ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ

ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ

ਪਰਮਜੀਤ ਕੌਰ ਸਰਹਿੰਦ (ਸੰਪਰਕ: 98728-98599)

ਦੀਵਾਨ ਟੋਡਰ ਮੱਲ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਉਦੋਂ ਜ਼ਮੀਨ ਖਰੀਦੀ ਜਦੋਂ ਜ਼ੁਲਮ ਦੀ ਤੇਜ਼ ਹਨੇਰੀ ਝੁੱਲ ਰਹੀ ਸੀ। ਸਿੱਖ ਜਗਤ ਵਿੱਚ ਸਤਿਕਾਰ ਦੀ ਪਾਤਰ ਇਸ ਹਸਤੀ ਦੀ ਜਹਾਜ਼ ਹਵੇਲੀ ਸਮਾਂ ਪਾ ਕੇ ਖੰਡਰ ਹੋ ਗਈ। ਹੁਣ ਇਸ ਵਿਰਾਸਤ ਦੀ ਸੰਭਾਲ ਹਿੱਤ ਮੁਰੰਮਤ ਦਾ ਕਾਰਜ ਚੱਲ ਰਿਹਾ ਹੈ। ਇਸ ਹਵੇਲੀ ਦੀਆਂ ਵਿਸ਼ੇਸ਼ਤਾਵਾਂ ‘ਤੇ ਰੌਸ਼ਨੀ ਪਾਉਂਦੀ ਹੈ ਇਹ ਰਚਨਾ।

ਸਿੱਖ ਜਗਤ ਵਿੱਚ ਦੀਵਾਨ ਟੋਡਰ ਮੱਲ ਦਾ ਨਾਂ ਬਹੁਤ ਆਦਰ ਨਾਲ ਲਿਆ ਜਾਂਦਾ ਹੈ ਅਤੇ ਸਿੱਖ ਇਤਿਹਾਸ ਵਿੱਚ ਵੀ ਉਨ੍ਹਾਂ ਦਾ ਜ਼ਿਕਰ ਬਹੁਤ ਅਹਿਮੀਅਤ ਰੱਖਦਾ ਹੈ। ਦੀਵਾਨ ਸਾਹਿਬ ਨੇ ਸਮੇਂ ਦੀ ਜ਼ਾਲਮ ਹਕੂਮਤ ਨੂੰ ਦੱਸਿਆ ਕਿ ਜ਼ੁਲਮ ਦੇ ਝੁੱਲ ਰਹੇ ਝੱਖੜਾਂ ਵਿੱਚ ਵੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜਾਗਦੀ ਜ਼ਮੀਰ ਵਾਲੇ ਉਪਾਸ਼ਕ ਉਨ੍ਹਾਂ ਤੋਂ ਕੁਰਬਾਨ ਜਾਂਦੇ ਹਨ। ਸਰਹਿੰਦ ਵਿਖੇ ਜਹਾਜ਼ ਹਵੇਲੀ ਦੀਵਾਨ ਟੋਡਰ ਮੱਲ ਦੀ ਰਿਹਾਇਸ਼ਗਾਹ ਸੀ।
ਮਜ਼ਹਬੀ ਜਨੂੰਨ ਅਤੇ ਤਾਕਤ ਦੇ ਨਸ਼ੇ ‘ਚ ਅੰਨ੍ਹੇ ਹੋਏ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਨੂੰ ਪਹਿਲਾਂ ਜਿਉਂਦੇ ਦੀਵਾਰ ਵਿੱਚ ਚਿਣਵਾਇਆ ਤੇ ਫਿਰ ਕੋਹ-ਕੋਹ ਕੇ ਸ਼ਹੀਦ ਕਰਵਾਇਆ। ਠੰਢੇ ਬੁਰਜ ਵਿੱਚ ਮਾਤਾ ਗੁਜਰੀ ਜੀ ਵੀ ਸਵਾਸ ਤਿਆਗ ਕੇ ਸ਼ਹਾਦਤ ਦਾ ਜਾਮ ਪੀ ਗਏ। ਇਹ ਸ਼ਹੀਦੀ ਸਾਕਾ 13 ਪੋਹ, 1761 ਬਿਕਰਮੀ ਮੁਤਾਬਿਕ 27 ਦਸੰਬਰ 1704 ਨੂੰ ਵਰਤਿਆ। ਸੂਬਾ ਸਰਹਿੰਦ ਨੇ ਤਿੰਨਾਂ ਪਾਵਨ ਦੇਹਾਂ ਨੂੰ ਨਾਲ ਵਗਦੀ ਹੰਸਲਾ ਨਦੀ ਕੋਲ ਸੁਟਵਾ ਦਿੱਤਾ। ਮੁਗ਼ਲ ਹਕੂਮਤ ਦੀ ਦਹਿਸ਼ਤ ਕਾਰਨ ਸਸਕਾਰ ਲਈ ਥਾਂ ਨਹੀਂ ਸੀ ਮਿਲ ਰਹੀ, ਪਰ ਦੀਵਾਨ ਟੋਡਰ ਮੱਲ ਨੇ ਆਪਣੀ ਪਹੁੰਚ ਨਾਲ ਸੂਬੇ ਤੋਂ ਇਜਾਜ਼ਤ ਲਈ। ਚੌਧਰੀ ਅੱਤਾ ਨਾਂ ਦੇ ਇੱਕ ਜ਼ਿਮੀਦਾਰ ਤੋਂ ਜ਼ਮੀਨ ਖ਼ਰੀਦੀ ਜੋ ਦੁਨੀਆਂ ਦੀ ਸਭ ਤੋਂ ਮਹਿੰਗੇ ਮੁੱਲ ਦੀ ਜ਼ਮੀਨ ਹੋ ਨਿੱਬੜੀ। ਸਸਕਾਰ ਕਰਨ ਲਈ ਲੋੜੀਂਦੀ ਜ਼ਮੀਨ ਉੱਤੇ ਦੀਵਾਨ ਟੋਡਰ ਮੱਲ ਨੇ ਖੜ੍ਹਵੇਂ ਦਾਅ ਸੋਨੇ ਦੀਆਂ ਅਸ਼ਰਫੀਆਂ (ਮੋਹਰਾਂ) ਚਿਣ-ਚਿਣ ਕੇ ਉਸ ਜ਼ਮੀਨ ਦੀ ਕੀਮਤ ਅਦਾ ਕੀਤੀ। ਉਨ੍ਹਾਂ ਨੇ ਉਹ ਜ਼ਮੀਨ ਕੀ ਖ਼ਰੀਦੀ, ਸਮੁੱਚੀ ਸਿੱਖ ਕੌਮ ਨੂੰ ਬਿਨਾਂ ਮੁੱਲ ਖ਼ਰੀਦ ਲਿਆ। ਜਿੱਥੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ ਉਸ ਸਥਾਨ ‘ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸ਼ੁਭਾਇਮਾਨ ਹੈ।
