ਮਿਉਂਸਿਪਲ ਚੋਣਾਂ ‘ਚ ਧਾਂਦਲੀਆਂ ਦੇ ਦੋਸ਼ਾਂ ਦਰਮਿਆਨ ਕਾਂਗਰਸ ਨੇ ‘ਹੂੰਝਾ ਫੇਰ ਲਿਆ’

ਮਿਉਂਸਿਪਲ ਚੋਣਾਂ ‘ਚ ਧਾਂਦਲੀਆਂ ਦੇ ਦੋਸ਼ਾਂ ਦਰਮਿਆਨ ਕਾਂਗਰਸ ਨੇ ‘ਹੂੰਝਾ ਫੇਰ ਲਿਆ’

ਪਟਿਆਲਾ ਦੇ ਮਹਿੰਦਰਾ ਕਾਲਜ ਦੇ ਬਾਹਰ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਹੋਈ ਝੜਪ ਦਾ ਦ੍ਰਿਸ਼।
ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਦੀ ਕਾਂਗਰਸ ਦੀ ਸਰਕਾਰ ਵਲੋਂ ਕਰਵਾਈਆਂ ਮਿਉਂਸਿਪਲ ਚੋਣਾਂ ‘ਚ ਵਿਰੋਧੀਆਂ ਵਲੋਂ ਲਾਏ ਵੱਡੀ ਪੱਧਰ ਉੱਤੇ ਧਾਂਦਲੀਆਂ ਦੇ ਦੋਸ਼ਾਂ ਦਰਮਿਆਨ ਕਾਂਗਰਸ ਨੇ ‘ਹੂੰਝਾ ਫੇਰ ਲਿਆ’। ਸੂਬੇ ਦੇ ਤਿੰਨ ਨਗਰ ਨਿਗਮਾਂ ਪਟਿਆਲਾ, ਅੰਮ੍ਰਿਤਸਰ ਅਤੇ ਜਲੰਧਰ ਅਤੇ 32 ਨਗਰ ਕੌਂਸਲਰਾਂ/ਨਗਰ ਪੰਚਾਇਤਾਂ ਦੀਆਂ ਐਤਵਾਰ ਨੂੰ ਪਈਆਂ ਵੋਟਾਂ ਦੇ ਉਸੇ ਦਿਨ ਸ਼ਾਮੀਂ ਆਏ ਨਤੀਜਿਆਂ ਮੁਤਾਬਕ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ‘ਰਿਕਾਰਡਤੋੜ’ ਜਿੱਤ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਿਉਂਸਿਪਲ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ 414 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ 276, ਅਕਾਲੀ ਦਲ ਨੇ 37, ਭਾਜਪਾ ਨੇ 15, ਆਜ਼ਾਦ ਨੇ 94 ਅਤੇ ਆਮ ਆਦਮੀ ਪਾਰਟੀ ਨੇ ਭੁਲੱਥ ਦੇ ਇਕ ਵਾਰਡ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਕਾਂਗਰਸ ਪਾਰਟੀ ਨੇ ਪਟਿਆਲਾ ਦੇ 60 ਵਾਰਡਾਂ ਵਿੱਚੋਂ 59 ‘ਤੇ ਜਿੱਤ ਹਾਸਲ ਕੀਤੀ ਹੈ। ਜਲੰਧਰ ਦੇ 80 ਵਾਰਡਾਂ ਵਿੱਚੋਂ ਕਾਂਗਰਸ ਦੇ 66, ਭਾਜਪਾ ਦੇ 8, ਅਕਾਲੀ ਦਲ ਦੇ 4 ਅਤੇ ਦੋ ਆਜ਼ਾਦ ਉਮੀਦਵਾਰ ਜਿੱਤੇ ਹਨ। ਅੰਮ੍ਰਿਤਸਰ ਦੇ 85 ਵਾਰਡਾਂ ‘ਚੋਂ ਕਾਂਗਰਸ ਨੂੰ 64, ਅਕਾਲੀ ਦਲ-ਭਾਜਪਾ ਨੂੰ 13 ਅਤੇ 8 ਆਜ਼ਾਦ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ ਹੈ। ਬੇਗੋਵਾਲ ਅਤੇ ਭੋਗਪੁਰ ਵਿੱਚ ਅਕਾਲੀ ਦਲ ਚੋਣ ਜਿੱਤ ਗਿਆ ਹੈ। ਬਲਾਚੌਰ ਤੇ ਚੀਮਾ ਮੰਡੀ ਵਿੱਚ ਕਰੀਬ ਸਾਰੇ ਆਜ਼ਾਦ ਉਮੀਦਵਾਰ ਜਿੱਤੇ ਹਨ ਅਤੇ ਇਨ੍ਹਾਂ ਦੀ ਜਿੱਤ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਵੱਲੋਂ ਆਪੋ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਕੁਝ ਥਾਵਾਂ ‘ਤੇ ਬੂਥਾਂ ਉਪਰ ਕਬਜ਼ਿਆਂ ਅਤੇ ਗੜਬੜ ਦੀਆਂ ਰਿਪੋਰਟਾਂ ਤੋਂ ਇਲਾਵਾ ਵੋਟਾਂ ਪਾਉਣ ਅਤੇ ਨਤੀਜੇ ਐਲਾਨਣ ਦਾ ਅਮਲ ਅਮਨ ਅਮਾਨ ਨਾਲ ਸਿਰੇ ਚੜ੍ਹ ਗਿਆ। ਘੱਗਾ ਦੇ ਇਕ ਬੂਥ ‘ਤੇ ਵੋਟ ਪਾਉਣ ਆਇਆ ਬਜ਼ੁਰਗ ਮਹਿੰਦਰ ਸਿੰਘ ਦਮ ਤੋੜ ਗਿਆ। ਸਭ ਤੋਂ ਵੱਧ ਵੋਟਾਂ 92.22 ਫ਼ੀਸਦੀ ਚੀਮਾ ਮੰਡੀ ‘ਚ ਪਈਆਂ ਜਦਕਿ ਸਭ ਤੋਂ ਘੱਟ 51 ਫ਼ੀਸਦੀ ਵੋਟਾਂ ਅੰਮ੍ਰਿਤਸਰ ਨਗਰ ਨਿਗਮ ਵਿੱਚ ਪਈਆਂ। ਬੂਥਾਂ ‘ਤੇ ਕਬਜ਼ੇ ਕੀਤੇ ਜਾਣ ਕਰਕੇ ਅਕਾਲੀ-ਭਾਜਪਾ ਗਠਜੋੜ ਨੇ ਪਟਿਆਲਾ ਨਿਗਮ ਚੋਣਾਂ ਦਾ ਬਾਈਕਾਟ ਕੀਤਾ। ਪਟਿਆਲਾ ਦੇ ਇਕ ਵਾਰਡ ਵਿੱਚ ਵੋਟਿੰਗ ਮਸ਼ੀਨ ਖ਼ਰਾਬ ਹੋਣ ਕਰਕੇ ਇਸ ‘ਚ ਮੁੜ ਵੋਟਾਂ ਪੁਆਈਆਂ ਜਾਣਗੀਆਂ। ਨਗਰ ਨਿਗਮ ਅੰਮ੍ਰਿਤਸਰ ਵਿੱਚ ਸਭ ਤੋਂ ਘੱਟ 51 ਫ਼ੀਸਦੀ, ਪਟਿਆਲਾ ਵਿੱਚ 62.22 ਫ਼ੀਸਦੀ, ਜਲੰਧਰ ਵਿੱਚ 57.2 ਫ਼ੀਸਦੀ ਵੋਟਾਂ ਪਈਆਂ। ਨਗਰ ਨਿਗਮਾਂ ਦੇ ਮੁਕਾਬਲੇ ਮਿਉਂਸਿਪਲ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਲੋਕਾਂ ਨੇ ਵੱਧ ਦਿਲਚਸਪੀ ਦਿਖਾਈ ਤੇ ਰਿਕਾਰਡ ਵੋਟਾਂ ਪਾਈਆਂ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਅਤੇ ਆਮ ਆਦਮੀ ਪਾਰਟੀ ਨੇ ਸਥਾਨਕ ਇਕਾਈਆਂ ਦੀਆਂ ਚੋਣਾਂ ਵਿੱਚ ਕਥਿਤ ਤੌਰ ‘ਤੇ ਧਾਂਦਲੀਆਂ ਦੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਕਾਂਗਰਸ ਨੇ ਚੋਣ ਅਮਲ ਨੂੰ ਹਾਈਜੈਕ ਕਰ ਲਿਆ। ਕਾਂਗਰਸ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ।

ਕੂੜ ਪ੍ਰਚਾਰ ਦੀ ਕਰਾਰੀ ਹਾਰ-ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ/ਬਿਊਰੋ ਨਿਊਜ਼:
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮਿਉਂਸਿਪਲ ਚੋਣਾਂ ਦੇ ਨਤੀਜਿਆਂ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਇਸ ਨੂੰ ਕਾਂਗਰਸ ਸਰਕਾਰ ਦੀਆਂ ਨੀਤੀਆਂ ਉਤੇ ਮੋਹਰ ਅਤੇ ਵਿਰੋਧੀ ਧਿਰ ਦੇ ‘ਕੂੜ ਪ੍ਰਚਾਰ’ ਦੀ ਕਰਾਰੀ ਹਾਰ ਦੱਸਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਧਿਰ ਨੇ ਵੋਟਰਾਂ ਨੂੰ ਦਬਾਉਣ ਖ਼ਾਤਰ ਧਮਕੀਆਂ ਤੋਂ ਲੈ ਕੇ ਕੂੜ ਪ੍ਰਚਾਰ ਤਕ ਸਾਰੇ ਹੱਥ ਕੰਡੇ ਵਰਤੇ ਪਰ ਉਹ ਬੁਰੇ ਢੰਗ ਨਾਲ ਨਾਕਾਮ ਰਹੀ। ਮੁੱਖ ਮੰਤਰੀ ਨੇ ਕਿਹਾ, ‘ਅਕਾਲੀਆਂ ਨੇ 10 ਸਾਲਾਂ ਦੇ ਰਾਜ ‘ਚ ਜੋ ਕੀਤਾ ਹੈ ਲੋਕ ਉਸ ਨੂੰ ਭੁੱਲੇ ਨਹੀਂ ਹਨ ਅਤੇ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਸੱਤਾ ਤੋਂ ਬਾਹਰ ਸੁੱਟਣ ਬਾਅਦ ਹੁਣ ਸਥਾਨਕ ਚੋਣਾਂ ‘ਚ ਲੱਕ ਤੋੜਵੀਂ ਹਾਰ ਨਾਲ ਜਵਾਬ ਦਿੱਤਾ ਹੈ।’ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸ਼ਾਂਤੀਪੂਰਨ ਅਤੇ ਵੱਡੇ ਮਤਦਾਨ ਨੂੰ ਯਕੀਨੀ ਬਣਾਉਣ ਲਈ ਲੋਕਾਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘ਅਕਾਲੀਆਂ ਨੇ ਬੂਥਾਂ ਖਾਸ ਤੌਰ ‘ਤੇ ਕਾਂਗਰਸ ਦੇ ਗੜ੍ਹ ਵਾਲੇ ਇਲਾਕਿਆਂ ਵਿੱਚ ਵੋਟਰਾਂ ਨੂੰ ਡਰਾਉਣ ਲਈ ਪੂਰੀ ਵਾਹ ਲਾਈ ਪਰ ਲੋਕਾਂ ਨੂੰ ਦਬਾਉਣ ਵਿੱਚ ਨਾਕਾਮ ਰਹੇ।’ ਸ੍ਰੀ ਜਾਖੜ ਨੇ ਦਾਅਵਾ ਕੀਤਾ ਕਿ ਇਕ ਦਹਾਕੇ ਬਾਅਦ ਪਹਿਲੀ ਵਾਰ ਸੂਬੇ ਵਿੱਚ ‘ਸੁਤੰਤਰ ਤੇ ਜਮਹੂਰੀ ਢੰਗ ਨਾਲ ਚੋਣ ਹੋਈ ਹੈ।’

