ਬ੍ਰਿਟਿਸ਼ ਕੋਲੰਬੀਆ ‘ਚ ਲਿਬਰਲ ਪਾਰਟੀ ਦੀ ਸਰਕਾਰ ਦਾ ਪਿਆ ਭੋਗ

ਬ੍ਰਿਟਿਸ਼ ਕੋਲੰਬੀਆ ‘ਚ ਲਿਬਰਲ ਪਾਰਟੀ ਦੀ ਸਰਕਾਰ ਦਾ ਪਿਆ ਭੋਗ

ਗਵਰਨਰ ਨੇ ਮੁੱਖ ਵਿਰੋਧੀ ਧਿਰ ਐਨਡੀਪੀ 
ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ
ਵੈਨਕੂਵਰ/ ਗੁਰਮਲਕੀਅਤ ਸਿੰਘ ਕਾਹਲੋਂ:
ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੀਆਂ ਨੌਂ ਮਈ ਨੂੰ ਹੋਈਆਂ ਚੋਣਾਂ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਨਾ ਮਿਲਣ ਤੋਂ ਬਾਅਦ ਅਗਲੀ ਸਰਕਾਰ ਵਿੱਚ ਬਣੇ ਰਹਿਣ ਲਈ ਸੱਤਾਧਾਰੀ ਪਾਰਟੀ ਵੱਲੋਂ ਕੀਤੀ ਜਾ ਰਹੀ ਜ਼ੋਰ-ਅਜ਼ਮਾਈ ਦਾ ਸ਼ੁਕਰਵਾਰ ਨੂੰ ਭੋਗ ਪੈ ਗਿਆ। ਲਿਬਰਲ ਪਾਰਟੀ ਸੱਤਾ ਤੋਂ ਬਾਹਰ ਹੋ ਗਈ ਹੈ ਤੇ ਹੁਣ ਐਨਡੀਪੀ ਤੇ ਗਰੀਨ ਪਾਰਟੀ ਨਵੀਂ ਸਰਕਾਰ ਬਣਾਏਗੀ।
ਲੈਫਟੀਨੈਂਟ ਗਵਰਨਰ ਨੇ ਕਾਰਜਕਾਰੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਦਾ ਅਸਤੀਫ਼ਾ ਪ੍ਰਵਾਨ ਕਰਕੇ ਜੌਹਨ ਹੌਰਗਨ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ ਹੈ, ਇਸ ਨਾਲ ਬੀ ਸੀ ਲਿਬਰਲ ਪਾਰਟੀ 16 ਸਾਲ 2 ਮਹੀਨੇ ਸੱਤਾ ‘ਤੇ ਕਾਬਜ਼ ਰਹਿਣ ਤੋਂ ਬਾਅਦ ਅੱਜ ਬਾਹਰ ਹੋ ਗਈ ਹੈ। ਬੇਸ਼ੱਕ ਕ੍ਰਿਸਟੀ ਕਲਾਰਕ ਵੱਲੋਂ ਅੰਦਰਖਾਤੇ ਮੁੜ ਚੋਣਾਂ ਕਰਾਉਣ ਦੀ ਵਕਾਲਤ ਕਰਨ ਦੇ ਯਤਨ ਕੀਤੇ ਜਾ ਰਹੇ ਸਨ ਪਰ ਗਵਰਨਰ ਨੇ ਦੇਰ ਸ਼ਾਮ ਜੌਹਨ ਹੌਰਗਨ ਨੂੰ ਰਾਜ ਭਵਨ ਸੱਦ ਕੇ ਸਰਕਾਰ ਬਣਾਉਣ ਲਈ ਆਖ ਦਿੱਤਾ ਹੈ। 22 ਜੂਨ ਨੂੰ ਸ਼ੁਰੂ ਹੋਏ ਵਿਧਾਨ ਸਭਾ ਸੈਸ਼ਨ ਵਿੱਚ ਗਵਰਨਰ ਦੇ ਉਦਘਾਟਨੀ ਸੰਬੋਧਨ ਵਿੱਚ ਸੱਤਾਧਾਰੀ ਪਾਰਟੀ ਨੇ ਵਿਰੋਧੀਆਂ ਦੇ ਏਜੰਡੇ ਨੂੰ ਆਪਣੇ ਕੰਮਾਂ ਵਿੱਚ ਸ਼ਾਮਲ ਕਰ ਲਿਆ ਸੀ ਪਰ ਉਹ ਵਿਰੋਧੀ ਪਾਰਟੀ ਦੇ ਇੱਕ ਵੀ ਵਿਧਾਇਕ ਦੀ ਹਮਾਇਤ ਨਾ ਜੁਟਾ ਸਕੇ। ਇਸੇ ਕਰਕੇ 3ੋ ਜੂਨ ਨੂੰ ਉਹ ਭਰੋਸੇ ਦੇ ਮਤਦਾਨ ਵਿੱਚ ਬਹੁਮਤ ਹਾਸਲ ਨਹੀਂ ਕਰ ਸਕੇ।
ਗ਼ੌਰਤਲਬ ਹੈ ਕਿ 87 ਮੈਂਬਰੀ ਵਿਧਾਨ ਸਭਾ ਵਿੱਚ ਲਿਬਰਲ ਪਾਰਟੀ ਦੇ 43, ਐਨਡੀਪੀ ਦੇ 41 ਤੇ ਗਰੀਨ ਪਾਰਟੀ ਦੇ 3 ਵਿਧਾਇਕ ਹਨ। ਗਰੀਨ ਪਾਰਟੀ ਵੱਲੋ ਐਨਡੀਪੀ ਨਾਲ ਗਠਜੋੜ ਕੀਤੇ ਜਾਣ ਨਾਲ ਉਨ੍ਹਾਂ ਨੂੰ ਬਹੁਮਤ ਮਿਲ ਗਈ ਸੀ ਪਰ ਵੱਡੀ ਪਾਰਟੀ ਹੋਣ ਕਾਰਨ ਗਵਰਨਰ ਨੇ ਚੋਣਾਂ ਤੋਂ ਬਾਅਦ ਲਿਬਰਲ ਪਾਰਟੀ ਨੂੰ ਕੰਮ ਚਲਾਊ ਸਰਕਾਰ ਬਣਾਉਣ ਲਈ ਕਹਿ ਦਿੱਤਾ ਸੀ। ਇਸ ਦੌਰਾਨ ਲਿਬਰਲਾਂ ਦੇ ਵਿਧਾਇਕ ਥੌਮਸ ਸਟੀਫਨ ਨੂੰ ਸਪੀਕਰ ਚੁਣਿਆ ਗਿਆ ਸੀ ਤੇ ਉਨ੍ਹਾਂ ਸਪੀਕਰ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨਵੀਂ ਸਰਕਾਰ ਸੋਮਵਾਰ ਤੱਕ ਹਲਫ਼ ਲੈ ਸਕਦੀ ਹੈ।
ਉਧਰ, ਨਵੇਂ ਬਣਨ ਵਾਲੇ ਪ੍ਰੀਮੀਅਰ ਤੇ ਨਿਊ ਡੈਮੋਕਰੈਟਿਕ ਪਾਰਟੀ ਦੇ ਲੀਡਰ ਜੌਹਨ ਹੌਰਗਨ ਨੇ ਕਿਹਾ ਹੈ ਕਿ ਨਵੇਂ ਮੰਤਰੀ ਮੰਡਲ ਦੇ ਗਠਨ ਵਿੱਚ ਦੋ ਕੁ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦਾ ਅਗਲਾ ਸੈਸ਼ਨ ਸਤੰਬਰ ਵਿੱਚ ਬੁਲਾਇਆ ਜਾਵੇਗਾ।