ਇਤਿਹਾਸਕਾਰਾਂ ਅਨੁਸਾਰ ਇਨ੍ਹਾਂ ਮਹਾਨ ਸ਼ਹੀਦਾਂ ਦਾ ਸਸਕਾਰ ਵੀ ਦੀਵਾਨ ਟੋਡਰ ਮੱਲ ਨੇ ਆਪ ਕੀਤਾ। ਇਹ ਮਹਾਨ ਕਾਰਜ ਕਰਨ ਵਿੱਚ ਦੀਵਾਨ ਸਾਹਿਬ ਦੇ ਭਰਾ ਦਾ ਜ਼ਿਕਰ ਵੀ ਆਉਂਦਾ ਹੈ। ਉਨ੍ਹਾਂ ਦਾ ਜੱਦੀ ਪਿੰਡ ਕਾਕੜਾ, ਜ਼ਿਲ੍ਹਾ ਸੰਗਰੂਰ ਦੱਸਿਆ ਗਿਆ ਹੈ। ਸਸਕਾਰ ਤੋਂ ਤੀਜੇ ਦਿਨ ਜੋਧ ਸਿੰਘ ਨਾਂ ਦਾ ਸਿੱਖ, ਦੀਵਾਨ ਸਾਹਿਬ ਤੇ ਉਨ੍ਹਾਂ ਦੇ ਭਰਾ ਤੋਂ ਅਸਥੀਆਂ ਲੈ ਕੇ ਉਨ੍ਹਾਂ ਦੇ ਪਿੰਡ ਕਾਕੜੇ ਪੁੱਜ ਗਿਆ। ਅਸਥੀਆਂ ਇੱਕ ਗਾਗਰ ਵਿੱਚ ਪਾ ਕੇ ਜ਼ਮੀਨ ਵਿੱਚ ਦਬਾ ਦਿੱਤੀਆਂ। ਇਹ ਜ਼ਮੀਨ ਦੀਵਾਨ ਟੋਡਰ ਮੱਲ ਦੀ ਮਲਕੀਅਤ ਸੀ ਜੋ ਉਨ੍ਹਾਂ ਦੇ ਪਿੰਡ ਦੇ ਨਾਲ ਲੱਗਦੇ ਪਿੰਡ ਆਲੋਅਰਖ ਵਿੱਚ ਪੈਂਦੀ ਸੀ। ਉਸ ਸਥਾਨ ਉੱਤੇ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ, ਯਾਦਗਾਰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਸੁਸ਼ੋਭਿਤ ਹੈ।
ਦੀਵਾਨ ਟੋਡਰ ਮੱਲ ਦੇ ਖ਼ਾਨਦਾਨ ਦੀ ਨੌਵੀਂ ਪੀੜ੍ਹੀ ਵਿੱਚੋਂ ਬਲਰਾਜ ਚੋਪੜਾ ਅਤੇ ਉਨ੍ਹਾਂ ਦੇ ਪੁੱਤਰ ਸ਼ਕਤੀਰਾਜ ਚੋਪੜਾ ਨੇ ਵੀ ਇਤਿਹਾਸਕਾਰਾਂ ਦੇ ਤੱਥਾਂ ਦੀ ਕਾਫ਼ੀ ਹੱਦ ਤਕ ਪੁਸ਼ਟੀ ਕੀਤੀ ਹੈ। ਦੀਵਾਨ ਟੋਡਰ ਮੱਲ ਦਾ ਜਨਮ ਬੰਨੂ (ਪਿਸ਼ਾਵਰ) ਵਿਖੇ ਹੋਇਆ ਸੀ। ਉਨ੍ਹਾਂ ਮੁਤਾਬਿਕ ਦੀਵਾਨ ਟੋਡਰ ਮੱਲ ਹਿਸਾਬ-ਕਿਤਾਬ ਦੇ ਬੜੇ ਮਾਹਰ ਸਨ ਤੇ ਉਨ੍ਹਾਂ ਤੋਂ ਬਾਅਦ ਦੀਆਂ ਪੀੜ੍ਹੀਆਂ ਵੀ ਇਸ ਕਿੱਤੇ ਨਾਲ ਜੁੜੀਆਂ ਰਹੀਆਂ। ਦੀਵਾਨ ਟੋਡਰ ਮੱਲ ਆਮਿਲ ਤੋਂ ਫ਼ੌਜਦਾਰ ਬਣੇ। ਸ਼ਾਹਜਹਾਂ ਵੱਲੋਂ ਉਨ੍ਹਾਂ ਨੂੰ ਘੋੜਸਵਾਰ ਅਤੇ ਹਾਥੀਆਂ ਦੀ ਫ਼ੌਜ ਦੀ ਕਮਾਨ ਸੌਂਪੀ ਗਈ ਸੀ। ਉਨ੍ਹਾਂ ਨੇ ਆਪਣੀ ਵਧੀਆ ਕਾਰਗੁਜ਼ਾਰੀ ਨਾਲ ਸਰਕਾਰੇ-ਦਰਬਾਰੇ ਚੰਗੀ ਇੱਜ਼ਤ ਕਮਾਈ। ਇਸੇ ਲਈ ਉਨ੍ਹਾਂ ਨੂੰ ਦੀਵਾਨ ਦੀ ਪਦਵੀ ਹਾਸਲ ਹੋਈ। ਦੀਵਾਨ ਟੋਡਰ ਮੱਲ ਦੇ ਪਰਿਵਾਰ ਵਿੱਚ ਦਾਦੇ-ਪੜਦਾਦਿਆਂ ਦੇ ਸਮੇਂ ਤੋਂ ਹੀ ਸਿੱਖੀ ਸੇਵਕੀ ਚਲੀ ਆ ਰਹੀ ਸੀ। ਸਮੇਂ ਨਾਲ ਜਦੋਂ ਇਹ ਪਰਿਵਾਰ ਸਰਹਿੰਦ ਆ ਵਸਿਆ, ਉਦੋਂ ਇਹ ਸ਼ਹਿਰ ਹਿੰਦੁਸਤਾਨ ਦਾ ਵੱਡਾ ਵਪਾਰਕ ਕੇਂਦਰ ਸੀ। ਸਰਹਿੰਦ ਸ਼ਹਿਰ ਦੇ ਬਾਹਰ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਰਾਹਗੀਰਾਂ ਦੀ ਖਿੱਚ ਦਾ ਕੇਂਦਰ ਵੀ ਸੀ। ਇਹ ਖ਼ੂਬਸੂਰਤ ਹਵੇਲੀ ਸਮੁੰਦਰੀ ਜਹਾਜ਼ ਦਾ ਭੁਲੇਖਾ ਪਾਉਂਦੀ ਸੀ। ਉਸ ਪੁਰਾਤਨ ਇਮਾਰਤ ਦੇ ਖੰਡਰਾਤ ਅੱਜ ਵੀ ਮੌਜੂਦ ਹਨ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੇ ਸਥਾਨ ‘ਤੇ ਸੁਸ਼ੋਭਿਤ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੋਂ ਥੋੜ੍ਹੀ ਦੂਰੀ ‘ਤੇ ਪੱਛਮ ਵੱਲ ਜਹਾਜ਼ ਹਵੇਲੀ ਦੇ ਖੰਡਰਾਂ ਨੂੰ ਦੇਖਦਿਆਂ ਦਿਲ ਵਿੱਚੋਂ ਹੂਕ ਨਿਕਲੀ ‘ਖੰਡਰਾਤ ਬਤਾਤੇ ਹੈਂ ਕਿ ਇਮਾਰਤ ਬੁਲੰਦ ਥੀ।’