ਹੋਰਨਾਂ ਨੂੰ ਹੂੰਝਦੀ ਖੁਦ ਹੀ ਹੂੰਝੀ ਗਈ ‘ਆਪ’
ਅੱਡੀ ਚੋਟੀ ਦਾ ਜ਼ੋਰ ਲਾ ਕੇ ਸਾਰੇ ਸੂਬੇ ਚੋਂ ਮਸਾਂ ਮਿਲੀ ਇਕ ਸੀਟ
ਚੰਡੀਗੜ੍ਹ/ਬਿਊਰੋ ਨਿਊਜ਼:
ਮਿਉਂਸਿਪਲ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਹੈ। ‘ਆਪ’ ਦੀ ਪੰਜਾਬ ਲੀਡਰਸ਼ਿਪ ਦੀ ਅਗਵਾਈ ਹੇਠ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਬਾਅਦ ਹੁਣ ਸਥਾਨਕ ਚੋਣਾਂ ‘ਚ ਪਾਰਟੀ ਨੂੰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨਾਲ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਸਹਿ ਪ੍ਰਧਾਨ ਅਮਨ ਅਰੋੜਾ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਲੀਡਰਸ਼ਿਪ ‘ਤੇ ਸਵਾਲ ਉੱਠੇ ਹਨ।
ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੂੰ ਮਹਿਜ਼ 20 ਸੀਟਾਂ ‘ਤੇ ਮਿਲੀ ਜਿੱਤ ਬਾਅਦ ਖਾਸ ਕਰਕੇ ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਨੇ ਕੌਮੀ ਲੀਡਰਸ਼ਿਪ ਉਪਰ ਕਈ ਤਰ੍ਹਾਂ ਦੇ ਦੋਸ਼ ਲਾਉਂਦਿਆਂ ਕਿਹਾ ਸੀ ਕਿ ਜੇਕਰ ਹਾਈਕਮਾਂਡ ਟਿਕਟਾਂ ਦੀ ਵੰਡ ਆਦਿ ਵਿੱਚ ਸੂਬਾਈ ਇਕਾਈ ‘ਚ ਫਾਲਤੂ ਦਖਲਅੰਦਾਜ਼ੀ ਨਾ ਕਰਦੀ ਤਾਂ ਨਤੀਜੇ ਕੁਝ ਹੋਰ ਹੋਣੇ ਸਨ। ਇਸ ਬਾਅਦ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਦੋਵੇਂ ਇੰਚਾਰਜਾਂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਇਸ ਅਹੁਦੇ ਤੋਂ ਫਾਰਗ ਕਰ ਦਿੱਤਾ ਸੀ ਅਤੇ ਸੂਬਾਈ ਲੀਡਰਸ਼ਿਪ ਨੂੰ ਸਥਾਨਕ ਫੈਸਲੇ ਖੁਦ ਲੈਣ ਦੀ ਖੁੱਲ੍ਹ ਦਿੱਤੀ ਸੀ। ਹਾਈਕਮਾਂਡ ਨੇ ਨਾ ਤਾਂ ਗੁਰਦਾਸਪੁਰ ਜ਼ਿਮਨੀ ਚੋਣ ਅਤੇ ਨਾ ਹੀ ਹੁਣ ਮਿਉਂਸਿਪਲ ਚੋਣਾਂ ਵਿੱਚ ਟਿਕਟਾਂ ਦੀ ਵੰਡ ਆਦਿ ਵਿੱਚ ਕੋਈ ਦਖਲਅੰਦਾਜ਼ੀ ਕੀਤੀ। ਸਥਾਨਕ ਚੋਣਾਂ ਦੌਰਾਨ ਸ੍ਰੀ ਮਾਨ, ਅਰੋੜਾ ਅਤੇ ਸ੍ਰੀ ਖਹਿਰਾ ਨੇ ਤਕਰੀਬਨ ਪੂਰੀ ਜ਼ਿੰਮੇਵਾਰੀ ਹੇਠਲੀ ਲੀਡਰਸ਼ਿਪ ‘ਤੇ ਹੀ ਸੁੱਟ ਦਿੱਤੀ ਸੀ। ਇਕ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਮਿਉਂਸਿਪਲ ਚੋਣਾਂ ਲਈ ਖ਼ੁਦ ਰਣਨੀਤੀ ਬਣਾ ਰਹੇ ਸਨ ਅਤੇ ਦੂਜੇ ਪਾਸੇ ‘ਆਪ’ ਲੀਡਰਸ਼ਿਪ ਸ੍ਰੀ ਖਹਿਰਾ ਨੂੰ ਡਰੱਗ ਕੇਸ ‘ਚ ਸੰਮਨ ਮਾਮਲੇ ਉਤੇ ਆਪਣਾ ਜ਼ੋਰ ਲਾ ਰਹੀ ਸੀ।
ਸਥਾਨਕ ਚੋਣਾਂ ‘ਚ ਸਾਰੀਆਂ ਸੀਟਾਂ ਉਪਰ ਲੜਨ ਲਈ ਪਾਰਟੀ ਨੂੰ ਉਮੀਦਵਾਰ ਤਕ ਨਹੀਂ ਮਿਲੇ। ਇਕ ਸੂਬਾਈ ਆਗੂ ਵੱਲੋਂ ਚੋਣਾਂ ਦੌਰਾਨ ਛੋਟੇ ਇਕੱਠਾਂ ਨੂੰ ਸੰਬੋਧਨ ਕਰਨ ਤੋਂ ਇਨਕਾਰ ਕੀਤੇ ਜਾਣ ਤੋਂ ਵੀ ਹੇਠਲੀ ਲੀਡਰਸ਼ਿਪ ਭਰੀ-ਪੀਤੀ ਬੈਠੀ ਹੈ। ਸੂਤਰਾਂ ਅਨੁਸਾਰ ਦਿੱਲੀ ਲੀਡਰਸ਼ਿਪ ਦੇ ਨਜ਼ਦੀਕ ਮੰਨੇ ਜਾਂਦੇ ਪੰਜਾਬ ਵਿਚਲੇ ਧੜੇ ਵੱਲੋਂ ਗੁਰਦਾਸਪੁਰ ਬਾਅਦ ਹੁਣ ਮਿਉਂਸਿਪਲ ਚੋਣਾਂ ‘ਚ ਪਾਰਟੀ ਦੀ ਵੱਡੀ ਹਾਰ ਕਾਰਨ ਸੂਬਾਈ ਲੀਡਰਸ਼ਿਪ ਉਪਰ ਸਵਾਲ ਉਠਾਏ ਜਾ ਸਕਦੇ ਹਨ। ਸੂਤਰਾਂ ਅਨੁਸਾਰ ਇਸ ਧੜੇ ਨੇ ਦੋ ਗੁਪਤ ਮੀਟਿੰਗਾਂ ਕਰਕੇ ਹਾਈਕਮਾਂਡ ਨੂੰ ਆਪਣੀ ਰਿਪੋਰਟ ਵੀ ਸੌਂਪੀ ਸੀ, ਜਿਸ ‘ਚ ਕੁਝ ਆਗੂਆਂ ਦੀ ਕਾਰਜਸ਼ੈਲੀ ਉਪਰ ਸਵਾਲ ਖੜ੍ਹੇ ਕਰਕੇ ਪੰਜਾਬ ਲਈ ਤੁਰੰਤ ਨਵਾਂ ਇੰਚਾਰਜ ਲਾਉਣ ਦੀ ਮੰਗ ਕੀਤੀ ਸੀ।

ਸਿਆਸੀ ਗੁੰਡਾਗਰਦੀ ਦੇ ਮਾਮਲੇ ‘ਚ ਕੈਪਟਨ ਨੇ ਤਾਂ ਅਕਾਲੀਆਂ ਨੂੰ ਮਾਤ ਪਾ ਦਿੱਤਾ: ਮਾਨ
