ਡੇਰੇ ਦੇ ਪੈਰੋਕਾਰ ਨੇ ਕੀਤੀ ਸਿੱਖ ਧਰਮ ‘ਚ ਵਾਪਸੀ

ਡੇਰੇ ਦੇ ਪੈਰੋਕਾਰ ਨੇ ਕੀਤੀ ਸਿੱਖ ਧਰਮ ‘ਚ ਵਾਪਸੀ

ਮ੍ਰਿਤਕ ਹਰੀ ਸਿੰਘ ਦੇ ਪੁੱਤਰ ਜਥੇਦਾਰ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰਦੇ ਹੋਏ।
ਤਲਵੰਡੀ ਸਾਬੋ/ਬਿਊਰੋ ਨਿਊਜ਼:
ਡੇਰਾ ਸਿਰਸਾ ਮੁਖੀ ਨੂੰ ਜਬਰ ਜਨਾਹ ਦਾ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਹੋਈ ਹਿੰਸਾ ਵਿੱਚ ਮਾਰੇ ਗਏ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਦੇ ਇੱਕ ਡੇਰਾ ਪ੍ਰੇਮੀ ਦਾ ਪਰਿਵਾਰ ਤਖ਼ਤ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਇਆ ਤੇ ਸਿੱਖ ਧਰਮ ਵਿੱਚ ਵਾਪਸੀ ਦੀ ਇੱਛਾ ਪ੍ਰਗਟਾਈ।
ਪਿੰਡ ਬੰਗੀ ਨਿਹਾਲ ਸਿੰਘ ਵਾਲਾ ਦਾ ਹਰੀ ਸਿੰਘ ਲੰਮੇਂ ਸਮੇਂ ਤੋਂ ਡੇਰਾ ਸਿਰਸਾ ਨਾਲ ਜੁੜਿਆ ਹੋਇਆ ਸੀ। ਡੇਰਾ ਮੁਖੀ ਦੀ 25 ਅਗਸਤ ਨੂੰ ਸੀਬੀਆਈ ਅਦਾਲਤ, ਪੰਚਕੂਲਾ ਵਿੱਚ ਪੇਸ਼ੀ ਮੌਕੇ ਉਹ ਪਿੰਡ ਦੇ ਹੋਰ ਡੇਰਾ ਪ੍ਰੇਮੀਆਂ ਨਾਲ ਉਥੇ ਗਿਆ ਸੀ। ਉਥੇ ਸਿਰ ਵਿੱਚ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਹਰੀ ਸਿੰਘ ਦੇ ਸਸਕਾਰ ਉਪਰੰਤ ਪਿੰਡ ਦੇ ਗੁਰਦੁਆਰੇ ਦੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਨਾਲ ਸੰਪਰਕ ਕਰ ਕੇ ਸਿੱਖ ਧਰਮ ਵਿੱਚ ਵਾਪਸੀ ਅਤੇ ਹਰੀ ਸਿੰਘ ਦੀਆਂ ਅੰਤਿਮ ਰਸਮਾਂ ਸਿੱਖ ਰੀਤਾਂ ਮੁਤਾਬਕ ਕਰਨ ਦੀ ਇੱਛਾ ਪ੍ਰਗਟਾਈ ਸੀ। ਹਰੀ ਸਿੰਘ ਦੇ ਦੋਵੇਂ ਪੁੱਤਰ ਰਾਜਪਾਲ ਸਿੰਘ ਤੇ ਗੁਰਮੀਤ ਸਿੰਘ ਤਖ਼ਤ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਤੇ ਜਥੇਦਾਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਿੱਖ ਹੋਣ ਦੇ ਨਾਤੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ ਅਤੇ ਆਪਣੇ ਪਿਤਾ ਦੀ ਆਤਮਿਕ ਸ਼ਾਂਤੀ ਲਈ ਅਖੰਡ ਪਾਠ ਕਰਵਾਉਣਾ ਚਾਹੁੰਦੇ ਹਨ। ਜਥੇਦਾਰ ਨੇ ਦੋਵਾਂ ਨੌਜਵਾਨਾਂ ਨੂੰ ਸਿਰੋਪਾਓ ਦੇ ਕੇ ਉਨ੍ਹਾਂ ਦੇ ਫੈਸਲੇ ਦਾ ਸਵਾਗਤ ਕੀਤਾ। ਜਥੇਦਾਰ ਨੇ ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਨੂੰ ਹਦਾਇਤ ਕੀਤੀ ਕਿ ਪਰਿਵਾਰ ਨੂੰ ਅੰਤਿਮ ਅਰਦਾਸ ਲਈ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਿੱਤਾ ਜਾਵੇ।
ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡੇਰਾ ਸਿਰਸਾ ਦੇ ਪੈਰੋਕਾਰਾਂ ਨੂੰ ਸਿੱਖੀ ਵੱਲ ਮੋੜਨ ਦੇ ਰੌਂਅ ਵਿੱਚ ਹੈ। ਕਮੇਟੀ ਦੇ ਧਿਆਨ ‘ਚ ਲਿਆਂਦਾ ਜਾ ਰਿਹਾ ਹੈ ਕਿ ਪੰਜਾਬ ਤੇ ਹਰਿਆਣਾ ਦੇ ਵੱਡੀ ਗਿਣਤੀ ਸਿੱਖ ਪਰਿਵਾਰ ਡੇਰਾ ਮੁਖੀ ਦੇ ਪੈਰੋਕਾਰ ਬਣ ਚੁੱਕੇ ਹਨ। ਡੇਰਾ ਮੁਖੀ ਨੂੰ ਬਲਾਤਕਾਰ ਦੇ ਦੋਸ਼ ਹੇਠ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਿੱਖ ਹਲਕਿਆਂ ਵੱਲੋਂ ਸ਼ੋਝਮਣੀ ਕਮੇਟੀ ‘ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਡੇਰਾ ਪੈਰੋਕਾਰਾਂ ‘ਤੇ ਧਿਆਨ ਕੇਂਦਰਿਤ ਕਰੇ।
ਪੰਚਕੂਲਾ ਵਿੱਚ ਹੋਈਆਂ ਹਿੰਸਕ ਘਟਨਾਵਾਂ ਵਿਚ ਸਿੱਖ ਪਿਛੋਕੜ ਵਾਲੇ ਪਰਿਵਾਰਾਂ ਦੇ ਕਈ ਜੀਅ ਮੌਤ ਦੇ ਮੂੰਹ ਵਿਚ ਜਾ ਪਏ ਤੇ ਕਈ ‘ਪ੍ਰੇਮੀਆਂ’ ਦੀ ਹੈਸੀਅਤ ਵਿੱਚ ਘਰਾਂ ਤੋਂ ਫ਼ਰਾਰ ਹਨ। ਸਿੱਖ ਬੁੱਧੀਜੀਵੀ ਕੌਂਸਲ ਦੇ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬਲੂਆਣਾ ਦਾ ਕਹਿਣਾ ਹੈ ਕਿ ਹੁਣ ਬਦਲੇ ਹੋਏ ਹਾਲਾਤ ਵਿਚ ਸਿੱਖੀ ਨਾਲੋਂ ਬੇਮੁੱਖ ਹੋ ਕੇ ਡੇਰੇ ਨਾਲ ਜੁੜੇ ਲੋਕਾਂ ਨੂੰ ਮੁੜ ਸਿੱਖੀ ਵੱਲ ਲਿਆਉਣ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਪਹਿਲਕਦਮੀ ਕਰਨ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬੰਡੂਗਰ ਦਾ ਕਹਿਣਾ ਹੈ ਕਿ ਲੰਮੇ ਸਲਾਹ-ਮਸ਼ਵਰੇ ਮਗਰੋਂ ਹੀ ਇਸ ਸਬੰਧੀ ਕਿਸੇ ਸਿੱਟੇ ‘ਤੇ ਪਹੁੰਚਿਆ ਜਾ ਸਕਦਾ ਹੈ। ਉਨ੍ਹਾਂ ਮੰਨਿਆ ਕਿ ਵੱਡੀ ਗਿਣਤੀ ਸੰਗਤ ਸ਼੍ਰੋਮਣੀ ਕਮੇਟੀ ‘ਤੇ ਦਬਾਅ ਬਣਾ ਰਹੀ ਹੈ ਕਿ ਪ੍ਰੇਮੀਆਂ ਨੂੰ ਸਿੱਖੀ ਵੱਲ ਮੋੜਿਆ ਜਾਵੇ।

ਮਾਲਵੇ ਦੇ ਵੱਡੀ ਗਿਣਤੀ ਡੇਰਾ ਪ੍ਰੇਮੀ ਹੋਏ ਰੂਪੋਸ਼
ਬਠਿੰਡਾ/ਬਿਊਰੋ ਨਿਊਜ਼:
ਪੰਜਾਬ ਪੁਲੀਸ ਦੇ ਡਰੋਂ ਮਾਲਵੇ ਦੇ ਕਰੀਬ ਇੱਕ ਹਜ਼ਾਰ ਡੇਰਾ ਪ੍ਰੇਮੀ ਰੂਪੋਸ਼ ਹੋ ਗਏ ਹਨ, ਜਿਨ੍ਹਾਂ ਵਿਚੋਂ ਬਹੁਤੇ ਪ੍ਰੇਮੀਆਂ ਨੇ ਗੁਆਂਢੀ ਰਾਜਾਂ ਵਿਚ ਸ਼ਰਨ ਲਈ ਹੋਈ ਹੈ। ਅਦਾਲਤੀ ਫ਼ੈਸਲੇ ਤੋਂ ਪਹਿਲਾਂ ਹੀ ਡੇਰਾ ਆਗੂ ਤੇ ਪ੍ਰੇਮੀ ਆਪਣੇ ਘਰਾਂ ਤੋਂ ਚਲੇ ਗਏ ਸਨ ਤੇ ਬਹੁਤੇ ਆਗੂ ਪੰਚਕੂਲਾ ਹਿੰਸਾ ਮਗਰੋਂ ਇੱਧਰ-ਉਧਰ ਹੋ ਗਏ। ਬਠਿੰਡਾ ਤੇ ਮਾਨਸਾ ਵਿੱਚ ਤਾਂ ਡੇਰਾ ਪੈਰੋਕਾਰਾਂ ਦੀ ਵੱਡੀ ਗਿਣਤੀ ਹੀ ਹੈ ਜਦਕਿ ਮਾਲਵੇ ਦੇ ਕਰੀਬ 35 ਵਿਧਾਨ ਸਭਾ ਹਲਕਿਆਂ ਵਿੱਚ ਡੇਰਾ ਪੈਰੋਕਾਰ ਆਪਣੀ ਸਰਦਾਰੀ ਮੰਨਦੇ ਰਹੇ ਹਨ। ਹੁਣ ਡੇਰਾ ਆਗੂਆਂ ਨੇ ਆਪਣੇ ਮੋਬਾਈਲ ਫੋਨ ਵੀ ਬੰਦ ਕਰ ਲਏ ਹਨ। ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਮੈਂਬਰ, ਡੇਰਾ ਦੀ 45 ਮੈਂਬਰੀ ਕਮੇਟੀ ਅਤੇ ਬਲਾਕ ਕਮੇਟੀਆਂ ਦੇ ਮੈਂਬਰਾਂ ਦਾ ਵੀ ਇਹੀ ਹਾਲ ਹੈ।
