ਅਦਾਲਤੀ ਪਟੀਸ਼ਨ ‘ਚ ਉਠਿਆ ਸਵਾਲ- ਕੀ ਅਮਰੀਕੀ ਖੁਫ਼ੀਆ ਏਜੰਸੀ ਨੇ ਗਾਂਧੀ ਨੂੰ ਬਚਾਉਣ ਦਾ ਕੀਤਾ ਸੀ ਯਤਨ?

ਅਦਾਲਤੀ ਪਟੀਸ਼ਨ ‘ਚ ਉਠਿਆ ਸਵਾਲ- ਕੀ ਅਮਰੀਕੀ ਖੁਫ਼ੀਆ ਏਜੰਸੀ ਨੇ ਗਾਂਧੀ ਨੂੰ ਬਚਾਉਣ ਦਾ ਕੀਤਾ ਸੀ ਯਤਨ?

ਨਵੀਂ ਦਿੱਲੀ/ਬਿਊਰੋ ਨਿਊਜ਼ :
‘ਕੀ ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦੀ ਖੁਫ਼ੀਆ ਏਜੰਸੀ ‘ਆਫਿਸ ਆਫ਼ ਸਟਰੇਟਿਕ ਸਰਵਿਸਿਜ’ (ਓਐੱਸਐੱਸ) ਅਤੇ ਸੀਆਈਏ ਦੀ ਪੁਰਾਣੀ ਸੰਸਥਾ ਨੇ ਮਹਾਤਮਾ ਗਾਂਧੀ ਨੂੰ ਬਚਾਉਣ ਦਾ ਯਤਨ ਕੀਤਾ ਸੀ?’ ਇਹ ਸਵਾਲ ਸੁਪਰੀਮ ਕੋਰਟ ਵਿੱਚ ਦਾਇਰ ਇੱਕ ਪਟੀਸ਼ਨ ਵਿਚ ਪਾਏ ਕਈ ਸਵਾਲਾਂ ਵਿਚੋਂ ਇੱਕ ਹੈ। ਪਟੀਸ਼ਨ ਰਾਹੀਂ ਮਹਾਤਮਾ ਗਾਂਧੀ ਦੇ ਕਤਲ ਦੀ ਜਾਂਚ ਮੁੜ ਸ਼ੁਰੂ ਕਰਨ ਦੀ ਮੰਗ ਇਸ ਆਧਾਰ ‘ਤੇ ਕੀਤੀ ਗਈ ਹੈ ਕਿ ਕੀ ਇਸ ਕੇਸ ਵਿਚ ਕੁਝ ਲੋਕਾਂ ਨੂੰ ਟੇਢੇ ਢੰਗ ਨਾਲ ਬਚਾਇਆ ਤਾਂ ਨਹੀਂ ਗਿਆ ਸੀ? ਪਟੀਸ਼ਨ ਪਾਉਣ ਵਾਲੇ ਖੋਜਾਰਥੀ ਅਤੇ ‘ਅਭਿਨਵ ਭਾਰਤ, ਮੁੰਬਈ’ ਦੇ ਟਰੱਸਟੀ ਡਾ. ਪੰਕਜ ਫੜਨੀਸ ਨੇ ਕਿਹਾ ਕਿ ਇੱਥੇ ਸਥਿਤ ਅਮਰੀਕੀ ਸਫ਼ਾਰਤਖਾਨੇ ਵੱਲੋਂ ਮਹਾਤਮਾ ਗਾਂਧੀ ਦੀ ਹੱਤਿਆ ਮਗਰੋਂ ਵਾਸ਼ਿੰਗਟਨ ਨੂੰ 30 ਜਨਵਰੀ 1948 ਨੂੰ ਟੈਲੀਗ੍ਰਾਮ ਭੇਜੇ ਗਏ ਸਨ ਤੇ ਇਸ ਨਾਲ ਸਬੰਧਤ ਕੁਝ ਰਿਪੋਰਟਾਂ ਵਿਚੋਂ ਇੱਕ ਅਜੇ ਵੀ ਨਸ਼ਰ ਨਹੀਂ ਕੀਤੀ ਗਈ। ਉਨ੍ਹਾਂ ਰਿਕਾਰਡ ਵਜੋਂ ਇੱਕ ਟੈਲੀਗ੍ਰਾਮ ਵੀ ਲਾਇਆ ਹੈ ਜੋ ਉਨ੍ਹਾਂ ਇਸ ਸਾਲ ਮਈ ਵਿਚ ਮੈਰੀਲੈਂਡ ਸਥਿਤ ‘ਨੈਸ਼ਨਲ ਆਰਕਾਈਵਜ਼ ਐਂਡ ਰਿਸਰਚ ਐਡਮਿਨਿਸਟ੍ਰੇਸ਼ਨ’ ਤੋਂ ਪ੍ਰਾਪਤ ਕੀਤੀ ਸੀ।
ਉਨ੍ਹਾਂ ਕਿਹਾ ਕਿ ਅਮਰੀਕੀ ਸਫ਼ਾਰਤਖਾਨੇ ਵੱਲੋਂ ਰਾਤ 8 ਵਜੇ ਭੇਜੇ ਗਏ 30 ਜਨਵਰੀ 1948 ਦੇ ਪ੍ਰਤੀਬੰਧਿਤ ਟੈਲੀਗ੍ਰਾਮ ਮੁਤਾਬਕ ਇੱਕ ਅਫ਼ਸਰ ਹਰਬਰਟ ਟੌਮ ਰੇਨਰ ਗਾਂਧੀ ਦੇ ਪੰਜ ਫੁੱਟ ਦੇ ਘੇਰੇ ਵਿਚ ਸੀ ਅਤੇ ਭਾਰਤੀ ਸੁਰੱਖਿਅਕਾਂ ਦੀ ਮਦਦ ਨਾਲ ਉਸ ਨੇ ਹੱਤਿਆ ਕਰਨ ਵਾਲੇ ਨੂੰ ਕਾਬੂ ਕਰ ਲਿਆ ਸੀ। ਰੇਨਰ ਨੇ ਸਫ਼ਾਰਤਖਾਨੇ ਪੁੱਜਣ ਤੋਂ ਦੇਰ ਸ਼ਾਮ ਬਾਅਦ ਇੱਕ ਰਿਪੋਰਟ ਭੇਜੀ ਸੀ ਜਦਕਿ 70 ਸਾਲਾਂ ਬਾਅਦ ਵੀ ਇਹ ਨਸ਼ਰ ਨਹੀਂ ਹੋਈ।
ਪਟੀਸ਼ਨਕਰਤਾ ਨੇ ‘ਫਰੀਡਮ ਆਫ਼ ਇਨਫਾਰਮੇਸ਼ਨ ਐਕਟ’ ਤਹਿਤ ਇਹ ਰਿਪੋਰਟ ਨਸ਼ਰ ਹੋਣ ਸਬੰਧੀ ਅਰਜ਼ੀ ਦਾਖ਼ਲ ਕੀਤੀ ਹੈ। ਪਟੀਸ਼ਨ ‘ਤੇ ਸੁਣਵਾਈ 6 ਅਕਤੂਬਰ ਨੂੰ ਹੋਣੀ ਹੈ। ਫੜਨੀਸ ਨੇ ਅਦਾਲਤ ਨੂੰ ਅਮਰੀਕੀ ਅਧਿਕਾਰੀਆਂ ਨਾਲ ਹੋਈ ਗੱਲਬਾਤ ਬਾਰੇ ਦੱਸਿਆ ਜਿਸ ਵਿਚ ਉਨ੍ਹਾਂ ਉਸੇ ਸ਼ਾਮ ਭੇਜੇ ਗਏ ਤੀਜੇ ਟੈਲੀਗ੍ਰਾਮ ਦਾ ਜ਼ਿਕਰ ਕੀਤਾ ਹੈ ਜਿਸ ‘ਤੇ ‘ਕਾਨਫੀਡੈਂਸ਼ਲ’ ਅੰਕਿਤ ਕੀਤਾ ਗਿਆ ਹੈ। ਫੜਨੀਸ, ਜਿਨ੍ਹਾਂ ਗਾਂਧੀ ਦੀ ਹੱਤਿਆ ਵਿਚ ਨੱਥੂਰਾਮ ਗੋਡਸੇ ਤੋਂ ਇਲਾਵਾ ਕਿਸੇ ਦੂਜੇ ਹਤਿਆਰੇ ਦਾ ਹੱਥ ਹੋਣ ਦੀ ਸੰਭਾਵਨਾ ਦੀ ਜਾਂਚ ਦੀ ਵੀ ਮੰਗ ਕੀਤੀ ਹੈ, ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਹੱਤਿਆ ਵਿਚ ਵਿਦੇਸ਼ੀ ਹੱਥ ਹੋਣ ਸਬੰਧੀ ਪਤਾ ਲਾਉਣ ਲਈ ਅਮਰੀਕੀ ਦਸਤਾਵੇਜ਼ਾਂ ਦੇ ਨਸ਼ਰ ਹੋਣ ਲਈ ਕਾਫ਼ੀ ਜ਼ੋਰ ਲਾਇਆ ਜਾ ਰਿਹਾ ਹੈ।