‘ਆਪ’ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਅਤੇ ਸਹਿ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸਿਆਸੀ ਗੁੰਡਾਗਰਦੀ ਵਿੱਚ ਅਕਾਲੀ ਸਰਕਾਰ ਨੂੰ ਵੀ ਮਾਤ ਦੇ ਦਿੱਤੀ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਅਤੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਜੇ ਹਾਰ ਡਰੋਂ ਵਿਰੋਧੀ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਕੇ ਮਤਦਾਨ ਮੌਕੇ ਚੋਣਾਂ ਲੁੱਟਣੀਆਂ ਹੀ ਸਨ ਤਾਂ ਚੋਣਾਂ ਦਾ ਡਰਾਮਾ ਰਚਣ ਦੀ ਥਾਂ ਆਪਣੇ ਮਨਭਾਉਂਦੇ ਕਾਂਗਰਸੀਆਂ ਨੂੰ ਨਾਮਜ਼ਦ ਹੀ ਕਰ ਲੈਣਾ ਸੀ। ਸ੍ਰੀ ਮਾਨ ਨੇ ਪਟਿਆਲਾ ‘ਚ ਧੱਕੇਸ਼ਾਹੀ ਖ਼ਿਲਾਫ਼ ਧਰਨਾ ਦੇ ਰਹੇ ‘ਆਪ’ ਆਗੂਆਂ ਡਾ. ਬਲਵੀਰ ਸਿੰਘ, ਕਰਨਵੀਰ ਟਿਵਾਣਾ, ਤੇਜਿੰਦਰ ਮਹਿਤਾ, ਐਡਵੋਕੇਟ ਗਿਆਨ ਸਿੰਘ ਮੁੰਗੋ ਆਦਿ ਨੂੰ ਹਿਰਾਸਤ ਵਿੱਚ ਲੈਣ ਦੀ ਨਿੰਦਾ ਕੀਤੀ ਹੈ।

‘ਮਿਉਂਸਿਪਲ ਚੋਣਾਂ ‘ਚ ਧਾਂਦਲੀਆਂ ਦੀ ਸੀ.ਬੀ. ਆਈ. ਜਾਂਚ ਕਰੇ’
ਕਾਂਗਰਸੀਆਂ ਦੀ ਗੁੰਡਾਗਰਦੀ ਖ਼ਿਲਾਫ਼ ਹਾਈ ਕੋਰਟ ਜਵਾਂਗੇ-ਸੁਖਬੀਰ
ਚੰਡੀਗੜ੍ਹ/ਬਿਊਰੋ ਨਿਊਜ਼:
ਸ਼੍ਰੋਮਣੀ ਅਕਾਲੀ ਦਲ ਨੇ ਸਥਾਨਕ ਚੋਣਾਂ ਵਿੱਚ ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਪੰਜਾਬ ਦੇ ਚੋਣ ਅਧਿਕਾਰੀ ਨੂੰ ਮੈਮੋਰੰਡਮ ਸੌਂਪਿਆ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ  ਕਿਹਾ ਕਿ ਉਹ ਇਸ ਧੱਕੇਸ਼ਾਹੀ ਖ਼ਿਲਾਫ਼ ਹਾਈ ਕੋਰਟ ਜਾਣਗੇ ਤੇ ਸੀਬੀਆਈ ਜਾਂਚ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਸਥਾਨਕ ਚੋਣਾਂ ਵਿਚ ਲੋਕਾਂ ਦੀ ਆਵਾਜ਼ ਦਬਾਉਣ ਲਈ ਘੜੀ ਸਾਜ਼ਿਸ਼ ਵਿੱਚ ਪ੍ਰਦੇਸ਼ ਚੋਣ ਕਮਿਸ਼ਨ ਕਾਂਗਰਸ ਪਾਰਟੀ ਦੀ ਧਿਰ ਬਣ ਗਿਆ ਹੈ।
