‘ਆਪ’ ਵਿਚ ਚੁਫੇਰਿਓਂ ਬਗ਼ਾਵਤ ਨੇ ਮਚਾਈ ਪਾਰਟੀ ਅੰਦਰ ਹਲਚਲ

‘ਆਪ’ ਵਿਚ ਚੁਫੇਰਿਓਂ ਬਗ਼ਾਵਤ ਨੇ ਮਚਾਈ ਪਾਰਟੀ ਅੰਦਰ ਹਲਚਲ

ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (‘ਆਪ’) ਵਿੱਚ ਚੁਫੇਰਿਓਂ ਬਗਾਵਤ ਉਠਣ ਅਤੇ ਮੁੱਢਲੇ ਆਗੂਆਂ ਵੱਲੋਂ ਨਿਰੰਤਰ ਤੋੜ-ਵਿਛੋੜਾ ਕਰਨ ਕਰਕੇ ਪਾਰਟੀ ਵਿੱਚ ਹਲਚਲ ਮੱਚੀ ਪਈ ਹੈ। ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੈਂਬਰ ਯਾਮਿਨੀ ਗੋਮਰ ਸਮੇਤ ਕਈ ਹੋਰ ਆਗੂਆਂ ਵੱਲੋਂ ਕੱਲ੍ਹ ਪਾਰਟੀ ਛੱਡਣ ਦਾ ਐਲਾਨ ਕਰਨ ਅਤੇ ‘ਆਪ’ ਦੇ ਤਿੰਨ ਧੁਨੰਤਰਾਂ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਉਪਰ ਗੰਭੀਰ ਦੋਸ਼ ਲਾਉਣ ਕਾਰਨ ਕਈ ਹੋਰ ਆਗੂਆਂ ਦੇ ਸਬਰ ਦਾ ਪਿਆਲਾ ਉਛਲਣ ਦੇ ਸੰਕੇਤ ਮਿਲੇ ਹਨ।
ਪਿਛਲੇ ਦਿਨੀਂ ਵਾਪਰੀਆਂ ਦੋ ਘਟਨਾਵਾਂ ‘ਆਪ’ ਲਈ ਵੱਡੀ ਚੁਣੌਤੀ ਬਣ ਸਕਦੀਆਂ ਹਨ। ਇੱਕ ਪਾਸੇ ਜਿੱਥੇ ਪਾਰਟੀ ਦੀ ਮੁੱਢਲੀ ਅਤੇ ਸੁਹਿਰਦ ਆਗੂ ਯਾਮਿਨੀ ਗੋਮਰ ਜਲੰਧਰ ਵਿੱਚ ਭੁੱਬਾਂ ਮਾਰ ਕੇ ਆਪਣਾ ਦੁੱਖ ਪੱਤਰਕਾਰਾਂ ਨੂੰ ਦੱਸ ਰਹੀ ਸੀ, ਦੂਸਰੇ ਪਾਸੇ ਚੰਡੀਗੜ੍ਹ ਵਿੱਚ ਡਾ. ਧਰਮਵੀਰ ਗਾਂਧੀ, ਪ੍ਰੋ. ਮਨਜੀਤ ਸਿੰਘ, ਡਾ. ਹਰਿੰਦਰ ਸਿੰਘ ਜ਼ੀਰਾ, ਸੁਮੀਤ ਭੁੱਲਰ, ਕਰਮਜੀਤ ਸਿੰਘ ਸਰਾਂ ਵੱਲੋਂ ਪੰਜਾਬ ਫਰੰਟ ਬਣਾ ਕੇ ‘ਆਪ’ ਨੂੰ ਵੱਡੀ ਚੁਣੌਤੀ ਦੇਣ ਦਾ ਐਲਾਨ ਕੀਤਾ ਗਿਆ ਹੈ। ਉਧਰ ਸੁੱਚਾ ਸਿੰਘ ਛੋਟੇਪੁਰ ਪਹਿਲਾਂ ਹੀ ਆਪਣਾ ਪੰਜਾਬ ਪਾਰਟੀ ਬਣਾ ਕੇ ‘ਆਪ’ ਲਈ ਵੱਡਾ ਖ਼ਤਰਾ ਬਣੇ ਬੈਠੇ ਹਨ। ਸੂਤਰਾਂ ਅਨੁਸਾਰ ਇਨ੍ਹਾਂ ਘਟਨਾਵਾਂ ਤੋਂ ਸੰਕੇਤ ਮਿਲੇ ਹਨ ਕਿ ਪਾਰਟੀ ਵਿੱਚ ਕਈ ਹੋਰ ਧਮਾਕੇ ਵੀ ਹੋ ਸਕਦੇ ਹਨ। ਸ੍ਰੀ ਛੋਟੇਪੁਰ ਨੂੰ ਕੱਢਣ ਤੋਂ ਬਾਅਦ ਪਾਰਟੀ ਵੱਲੋਂ ਸੀਨੀਅਰ ਆਗੂ ਐਚ.ਐਸ. ਫੂਲਕਾ ਨੂੰ ਅੱਖੋ-ਪਰੋਖੇ ਕਰਕੇ ਗੁਰਪ੍ਰੀਤ ਸਿੰਘ ਘੁੱਗੀ ਨੂੰ ਪੰਜਾਬ ਦਾ ਕਨਵੀਨਰ ਬਣਾਉਣ ਵੇਲੇ ਵੀ ‘ਆਪ’ ਵਿੱਚ ਭੂਚਾਲ ਆਉਂਦਾ-ਆਉਂਦਾ ਬਚਿਆ ਸੀ ਕਿਉਂਕਿ ਉਸ ਵੇਲੇ ਸ੍ਰੀ ਫੂਲਕਾ ਨਰਾਜ਼ ਹੋ ਗਏ ਸਨ। ਸੂਤਰ ਦੱਸਦੇ ਹਨ ਕਿ ਉਸ ਵੇਲੇ ਖੁਦ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਖਲ ਦੇ ਕੇ ