ਆਖਰ ਇਹ ਹੈ ਟਰੰਪ ਪਰਿਵਾਰ ਦੇ ਰੂਸੀ ਸਬੰਧਾਂ ਦਾ ਸੱਚ

ਆਖਰ ਇਹ ਹੈ ਟਰੰਪ ਪਰਿਵਾਰ ਦੇ ਰੂਸੀ ਸਬੰਧਾਂ ਦਾ ਸੱਚ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਐਫ.ਬੀ.ਆਈ. ਡਾਇਰੈਕਟਰ ਨੂੰ ਹਟਾ ਕੇ ਉਸ ਸੱਚ ‘ਤੇ ਪਰਦਾ ਨਹੀਂ ਪਾ ਸਕਦੇ, ਜੋ ਹੈਰਾਨ ਕਰਨ ਵਾਲਾ ਹੈ। ਦੁਨੀਆ ਨੂੰ ਪਤਾ ਚੱਲਣਾ ਚਾਹੀਦਾ ਹੈ ਕਿ ਟਰੰਪ ਪਰਿਵਾਰ ਅਤੇ ਰੂਸ ਵਿਚਾਲੇ ਕਿੰਨੇ ਗੂੜੇ ਸਬੰਧ ਰਹੇ ਹਨ ਤੇ ਚੋਣਾਂ ਤੋਂ ਪਹਿਲਾਂ ਹੀ ਉਨ੍ਹਾਂ ਦੇ ਅਫ਼ਸਰਾਂ ਦਾ ਉਥੋਂ ਦੇ ਉਦਯੋਗਪਤੀਆਂ ਨਾਲ ਮੇਲ-ਜੋਲ ਰਿਹਾ ਹੈ। ਵੱਖ ਵੱਖ ਨਿਊਜ਼ ਏਜੰਸੀਆਂ ਦੀ ਤੱਥਾਂ ‘ਤੇ ਆਧਾਰਤ ਰਿਪੋਰਟ ਤੋਂ ਪਤਾ ਚਲਦਾ ਹੈ ਕਿ ਟਰੰਪ ਆਪਣੇ ਪਰਿਵਾਰ ਦੇ ਰੂਸੀ ਸਬੰਧਾਂ ਬਾਰੇ ਝੂਠ ਬੋਲ ਰਹੇ ਹਨ। ਆਓ! ਜਾਣਦੇ ਹਾਂ ਵੱਡਾ ਸੱਚ- 
‘ਦੀ ਨਿਊਯਾਰਕ ਟਾਈਮਜ਼’ ਸੰਪਾਦਕੀ ਮੰਡਲ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੁੱਝ ਹੀ ਦਿਨ ਪਹਿਲਾਂ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫ.ਬੀ.ਆਈ.) ਦੇ ਡਾਇਰੈਕਟਰ ਜੇਮਸ ਕੋਮੀ ਨੂੰ ਬਰਖਾਸਤ ਕਰ ਦਿੱਤਾ। ਸਿਰਫ ਇਸ ਲਈ ਕਿ ਉਨ੍ਹਾਂ ਨੇ ਟਰੰਪ ਅਤੇ ਰੂਸ ਵਿਚਕਾਰ ਸਬੰਧਾਂ ਦੀ ਜਾਂਚ ਦੇ ਆਦੇਸ਼ ਦਿੱਤੇ ਸਨ ਅਤੇ ਉਹ ਉਸ ‘ਤੇ ਸਰਗਰਮੀ ਨਾਲ ਕੰਮ ਕਰ ਰਹੇ ਸਨ। ਇਹ ਖ਼ਬਰ ਦੁਨੀਆ ਲਈ ਹੈਰਾਨੀ ਵਾਲੀ ਸੀ ਕਿ ਕਿਵੇਂ ਟਰੰਪ ਨੇ ਬਿਨਾਂ ਦੇਰੀ ਕੀਤੇ ਇੰਨੇ ਵੱਡੇ ਅਧਿਕਾਰੀ ਨੂੰ ਹਟਾ ਦਿੱਤਾ। ਦੁਨੀਆ ਦੇ ਕਈ ਅਖਬਾਰਾਂ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਕੀਤਾ। ਇਸ ਤੋਂ ਪਤਾ ਲੱਗਦਾ ਹੈ ਕਿ ਐਫ.ਬੀ.ਆਈ. ਡਾਇਰੈਕਟਰ ਦੇ ਅਹੁਦੇ ਦਾ ਵਿਅਕਤੀ ਅਤੇ ਅਮਰੀਕੀ ਕੂਟਨੀਤੀ ‘ਚ ਕੀ ਅੰਤਰ ਹੈ। ਕੋਮੀ ਦੀ ਥਾਂ ਐਂਡਰਿਊ ਮੱਕੇਬੇ ਨੂੰ ਏਜੰਸੀ ਦਾ ਕਾਰਜਕਾਰੀ ਡਾਇਰੈਕਟਰ ਬਣਾਇਆ ਗਿਆ ਹੈ। ਉਨ੍ਹਾਂ ਨੇ ਹਾਲ ਹੀ ‘ਚ ਕਾਂਗਰਸ (ਸੰਸਦ ਦਾ ਹੇਠਲਾ ਸਦਨ) ਵਿਚ ਦੱਸਿਆ ਹੈ ਕਿ ਕੋਮੀ ਨੇ ਟਰੰਪ ਅਤੇ ਰੂਸ ਵਿਚਕਾਰ ਜਿਸ ਤਰ੍ਹਾਂ ਦੀ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ, ਉਨ੍ਹਾਂ ਨੂੰ ਹਟਾਏ ਜਾਣ ਨਾਲ ਉਸ ਆਦੇਸ਼ ‘ਤੇ ਕੋਈ ਅਸਰ ਨਹੀਂ ਪਵੇਗਾ। ਏਜੰਸੀ ਕਾਨੂੰਨ  ਅਨੁਸਾਰ ਆਪਣਾ ਕੰਮ ਕਰੇਗੀ। ਵੇਖਣਾ ਹੁਣ ਇਹ ਹੈ ਕਿ ਕੋਮੀ ਦੇ ਆਦੇਸ਼ ਦਾ ਕੀ ਹੁੰਦਾ ਹੈ। ਹਾਲਾਂਕਿ ਟਰੰਪ ਕਈ ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਦੇ ਪਰਿਵਾਰ ਅਤੇ ਰੂਸ ਦੇ ਸਿਆਸੀ ਤੰਤਰ ‘ਚ ਮਿਲੀਭੁਗਤ ਦੀਆਂ ਗੱਲਾਂ ਝੂਠੀਆਂ ਹਨ। ਜਦਕਿ ਇਸ ‘ਚ ਅਜਿਹੀਆਂ ਕਈ ਗੱਲਾਂ ਲੁਕੀਆਂ ਹੋਈਆਂ ਹਨ, ਜੋ ਕੋਈ ਨਹੀਂ ਜਾਣਦਾ। ਇਸ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਟਰੰਪ ਪਰਿਵਾਰ ਅਤੇ ਰੂਸ ਵਿਚਕਾਰ ਕਿੰਨੇ ਗੂੜੇ ਸਬੰਧ ਹਨ।
ਟਰੰਪ ਦਾ ਪਰਿਵਾਰਕ ਕਾਰੋਬਾਰ :
ਰੂਸ ਦੀ ਰਾਜਧਾਨੀ ਮਾਸਕੋ ਅਤੇ ਉੱਥੋਂ ਦੇ ਵੱਡੇ ਸ਼ਹਿਰ ਸੇਂਟ ਪੀਟਰਬਰਗ ਵਿਚ ਕੋਈ ਟਰੰਪ ਟਾਵਰ ਨਹੀਂ ਹੈ, ਪਰ ਅਜਿਹਾ ਨਹੀਂ ਹੈ ਕਿ ਉਨ੍ਹਾਂ ਵੱਲੋਂ ਕੋਸ਼ਿਸ਼ ਨਹੀਂ ਕੀਤੀ ਗਈ। ਡੋਨਲਡ ਟਰੰਪ ਅਤੇ ਉਨ੍ਹਾਂ ਦਾ ਪਰਿਵਾਰ ਕਾਫੀ ਸਮਾਂ ਪਹਿਲਾਂ ਰੂਸ ਨਾਲ ਕਾਰੋਬਾਰੀ ਸਬੰਧ ਜੋੜਨ ‘ਚ ਲੱਗਿਆ ਰਿਹਾ ਹੈ। ਸ਼ਾਇਦ 1980 ਦੇ ਦਹਾਕੇ ਤੋਂ। ਟਰੰਪ ਪਰਿਵਾਰ ਦੇ ਅਤੇ ਰੂਸ ਦੇ ਉਹ ਕਾਰੋਬਾਰੀ, ਜੋ ਉੱਥੇ ਦੀ ਰਾਜਨੀਤੀ ਨਾਲ ਜੁੜੇ ਹੋਏ ਹਨ, ਉਨ੍ਹਾਂ ਦੇ ਨਾਲ ਬਹੁਤ ਚੰਗੇ ਸਬੰਧ ਹਨ। ਟ੍ਰੈਵਲ ਇੰਡਸਟਰੀ ਦੀ ਨਿਊਜ਼ ਸਾਈਟ ‘ਈਟਰਬੋ ਨਿਊ’ ਅਨੁਸਾਰ ਜੂਨੀਅਰ ਟਰੰਪ ਨੇ ਸਾਲ 2008 ਵਿਚ ਦੁਬਈ ਵਿਚ ਇਕ ਰੀਅਲ ਅਸਟੇਟ ਕਾਨਫ਼ਰੰਸ ਨੂੰ ਸੰਬੋਧਨ ਕੀਤਾ ਸੀ। ਉਥੇ ਉਨ੍ਹਾਂ ਨੇ ਕਿਹਾ ਸੀ ਕਿ ਰੂਸੀ ਸਾਡੀਆਂ ਜਾਇਦਾਦਾਂ ਨਾਲ ਕਿਤੇ ਨਾ ਕਿਤੇ ਤਾਂ ਜੁੜੇ ਹੋਏ ਹਨ। ਟਰੰਪ ਦੇ ਇਕ ਹੋਰ ਬੇਟੇ ਏਰਿਕ ਨੇ ਸਾਲ 2013 ਵਿਚ ਲੇਖਕ ਜੇਮਸ ਡਾਡਸਨ ਨੂੰ ਕਿਹਾ ਸੀ ਕਿ ਟਰੰਪ ਪਰਿਵਾਰ ਦੇ ਗੋਲਫ ਕੋਰਸ ਵਿਚ ਰੂਸੀ ਵਪਾਰੀ ਪੈਸਾ ਲਗਾ ਰਹੇ ਹਨ, ਇਸ ਲਈ ਸਾਨੂੰ ਅਮਰੀਕੀ ਬੈਂਕਾਂ ‘ਤੇ ਭਰੋਸਾ ਕਰਨ ਦੀ ਲੋੜ ਨਹੀਂ ਹੈ। ਸਾਨੂੰ ਜਿੰਨੀ ਵੀ ਵਿੱਤੀ ਮਦਦ ਦੀ ਲੋੜ ਹੋਵੇਗੀ, ਉਹ ਅਸੀਂ ਬਾਹਰੋਂ ਹਾਸਲ ਕਰ ਲਵਾਂਗੇ। ਇਹ ਵੱਖਰੀ ਗੱਲ ਹੈ ਕਿ ਏਰਿਕ ਟਰੰਪ ਨੇ ਇਸ ਗੱਲ ਤੋਂ ਪੱਲਾ ਝਾੜ ਲਿਆ ਹੈ।
ਜੇਕਰ ਡੋਨਲਡ ਟਰੰਪ ਆਪਣੇ ਆਮਦਨ ਕਰ ਖਾਤੇ ਦੀ ਜਾਣਕਾਰੀ ਜਨਤਕ ਕਰਦੇ ਹਨ, ਤਾਂ ਦੁਨੀਆ ਉਨ੍ਹਾਂ ਦੇ ਵਿਦੇਸ਼ੀ ਸਬੰਧਾਂ ਬਾਰੇ ਹੋਰ ਵਧੇਰੇ ਜਾਣ ਸਕੇਗੀ। ਜਦਕਿ, ਪਿਛਲੇ 40 ਵਰ੍ਹਿਆਂ ਵਿਚ ਸਾਰੇ ਰਾਸ਼ਟਰਪਤੀਆਂ ਨੇ ਅਜਿਹਾ ਕੀਤਾ ਹੈ।
ਪਿਛਲੇ 40 ਵਰ੍ਹਿਆਂ ਦੌਰਾਨ ਅਮਰੀਕਾ ਦੇ ਸਾਰੇ ਰਾਸ਼ਟਰਪਤੀਆਂ ਨੇ ਆਪਣੇ ਆਮਦਨ ਕਰ ਖਾਤਿਆਂ ਦੀ ਜਾਣਕਾਰੀ ਜਨਤਕ ਕੀਤੀ ਹੈ। ਵ੍ਹਾਈਟ ਹਾਊਸ ਦੇ ਗੌਰਵ ਲਈ ਚੰਗਾ ਹੋਵੇਗਾ ਕਿ ਜੇਕਰ ਟਰੰਪ ਵੀ ਉਸੇ ਪਰੰਪਰਾ ਦਾ ਪਾਲਣ ਕਰਨ।
ਇਸ ਤੋਂ ਇਲਾਵਾ ਡੋਨਲਡ ਟਰੰਪ ਅਤੇ ਰੂਸ ਦੇ ਮੁੱਖ ਕਾਰੋਬਾਰੀ ਸੰਗਠਨ ਅਗਾਲਾਰੋਵ ਪਰਿਵਾਰ ਵਿਚਾਲੇ ਵੀ ਚੰਗੇ ਸਬੰਧ ਰਹੇ ਹਨ। ਉਸੇ ਸੰਗਠਨ ਨੇ ਸਾਲ 2013 ਵਿਚ ਮਾਸਕੋ ਵਿਚ ਮਿਸ ਯੂਨੀਵਰਸ ਮੁਕਾਬਲੇ ਦੀ ਮੇਜ਼ਬਾਨੀ ਕੀਤੀ ਸੀ, ਜੋ ਟਰੰਪ ਦੇ ਮੁੱਖ ਕਾਰੋਬਾਰ ਵਿਚ ਸ਼ਾਮਲ ਹੈ। ਬਲੂਮਬਰਗ ਨਿਊਜ਼ ਨੇ ਦੱਸਿਆ ਹੈ ਕਿ ਉਦੋਂ ਤੋਂ ਟਰੰਪ ਰੂਸ ਦੇ ਦਰਜ਼ਨਾਂ ਮੁੱਖ ਕਾਰੋਬਾਰੀਆਂ ਨਾਲ ਮੁਲਾਕਾਤ ਕਰ ਚੁੱਕੇ ਹਨ। ਡੋਨਲਡ ਟਰੰਪ ਦੇ ਜਵਾਈ ਜੇਮਸ ਕੁਸ਼ਨਰ, ਜੋ ਉਨ੍ਹਾਂ ਦੇ ਸਲਾਹਕਾਰ ਵੀ ਹਨ, ਦਾ ਨਾਂ ਵੀ ‘ਰੂਸ ਨਾਲ ਮਿਲੀਭੁਗਤ’ ਵਿਚ ਸ਼ਾਮਲ ਰਿਹਾ ਹੈ।

ਫਲੇਨ : ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ
ਅਮਰੀਕਾ ਨੇ ਰੂਸ ‘ਤੇ ਜਦੋਂ ਪਾਬੰਦੀ ਲਗਾਈ ਸੀ, ਉਸ ਦੌਰਾਨ ਮਾਇਕਲ ਫਲੇਨ ਨੇ ਕਈ ਮੌਕਿਆਂ ‘ਤੇ ਰੂਸੀ ਰਾਜਦੂਤ ਸਰਗੀ ਕਿਸੇਕ ਨਾਲ ਗੱਲਬਾਤ ਕੀਤੀ ਸੀ। ਉੱਥੇ ਹੀ ਫਲੇਨ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਬਣਾਏ ਗਏ, ਬਾਅਦ ‘ਚ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਉਨ੍ਹਾਂ ਨੂੰ ਅਹੁਦੇ ਤੋਂ ਹਟਾਏ ਜਾਣ ਦਾ ਇੱਕੋ-ਇਕ ਕਾਰਨ ਇਹ ਸੀ ਕਿ ਉਨ੍ਹਾਂ ਨੇ ਉਪ ਰਾਸ਼ਟਰਪਤੀ ਮਾਇਕ ਪੇਨਸ ਸਾਹਮਣੇ ਕਿਸੇਕ ਨਾਲ ਆਪਣੀ ਮੁਲਾਕਾਤ ਬਾਰੇ ਝੂਠ ਬੋਲਿਆ ਸੀ ਅਤੇ ਉਨ੍ਹਾਂ ਦੇ ਝੂਠ ਦੀ ਇਹ ਗੱਲ ਜਨਤਕ ਹੋ ਗਈ ਸੀ। ਦਸੰਬਰ 2015 ਵਿਚ ਮਾਸਕੋ ਵਿਚ ਇਕ ਭਾਸ਼ਣ ਦੇਣ ਲਈ ਰੂਸ ਸਰਕਾਰ ਸਮਰਥਕ ‘ਨਿਊਜ਼ ਸਾਈਟ ਆਰਟੀ’ ਨੇ ਫਲੇਨ ਨੂੰ 30.6 ਲੱਖ ਰੁਪਏ ਦਿੱਤੇ ਸਨ। ਉਸ ਤੋਂ ਬਾਅਦ ਆਰਟੀ ਨਿਊਜ਼ ਦੇ ਹੀ ਇਕ ਪ੍ਰੋਗਰਾਮ ‘ਚ ਫਲੇਨ ਨੇ ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨਾਲ ਮੁਲਾਕਾਤ ਕੀਤੀ ਸੀ। ਅਮਰੀਕਾ ਰੱਖਿਆ ਵਿਭਾਗ ਪੈਂਟਾਗਨ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਰਿਟਾਇਰਡ ਮਿਲਟਰੀ ਇੰਟੈਲੀਜੈਂਸ ਅਧਿਕਾਰੀ ਆਪਣੀ ਗੱਲ ਲੁਕਾਉਣ ‘ਚ ਨਾਕਾਮ ਕਿਵੇਂ ਰਹੇ, ਕਿਉਂ ਉਨ੍ਹਾਂ ਨੇ ਵਿਦੇਸ਼ੀ ਸਰਕਾਰ ਤੋਂ ਪੈਸੇ ਲੈਣ ਤੋਂ ਪਹਿਲਾਂ ਵਿਦੇਸ਼ ਤੇ ਰੱਖਿਆ ਵਿਭਾਗ ਦੀ ਮਨਜ਼ੂਰੀ ਲੈਣਾ ਜ਼ਰੂਰੀ ਨਹੀਂ ਸਮਝਿਆ।

ਜੈਫ ਸੈਸ਼ਨ : ਅਟਾਰਨੀ ਜਨਰਲ
ਅਟਾਰਨੀ ਜਨਰਲ ਸੈਸ਼ਨ ਨੇ ਸੈਨੇਟ ‘ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਦੋਂ ਉਹ ਟਰੰਪ ਦੀ ਪ੍ਰਚਾਰ ਮੁਹਿੰਮ ਨਾਲ ਜੁੜੇ ਸਨ, ਉਦੋਂ ਉਨ੍ਹਾਂ ਦੇ ਅਤੇ ਰੂਸੀ ਅਧਿਕਾਰੀਆਂ ਵਿਚਕਾਰ ਕਿਸੇ ਤਰ੍ਹਾਂ ਦਾ ਸੰਪਰਕ ਨਹੀਂ ਸੀ। ਜਦਕਿ, ਸੱਚ ਇਹ ਹੈ ਕਿ ਉਹ ਰੂਸੀ ਉਦਯੋਗਪਤੀ ਕਿਸੇਕ ਨੂੰ ਦੋ ਵਾਰ ਮਿਲੇ ਸਨ – ਇਕ ਵਾਰ ਖੁਦ ਦੇ ਸੈਨੇਟ ਦਫ਼ਤਰ ‘ਚ, ਦੂਜੀ ਵਾਰ ਰਿਪਬਲਿਕਨ ਦੇ ਕੌਮੀ ਸੰਮੇਲਨ ਵਿਚ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨਾ ਸਭ ਹੋਣ ਦੇ ਬਾਵਜੂਦ ਉਹ ਸੰਸਦ ਦੇ ਉੱਚ ਸਦਨ ਵਿਚ ਝੂਠ ਬੋਲ ਗਏ। ਕਾਰਵਾਈ ਤਾਂ ਉਨ੍ਹਾਂ ਦੇ ਇਸ ਝੂਠ ‘ਤੇ ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਸੰਸਦ ਦੀ ਮਰਿਆਦਾ ਦਾ ਵੀ ਧਿਆਨ ਨਹੀਂ ਰੱਖੀਆ।

ਮੁੱਖ ਅਧਿਕਾਰੀਆਂ ਨੇ ਨਾ ਸਿਰਫ਼ ਰੂਸ ਤੋਂ ਪੈਸੇ ਲਏ, ਸਗੋਂ ਉੱਥੇ ਕੰਮ ਵੀ ਕੀਤਾ 
ਪਾਲ ਮੈਨਾਫੋਰਟ – ਟਰੰਪ ਦੀ ਪ੍ਰਚਾਰ ਮੁਹਿੰਮ ਦੇ ਸਾਬਕਾ ਮੁਖੀ :
ਮੈਨਾਫੋਰਟ ਬਾਰੇ ਪਤਾ ਲੱਗਾ ਹੈ ਕਿ ਉਹ ਯੂਕ੍ਰੇਨ ਦੀ ਰੂਸ ਸਮਰਥਕ ਰਾਜਨੀਤਕ ਪਾਰਟੀ ਅਤੇ ਯੂਕ੍ਰੇਨ ਦੇ ਸਾਬਕਾ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਲਈ ਸਲਾਹਕਾਰ ਵਜੋਂ ਕੰਮ ਕਰ ਚੁੱਕੇ ਹਨ। ਇਥੇ ਵਿਕਟਰ ਨੂੰ ਰੂਸ ਸਮਰਥਕ ਕਹਿਣਾ ਸਹੀ ਹੋਵੇਗਾ। ਮੈਨਾਫੋਰਟ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਰੂਸ ਸਮਰਥਕ ਰਾਜਨੀਤਕ ਪਾਰਟੀ ਤੋਂ ਗੁਪਤ ਤਰੀਕੇ ਨਾਲ ਵੱਡੀ ਰਾਸ਼ੀ ਪ੍ਰਾਪਤ ਕੀਤੀ ਸੀ। ਇਕ ਦਹਾਕੇ ਪਹਿਲਾਂ ਮੈਨਾਫੋਰਟ ਰੂਸੀ ਕਾਰੋਬਾਰੀ ਓਲੇਗ ਦੇਰਿਪਾਸਕਾ ਦੇ ਨਾਲ ਕੰਮ ਕਰ ਚੁੱਕੇ ਹਨ, ਜਦਕਿ ਦੇਰਿਪਾਸਕਾ ਅਤੇ ਪੁਤਿਨ ਵਿਚਕਾਰ ਚੰਗੇ ਸਬੰਧ ਹਨ। ਨਿਊਜ਼ ਏਜੰਸੀ ‘ਏਪੀ’ ਕੋਲ ਉਹ ਮੈਮੋ ਹੈ, ਜਿਸ ‘ਚ ਦੇਰਿਪਾਸਕਾ ਨੇ ਇਕ ਯੋਜਨਾ ਤਿਆਰ ਕੀਤੀ ਸੀ, ਜਿਸ ਨੂੰ ਉਨ੍ਹਾਂ ਨੇ ਪੁਤਿਨ ਸਰਕਾਰ ਲਈ ਫਾਇਦੇਮੰਦ ਦੱਸਿਆ ਸੀ।