ਚੋਣ ਅਧਿਕਾਰੀ ਨੂੰ ਮੈਮੋਰੰਡਮ ਸੌਂਪਣ ਵਾਲੇ ਵਫ਼ਦ ਦੀ ਅਗਵਾਈ ਡਾ. ਦਲਜੀਤ ਸਿੰਘ ਚੀਮਾ ਨੇ ਕੀਤੀ। ਵਫ਼ਦ ਨੇ ਧੱਕੇਸ਼ਾਹੀਆਂ ਖ਼ਿਲਾਫ਼ ਚੋਣ ਅਧਿਕਾਰੀ ਦੇ ਦਫ਼ਤਰ ਬਾਹਰ ਧਰਨਾ ਵੀ ਦਿੱਤਾ। ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਚੋਣ ਅਧਿਕਾਰੀ ਜਗਪਾਲ ਸਿੰਘ ਸਿੱਧੂ ਨੂੰ ਬਰਖਾਸਤ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਕਾਂਗਰਸ ਦਾ ਹੱਥਠੋਕਾ ਬਣ ਕੇ ਆਪਣੇ ਅਹੁਦੇ ਦੇ ਵਕਾਰ ਨੂੰ ਢਾਹ ਲਾਈ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨਰ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਲੋਕਾਂ  ਦੇ ਵਿਸ਼ਵਾਸ ਨੂੰ ਤੋੜਿਆ ਹੈ। ਉਨ੍ਹਾਂ ਕਿਹਾ ਕਿ ਚੋਣ ਅਧਿਕਾਰੀ ਦਾ ਵਤੀਰਾ ਸ਼ੁਰੂ ਤੋਂ ਪੱਖਪਾਤੀ ਸੀ। ਅਕਾਲੀਆਂ ਦੇ ਵਫ਼ਦ ਨੇ ਪੰਜ ਵਾਰ ਉਨ੍ਹਾਂ ਨਾਲ ਮੁਲਾਕਾਤ ਕੀਤੀ, ਪਰ ਉਨ੍ਹਾਂ ਇੱਕ ਵਾਰ ਵੀ ਇਨਸਾਫ ਨਹੀਂ ਦਿੱਤਾ। ਪਾਰਟੀ ਪ੍ਰਧਾਨ ਨੇ ਵੋਟਰ ਸੂਚੀਆਂ ਦੇਰੀ ਨਾਲ ਦਿੱਤੇ ਜਾਣ ਅਤੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਇਤਰਾਜ਼ਹੀਣਤਾ ਸਰਟੀਫਿਕੇਟ ਨਾ ਦੇਣ ਖ਼ਿਲਾਫ ਵੀ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੇ ਪੂਰੇ ਸੂਬੇ ਅੰਦਰ, ਖਾਸ ਕਰਕੇ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਵਿੱਚ  ਧੱਕੇਸ਼ਾਹੀਆਂ ਕੀਤੀਆਂ ਅਤੇ ਅਕਾਲੀ-ਭਾਜਪਾ ਉਮੀਦਵਾਰਾਂ  ਉੱਤੇ ਹਮਲੇ ਕਰਨ ਲਈ ਸਟੇਟ ਮਸ਼ੀਨਰੀ ਦਾ ਇਸਤੇਮਾਲ ਕੀਤਾ। ਉਨ੍ਹਾਂ ਪਟਿਆਲਾ ਦੇ ਸਾਰੇ ਵਾਰਡਾਂ ਦੀ ਚੋਣ ਨੂੰ ਤੁਰੰਤ ਰੱਦ ਕਰਨ ਦੇ ਨਾਲ ਨਾਲ ਕਾਂਗਰਸੀਆਂ ਵੱਲੋਂ ਕੀਤੀ ਹਿੰਸਾ ਅਤੇ ਹੇਰਾਫੇਰੀਆਂ ਦੀ ਉੱਚ-ਪੱਧਰੀ ਜਾਂਚ ਅਤੇ ਕਾਂਗਰਸੀ ਏਜੰਟਾਂ ਵਜੋਂ ਕੰਮ ਕਰਨ ਵਾਲੇ ਸਿਵਲ ਅਤੇ ਪੁਲੀਸ ਅਧਿਕਾਰੀਆਂ ਖ਼ਿਲਾਫ ਕੇਸ ਦਰਜ ਕਰਨ ਦੀ ਵੀ ਮੰਗ ਕੀਤੀ।