ਅਜੋਕੇ ਸਮੇਂ ਇਹ ਹਵੇਲੀ ਅੰਦਾਜ਼ਨ 7-8 ਕਨਾਲ ਦੇ ਰਕਬੇ ਵਿੱਚ ਛੋਟੀ-ਛੋਟੀ ਚਾਰਦੀਵਾਰੀ ਵਿੱਚ ਦਿਖਾਈ ਦਿੰਦੀ ਹੈ। ਹਵੇਲੀ ਨੇੜੇ ਕੁਝ ਵੱਸੋਂ ਵੀ ਹੈ। ਸਰਹਿੰਦ ਸ਼ਹਿਰ ਦੇ ਇਸ ਹਿੱਸੇ ਨੂੰ ਹਰਨਾਮ ਨਗਰ ਕਿਹਾ ਜਾਂਦਾ ਹੈ। ਹਵੇਲੀ ਦਾ ਮੁੱਖ ਹਿੱਸਾ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵੱਲ ਨੂੰ ਚੜ੍ਹਦੇ (ਪੂਰਬ) ਵੱਲ ਹੈ ਜੋ ਪੱਕੀ ਲਿੰਕ ਸੜਕ ਉੱਤੇ ਹੈ। ਦੱਖਣ ਵੱਲ ਕੁਝ ਘਰਾਂ ਅੱਗੋਂ ਪੱਕੀ ਗਲੀ ਲੰਘਦੀ ਹੈ। ਉੱਤਰ ਵੱਲ ਵਾਹੀਯੋਗ ਜ਼ਮੀਨ ਹੈ। ਇਮਾਰਤ ਦੁਆਲੇ ਚਾਰ ਕੁ ਫੁੱਟ ਉੱਚੀ ਚਾਰਦੀਵਾਰੀ ਤਾਂ ਹੈ, ਪਰ ਕੋਈ ਗੇਟ ਵਗੈਰਾ ਨਹੀਂ ਲਗਾਇਆ ਗਿਆ। ਅੰਦਰ ਵੜਦਿਆਂ ਨੂੰ ਖੱਬੇ ਪਾਸੇ ਇੱਕ ਨਵਾਂ ਬਣਾਇਆ ਖੂਹ ਨਜ਼ਰ ਆਉਂਦਾ ਹੈ ਜੋ ਬਰਸਾਤੀ ਪਾਣੀ ਨੂੰ ਜਜ਼ਬ ਕਰਨ ਹਿਤ ਬਣਾਇਆ ਗਿਆ ਹੈ। ਸੱਜੇ ਪਾਸੇ ਡੂੰਘੀ ਥਾਂ ਖੰਡਰਾਂ ਦੀ ਖੁਦਾਈ ਵਿੱਚੋਂ ਨਿਕਲੇ ਬੜੇ ਮਜ਼ਬੂਤ ਅੱਠ ਥਮ੍ਹਲੇ ਦਿਖਾਈ ਦਿੰਦੇ ਹਨ। ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇੱਥੇ ਚਾਰ ਕਮਰੇ ਸਨ ਜੋ ਜ਼ਮੀਨਦੋਜ਼ ਸਨ। ਇਸ ਦੇ ਚੜ੍ਹਦੇ ਵੱਲ ਢੱਠੀ ਹੋਈ ਇਮਾਰਤ ਦਾ ਇੱਕ ਹਿੱਸਾ ਕਿਸੇ ਮੀਨਾਰ ਵਾਂਗੂੰ ਜਾਪਦਾ ਹੈ। ਉਸ ਦੇ ਨਾਲ ਦਾ ਹਿੱਸਾ ਖ਼ਾਲੀ ਖੰਡਰ ਹੈ ਤੇ ਉੱਤਰ ਵੱਲ ਪੁਰਾਤਨ ਇਮਾਰਤ ਦੇ ਬਚੇ ਅੰਸ਼ਾਂ ਵਿੱਚੋਂ ਡਿੱਗੀ-ਢੱਠੀ ਇਮਾਰਤ ਨੂੰ ਦੇਖਦਿਆਂ ਪਤਾ ਲੱਗਦਾ ਹੈ ਕਿ ਇਹ ਤਿੰਨ ਮੰਜ਼ਿਲਾਂ ਸਨ ਅਤੇ ਹਵੇਲੀ ਦੇ ਪਿਛਲੇ ਹਿੱਸੇ ਦੇ ਕਮਰਿਆਂ ਦੇ ਨਮੂਨੇ ਦੀ ਝਲਕ ਪੈਂਦੀ ਹੈ। ਬਾਕੀ ਇਮਾਰਤ ਢਹਿ ਚੁੱਕੀ ਹੈ। ਇਹ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਦਾ ਪਹਿਲਾ ਹਿੱਸਾ ਹੈ।
ਇਸ ਤੋਂ ਅੱਗੇ ਪੱਛਮ ਵੱਲ ਹਵੇਲੀ ਦਾ ਦੂਜਾ ਹਿੱਸਾ ਹੈ। ਦੋਵਾਂ ਹਿੱਸਿਆਂ ਦੇ ਵਿਚਕਾਰ ਅੰਦਾਜ਼ਨ 15-18 ਫੁੱਟ ਚੌੜੀ ਖ਼ਾਲੀ ਥਾਂ ਹੈ ਜੋ ਛੱਤੀ ਹੋਈ ਸੀ। ਇਹ ਗੈਲਰੀ ਤਕਰੀਬਨ 45-50 ਫੁੱਟ ਲੰਬੀ ਸੀ। ਇਹ ਗੈਲਰੀ ਦੋਵਾਂ ਹਿੱਸਿਆਂ ਨੂੰ ਜੋੜਦੀ ਹੈ। ਹਵੇਲੀ ਦੇ ਚਾਰੇ ਪਾਸੇ ਖ਼ਾਲੀ ਥਾਂ ਹੈ। ਗੈਲਰੀ ਦੇ ਸਾਹਮਣੇ ਉੱਤਰ ਦਿਸ਼ਾ ਵੱਲ ਇੱਕ ਹੌਦ ਬਣਿਆ ਹੋਇਆ ਹੈ ਜਿਸ ਨੂੰ ਲੋਕ ਸਰੋਵਰ ਹੀ ਆਖਦੇ ਹਨ। ਜਹਾਜ਼ ਹਵੇਲੀ ਵਿੱਚ ਕੰਮ ਕਰਨ ਵਾਲੇ ਕਾਰੀਗਰ ਚੱਕਰਧਾਰ ਯਾਦਵ ਨੇ ਦੱਸਿਆ ਕਿ ਖੁਦਾਈ ਕਰਨ ਸਮੇਂ ਪਤਾ ਚੱਲਦਾ ਹੈ ਕਿ ਇਸ ਹੌਦ ਵਿੱਚੋਂ ਸਾਰੀ ਹਵੇਲੀ ਨੂੰ ਪਾਈਪਾਂ ਪਾਈਆਂ ਗਈਆਂ ਸਨ। ਇਹ ਹੌਦ ਜਹਾਜ਼ ਹਵੇਲੀ ਲਈ ਪਾਣੀ ਦਾ ਮੁੱਖ ਸਰੋਤ ਰਿਹਾ ਹੋਵੇਗਾ। ਹਵੇਲੀ ਨੂੰ ਬਾਹਰੋਂ ਦੇਖਿਆਂ ਆਮ ਵਿਅਕਤੀ ਨੂੰ ਇਹ ਆਮ ਉੱਪਰਲੀ ਸਮਝ ਤਾਂ ਆ ਜਾਂਦੀ ਹੈ, ਪਰ ਇਸ ਇਮਾਰਤ ਦੀਆਂ ਛੁਪੀਆਂ ਖ਼ੂਬੀਆਂ ਜਾਂ ਹਿੱਸਿਆਂ ਬਾਰੇ ਸਮਝਣਾ ਸੌਖਾ ਨਹੀਂ। ਰਾਮਗੜ੍ਹੀਆ ਬੁੰਗਾ ਅਤੇ ਬਾਬਾ ਅਟੱਲ ਸਾਹਿਬ, ਅੰਮ੍ਰਿਤਸਰ ਵਿਖੇ ਵੀ ਰਾਜ ਮਿਸਤਰੀ ਵੱਜੋਂ ਸੇਵਾ ਕਰ ਚੁੱਕੇ ਚੱਕਰਧਾਰ ਯਾਦਵ ਮੁਤਾਬਿਕ ਇਹ ਹਵੇਲੀ ਘੱਟੋ-ਘੱਟ 350 ਸਾਲ ਪੁਰਾਣੀ ਹੈ। ਇਸ ਇਮਾਰਤ ਨੂੰ ਕਈ ਥਾਂ ਤੋਂ ਸਰੀਏ ਅਤੇ ਲੋਹੇ ਦੀ ਮਜ਼ਬੂਤ ਪੱਤੀ ਨਾਲ ਸਹਾਰਾ ਦਿੱਤਾ ਗਿਆ ਹੈ। ਕਈ ਥਾਈਂ ਪੁਰਾਣਾ ਪਲੱਸਤਰ ਉਸੇ ਤਰ੍ਹਾਂ ਰੱਖਿਆ ਗਿਆ ਹੈ। ਇਸ ਪੁਰਾਣੀ ਇਮਾਰਤ ਨੂੰ ਮੁਰੰਮਤ ਕਰਕੇ ਨਵੀਂ ਮਜ਼ਬੂਤ, ਪਰ ਪੁਰਾਤਨ ਦਿੱਖ ਵਾਲੀ ਜਹਾਜ਼ ਹਵੇਲੀ ਬਣਾਇਆ ਜਾ ਰਿਹਾ ਹੈ।

ਹਵੇਲੀ ਦੇ ਦੂਜੇ ਭਾਗ ਦਾ ਪਹਿਲਾ ਹਿੱਸਾ ਕਾਫ਼ੀ ਹੱਕ ਤਕ ਢਹਿ ਚੁੱਕਿਆ ਹੈ। ਇਸ ਥੱਲੇ 5-6 ਫੁੱਟ ਡੂੰਘਾਈ ਭਾਵ ਬੇਸਮੈਂਟ ਵਿੱਚ ਦੋ-ਦੋ ਕਮਰੇ  ਬਣੇ ਹੋਏ ਸਨ ਜਿਨ੍ਹਾਂ ਦਾ ਪਤਾ ਇੱਥੇ ਦਿਸਦੀਆਂ ਪੁਰਾਣੀਆਂ ਡਾਟਾਂ ਤੋਂ ਲੱਗਦਾ ਹੈ। ਇਮਾਰਤ ਦੀ ਮਜ਼ਬੂਤੀ ਦੀ ਬਾਤ ਖੁਦਾਈ ਸਮੇਂ ਨਿਕਲੇ ਥਮ੍ਹਲੇ ਅਤੇ ਦੀਵਾਰਾਂ ਵੀ ਪਾਉਂਦੀਆਂ ਹਨ। ਦੀਵਾਰਾਂ ਥੱਲੇ ਤੋਂ ਸਾਢੇ ਤਿੰਨ ਫੁੱਟ ਅਤੇ ਉੱਪਰੋਂ ਤਿੰਨ ਫੁੱਟ ਦੇ ਕਰੀਬ ਚੌੜੀਆਂ ਹਨ। ਇਨ੍ਹਾਂ ਜ਼ਮੀਨਦੋਜ਼ ਕਮਰਿਆਂ ਨੂੰ ਸਾਂਝੀ ਦੀਵਾਰ ਵਿੱਚ ਬਣਿਆ ਡਾਟ ਵਾਲਾ ਦਰਵਾਜ਼ਾ ਆਪਸ ਵਿੱਚ ਜੋੜਦਾ ਹੈ। ਇਸੇ ਤਰ੍ਹਾਂ ਪਿਛਲੇ ਹਿੱਸੇ ਵਾਲੇ ਦੋਵਾਂ ਕਮਰਿਆਂ ਨੂੰ ਵੀ ਵਿਚਕਾਰਲੀ ਸਾਂਝੀ ਦੀਵਾਰ ਵਿੱਚ ਬਣੇ ਦਰਵਾਜ਼ੇ ਆਪਸ ਵਿੱਚ ਮਿਲਾਉਂਦੇ ਹਨ ਜੋ ਖੁਦਾਈ ਸਮੇਂ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਸਾਹਮਣੇ ਆਏ। ਇਸ ਵਿੱਚ ਅੱਗੇ ਪਿੱਛੇ ਚਾਰ ਕਮਰੇ ਹਨ।
ਇਨ੍ਹਾਂ ਦੇ ਉੱਪਰ ਪਹਿਲੀ ਮੰਜ਼ਿਲ ਦਾ ਚੜ੍ਹਦੇ ਪਾਸੇ ਵੱਲ ਦਾ ਹਿੱਸਾ ਡਾਟਾਂ ਜੋੜ ਕੇ ਛੱਤਿਆ ਗਿਆ ਸੀ। ਇਹ ਹਾਲ ਕਮਰਾ ਜਾਪਦਾ ਹੈ ਅਤੇ ਇਸ ਦਾ ਅੰਦਾਜ਼ਾ ਵੀ ਪੁਰਾਤਨ ਡਾਟਾਂ ਦੇਖ ਕੇ ਹੀ ਲੱਗਦਾ ਹੈ। ਇਸ ਦੇ ਪੂਰਬ ਭਾਵ ਗੈਲਰੀ ਵੱਲ ਦੋ ਗੋਲਾਈਦਾਰ ਦਰਵਾਜ਼ੇ ਹਨ ਅਤੇ ਉੱਤਰ ਵੱਲ ਇੱਕ ਦਰਵਾਜ਼ਾ ਹੈ ਜਿਸ ਉੱਤੇ ਝਰੋਖਾ ਬਣਿਆ ਹੈ। ਇਸ ਹਾਲ ਕਮਰੇ ਦੀ ਪਿਛਲੀ ਦੀਵਾਰ ਵਿੱਚ ਦੋ ਦਰਵਾਜ਼ੇ ਹਨ। ਇਨ੍ਹਾਂ ਉੱਤੇ ਵੀ ਹਵਾ ਅਤੇ ਰੌਸ਼ਨੀ ਲਈ ਉੱਪਰੋਂ ਗੋਲਾਈਦਾਰ ਝਰੋਖੇ ਹਨ। ਦਰਵਾਜ਼ਿਆਂ ਦੇ ਉੱਪਰਲੇ ਹਿੱਸੇ ਵੱਲ ਦੋਵੇਂ ਪਾਸੇ ਵੱਡੇ-ਛੋਟੇ ਆਲ਼ੇ ਹਨ। ਹਾਲ ਕਮਰੇ ਦੇ ਇਸ ਪਿਛਲੇ ਹਿੱਸੇ ਵਿੱਚ ਦੋ ਕਮਰੇ ਹਨ ਜਿਨ੍ਹਾਂ ਵਿੱਚ ਸਾਂਝੀ ਦੀਵਾਰ ਵਿੱਚੋਂ ਡਾਟ ਵਾਲਾ ਦਰਵਾਜ਼ਾ ਦੋਵਾਂ ਕਮਰਿਆਂ ਨੂੰ ਜੋੜਦਾ ਹੈ। ਉੱਤਰ ਵੱਲ ਦਰਵਾਜ਼ਾ ਹੈ ਅਤੇ ਉਸ ਉੱਤੇ ਝਰੋਖਾ ਵੀ ਹੈ। ਸਾਂਝੀ ਦੀਵਾਰ ਦਾ ਦਰਵਾਜ਼ਾ ਵੀ ਇਸ ਦੇ ਸਾਹਮਣੇ ਹੈ, ਉਸ ਉੱਤੇ ਵੀ ਝਰੋਖਾ ਹੈ। ਇਨ੍ਹਾਂ ਦਰਵਾਜ਼ਿਆਂ ਦੇ ਨਾਲ ਵੀ ਆਲ਼ੇ ਬਣੇ ਹੋਏ ਹਨ। ਦੱਖਣ ਵੱਲ ਕੋਈ ਦਰਵਾਜ਼ਾ ਨਹੀਂ। ਇਸ ਹਿੱਸੇ ਦੀ ਸਾਹਮਣੀ ਪਿਛਲੀ ਦੀਵਾਰ ਵਿੱਚ ਦੋਵਾਂ ਕਮਰਿਆਂ ਵਿੱਚ ਇੱਕ ਅਲਮਾਰੀ ਦਿਖਾਈ ਦਿੰਦੀ ਹੈ। ਉਸ ਦੇ ਉੱਪਰ ਵੀ ਝਰੋਖਾ ਅਤੇ ਆਸੇ-ਪਾਸੇ ਆਲ਼ੇ ਮੌਜੂਦ ਹਨ। ਦੋਵੇਂ ਕਮਰੇ ਇੱਕੋ ਜਿਹੇ ਦਿਖਾਈ ਦਿੰਦੇ ਹਨ।
ਹਾਲ ਕਮਰੇ ਅਤੇ ਇਨ੍ਹਾਂ ਦੋਵਾਂ ਕਮਰਿਆਂ ਦੀ ਲੰਬਾਈ-ਚੌੜਾਈ ਅੰਦਾਜ਼ਨ 40-50 ਫੁੱਟ ਹੈ। ਜ਼ਿਕਰਯੋਗ ਹੈ ਕਿ ਹਰ ਦਰ-ਦਰਵਾਜ਼ੇ ਦੇ ਨਾਲ ਆਲ਼ੇ ਜ਼ਰੂਰ ਬਣੇ ਹੋਏ ਹਨ। ਦੀਵਾਰਾਂ ਵਿੱਚ ਲੰਮੇ ਜਾਂ ਉੱਪਰੋਂ ਗੋਲਾਈਦਾਰ ਆਲ਼ੇ ਦਿਖਾਈ ਦਿੰਦੇ ਹਨ। ਛੋਟੇ ਆਲ਼ੇ ਦੀਵੇ-ਬੱਤੀਆਂ ਜਾਂ ਸਜਾਵਟੀ ਵਸਤਾਂ ਲਈ ਵੀ ਹੋ ਸਕਦੇ ਹਨ, ਪਰ ਵੱਡੇ ਆਲ਼ੇ ਹੋਰ ਕੋਈ ਸਾਮਾਨ ਰੱਖਣ ਲਈ ਵੀ ਹੋ ਸਕਦੇ ਹਨ। ਦੀਵਾਰ ਵਿਚਲੀਆਂ ਵੱਡੀਆਂ ਅਲਮਾਰੀਆਂ ਤੇ ਆਲ਼ਿਆਂ ਬਾਰੇ ਇਹ ਅੰਦਾਜ਼ਾ ਵੀ ਲਗਾਇਆ ਜਾਂਦਾ ਹੈ ਕਿ ਕਿਸੇ ਸਮੇਂ ਇਹ ਲੱਕੜ ਜਾਂ ਕਿਸੇ ਹੋਰ ਧਾਤ ਦੇ ਪੱਲਿਆਂ ਨਾਲ ਬੰਦ ਹੁੰਦੀਆਂ ਹੋਣਗੀਆਂ।
ਇਸ ਦੀ ਦੂਜੀ ਮੰਜ਼ਿਲ ਦੀ ਛੱਤ ਉੱਤੇ ਵੀ ਪਹਿਲੇ ਹਿੱਸੇ ਵਿੱਚ ਹੇਠਲੇ ਹਿੱਸੇ ਵਾਂਗ ਹਾਲ ਕਮਰਾ ਹੈ ਜੋ ਉਸੇ ਤਰ੍ਹਾਂ ਡਾਟਾਂ ਜੋੜ ਕੇ ਬਣਾਇਆ ਗਿਆ ਹੈ। ਪਿਛਲੇ ਹਿੱਸੇ ਵਿੱਚ ਉਸੇ ਤਰ੍ਹਾਂ ਦੋ ਕਮਰੇ ਹਨ ਜਿਨ੍ਹਾਂ ਨੂੰ ਸਾਂਝੀ ਦੀਵਾਰ ਵਿਚਲਾ ਦਰਵਾਜ਼ਾ ਆਪਸ ਵਿੱਚ ਜੋੜਦਾ ਹੈ। ਇਹ ਸਾਰਾ ਕੁਝ ਬਚੀਆਂ ਹੋਈਆਂ ਡਾਟਾਂ ਨੂੰ ਮੁਰੰਮਤ ਕਰ ਕੇ ਵੀ ਸਾਂਭਿਆ ਗਿਆ ਹੈ। ਉੱਪਰਲੇ ਹਿੱਸੇ ਦੇ ਦਰਵਾਜ਼ੇ, ਥੱਲੇ ਵਾਲੇ ਦਰਵਾਜ਼ਿਆਂ ਦੇ ਠੀਕ ਉੱਪਰ ਬਣੇ ਹੋਏ ਹਨ ਅਤੇ ਉਨ੍ਹਾਂ ਨਾਲ ਵੀ ਆਲ਼ੇ ਬਣੇ ਹਨ। ਦੂਜੀ ਮੰਜ਼ਿਲ ਵਿੱਚ ਕੁਝ ਅੰਤਰ ਦੇਖਣ ਨੂੰ ਮਿਲਦਾ ਹੈ। ਇਸ ਦੀਆਂ ਉੱਤਰ, ਦੱਖਣ ਤੇ ਪੱਛਮ ਵੱਲ ਦੀਆਂ ਦੀਵਾਰਾਂ ਵਿੱਚ ਚਾਰ ਕੁ ਫੁੱਟ ਚੌੜੀਆਂ ਅਤੇ ਛੇ ਕੁ ਫੁੱਟ ਉੱਚੀਆਂ ਤਾਕੀਆਂ ਬਣੀਆਂ ਹੋਈਆਂ ਹਨ। ਇਸ ਦੇ ਹਾਲ ਕਮਰੇ ਵਿੱਚੋਂ ਉੱਤਰ ਵੱਲ ਇੱਕ ਛੋਟਾ ਜਿਹਾ ਦਰਵਾਜ਼ਾ ਬਣਿਆ ਹੋਇਆ ਹੈ ਤੇ ਢਾਈ-ਤਿੰਨ ਫੁੱਟ ਚੌੜੀ ਛੋਟੀ ਜਿਹੀ ਗੈਲਰੀ ਦਿਖਾਈ ਦਿੰਦੀ ਹੈ। ਇਸੇ ਪਾਸੇ ਬਾਹਰ ਛੱਜਾ ਵੀ ਬਣਿਆ ਹੋਇਆ ਹੈ।
ਤੀਜੀ ਮੰਜ਼ਿਲ ਦਾ ਉੱਤਰੀ ਹਿੱਸਾ ਖ਼ਾਲੀ ਹੈ। ਦੱਖਣੀ ਹਿੱਸੇ ਉੱਤੇ ਇੱਕ ਕਮਰਾ ਹੈ। ਕਮਰਿਆਂ ਦੀ ਬਣਤਰ ਤਾਂ ਮਿਲਦੀ-ਜੁਲਦੀ ਹੀ ਹੈ। ਤੀਜੀ ਮੰਜ਼ਿਲ ਵਿੱਚ ਚਾਰੇ ਪਾਸੇ ਝਰੋਖੇ ਹਨ। ਕਮਰੇ ਦੇ ਉੱਤੇ ਪੁਰਾਤਨ ਗੁੰਬਦ ਜਿਉਂ ਦਾ ਤਿਉਂ ਮੌਜੂਦ ਹੈ। ਦੱਖਣ ਤੇ ਪੱਛਮ ਵੱਲ ਵਧਵਾਂ ਛੱਜਾ ਵੀ ਹੈ। ਗੁੰਬਦ ਵਾਲੇ ਕਮਰੇ ਦੀ ਪੱਛਮੀ ਦੀਵਾਰ ਉੱਤੇ ਪੁਰਾਣੇ ਸਮੇਂ ਦਾ ਹੀ ਕਲਸ ਦਾ ਚਿੱਤਰ ਬਣਿਆ ਹੋਇਆ ਹੈ। ਇਹ ਚਿੱਤਰ ਸਮੇਂ ਨਾਲ ਮੱਧਮ ਤਾਂ ਪੈ ਗਿਆ ਹੈ, ਪਰ ਮਿਟਿਆ ਨਹੀਂ। ਕਿਸੇ ਇਮਾਰਤ ਉੱਤੇ ਗੁੰਬਦ ਦਾ ਹੋਣਾ ਉਸ ਦੇ ਧਾਰਮਿਕ, ਇਤਿਹਾਸਕ ਜਾਂ ਫਿਰ ਸ਼ਾਹੀ ਠਾਠ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦੀਵਾਨ ਟੋਡਰ ਮੱਲ ਸ਼ਾਹਾਨਾ ਠਾਠ ਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ। ਸਰਕਾਰੇ-ਦਰਬਾਰੇ ਉਨ੍ਹਾਂ ਨੂੰ ਆਦਰ-ਮਾਣ ਹਾਸਲ ਸੀ। ਦਸਮ ਪਿਤਾ ਦੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਅੰਤਿਮ ਸਸਕਾਰ ਲਈ ਸੋਨੇ ਬਦਲੇ ਮਿੱਟੀ (ਜ਼ਮੀਨ) ਖ਼ਰੀਦ ਕੇ ਉਨ੍ਹਾਂ ਨੇ ਸਿੱਖ ਇਤਿਹਾਸ ਵਿੱਚ ਵੀ ਆਪਣਾ ਨਾਂ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾ ਲਿਆ। ਦੀਵਾਨ ਟੋਡਰ ਮੱਲ ਦੀ ਇਸ ਸ਼ਾਹੀ ਹਵੇਲੀ ਦੇ ਬਿਲਕੁਲ ਪਿਛਲੇ ਪੱਛਮੀ ਹਿੱਸੇ ਨੂੰ ਦੇਖਦਿਆਂ ਇਸ ਇਮਾਰਤ ਦੇ ਖੰਡਰਾਂ ਤੋਂ ਪਤਾ ਲੱਗਦਾ ਹੈ ਕਿ ਇਹ ਹਿੱਸਾ ਵੀ ਕਦੇ ਉਸ ਪਰਿਵਾਰ ਦੀ ਸੁੰਦਰ ਰਿਹਾਇਸ਼ਗਾਹ ਅਤੇ ਰਸੋਈਘਰ ਸੀ। ਉੱਤਰੀ ਹਿੱਸੇ ਵਿੱਚ ਚਾਰ ਮਜ਼ਬੂਤ ਥੰਮ੍ਹ ਦਿਖਾਈ ਦਿੰਦੇ ਹਨ ਜੋ ਇੱਕ ਕਮਰੇ ਦੀ ਨਿਸ਼ਾਨਦੇਹੀ ਕਰਦੇ ਹਨ। ਦੱਖਣ ਵੱਲ ਦੀ ਦੀਵਾਰ ਵਿੱਚ ਵਿਚਕਾਰ ਅਤੇ ਦੋਵੇਂ ਸਿਰਿਆਂ ਵੱਲ ਡੂੰਘੇ ਤੇ ਵੱਡੇ ਤਿੰਨ ਆਲ਼ੇ ਦਿਸਦੇ ਹਨ। ਪੱਛਮ ਵੱਲੋਂ ਦੇਖਦਿਆਂ ਤਿੰਨ ਕੁ ਫੁੱਟ ਗੈਲਰੀ ਨਜ਼ਰ ਆਉਂਦੀ ਹੈ ਜਿਸ ਦੀ ਢਲਾਣ ਪੂਰਬ ਵੱਲ ਨੂੰ ਹੈ। ਤਿੰਨ ਆਲ਼ਿਆਂ ਵਾਲੀ ਦੀਵਾਰ ਇਸੇ ਗੈਲਰੀ ਦੀ ਬਾਹਰੀ ਦੀਵਾਰ ਹੈ। ਇਹ ਗੈਲਰੀ ਅੱਗੇ ਜਾ ਕੇ ਉੱਤਰ ਵੱਲ ਮੁੜਦੀ ਹੈ ਤੇ ਕਮਰੇ ਵੱਲ ਬਾਹਰ ਜਾਣ ਦਾ ਰਸਤਾ ਬਣਦੀ ਹੈ। ਇਹ ਗੈਲਰੀ ਸੱਤ ਕੁ ਫੁੱਟ ਉੱਚੀ ਹੈ। ਇਸ ਦੇ ਉੱਪਰ ਵੀ ਅਜਿਹੀ ਹੀ ਗੈਲਰੀ ਦਿਖਾਈ ਦਿੰਦੀ ਹੈ ਜੋ ਡਿੱਗੀ-ਢਹੀ ਹਾਲਤ ਵਿੱਚ ਹੈ। ਦੱਖਣ ਵੱਲ ਗੈਲਰੀ ਨਹੀਂ ਹੈ, ਪਰ ਗੈਲਰੀ ਵਿੱਚ ਦੱਖਣ ਵੱਲ ਛੋਟਾ ਜਿਹਾ ਦਰਵਾਜ਼ਾ ਹੈ ਜੋ ਕਮਰੇ ਨੂੰ ਇਸ ਨਾਲ ਜੋੜਦਾ ਹੈ।
ਪੱਛਮ ਵੱਲੋਂ ਜਿੱਥੇ ਗੈਲਰੀ ਬਣੀ ਹੈ, ਉਸ ਦੇ ਨਾਲ ਦੱਖਣ ਵੱਲ ਤਿੰਨ ਕੁ ਫੁੱਟ ਡੂੰਘਾ ਛੋਟਾ ਜਿਹਾ ਹੌਦ ਹੈ ਜਿਸ ਦੇ ਦੋਵੇਂ ਪਾਸੇ ਮੋਰੀਆਂ ਹਨ। ਕਾਰੀਗਰ ਯਾਦਵ ਅਨੁਸਾਰ ਇਹ ਮੋਰੀਆਂ ਪਾਣੀ ਦੇ ਪਾਈਪ ਵਾਲੀਆਂ ਹਨ, ਇੱਕ ਵੱਲੋਂ ਪਾਣੀ ਆਉਂਦਾ ਤੇ ਦੂਜੀ ਵਿੱਚੋਂ ਬਾਹਰ ਨਿਕਲਦਾ ਹੋਵੇਗਾ। ਹੌਦ ਤੋਂ ਅੰਦਰ ਭਾਵ ਪੂਰਬ ਵੱਲ ਇੱਕ ਛੋਟਾ ਜਿਹਾ ਕਮਰਾ ਹੈ ਜਿਸ ਦੇ ਉੱਤਰ ਭਾਵ ਗੈਲਰੀ ਵੱਲ ਡਾਟ ਜੋੜ ਕੇ ਵਧਾਅ ਦਿੱਤਾ ਹੋਇਆ ਹੈ। ਇਸ ਕਮਰੇ ਦੇ ਦੱਖਣੀ ਹਿੱਸੇ ਵੱਲ ਵੱਡਾ ਚੁੱਲ੍ਹਾ ਸੀ ਅਤੇ ਦੱਖਣੀ ਦੀਵਾਰ ਵਿੱਚ ਵੱਡੀ ਮੋਰੀ ਜਾਂ ਮੋਘਾ ਜਿਹਾ ਸੀ ਜਿਸ ਬਾਰੇ ਯਾਦਵ ਨੇ ਦੱਸਿਆ ਕਿ ਇਹ ਚੁੱਲ੍ਹੇ ਵਿੱਚ ਲੱਕੜਾਂ ਲਾਉਣ ਲਈ ਰੱਖੀ ਹੋਈ ਸੀ। ਚੁੱਲ੍ਹੇ ਦਾ ਮੂੰਹ ਇਸ ਦੀਵਾਰ ਵੱਲ ਸੀ। ਚੁੱਲ੍ਹਾ ਅਤੇ ਲੱਕੜਾਂ ਵਾਲੀ ਮੋਰੀ ਬੰਦ ਕਰ ਦਿੱਤੀ ਗਈ ਹੈ। ਸਿਰਫ਼ ਨਿਸ਼ਾਨ ਹੀ ਦਿਸਦੇ ਹਨ, ਉਹ ਵੀ ਆਮ ਬੰਦੇ ਨੂੰ ਨਹੀਂ ਸਗੋਂ ਕੰਮ ਕਰਨ ਵਾਲੇ ਹੀ ਅੰਦਾਜ਼ਾ ਲਗਾ ਸਕਦੇ ਹਨ। ਇਸ ਚੁੱਲ੍ਹੇ ਵਾਲੇ ਕਮਰੇ ਤੋਂ ਅੱਗੇ ਚੜ੍ਹਦੀ ਵੱਲ ਦੂਜਾ ਅਜਿਹਾ ਹੀ ਕਮਰਾ ਹੈ। ਇਨ੍ਹਾਂ ਦੀ ਸਾਂਝੀ ਡਾਟ ਵਿੱਚ ਧੂੰਏਂ ਲਈ ਚਿਮਨੀ ਬਣੀ  ਹੋਈ ਹੈ।
ਡਾਟ ਤੋਂ ਅੱਗੇ ਉੱਤਰੀ ਦੀਵਾਰ ਵੱਲ ਬਿਲਕੁਲ ਛੋਟਾ ਜਿਹਾ ਸਟੋਰਨੁਮਾ ਘੁਰਨਾ ਜਿਹਾ ਦਿਖਾਈ ਦਿੰਦਾ ਹੈ ਜੋ ਦੂਜੇ ਕਮਰੇ ਦਾ ਹਿੱਸਾ ਹੈ। ਇਸ ਕਮਰੇ ਦੇ ਠੀਕ ਵਿਚਕਾਰ ਗੋਲ ਭੱਠੀ ਦੇ ਨਿਸ਼ਾਨ ਮਿਲਦੇ ਹਨ। ਜਿਵੇਂ ਪਿਛਲੇ ਸਮੇਂ ਵਿਆਹ-ਸ਼ਾਦੀ ਮੌਕੇ ਹਲਵਾਈ ਜ਼ਮੀਨ ਵਿੱਚ ਭੱਠੀ ਪੁੱਟ ਕੇ ਕੜਾਹੀ ਚੜ੍ਹਾਉਂਦੇ ਸਨ, ਇਹ ਉਸ ਢੰਗ ਦੀ ਭੱਠੀ ਜਾਪਦੀ ਹੈ। ਇਸ ਉੱਤੇ ਰੌਸ਼ਨੀ ਜਾਂ ਧੂੰਏਂ ਲਈ ਛੱਤ ਵਿੱਚ ਮੋਘਾ ਰੱਖਿਆ ਹੋਇਆ ਹੈ। ਇਸ ਦੀਆਂ ਦੀਵਾਰਾਂ ਵਿੱਚ ਡੂੰਘੇ ਆਲ਼ੇ ਹਨ। ਇਸ ਕਮਰੇ ਵਿੱਚੋਂ ਹੀ ਗੈਲਰੀ ਨੂੰ ਦਰਵਾਜ਼ਾ ਲੱਗਦਾ ਹੈ ਅਤੇ ਇਹੋ ਰਸਤਾ ਉੱਤਰੀ ਹਿੱਸੇ ਵੱਲ ਜਾਂਦਾ ਹੈ। ਇਸ ਕਮਰੇ ਦੀ ਦੱਖਣੀ ਦੀਵਾਰ ਕੋਲੋ ਚੜ੍ਹਦੇ ਵੱਲ ਨੂੰ ਛੋਟਾ ਜਿਹਾ ਦਰਵਾਜ਼ਾ ਨਿਕਲਦਾ ਹੈ। ਉਹ ਵੀ ਡਾਟ ਵਾਲਾ ਹੈ। ਛੋਟੀ ਜਿਹੀ ਗੈਲਰੀ ਫਿਰ ਬਾਹਰ ਦੱਖਣ ਵੱਲ ਨਿਕਲਦੀ ਹੈ  ਅਤੇ ਚੜ੍ਹਦੇ ਵੱਲ ਨਿੱਕਾ ਜਿਹਾ ਸਟੋਰ ਜਾਪਦਾ ਹੈ। ਇਹ ਕਮਰੇ ਨੂੰ ਉਸ ਨਾਲ ਜੋੜਦੀ ਹੈ। ਇਸ ਵਿੱਚ ਵੀ ਆਲ਼ੇ ਹਨ ਅਤੇ ਛੱਤ ਵਿੱਚ ਰੌਸ਼ਨੀ ਲਈ ਮੋਘਾ ਹੈ। ਇਸ ਸਟੋਰ ਦਾ ਪੱਛਮੀ ਪਾਸਾ ਬਿਨਾਂ ਛੱਤਿਆ ਹੀ ਹੈ।
ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਦਾ ਇਹ ਰਸੋਈਘਰ ਇਮਾਰਤਸਾਜ਼ੀ ਦੀ ਵਧੀਆ ਮਿਸਾਲ ਹੈ। ਚੁੱਲ੍ਹੇ ਵਿੱਚ ਬਾਹਰੋਂ ਲੱਕੜਾਂ ਲਗਾਉਣ ਦਾ ਇੰਤਜ਼ਾਮ ਅਤੇ ਰਸੋਈਘਰ ਅੱਗੇ ਬਰਤਨ ਧੋਣ ਜਾਂ ਹੋਰ ਵਰਤੋਂ ਲਈ ਪਾਣੀ ਦਾ ਹੌਦ ਬਣਾਇਆ ਜਾਣਾ ਉਸ ਸਮੇਂ ਦੇ ਕਾਰੀਗਰਾਂ ਦੀ ਕਮਾਲ ਦੀ ਸੂਝ ਦਰਸਾਉਂਦਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹੌਦ ਨਾਲ ਲੱਗਦਾ ਕਮਰਾ ਜਾਂ ਰਸੋਈਘਰ ਅੰਦਾਜ਼ਨ 4-5 ਫੁੱਟ ਡੂੰਘਾ ਹੈ ਅਤੇ ਚੜ੍ਹਦੇ ਵੱਲ ਨੂੰ ਢਲਾਈ ਵਾਲੇ ਪਾਸੇ ਦੂਜਾ ਕਮਰਾ ਵੀ ਇਸੇ ਤਰ੍ਹਾਂ ਹੈ। ਇਹ ਅਗਲੇ ਹਿੱਸੇ ਵਾਲੇ ਜ਼ਮੀਨਦੋਜ਼ ਕਮਰਿਆਂ ਨਾਲ ਜੁੜਿਆ ਦਿਖਾਈ ਦਿੰਦਾ ਹੈ ਕਿਉਂਕਿ ਸਾਂਝੀ ਦੀਵਾਰ ਵਿੱਚ ਬੰਦ ਕੀਤੇ ਦਰਵਾਜ਼ੇ ਦਾ ਡਾਟਾਂ ਤੋਂ ਪ੍ਰਤੱਖ ਪਤਾ ਲੱਗਦਾ ਹੈ। ਇੱਥੇ ਦੱਸਣਾ  ਬਣਦਾ ਹੈ ਕਿ ਸਾਰੀ ਇਮਾਰਤ ਡਾਟਾਂ ਉੱਤੇ ਹੀ ਨਿਰਭਰ ਹੈ।
ਸਮੁੱਚੀ ਹਵੇਲੀ ਦੀ ਪੁਰਾਤਨ ਬਣਤਰ ਤੋਂ ਇਲਾਵਾ ਇਮਾਰਤ ਦੀ ਕੀਤੀ ਗਈ ਮੁਰੰਮਤ ਵੀ ਮੂੰਹੋਂ ਬੋਲਦੀ ਹੈ। ਇਸ ਦੀਆਂ ਕੁਝ ਛੱਤਾਂ ਤਿਆਰ ਹੋ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਪੁਰਾਤਨ ਢੰਗ ਨਾਲ ਚੂਨਾ-ਮਸਾਲਾ ਤਿਆਰ ਕਰਕੇ ਅਤੇ ਛੋਟੀਆਂ ਸਰਹਿੰਦੀ ਇੱਟਾਂ ਵਰਤ ਕੇ ਹੀ ਇਮਾਰਤ ਦੀ ਮੁਰੰਮਤ ਕੀਤੀ ਜਾ ਰਹੀ ਹੈ ਤਾਂ ਜੋ ਜਹਾਜ਼ ਹਵੇਲੀ ਦੀ ਪੁਰਾਣੀ ਦਿੱਖ ਕਾਇਮ ਰੱਖੀ ਜਾ ਸਕੇ। ਇਹ ਇੱਟਾਂ ਪੁਰਾਣੀ ਸਰਹਿੰਦ ਦੀਆਂ ਡਿੱਗੀਆਂ-ਢਹੀਆਂ ਇਮਾਰਤਾਂ ਅਤੇ ਰੋੜੀ ਕੁੱਟਣ ਵਾਲ਼ਿਆਂ ਤੋਂ ਖ਼ਰੀਦੀਆਂ ਜਾਂਦੀਆਂ ਹਨ। ਇਸ ਦੀਆਂ ਛੱਤਾਂ ਕਾਰੀਗਰ ਦੀ ਕਲਾ ਤੇ ਮਿਹਨਤ ਅਤੇ ਦੇਖ-ਰੇਖ ਕਰਨ ਵਾਲੇ ਮਾਹਿਰਾਂ ਦੀ ਕਾਬਲੀਅਤ ਦਾ ਪ੍ਰਤੱਖ ਪ੍ਰਮਾਣ ਹਨ। ਇਹ ਛੱਤਾਂ ਬਿਨਾਂ ਸਰੀਏ ਤੋਂ ਸਿਰਫ਼ ਚੂਨੇ-ਮਸਾਲੇ ਨਾਲ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹ ਮੱਕੜੀ ਦੇ ਜਾਲ ਵਾਂਗ ਜਾਪਦੀਆਂ ਹਨ ਜੋ ਬਹੁਤ ਖ਼ੂਬਸੂਰਤ ਦਿਖਾਈ ਦਿੰਦੀਆਂ ਹਨ। ਹਵੇਲੀ ਦੀ ਦੱਖਣੀ ਅਤੇ ਉੱਤਰੀ ਬਾਹਰੀ ਦੀਵਾਰ ਦੀ ਕਾਫ਼ੀ ਹੱਦ ਤਕ ਮੁਰੰਮਤ ਹੋ ਚੁੱਕੀ ਹੈ ਜੋ ਬੜੀ ਸੁੰਦਰ ਦਿਸਦੀ ਹੈ।
ਇਸ ਹਵੇਲੀ ਦੀ ਪਿਛਲੇ ਸਮੇਂ ਦੀ ਮਾਲਕੀ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਮਿਲ ਸਕੀ, ਪਰ ਕੁਝ ਸਮਾਂ ਪਹਿਲਾਂ ਇਹ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨੇ ਲੈ ਲਈ ਹੈ। ਮੁਹਾਲੀ ਨਿਵਾਸੀ ਨਵਜੋਤਪਾਲ ਸਿੰਘ ਰੰਧਾਵਾ ਨੇ ਇਸ ਜਹਾਜ਼ ਹਵੇਲੀ ਬਾਰੇ ਬਹੁਤ ਡੂੰਘਾਈ ਨਾਲ ਖੋਜ-ਪੜਤਾਲ ਕੀਤੀ। ਇਸ ਸਦਕਾ ਪਤਾ ਚੱਲਿਆ ਕਿ ਹਵੇਲੀ ਦੇ ਮਾਲਕ ਦਿੱਲੀ ਰਹਿੰਦੇ ਹਨ। ਨਵਜੋਤਪਾਲ ਸਿੰਘ ਰੰਧਾਵਾ ਨੇ ਉਨ੍ਹਾਂ ਨਾਲ਼ ਸੰਪਰਕ ਕੀਤਾ ਅਤੇ ‘ਪੰਜਾਬ ਵਿਰਾਸਤ ਚੈਰੀਟੇਬਲ ਟਰੱਸਟ (ਰਜਿ:) ਮੁਹਾਲੀ’ ਦੇ ਨਾਂ ਇਹ ਹਵੇਲੀ ਖ਼ਰੀਦ ਲਈ। ਉਸ ਸਮੇਂ ਟਰੱਸਟ ਦੇ ਮੀਤ ਪ੍ਰਧਾਨ ਜਤਿੰਦਰ ਸਿੰਘ ਪਨੇਸਰ ਸਨ। ਨਵਜੋਤਪਾਲ ਸਿੰਘ ਰੰਧਾਵਾ ਉਸ ਸਮੇਂ ਫ਼ਤਿਹਗੜ੍ਹ ਸਾਹਿਬ ਵਿਖੇ ਹੀ ਏ.ਡੀ.ਸੀ ਦੇ ਅਹੁਦੇ ‘ਤੇ ਸਨ। ਇਸ ਵਿਰਾਸਤੀ ਹਵੇਲੀ ਪ੍ਰਤੀ ਲਗਾਉ ਅਤੇ ਸ਼ਰਧਾ ਹੀ ਇਸ ਨੂੰ ਖ਼ਰੀਦਣ ਦਾ ਕਾਰਨ ਹੋ ਸਕਦਾ ਹੈ।