ਕਾਰਟਰ ਪੇਜ – ਰੂਸ ‘ਚ ਭਾਸ਼ਣ ਦਿੱਤਾ, ਹੁਣ ਹਨ ਵਿਦੇਸ਼ ਨੀਤੀ ਸਲਾਹਕਾਰ :
ਅਮਰੀਕੀ ਅਧਿਕਾਰੀਆਂ ਨੂੰ ਵਿਸ਼ਵਾਸ ਹੈ ਕਿ ਵਿਦੇਸ਼ ਨੀਤੀ ਸਲਾਹਕਾਰ ਕਾਰਟਰ ਪੇਜ ਟਰੰਪ ਦੀ ਪ੍ਰਚਾਰ ਮੁਹਿੰਮ ਸਮੇਂ ਰੂਸੀ ਅਧਿਕਾਰੀਆਂ ਦੇ ਸੰਪਰਕ ਵਿਚ ਸਨ। ਜੁਲਾਈ 2016 ਵਿਚ ਉਨ੍ਹਾਂ ਨੇ ਰੂਸ ਸਰਕਾਰ ਦੇ ਸਮਰਥਨ ਵਿਚ ਉਥੇ ਭਾਸ਼ਣ ਦਿੱਤਾ ਸੀ। ਉਸ ਵਿਚ ਉਨ੍ਹਾਂ ਨੇ ਕਈ ਵਾਰ ਰਾਸ਼ਟਰਪਤੀ ਪੁਤਿਨ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਕਾਰਟਰ ਪੇਜ ਮੇਰਿਲ ਲਿੰਚ ਦੇ ਮਾਸਕੋ ਦਫ਼ਤਰ ‘ਚ ਕੰਮ ਕਰ ਚੁੱਕੇ ਹਨ, ਉੱਥੇ ਉਨ੍ਹਾਂ ਦਾ ਸਪੰਰਕ ਸਰਕਾਰ ਦੀ ਐਨਜਰੀ ਫਰਮ ਗੇਜਪ੍ਰਾਮ ਦੇ ਨਾਲ ਸੀ। ਉਸ ਐਨਰਜੀ ਫਰਮ ਦਾ ਰੂਸ ‘ਚ ਵੱਡੇ ਪੱਧਰ ‘ਤੇ ਕੰਮਕਾਜ ਫੈਲਿਆ ਹੈ ਅਤੇ ਉਸ ਦੇ ਉੱਚ ਅਧਿਕਾਰੀਆਂ ਦੇ ਰੂਸੀ ਰਾਸ਼ਟਰਪਤੀ ਪੁਤਿਨ ਅਤੇ ਉਨ੍ਹਾਂ ਦੇ ਮੰਤਰੀਆਂ ਨਾਲ ਚੰਗੇ ਸਬੰਧ ਰਹੇ ਹਨ।

ਰੋਜਰ ਸਟੋਨ – ਹਿਲੇਰੀ ਦੇ ਈ-ਮੇਲ ਹੈਕਰਾਂ ਨੂੰ ਮੈਸੇਜ ਕੀਤੇ, ਹੁਣ ਹਨ ਮੁੱਖ ਸਹਿਯੋਗੀ :
ਰੋਜਰ ਸਟੋਨ ਨੂੰ ਰਸਮੀ ਦੱਸਿਆ ਜਾਂਦਾ ਹੈ, ਪਰ ਉਹ ਟਰੰਪ ਦੇ ਮੁੱਖ ਸਹਿਯੋਗੀਆਂ ਵਿਚੋਂ ਇੱਕ ਹਨ। ਪਿਛਲੀਆਂ ਗਰਮੀਆਂ ਵਿਚ ਉਨ੍ਹਾਂ ਨੇ ‘ਗੁਚੀਫਰ 2.0’ ਯੂਜਰ ਨੇਮ ਵਾਲੇ ਟਵਿਟਰ ਅਕਾਊਂਟ ਨਾਲ ਮੈਸੇਜਾਂ ਦਾ ਆਦਾਨ-ਪ੍ਰਦਾਨ ਕੀਤਾ ਸੀ। ਉਹ ਅਕਾਊਂਟ ਰੂਸ ਦੇ ਖੁਫ਼ੀਆ ਤੰਤਰ ਨਾਲ ਜੁੜੇ ਲੋਕ ਚਲਾਉਂਦੇ ਹਨ। ਉਹੀ ਲੋਕ, ਜਿਨ੍ਹਾਂ ਨੇ ਡੈਮੋਕ੍ਰੇਟਿਕ ਪਾਰਟੀ ਦੀ ਨੈਸ਼ਨਲ ਕਮੇਟੀ ਅਤੇ ਹਿਲੇਰੀ ਕਲਿੰਟਰ ਦੇ ਪ੍ਰਚਾਰ ਨਾਲ ਜੁੜੇ ਈ-ਮੇਲ ਦੀ ਹੈਕਿੰਗ ਕੀਤੀ ਸੀ। ਅਜਿਹਾ ਲੱਗਦਾ ਹੈ ਕਿ ਪ੍ਰਚਾਰ ਸਮੇਂ ਰੋਜ਼ਰ ਸਟੋਨ ਨੂੰ ਬਹੁਤ ਪਹਿਲਾਂ ਹੀ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਵਿਕੀਲੀਕਸ ਵੱਲੋਂ ਜਾਨ ਪੋਡੇਸਟਾ ਦੇ ਈ-ਮੇਲ ਦੀ ਜਾਣਕਾਰੀ ਲੀਕ ਕੀਤੀ ਜਾਵੇਗੀ।

ਇਹ ਸਾਰੇ ਤੱਥ ਝੂਠ ਨਹੀਂ ਹੋ ਸਕਦੇ :
ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀ ਭਾਵੇਂ ਹੀ ਚੀਖ਼-ਚੀਖ਼ ਕੇ, ਰੋ ਕੇ ਕੁਝ ਵੀ ਕਹਿਣ, ਇਨ੍ਹਾਂ ਗੱਲਾਂ ਨੂੰ ਝੂਠਾ ਸਿੱਧ ਕਰਨ ਦੀਆਂ ਕੋਸ਼ਿਸ਼ਾਂ ਕਰਨ, ਪਰ ਸਾਰਿਆਂ ਤੋਂ ਵੱਡੀ ਗੱਲ ਇਹ ਹੈ ਕਿ ਟਰੰਪ ਅਤੇ ਉਨ੍ਹਾਂ ਦੇ ਵਿਦੇਸ਼ੀ ਸਬੰਧੀਆਂ ਵਿਚਾਲੇ ਗੂੜ੍ਹੀ ਮਿੱਤਰਤਾ ਦੇ ਸਬੂਤ ਹਨ। ਅਜਿਹਾ ਕੋਈ ਵੀ ਵਿਅਕਤੀ ਜਾਂ ਸ਼ਖ਼ਸੀਅਤ, ਜੋ ਅਮਰੀਕੀ ਚੋਣ ਪ੍ਰਕਿਰਿਆ ਦੀ ਭਰੋਸੇਯੋਗਤਾ ‘ਤੇ ਚਿੰਤਾ ਜ਼ਾਹਰ ਕਰਦਾ ਹੈ, ਉਸ ਨੂੰ ਵਿਆਪਕ ਜਾਂਚ ਦੀ ਮੰਗ ਕਰਨੀ ਹੀ ਚਾਹੀਦੀ ਹੈ ਕਿ ਕਿਵੇਂ ਰੂਸ ਨੇ ਅਮਰੀਕੀ ਚੋਣਾਂ ਵਿਚ ਦਖ਼ਲ ਦਿੱਤਾ। ਕਿਵੇਂ ਉਸ ਦੇ ਹੈਕਰਾਂ ਨੇ ਅਮਰੀਕੀ ਸਿਆਸੀ ਪਾਰਟੀਆਂ ਦੇ ਈ-ਮੇਲ ਵਿਚ ਸੰਨ੍ਹ ਲਾਈ ਅਤੇ ਉਨ੍ਹਾਂ ਨੂੰ ਜਨਤਕ ਕਰਨ ਵਿਚ ਮਦਦ ਕੀਤੀ।
(‘ਦੀ ਨਿਊਯਾਰਕ ਟਾਈਮਜ਼’ ਤੋਂ ਧੰਨਵਾਦ ਸਹਿਤ)