ਨਾਭਾ ਜੇਲ੍ਹ ‘ਚੋਂ ਫਰਾਰ ਗੈਂਗਸਟਰ ਫੜਨ ਲਈ ਪੰਜਾਬ ਪੁਲੀਸ ਦਾ ‘ਮਿਸ਼ਨ ਗੌਂਡਰ’ ਫੇਲ੍ਹ

ਨਾਭਾ ਜੇਲ੍ਹ ‘ਚੋਂ ਫਰਾਰ ਗੈਂਗਸਟਰ ਫੜਨ ਲਈ ਪੰਜਾਬ ਪੁਲੀਸ ਦਾ ‘ਮਿਸ਼ਨ ਗੌਂਡਰ’ ਫੇਲ੍ਹ

ਬਠਿੰਡਾ/ਬਿਊਰੋ ਨਿਊਜ਼ :
ਨਾਭਾ ਜੇਲ੍ਹ ਵਿਚੋਂ ਫ਼ਰਾਰ ਗੈਂਗਸਟਰ ਵਿੱਕੀ ਗੌਂਡਰ ਨੂੰ ਫੜਨ ਲਈ ਪੰਜਾਬ ਪੁਲੀਸ ਵੱਲੋਂ ਉਲੀਕਿਆ ‘ਮਿਸ਼ਨ ਗੌਂਡਰ’ ਐਨ ਮੌਕੇ ‘ਤੇ ਫੇਲ੍ਹ ਹੋ ਗਿਆ। ਇਸ ਮਿਸ਼ਨ ਲਈ ਬਠਿੰਡਾ ਤੇ ਪਟਿਆਲਾ ਪੁਲੀਸ ਦਾ ਸਾਂਝਾ 35 ਮੈਂਬਰੀ ਅਪਰੇਸ਼ਨ ਗਰੁੱਪ ਬਣਾਇਆ ਗਿਆ ਹੈ। ਗੈਂਗਸਟਰ ਵਿੱਕੀ ਗੌਂਡਰ ਨੇ ਫੇਸਬੁੱਕ ‘ਤੇ ਬਠਿੰਡਾ ਦੇ ਐਸ.ਐਸ.ਪੀ. ਸਵੱਪਨ ਸ਼ਰਮਾ ਨੂੰ ਧਮਕੀ ਦਿੱਤੀ ਹੈ, ਜਿਸ ਮਗਰੋਂ ਐਸ.ਐਸ.ਪੀ. ਦਾ ਸੁਰੱਖਿਆ ਘੇਰਾ ਵਧਾ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਪੁਲੀਸ ਨੇ 15 ਦਸੰਬਰ ਦੀ ਰਾਤ ਨੂੰ ਸੰਗਰੀਆ ਇਲਾਕੇ ਵਿੱਚ ਗੌਂਡਰ ਦੀ ਪੈੜ ਨੱਪੀ ਸੀ ਅਤੇ 16 ਦਸੰਬਰ ਨੂੰ ਥਾਣਾ ਸੰਗਰੀਆ ਵਿੱਚ ਤਿੰਨ ਚਾਰ ਵਿਅਕਤੀਆਂ ਤੋਂ ਪੁੱਛ-ਪੜਤਾਲ ਕੀਤੀ ਗਈ। ਸੂਤਰਾਂ ਦੱਸਦੇ ਹਨ ਕਿ ਫ਼ਰੀਦਕੋਟ ਜੇਲ੍ਹ ਵਿਚੋਂ ਵਿਕੀ ਗੌਂਡਰ ਸਬੰਧੀ ਮੋਬਾਈਲ ਫੋਨ ‘ਤੇ ਕਿਸੇ ਵੱਲੋਂ ਗੱਲਬਾਤ ਕਰਨ ਬਾਰੇ ਪੁਲੀਸ ਨੂੰ ਜਾਣਕਾਰੀ ਮਿਲੀ ਸੀ। ਇਸੇ ਮਾਮਲੇ ਵਿੱਚ ਲੋੜੀਂਦਾ ਸੰਗਰੀਆ ਦਾ ਇੱਕ ਵਿਅਕਤੀ ਹਾਲੇ ਫ਼ਰਾਰ ਹੈ ਤੇ ਉਸ ਦੇ ਹਿਮਾਚਲ ਪ੍ਰਦੇਸ਼ ਵਿਚ ਹੋਣ ਦੀ ਭਿਣਕ ਪਈ ਹੈ। ਸੂਤਰਾਂ ਮੁਤਾਬਕ ਵਿੱਕੀ ਗੌਂਡਰ ਦੇ ਅਬੂਬ ਸ਼ਹਿਰ ਦੇ ਆਸ-ਪਾਸ ਹੋਣ ਦੀ ਖ਼ਬਰ ਸੀ ਅਤੇ ਪੁਲੀਸ ਕਾਰਵਾਈ ਬਾਰੇ ਜਾਣਕਾਰੀ ਮਿਲਣ ‘ਤੇ ਗੌਂਡਰ  ਉਥੋਂ ਖਿਸਕ ਗਿਆ। ਸੰਗਰੀਆ ਇਲਾਕੇ ਦੇ ਕੁਝ ਨੌਜਵਾਨਾਂ ਤੋਂ ਪੁੱਛ-ਪੜਤਾਲ ਵੀ ਕੀਤੀ ਗਈ ਹੈ। ਬਠਿੰਡਾ ਪੁਲੀਸ ਦੇ ਅਧਿਕਾਰੀ ਇਸ ਗੱਲੋਂ ਇਨਕਾਰ ਕਰ ਰਹੇ ਹਨ, ਜਦਕਿ ਬੀਕਾਨੇਰ ਰੇਂਜ ਦੇ ਆਈ.ਜੀ. ਬਿਪਨ ਕੁਮਾਰ ਪਾਂਡੇ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਪੰਜਾਬ ਪੁਲੀਸ ਦੀ ਟੀਮ ਸੰਗਰੀਆ ਇਲਾਕੇ ਵਿੱਚ ਆਈ ਸੀ, ਜਿਸ ਨੂੰ ਰਾਜਸਥਾਨ ਪੁਲੀਸ ਨੇ ਮਦਦ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਨਾਲ ਉਨ੍ਹਾਂ ਦਾ ਸੰਪਰਕ ਲਗਾਤਾਰ ਬਣਿਆ ਹੋਇਆ ਹੈ। ਪੰਜਾਬ ਦੇ ਡੀ.ਜੀ.ਪੀ. ਵੱਲੋਂ ਗੈਂਗਸਟਰ ਵਿੱਕੀ ਗੌਂਡਰ ਨੂੰ ਫੜਨ ਲਈ ਪੁਲੀਸ ਅਫ਼ਸਰਾਂ ਨੂੰ ਪੂਰੀ ਤਾਕਤ ਦਿੱਤੀ ਹੋਈ ਹੈ ਤੇ ਉਹ ਕਿਸੇ ਵੀ ਰਾਜ ਵਿੱਚ ਜਾ ਸਕਦੇ ਹਨ।