ਸ਼੍ਰੋਮਣੀ ਕਮੇਟੀ ਨੇ ਇਸ ਟਰੱਸਟ ਨਾਲ ਗੱਲਬਾਤ ਕੀਤੀ ਅਤੇ ਟਰੱਸਟ ਨੇ ਜਤਿੰਦਰ ਸਿੰਘ ਪਨੇਸਰ ਰਾਹੀਂ ਹਵੇਲੀ ਦਾ ਦੋ ਕਨਾਲ ਸਤਾਰਾਂ ਮਰਲੇ (2 ਕਨਾਲ 17 ਮਰਲੇ) ਰਕਬਾ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਨਾਂ ਕਰ ਦਿੱਤਾ। ਦਾਨ ਵਜੋਂ ਕੀਤੀ ਇਹ ਰਜਿਸਟਰੀ 29 ਅਪਰੈਲ 2008 ਨੂੰ ਹੋਈ। ਇਸ ਪਿੱਛੋਂ ਹਵੇਲੀ ਦੇ ਨਾਲ ਲੱਗਦੀ ਚਾਰ ਕਨਾਲ ਤੇਰਾਂ ਮਰਲੇ (4 ਕਨਾਲ 13 ਮਰਲੇ) ਜ਼ਮੀਨ ਗਰਜਾ ਸਿੰਘ ਪੁੱਤਰ ਜਸਵੰਤ ਸਿੰਘ ਪਿੰਡ ਡੇਰਾ ਮੀਰਮੀਰਾਂ ਤੋਂ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੀ ਜ਼ਮੀਨ ਨਾਲ ਤਬਾਦਲਾ ਕਰ ਕੇ ਲਈ ਗਈ। ਇਹ ਰਕਬਾ ਹਵੇਲੀ ਵਾਲੇ ਰਕਬੇ ਨਾਲ਼ ਮਿਲਾਇਆ ਗਿਆ ਜੋ ਅੰਦਾਜ਼ਨ 7-8 ਕਨਾਲ ਰਕਬਾ ਬਣ ਗਿਆ।
ਸ਼੍ਰੋਮਣੀ ਕਮੇਟੀ ਵੱਲੋਂ ਇਹ ਵਿਰਾਸਤੀ ਹਵੇਲੀ ਮੁਰੰਮਤ ਜਾਂ ਪੁਨਰ-ਨਿਰਮਾਣ ਹਿਤ 29 ਅਗਸਤ 2010 ਨੂੰ ਬੀਬੀ ਹਰਮਿੰਦਰ ਕੌਰ ‘ਖਾਲਸਾ ਵਿਰਸਾ ਸੁਸਾਇਟੀ ਇੰਗਲੈਂਡ’ ਨੂੰ ਸੌਂਪੀ ਗਈ। ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ ਇਹ ਸੇਵਾ ਕਰਵਾਉਣ ਲੱਗੇ, ਪਰ ਕਿਸੇ ਕਾਰਨ ਇਹ ਸੇਵਾ ਨਾ ਹੋ ਸਕੀ। ਇਸ ਉਪਰੰਤ ਹਵੇਲੀ ਦੇ ਪੁਨਰ-ਨਿਰਮਾਣ ਦਾ ਠੇਕਾ ਹੈਰੀਟੇਜ ਕੰਜ਼ਰਵੇਸ਼ਨ ਮੈਨੇਜਮੈਂਟ ਸਰਵਿਸਿਜ਼ ਕੰਪਨੀ, ਦਿੱਲੀ ਨੂੰ ਦੇ ਦਿੱਤਾ ਗਿਆ। ਸੋ ਇਹ ਕੰਮ ਹੁਣ ਕੰਪਨੀ ਕਰਵਾ ਰਹੀ ਹੈ। ਇਹ ਸਾਰਾ ਕਾਰਜ ਸ਼੍ਰੋਮਣੀ ਕਮੇਟੀ, ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਰਾਹੀਂ ਕਰਵਾ ਰਹੀ ਹੈ। ਇਹ ਸ਼੍ਰੋਮਣੀ ਕਮੇਟੀ ਦਾ ਸ਼ਲਾਘਾਯੋਗ ਉੱਦਮ ਹੈ। ਜੇ ਉੱਤਰ-ਪੂਰਬ ਵੱਲ ਦਾ ਜ਼ਮੀਨ ਦਾ ਇੱਕ ਕੋਨਾ ਹੋਰ ਖ਼ਰੀਦ ਕੇ ਹਵੇਲੀ ਨਾਲ ਰਲਾ ਲਿਆ ਜਾਵੇ ਤਾਂ ਇਸ ਦੀ ਦਿੱਖ ਹੋਰ ਵੀ ਸੁੰਦਰ ਹੋ ਸਕਦੀ ਹੈ।
ਸਿੱਖ ਕੌਮ ਦੀਵਾਨ ਟੋਡਰ ਮੱਲ ਦੇ ਪਰਉਪਕਾਰ ਨੂੰ ਕਦੇ ਵੀ ਨਹੀਂ ਭੁਲਾ ਸਕਦੀ। ਤਵਾਰੀਖ਼ ਵਿੱਚ ਇਹ ਹਵੇਲੀ ਸਦਾ ਇਸ ਗੱਲ ਦੀ ਗਵਾਹ ਰਹੇਗੀ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਮੁਰੀਦ ਸਿਰਫ਼ ਸਿੱਖ ਹੀ ਨਹੀਂ ਸਗੋਂ ਦੀਵਾਨ ਟੋਡਰ ਮੱਲ ਹੋਰਾਂ ਵਰਗੇ ਹਿੰਦੂ ਪਰਿਵਾਰ ਵੀ ਸਨ। ਜਦੋਂ ਵੀ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਅਦੁੱਤੀ ਸ਼ਹਾਦਤ ਦਾ ਜ਼ਿਕਰ ਹੋਵੇਗਾ ਤਾਂ ਦੀਵਾਨ ਟੋਡਰ ਮੱਲ ਨੂੰ ਜ਼ਰੂਰ ਯਾਦ ਕੀਤਾ ਜਾਵੇਗਾ। ਹੱਕ, ਸੱਚ, ਧਰਮ ਅਤੇ ਇਨਸਾਨੀਅਤ ਲਈ ਸੱਚੀ-ਸੁੱਚੀ ਸੋਚ ਦੀ ਪ੍ਰਤੀਕ ਹੋ ਨਿੱਬੜੀ ਹੈ ਇਹ ਵਿਰਾਸਤੀ ਜਹਾਜ਼ ਹਵੇਲੀ।