਲਾਈਆਂ ਸਨ । 2009 ਦੀਆਂ ਲੋਕ ਸਭਾ ਚੋਣਾਂ ਵਿੱਚ ਜਲੰਧਰ ਹਲਕੇ ਤੋਂ ਹੋਈ ਹਾਰ ਤੋਂ ਬਾਅਦ ਹੰਸ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਦਿਲ ਉਦਾਸ ਹੋ ਗਿਆ ਸੀ ਤੇ ਉਨ੍ਹਾਂ ਕੈਪਟਨ ਦੇ ਸੋਹਲੇ ਗਾਉਣੇ ਸ਼ੁਰੂ ਕਰ ਦਿੱਤੇ। ਇੱਥੇ ਉਨ੍ਹਾਂ ਨੂੰ ਰਾਜ ਸਭਾ ਦੀ ਟਿਕਟ ਦੇਣ ਲਈ ਹੰਗਾਮੀ ਹਾਲਤ ਵਿੱਚ ਇੰਗਲੈਂਡ ਤੋਂ ਬੁਲਾਇਆ ਵੀ ਗਿਆ ਪਰ ਐਨ ਮੌਕੇ ‘ਤੇ ਟਿਕਟ ਕੱਟੀ ਗਈ ਸੀ। ਖ਼ਫ਼ਾ ਹੋਏ ਹੰਸ ਨੂੰ ਇਕ ਵਾਰ ਤਾਂ ਰਾਹੁਲ ਗਾਂਧੀ ਨੇ ਮਨਾ ਲਿਆ ਸੀ ਪਰ ਫਿਰ ਅਚਾਨਕ ਹੰਸ ਰਾਜ ਹੰਸ ਨੇ ਕਮਲ ਦੇ ਫੁੱਲ ਨੂੰ ਹੱਥ ਪਾ ਲਿਆ ਤੇ ਭਾਜਪਾ ਦੇ ਰੰਗ ਵਿੱਚ ਰੰਗੇ ਗਏ। ਹੁਣ ਸੁਖਬੀਰ ਸਿੰਘ ਬਾਦਲ ਨੇ ਜਦੋਂ ਦੀ ਹਲਕਾ ਸ਼ਾਹਕੋਟ ਵਿੱਚ ਸਰਗਰਮੀ ਫੜੀ ਹੋਈ ਹੈ ਤਾਂ ਹੰਸ ਰਾਜ ਹੰਸ ਵੀ ਉਨ੍ਹਾਂ ਦੇ ਨਾਲ ਹੀ ਨਜ਼ਰ ਆ ਰਹੇ ਹਨ, ਹਾਲਾਂਕਿ ਭਾਜਪਾ ਨੇ ਹੰਸ ਰਾਜ ਨੂੰ ਕੁਝ ਦਿਨ ਪਹਿਲਾਂ ਹੀ ਪਾਰਟੀ ਦਾ ਸੂਬਾ ਮੀਤ ਪ੍ਰਧਾਨ ਬਣਾਇਆ ਹੈ। ਸੁਖਬੀਰ ਨਾਲ ਹੰਸ ਦੀਆਂ ਨਜ਼ਦੀਕੀਆਂ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।
Comments (0)