ਪਾਕਿਸਤਾਨ : ਸਹਿਜਧਾਰੀ ਸਿੱਖ ਲੜਕੀ ਨੂੰ ਜਬਰੀ ਮੁਸਲਿਮ ਬਣਾ ਕੇ ਨਿਕਾਹ ਕਰਵਾਇਆ
ਕੈਪਸ਼ਨ-ਅਗਵਾ ਕਰਕੇ ਮੁਸਲਿਮ ਬਣਾਈ ਗਈ ਪ੍ਰਿਆ ਦਾ ਪਿਤਾ ਤੇ ਚਾਚਾ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ।
ਬੁਨੇਰ/ਬਿਊਰੋ ਨਿਊਜ਼ :
ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਜ਼ਿਲ੍ਹਾ ਬੁਨੇਰ ਦੇ ਪਿੰਡ ਗੁਰਗੁਸ਼ਤ ਦੇ ਸਹਿਜਧਾਰੀ ਸਿੱਖ ਪਰਿਵਾਰ ਦੀ ਲੜਕੀ ਪ੍ਰਿਆ (17) ਨੂੰ ਉਸ ਸਮੇਂ ਅਗਵਾ ਕੀਤਾ ਗਿਆ, ਜਦੋਂ ਉਹ ਸਕੂਲ ਵਿਚੋਂ ਛੁੱਟੀ ਹੋਣ ‘ਤੇ ਆਪਣੇ ਘਰ ਜਾ ਰਹੀ ਸੀ। ਉਸ ਦੇ ਪਰਿਵਾਰ ਨੂੰ ਉਸ ਦੀ ਗੁੰਮਸ਼ੁਦਗੀ ਦੀ ਜਾਣਕਾਰੀ ਉਸ ਵਕਤ ਮਿਲੀ ਜਦੋਂ ਮੁਹੱਲੇ ਦੇ ਮੁਸਲਿਮ ਪਰਿਵਾਰਾਂ ਨੇ ਲੜਕੀ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਨੇ ਇਸਲਾਮ ਕਬੂਲ ਕਰਕੇ ਵਾਜਿਦ ਅਲੀ ਨਾਂਅ ਦੇ ਨੌਜਵਾਨ ਨਾਲ ਨਿਕਾਹ ਕਰ ਲਿਆ ਹੈ। ਇਸ ‘ਤੇ ਜਦੋਂ ਪ੍ਰਿਆ ਦੇ ਚਾਚਾ ਮਹਿੰਦਰ ਲਾਲ ਨੇ ਸਥਾਨਕ ਪੁਲੀਸ ਸਟੇਸ਼ਨ ਵਿਚ ਆਪਣੀ ਭਤੀਜੀ ਦੀ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰਾਉਣਾ ਚਾਹਿਆ ਤਾਂ ਪੁਲੀਸ ਨੇ ਇਹ ਕਹਿ ਕੇ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਹ ਇਕ ਧਾਰਮਿਕ ਮਾਮਲਾ ਹੈ ਤੇ ਪ੍ਰਿਆ ਦੇ ਮੁਸਲਿਮ ਬਣਨ ਮਗਰੋਂ ਉਸ ਦਾ ਆਪਣੇ ਗੈਰ-ਮੁਸਲਿਮ ਪਰਿਵਾਰ ਨਾਲ ਕੋਈ ਸਬੰਧ ਨਹੀਂ ਰਿਹਾ ਹੈ। ਜ਼ਬਰਦਸਤੀ ਕਰਵਾਏ ਗਏ ਧਰਮ ਪਰਿਵਰਤਨ ਦੇ ਉਪਰੋਕਤ ਮਾਮਲੇ ਸਬੰਧੀ ਰਾਜਨੀਤਕ ਦਬਾਅ ਪੈਣ ‘ਤੇ ਪੁਲੀਸ ਨੇ ਕਾਰਵਾਈ ਕਰਕੇ ਅਗਵਾਕਰਤਾ ਵਾਜਿਦ ਅਲੀ ਨੂੰ ਪ੍ਰਿਆ ਸਮੇਤ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਪੀੜਤਾ ਤੋਂ ਉਸ ਦੇ ਪਰਿਵਾਰ ਦੇ ਲੋਕਾਂ ਨੂੰ ਦੂਰ ਰੱਖਣ ਦਾ ਆਦੇਸ਼ ਜਾਰੀ ਕਰਦਿਆਂ 15 ਦਿਨਾਂ ਲਈ ਉਸ ਨੂੰ ਮਹਿਲਾ ਪ੍ਰੋਟੈਕਸ਼ਨ ਸੈਂਟਰ ਭੇਜ ਦਿੱਤਾ ਹੈ, ਜਿਥੇ ਉਸ ਪਾਸੋਂ ਸਖ਼ਤੀ ਨਾਲ ਧਰਮ ਪਰਿਵਰਤਨ ਕਰਾਏ ਜਾਣ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਸੰਸਥਾ ਦੇ ਕਾਰਕੁਨ ਤੇ ਸਥਾਨਕ ਸਿੱਖ ਆਗੂ ਬਾਬਾ ਗੁਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਥਾਨਕ ਸਿੱਖਾਂ ਨਾਲ ਸਬੰਧਤ ਪੁਲੀਸ ਥਾਣੇ ਵਿਚ ਇਸ ਮਾਮਲੇ ਸਬੰਧੀ ਜਾਣਕਾਰੀ ਲੈਣ ਪਹੁੰਚਿਆ ਤਾਂ ਉਥੇ ਵੱਡੀ ਗਿਣਤੀ ਵਿਚ ਸ਼ਹਿਰ ਦੇ ਮੌਲਵੀ ਮੌਜੂਦ ਸਨ ਅਤੇ ਪੁਲੀਸ ‘ਤੇ ਇਸ ਸਬੰਧੀ ਦਰਜ ਕੀਤੇ ਅਗਵਾ ਤੇ ਧਰਮ ਪਰਿਵਰਤਨ ਦੇ ਮਾਮਲੇ ਨੂੰ ਖਾਰਜ ਕਰਕੇ ਇਸ ਨੂੰ ਪ੍ਰੇਮ ਵਿਆਹ ਦਾ ਮਾਮਲਾ ਸਾਬਤ ਕਰਨ ਲਈ ਦਬਾਅ ਬਣਾ ਰਹੇ ਸਨ। ਗੁਰਪਾਲ ਸਿੰਘ ਨੇ ਦੱਸਿਆ ਕਿ ਪ੍ਰਿਆ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਹੈ ਅਤੇ ਇਸ ਸਬੰਧ ਵਿਚ ਸ਼ਹਿਰ ਦੇ ਹਿੰਦੂ-ਸਿੱਖ ਪਰਿਵਾਰਾਂ ਨੇ ਇਨਸਾਫ਼ ਨਾ ਮਿਲਣ ‘ਤੇ ਵਿਰੋਧ ਵੱਜੋਂ ਕਾਰੋਬਾਰ ਬੰਦ ਰੱਖ ਕੇ ਪੁਲੀਸ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਕੀਤਾ। ਉਧਰ ਇਲਾਕੇ ਦੇ ਮੁਸਲਮਾਨਾਂ ਨੇ ਵੀ ਜਨਤਕ ਤੌਰ ‘ਤੇ ਚਿਤਾਵਨੀ ਦਿੱਤੀ ਕਿ ਜੇਕਰ ਮੁਸਲਿਮ ਬਣ ਚੁੱਕੀ ਪ੍ਰਿਆ ਨੂੰ ਮੁੜ ਕਾਫ਼ਰ ਬਣਾਇਆ ਗਿਆ ਤਾਂ ਉਹ ਉਸ ਦੇ ਪਰਿਵਾਰ ਅਤੇ ਹੋਰਨਾਂ ਦਾ ਬੁਨੇਰ ਵਿਚ ਰਹਿਣਾ ਮੁਸ਼ਕਿਲ ਕਰ ਦੇਣਗੇ।
ਡੇਢ ਲੱਖ ਦੇ ਕਰੀਬ ਹਿੰਦੂਆਂ ਦਾ ਧਰਮ ਪਰਿਵਰਤਨ :
ਸੂਬਾ ਸਿੰਧ ਦੀ ਤਹਿਸੀਲ ਮੇਤਲੀ ਦੇ ਮੁਲਾਣਾ ਦੀਨ ਮੁਹੰਮਦ ਸ਼ੇਖ਼ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਸੰਗਠਨ ਵੱਲੋਂ 1,19,017 ਸਿੰਧੀ ਹਿੰਦੂਆਂ ਦਾ ਧਰਮ ਪਰਿਵਰਤਨ ਕਰਵਾਇਆ ਗਿਆ, ਜਦੋਂ ਕਿ ਦੇਵਬੰਦ ਸੈਮੀਨਰੀ ਦੇ ਮਦਰਸਾ ਬੇਤੁਲ ਇਸਲਾਮ 437 ਹਿੰਦੂਆਂ ਨੂੰ, ਕਰਾਚੀ ਦੇਜਾਮੀਆ ਬਿਨੋਰੀਆ ਮਦਰਸੇ ਵੱਲੋਂ 161 ਇਸਾਈ, 149 ਹਿੰਦੂ, ਦੋ ਬੋਧੀ, 9 ਅਹਿਮਦੀਆ ਅਤੇ ਦੋ ਹੋਰਨਾਂ ਦਾ ਧਰਮ ਪਰਿਵਰਤਨ ਕਰਵਾਇਆ ਗਿਆ। ਇਸ ਤਰ੍ਹਾਂ ਬਰੁਚਬੰਦੀ ਸ਼ਰੀਫ਼ ਦਰਗਾਹ ਦੇ ਪੀਰ ਅਬਦੁਲ ਹੱਕ ਉਰਫ਼ ਮੀਆਂ ਮਿੱਠੂ ਦਾ ਦਾਅਵਾ ਹੈ ਕਿ ਉਸ ਦੀ ਦਰਗਾਹ ‘ਤੇ ਅਜੇ ਤੱਕ 2000 ਤੋਂ ਵਧੇਰੇ ਹਿੰਦੂ ਆਪਣੀ ਇੱਛਾ ਨਾਲ ਇਸਲਾਮ ਕਬੂਲ ਕਰ ਚੁੱਕੇ ਹਨ।
Comments (0)