ਸਹਿਮਤੀ ਬਣਨ ਮਗਰੋਂ ਜਾਟ ਅੰਦੋਲਨ ਮੁਲਤਵੀ

ਸਹਿਮਤੀ ਬਣਨ ਮਗਰੋਂ ਜਾਟ ਅੰਦੋਲਨ ਮੁਲਤਵੀ

ਕੈਪਸ਼ਨ- ਜਾਟ ਪ੍ਰਦਰਸ਼ਨਕਾਰੀਆਂ ਨਾਲ ਝੜਪ ਦੌਰਾਨ ਜ਼ਖ਼ਮੀ ਹੋਏ ਪੁਲੀਸ ਅਧਿਕਾਰੀ ਦੇ ਮੱਲ੍ਹਮ ਪੱਟੀ ਕਰਦੇ ਹੋਏ ਡਾਕਟਰ।
ਕੁਰੂਕਸ਼ੇਤਰ/ਫਤਿਆਬਾਦ/ਬਿਊਰੋ ਨਿਊਜ਼ :
ਜਾਟ ਰਾਖਵਾਂਕਰਨ ਦੀ ਮੰਗ ਕਰ ਰਹੇ ਅੰਦੋਲਨਕਾਰੀਆਂ ਤੇ ਹਰਿਆਣਾ ਸਰਕਾਰ ਵਿਚ ਕਰੀਬ 3 ਘੰਟੇ ਤੱਕ ਚੱਲੀ ਬੈਠਕ ਵਿਚ ਸਹਿਮਤੀ ਬਣ ਗਈ ਹੈ, ਜਿਸ ਕਾਰਨ ਜਾਟ ਅੰਦੋਲਨ 15 ਦਿਨਾਂ ਲਈ ਟਾਲ ਦਿੱਤਾ ਗਿਆ ਹੈ। ਉਧਰ ਅੰਦੋਲਨ ਟਲਣ ਨਾਲ ਹਰਿਆਣਾ ਵਾਸੀਆਂ ਨੇ ਵੀ ਰਾਹਤ ਦਾ ਸਾਹ ਲਿਆ ਹੈ। ਇਸ ਤੋਂ ਇਕ ਦਿਨ ਪਹਿਲਾਂ ਦਿੱਲੀ ਵੱਲ ਮਾਰਚ ਕਰਨ ਤੋਂ ਰੋਕਣ ਉਤੇ ਜਾਟਾਂ ਅਤੇ ਪੁਲੀਸ ਵਿਚਕਾਰ ਹੋਈ ਝੜਪ ਵਿੱਚ ਐਸਪੀ, ਡੀਐਸਪੀ ਤੇ 18 ਪੁਲੀਸ ਮੁਲਾਜ਼ਮਾਂ ਸਮੇਤ ਕੁੱਲ 35 ਵਿਅਕਤੀ ਫੱਟੜ ਹੋ ਗਏ ਸਨ। ਸਿਰਸਾ-ਹਿਸਾਰ-ਦਿੱਲੀ ਸ਼ਾਹਰਾਹ ਉਤੇ ਪਿੰਡ ਢਾਣੀ ਗੋਪਾਲ ਵਿੱਚ ਹੋਏ ਟਕਰਾਅ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਦੀਆਂ ਦੋ ਬੱਸਾਂ ਨੂੰ ਅੱਗ ਲਗਾ ਦਿੱਤੀ। ਸਥਿਤੀ ਉਦੋਂ ਤਣਾਅਪੂਰਨ ਬਣ ਗਈ ਜਦੋਂ ਜ਼ਿਲ੍ਹਾ ਹਿਸਾਰ ਦੇ ਪਿੰਡ ਚਮਾਰਖੇੜਾ ਤੇ ਖੇੜੀ ਦੇ ਜਾਟ ਪ੍ਰਦਰਸ਼ਨਕਾਰੀਆਂ ਨੇ ਢਾਣੀ ਗੋਪਾਲ ਵਿੱਚ ਲੱਗੇ ਧਰਨੇ ਵਿੱਚ ਸ਼ਾਮਲ ਹੋਣ ਲਈ ਫਤਿਆਬਾਦ ਜ਼ਿਲ੍ਹੇ ਵਿੱਚ ਦਾਖ਼ਲ ਹੋਣ ਦਾ ਯਤਨ ਕੀਤਾ।
ਪੁਲੀਸ ਨੇ ਦੱਸਿਆ ਕਿ ਟਰੈਕਟਰ-ਟਰਾਲੀਆਂ ਉਤੇ ਸਵਾਰ ਜਾਟਾਂ ਨੇ ਪੁਲੀਸ ਰੋਕਾਂ ਤੋੜਨ ਦਾ ਯਤਨ ਕੀਤਾ। ਡੀਐਸਪੀ ਗੁਰਦਿਆਲ ਸਿੰਘ, ਜੋ ਇਥੇ ਨਾਕੇ ਉਤੇ ਤਾਇਨਾਤ ਸਨ, ਨੇ ਪ੍ਰਦਰਸ਼ਨਕਾਰੀਆਂ ਨੂੰ ਪੈਦਲ ਜਾਣ ਅਤੇ ਸ਼ਾਂਤੀਪੂਰਨ ਢੰਗ ਧਰਨੇ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਪਰ ਪ੍ਰਦਰਸ਼ਨਕਾਰੀ ਨਾ ਮੰਨੇ। ਬਾਅਦ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਨੇ ਪੁਲੀਸ ਪਾਰਟੀ ਉਤੇ ਪਥਰਾਅ ਕੀਤਾ। ਇਸ ਕਾਰਨ ਪੁਲੀਸ ਨੂੰ ਲਾਠੀਚਾਰਜ ਕਰਨਾ ਪਿਆ। ਇਸ ਟਕਰਾਅ ਵਿੱਚ ਨੌਂ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ ਅਤੇ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਦੀਆਂ ਦੋ ਬੱਸਾਂ ਨੂੰ ਅੱਗ ਲਗਾ ਦਿੱਤੀ। ਐਸਪੀ ਓਪੀ ਨਰਵਾਲ ਦੇ ਹੱਥ ਉਤੇ ਸੱਟ ਲੱਗੀ ਹੈ। ਡੀਐਸਪੀ ਗੁਰਦਿਆਲ ਸਿੰਘ, ਡੀ.ਐਸ.ਪੀ ਬਿਮਲਾ ਦੇਵੀ, ਇੰਸਪੈਕਟਰ ਕੁਲਦੀਪ, ਏਐਸਆਈਜ਼ ਸਾਧੂ ਰਾਮ, ਸੋਹਣ ਲਾਲ, ਮੇਜਰ ਸਿੰਘ, ਦਯਾ ਰਾਮ ਅਤੇ ਕ੍ਰਿਸ਼ਨ ਜ਼ਖ਼ਮੀ ਹੋਏ ਹਨ। ਜਾਣਕਾਰੀ ਮੁਤਾਬਕ ਦਿੱਲੀ ਕੂਚ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਸਮਾਜਿਕ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਬੇਦੀ, ਕੇਂਦਰੀ ਨਿਆਂ ਤੇ ਕਾਨੂੰਨ ਰਾਜ ਮੰਤਰੀ ਪੀ.ਪੀ. ਚੌਧਰੀ ਵਿਚਾਲੇ ਨਵੀਂ ਦਿੱਲੀ ਵਿਚ ਬੈਠਕ ਹੋਈ, ਜਿਸ ਵਿਚ ਜਾਟ ਆਗੂ ਯਸ਼ਪਾਲ ਮਲਿਕ ਸਮੇਤ ਕਈ ਹੋਰ ਜਾਟ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਯ ਨਾਥ ਦੇ ਸਹੁੰ ਚੁੱਕ ਸਮਾਰੋਹ ਵਿਚ ਜਾਣਾ ਸੀ, ਪਰ ਜਾਟਾਂ ਨਾਲ ਗੱਲਬਾਤ ਦੇ ਚਲਦਿਆਂ ਮੁੱਖ ਮੰਤਰੀ ਨੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ। ਦੱਸਣਯੋਗ ਹੈ ਕਿ ਸਰਕਾਰ ਤੇ ਜਾਟਾਂ ਵਿਚ ਜਿਨ੍ਹਾਂ ਮੁੱਖ ਮੁੱਦਿਆਂ ‘ਤੇ ਸਹਿਮਤੀ ਬਣੀ ਹੈ, ਉਨ੍ਹਾਂ ਵਿਚ ਕੇਂਦਰ ਵਿਚ ਰਾਖਵਾਂਕਰਨ ਦੇਣ ਲਈ ਪਛੜਾ ਕਮਿਸ਼ਨ ਵਿਚ ਨਿਯੁਕਤੀ ਤੋਂ ਬਾਅਦ ਪ੍ਰੀਕਿਰਿਆ ਸ਼ੁਰੂ ਕਰਨ, ਹਰਿਆਣਾ ਵਿਚ ਅਦਾਲਤ ਦਾ ਫੈਸਲਾ ਆਉਂਦੇ ਹੀ 9ਵੀਂ ਸੂਚੀ ਵਿਚ ਪਾਉਣਾ, ਸਾਰੇ ਮਾਮਲਿਆਂ ਦੀ ਇਕ ਵਾਰ ਫਿਰ ਤੋਂ ਸਮੀਖਿਆ ਕਰਨਾ, ਮ੍ਰਿਤਕਾਂ ਦੇ ਵਾਰਸਾਂ ਤੇ ਅਪਾਹਜਾਂ ਨੂੰ ਸਰਕਾਰੀ ਨੌਕਰੀ ਦੇਣਾ, ਜ਼ਖ਼ਮੀਆਂ ਨੂੰ ਮੁਆਵਜ਼ਾ ਤੇ ਜਾਟ ਵਰਗ ਨਾਲ ਅਨਿਆਂ ਨਾ ਕਰਨਾ ਸ਼ਾਮਲ ਹਨ। ਇਸ ਤੋਂ ਪਹਿਲਾਂ ਜਾਟ ਅੰਦੋਲਨਕਾਰੀਆਂ ਨੂੰ ਰਾਜਧਾਨੀ ਦਿੱਲੀ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਹਰਿਆਣਾ ਪੁਲਿਸ ਨੇ ਸੁਰੱਖਿਆ ਦੇ ਸੁਚੱਜੇ ਪ੍ਰਬੰਧ ਕੀਤੇ ਸਨ। ਸੰਵੇਦਨਸ਼ੀਲ ਜ਼ਿਲ੍ਹਿਆਂ ਸਮੇਤ ਹੋਰ ਕਈ ਖੇਤਰਾਂ ਵਿਚ ਨਾਕਾਬੰਦੀ ਕਰਕੇ ਵੱਡੇ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ। ਇੰਨਾ ਹੀ ਨਹੀਂ ਹਰਿਆਣਾ ਦੇ ਕੁੰਡਲੀ ਬਾਰਡਰ ‘ਤੇ ਵੱਡੇ-ਵੱਡੇ ਪੱਥਰ ਰੱਖ ਦਿੱਤੇ ਗਏ ਤਾਂ ਜੋ ਟਰੈਕਟਰ-ਟਰਾਲੀਆਂ ਦਿੱਲੀ ਤੱਕ ਨਾ ਪੁੱਜ ਸਕਣ। ਜ਼ਿਕਰਯੋਗ ਹੈ ਕਿ ਅਖਿਲ ਭਾਰਤੀ ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਦੇ ਪ੍ਰਧਾਨ ਯਸ਼ਪਾਲ ਮਲਿਕ ਦੀ ਅਗਵਾਈ ਵਿਚ 20 ਮਾਰਚ ਨੂੰ ਹਰਿਆਣਾ ਭਰ ਤੋਂ ਜਾਟਾਂ ਨੇ ਦਿੱਲੀ ਰਵਾਨਾ ਹੋਣ ਦੀ ਰਣਨੀਤੀ ਬਣਾਈ ਸੀ।