ਪੁਲੀਸ ਨੇ ਇਨ੍ਹਾਂ ਆਗੂਆਂ ਦੇ ਘਰਾਂ ਦਾ ਗੇੜਾ ਲਾਇਆ ਤਾਂ ਸਭ ਗਾਇਬ ਮਿਲੇ। ਪੁਲੀਸ ਨੇ ਅਦਾਲਤੀ ਫ਼ੈਸਲੇ ਤੋਂ ਪਹਿਲਾਂ ਹੀ ਪ੍ਰਮੁੱਖ ਆਗੂਆਂ ‘ਤੇ ਨਜ਼ਰ ਰੱਖੀ ਹੋਈ ਸੀ। ਬਠਿੰਡਾ ਪੁਲੀਸ ਨੇ ਤਾਂ ਦੋ ਭੰਗੀਦਾਸਾਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਹੋਇਆ ਹੈ। ਬਠਿੰਡਾ ਜ਼ੋਨ ਦੀ ਪੁਲੀਸ ਨੇ ਹੁਣ ਤੱਕ ਕਰੀਬ 23 ਕੇਸ ਦਰਜ ਕੀਤੇ ਹਨ ਤੇ 80 ਡੇਰਾ ਪੈਰੋਕਾਰ ਜੇਲ੍ਹਾਂ ਵਿੱਚ ਪੁਜ ਗਏ ਹਨ। ਪਤਾ ਲੱਗਿਆ ਹੈ ਕਿ ਬਹੁਤੇ ਡੇਰਾ ਆਗੂ ਤਾਂ ਡੇਰਾ ਸਿਰਸਾ ਵਿੱਚ ਬੈਠੇ ਹਨ। ਮਾਨਸਾ ਜ਼ਿਲ੍ਹੇ ਦੇ 500 ਦੇ ਕਰੀਬ ਡੇਰਾ ਪ੍ਰੇਮੀ ਦੋ ਦਿਨਾਂ ਵਿੱਚ ਡੇਰੇ ਤੋਂ ਪਰਤੇ ਹਨ ਪਰ ਆਗੂ ਵਾਪਸ ਨਹੀਂ ਆਏ। ਗਾਇਬ ਹੋਏ ਆਗੂਆਂ ਦੀ ਪੁਲੀਸ ਵੱਲੋਂ ਪੈੜ ਨੱਪੀ ਜਾ ਰਹੀ ਹੈ। ਮਾਲਵੇ ਵਿੱਚ ਕਰੀਬ 80 ਡੇਰੇ ਅਤੇ ਨਾਮ ਚਰਚਾ ਘਰ ਹਨ, ਜਿਨ੍ਹਾਂ ਵਿੱਚ ਜਿਹੜੇ ਪਹਿਲਾਂ ਪੰਜ-ਪੰਜ, ਸੱਤ-ਸੱਤ ਪੈਰੋਕਾਰ ਬੈਠੇ ਸਨ, ਉਨ੍ਹਾਂ ਨੇ ਡੇਰੇ ਛੱਡ ਦਿੱਤੇ ਹਨ।
ਪੁਲੀਸ ਨੇ ਜ਼ਿਲ੍ਹਾ ਬਠਿੰਡਾ ਵਿਚੋਂ ਡੇਰਾ ਸਿਰਸਾ ਦੇ ਚਾਰ ਪ੍ਰਮੁੱਖ ਆਗੂਆਂ, ਮਾਨਸਾ ਵਿਚੋਂ ਦੋ ਅਤੇ ਮੁਕਤਸਰ ਵਿਚੋਂ ਇੱਕ ਪ੍ਰਮੁੱਖ ਆਗੂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਲਾਬਤਪੁਰਾ ਡੇਰੇ ਦੇ ਪ੍ਰਬੰਧਕ ਜੋਰਾ ਸਿੰਘ ਦਾ ਕਹਿਣਾ ਹੈ ਕਿ ਉਹ ਤਾਂ ਡੇਰੇ ਦੇ ਅੰਦਰ ਹਨ ਅਤੇ ਉਸ ਦਾ ਬਾਕੀ ਪੈਰੋਕਾਰਾਂ ਨਾਲ ਕੋਈ ਸੰਪਰਕ ਨਹੀਂ ਹੈ, ਜਿਸ ਕਰ ਕੇ ਉਸ ਨੂੰ ਡੇਰਾ ਪ੍ਰੇਮੀਆਂ ਦੇ ਰੂਪੋਸ਼ ਹੋਣ ਦੀ ਕੋਈ ਸੂਚਨਾ ਨਹੀਂ ਹੈ। ਬਠਿੰਡਾ ਜ਼ੋਨ ਦੇ ਆਈ.ਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਡੇਰਾ ਪੈਰੋਕਾਰਾਂ ਵੱਲੋਂ ਜ਼ੋਨ ਵਿੱਚ ਕੀਤੀਆਂ ਸਾਰੀਆਂ ਵਾਰਦਾਤਾਂ ਟਰੇਸ ਕਰ ਲਈਆਂ ਗਈਆਂ ਹਨ ਅਤੇ 23 ਕੇਸ ਦਰਜ ਕੀਤੇ ਗਏ ਹਨ।

ਡੇਰਾ ਸਮਰਥਕ 6 ਔਰਤਾਂ ਸਮੇਤ 24 ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ
ਸਿਰਸਾ/ਬਿਊਰੋ ਨਿਊਜ਼:
ਸਾਧਵੀਆਂ ਨਾਲ ਬਲਾਤਕਾਰ ਦੇ  ਮਾਮਲੇ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਫੈਸਲਾ ਆਉਣ ਬਾਅਦ ਸਿਰਸਾ ਵਿੱਚ 6 ਔਰਤਾਂ ਸਮੇਤ 24 ਲੋਕਾਂ ਵਿਰੁੱਧ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਸਿਰਸਾ ਵਿੱਚ ਸਾਰੇ ਵਿਦਿਅਕ ਅਦਾਰੇ ਅਤੇ ਬੈਂਕ ਖੁੱਲ੍ਹ ਰਹਿਣਗੇ। ਇਨ੍ਹਾਂ ਤੋਂ ਇਲਾਵਾ 15 ਹੋਰ ਨੂੰ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੇਸ਼ ਧੋਹ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੀਆਂ 6 ਔਰਤਾਂ ਵਿੱਚੋਂ ਤਿੰਨ ਲੜਕੀਆਂ ਫਤਿਹਾਬਾਦ ਸ਼ਹਿਰ ਨਾਲ ਸਬੰਧਤ ਹਨ। ਇਨ੍ਹਾਂ ਦੇ ਨਾਂ ਗਰਿਮਾ ਅਤੇ ਨੇਹਾ, ਨੇਹਾਲ ਕਲੋਨੀ ਦੀਆਂ ਹਨ ਅਤੇ ਪਰੁਲ ਡੀਐਸਪੀ ਰੋਡ ਫਤਿਹਾਬਾਦ ਦੀ ਰਹਿਣ ਵਾਲੀ ਹੈ। ਇਨ੍ਹਾਂ ਦੀ ਉਮਰ ਵੀਹ ਸਾਲ ਦੇ ਕਰੀਬ ਹੈ। ਬਾਕੀ ਦੀਆਂ ਤਿੰਨ ਔਰਤਾਂ ਵਿੱਚ ਹਾਂਸੀ ਦੀ ਸ਼ੀਨਾ, ਸ਼ਾਹ ਸਤਨਾਮ ਚੌਕ ਸਿਰਸਾ ਦੀ ਅਮਰਜੀਤ ਕੌਰ ਅਤੇ ਗੁਰਜੀਤ ਕੌਰ ਵਾਸੀ ਸੁਖ ਨਗਰ ਕਲੋਨੀ ਸਿਰਸਾ ਸ਼ਾਮਲ ਹਨ। ਇਨ੍ਹਾਂ ਛੇ ਔਰਤਾਂ ਨੂੰ ਕੀਰਤੀ ਨਗਰ ਇਲਾਕੇ ਵਿੱਚ 25 ਅਗਸਤ ਨੂੰ ਸੁਰੱਖਿਆ ਬਲਾਂ ਦੇ ਬੇਰੀਕੇਡ ਕੋਲੋਂ ਗ੍ਰਿਫ਼ਤਾਰ ਕੀਤਾ ਹੈ। ਇਹ ਇੱਥੇ ਵੀਟਾ ਦੇ ਮਿਲਕ ਪਲਾਂਟ ਅਤੇ ਪਾਵਰ ਸਟੇਸ਼ਨ ਨੂੰ ਅੱਗ ਲਾਉਣ ਵਾਲੀ ਭੀੜ ਵਿੱਚ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ 18 ਮਰਦਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਉੱਪਰ ਦੇਸ਼ ਧ੍ਰੋਹੀ, ਦੰਗੇ ਫੈਲਾਉਣ, ਇਰਾਦਾ ਕਤਲ, ਸਰਕਾਰੀ ਜਾਇਦਾਦ ਨੂੰ ਅੱਗ ਲਾਉਣ ਅਤੇ ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਲਾਏ ਗਏ ਹਨ। ਇਨ੍ਹਾਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ।

