ਫਿਰ ਅਟਕ ਗਿਆ ਹੈ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਮਹੱਲ ਦੀ ਉਸਾਰੀ ਦਾ ਕੰਮ

ਫਿਰ ਅਟਕ ਗਿਆ ਹੈ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਮਹੱਲ ਦੀ ਉਸਾਰੀ ਦਾ ਕੰਮ

ਅੰਮ੍ਰਿਤਸਰ/ਬਿਊਰੋ ਨਿਊਜ਼:
ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮ੍ਰਿਤਸਰ ਸ਼ਹਿਰ ‘ਚ ਗੁਰੂ ਰਾਮਦਾਸ ਜੀ ਦੇ ਨਾਂਅ ‘ਤੇ ਲਗਵਾਏ ‘ਰਾਮ ਬਾਗ਼’ ਦੀ ਸੁਸਤ ਚਾਲੇ ਚੱਲ ਰਹੀ ਨਵਉਸਾਰੀ ਦਾ ਕੰਮ ਇਕ ਵਾਰ ਫਿਰ ਤੋਂ ਬਿਨ੍ਹਾਂ ਕਾਰਨ ਦੱਸੇ ਅੱਧ ਵਿਚਾਲੇ ਰੋਕ ਦਿੱਤਾ ਗਿਆ ਹੈ । ਨਵਉਸਾਰੀ ਕਰਵਾ ਰਹੀ ਕੰਸਟਰਕਸ਼ਨ ਕੰਪਨੀ ਨੇ ਇਹ ਵਿਰਾਸਤੀ ਸਮਾਰਕ ਦਾ ਸਾਰਾ ਕੰਮ ਨੇਪਰੇ ਚਾੜ੍ਹ ਕੇ ਅਕਤੂਬਰ 2017 ਤੱਕ ਇਹ ਦੇਸ਼ ਵਾਸੀਆਂ ਦੇ ਸਪੁਰਦ ਕੀਤੇ ਜਾਣ ਦਾ ਐਲਾਨ ਕੀਤਾ ਸੀ । ਨਵ ਉਸਾਰੀ ਦਾ ਕੰਮ ਵਿਚਾਲੇ ਰੋਕ ਦਿੱਤੇ ਜਾਣ ਕਾਰਨ ਸਮਰ ਪੈਲੇਸ ਦੀ ਪਹਿਲਾਂ ਵਾਲੀ ਸ਼ਾਨ ਦੇ ਪਰਤਣ ‘ਚ ਅਜੇ ਹੋਰ ਸਮਾਂ ਲੱਗ ਸਕਦਾ ਹੈ । ਦੱਸਣਯੋਗ ਹੈ ਕਿ 15 ਅਕਤੂਬਰ 2004 ਨੂੰ ਰਾਮ ਬਾਗ਼ ਦੇ ਅੱਧ ਵਿਚਕਾਰ ਮੌਜੂਦ ਸਮਰ ਪੈਲੇਸ ਤੇ ਹੋਰਨਾਂ ਸਮਾਰਕਾਂ ਦੀ ਨਵ-ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜੋ 13 ਵਰ੍ਹੇ ਬੀਤ ਜਾਣ ਬਾਅਦ ਵੀ ਅਜੇ ਕਿਸੇ ਨਤੀਜੇ ‘ਤੇ ਨਹੀਂ ਪਹੁੰਚ ਸਕਿਆ ਹੈ । ਉਸਾਰੀ ਦੇ ਅਤੇ ਹੋਰ ਕੰਮ ਕਰਵਾ ਰਹੇ ਠੇਕੇਦਾਰਾਂ ਅਨੁਸਾਰ ਇਸ ਬਾਰੇ ਦਾਅਵੇ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਉਕਤ ਸਮਾਰਕ ਦੀ ਉਸਾਰੀ ਨੂੰ ਮੁਕੰਮਲ ਹੋਣ ਲੱਗਿਆਂ ਅਜੇ ਹੋਰ ਕਿੰਨ੍ਹਾਂ ਸਮਾਂ ਲੱਗੇਗਾ । ਸ਼ਾਹੀ ਮਹੱਲ ਤੋਂ 15-20 ਕਦਮ ਦੀ ਦੂਰੀ ‘ਤੇ ਮਹਾਰਾਜਾ ਰਣਜੀਤ ਸਿੰਘ ਦੇ ਫਰੈਂਚ ਜਨਰਲ ਵੈਨਤੂਰਾ ਵਲੋਂ 20 ਹਜ਼ਾਰ ਰੁਪਏ ਦੀ ਲਾਗਤ ਨਾਲ ਸ਼ਾਹੀ ਔਰਤਾਂ ਦੇ ਇਸ਼ਨਾਨ ਲਈ ਬਣਾਇਆ ਸਵੀਮਿੰਗ ਪੂਲ ਲੱਖਾਂ ਰੁਪਏ ਖ਼ਰਚ ਕੇ ਨਵਨਿਰਮਾਣ ਕਰਵਾਏ ਜਾਣ ਦੇ ਬਾਵਜੂਦ ਉਸਾਰੀ ਦਾ ਕੰਮ ਵਿਚਾਲੇ ਰੋਕ ਦੇਣ ਕਾਰਨ ਫਿਰ ਤੋਂ ਪਹਿਲਾਂ ਵਾਲੀ ਸਥਿਤੀ ‘ਚ ਪਹੁੰਚ ਚੁੱਕਿਆ ਹੈ । ਬਾਗ਼ ਅਤੇ ਉਕਤ ਸਮਾਰਕਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਲੋਕਾਂ ਵਲੋਂ ਅਣਗਹਿਲੀ ਨਾਲ ਇਸ ਦੀਆਂ ਨਕਾਸ਼ੀਦਾਰ ਜਾਲੀਆਂ ਤੋੜ ਦਿੱਤੀਆਂ ਗਈਆਂ ਹਨ ਅਤੇ ਸਵੀਮਿੰਗ ਪੂਲ ਦੇ ਅੰਦਰ ਗ਼ੰਦਗੀ ਦੇ ਢੇਰ ਲੱਗੇ ਹੋਏ ਹਨ ।
ਵਿਰਾਸਤ ਪ੍ਰੇਮੀਆਂ ਨੇ ਬਾਗ਼ ਅਤੇ ਬਾਗ਼ ਵਿਚਲੇ ਸਮਾਰਕਾਂ ਦੀ ਸੁਸਤ ਚਾਲੇ ਚੱਲਦੀ ਆ ਰਹੀ ਨਵਉਸਾਰੀ ਨੂੰ ਅਚਾਨਕ ਰੋਕੇ ਜਾਣ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਿਆਂ ਇਸ ਮਾਮਲੇ ਦੀ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ । ਇਸ ਦੇ ਨਾਲ ਹੀ ਉਨ੍ਹਾਂ ਕੰਸਟਰਕਸ਼ਨ ਕੰਪਨੀ ਵਲੋਂ ਸਮਾਰਕ ਦੇ ਚੁਫੇਰੇ ਹਿੰਦੀ ਤੇ ਅੰਗਰੇਜ਼ੀ ‘ਚ ਲਿਖ ਕੇ ਲਗਾਏ ਬੋਰਡਾਂ ਦੇ ਨਾਲ ਹੀ ਪੰਜਾਬੀ ‘ਚ ਲਿਖੇ ਬੋਰਡ ਲਗਾਏ ਜਾਣ ਦੀ ਵੀ ਮੰਗ ਕੀਤੀ ਹੈ ।
ਜ਼ਿਕਰਯੋਗ ਹੈ ਕਿ ਉਕਤ ਮਹਿਲ ਸ਼ੇਰ-ਏ-ਪੰਜਾਬ ਵਲੋਂ ਫ਼ਕੀਰ ਅਜ਼ੀਜ਼ੁਦੀਨ, ਲਹਿਣਾ ਸਿੰਘ ਮਜੀਠੀਆ ਤੇ ਦੇਸਾ ਸਿੰਘ ਮਜੀਠੀਆ ਦੀ ਨਿਗਰਾਨੀ ਹੇਠ 84 ਏਕੜ ਭੂਮੀ ‘ਚ ਲਗਵਾਏ ਰਾਮ ਬਾਗ਼ ਦੇ ਅੱਧ ਵਿਚਕਾਰ ਬਣਵਾਇਆ ਗਿਆ ਸੀ।