‘ਬੇਟੀ ਬਚਾਓ-ਬੇਟੀ ਪੜ੍ਹਾਓ’ ਦੇ ਨਾਅਰੇ ਵਾਲੀ ਖੱਟਰ ਸਰਕਾਰ ਬਲਾਤਾਕਾਰ ਪੀੜਤਾਂ ਨੂੰ ਮੁਆਵਜ਼ੇ ਬਾਰੇ ਚੁੱਪ
ਬਠਿੰਡਾ/ਬਿਊਰੋ ਨਿਊਜ਼:
ਹਰਿਆਣਾ ਸਰਕਾਰ ਨੇ ਡੇਰਾ ਮੁਖੀ ਦੇ ਜਬਰ ਦਾ ਸ਼ਿਕਾਰ ਹੋਈਆਂ ਦੋਵਾਂ ਸਾਧਵੀਆਂ ਨੂੰ ਕੇਂਦਰ ਸਰਕਾਰ ਤੋਂ ਬਲਾਤਕਾਰ ਪੀੜਤਾਂ ਦੀ ਮਦਦ ਲਈ ਮੁਆਵਜ਼ੇ ਵਜੋਂ ਮਿਲਦੇ ਫੰਡ ਵਿਚੋਂ ਇਕ ਦੁਆਨੀ ਨਹੀਂ ਦਿੱਤੀ। ਕੇਂਦਰ ਸਰਕਾਰ ਨੇ ਕੌਮੀ ਰਾਜਧਾਨੀ ਵਿੱਚ ਦੋ ਸਾਲ ਪਹਿਲਾਂ ਵਾਪਰੇ ਨਿਰਭਯਾ ਬਲਾਤਕਾਰ ਕਾਂਡ ਮਗਰੋਂ ‘ਕੇਂਦਰੀ ਪੀੜਤ ਮੁਆਵਜ਼ਾ ਫੰਡ’ ਸਕੀਮ ਤਹਿਤ ਬਲਾਤਕਾਰ ਪੀੜਤ ਔਰਤਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮਾਇਕ ਮਦਦ ਲਈ ਫੰਡ ਸਥਾਪਤ ਕੀਤਾ ਸੀ। ਕੇਂਦਰ ਵੱਲੋਂ ਇਸ ਸਕੀਮ ਤਹਿਤ ਸਾਲ 2016-17 ਦੌਰਾਨ 200 ਕਰੋੜ ਦੇ ਫੰਡਾਂ ਦੀ ਐਲੋਕੇਸ਼ਨ ਕੀਤੀ ਗਈ ਹੈ। ਇਸ ਰਾਸ਼ੀ ਵਿੱਚੋਂ ਹਰਿਆਣਾ ਲਈ ਸਾਢੇ ਪੰਜ ਕਰੋੜ ਰੁਪਏ ਰੱਖੇ ਗਏ ਹਨ। ਸੂਤਰਾਂ ਮੁਤਾਬਕ ਹਰਿਆਣਾ ਸਰਕਾਰ ਵੱਲੋਂ ਪੀੜਤ ਸਾਧਵੀਆਂ ਦੀ ਮਦਦ ਲਈ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਮੁਆਵਜ਼ੇ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਉਧਰ ਹਰਿਆਣਾ ਦੇ ਸਾਬਕਾ ਡਿਪਟੀ ਐਡਵੋਕੇਟ ਜਨਰਲ ਸੁਖਰਾਜ ਸਿੰਘ ਬਰਾੜ ਅਤੇ ਸੀਨੀਅਰ ਐਡਵੋਕੇਟ ਰਾਜੇਸ਼ ਸ਼ਰਮਾ (ਬਠਿੰਡਾ) ਨੇ ਕਿਹਾ ਕਿ ਡੇਰਾ ਮੁਖੀ ਦੇ ਕੇਸ ਵਿਚ ਪੀੜਤ ਲੜਕੀਆਂ ਉਪਰੋਕਤ ਸਕੀਮ ਤਹਿਤ ਮੁਆਵਜ਼ਾ ਲੈਣ ਲਈ ਹੱਕਦਾਰ ਹਨ ਅਤੇ ਹਰਿਆਣਾ ਸਰਕਾਰ ਨੂੰ ਇਸ ਸਬੰਧੀ ਐਲਾਨ ਕਰਨਾ ਚਾਹੀਦਾ ਹੈ।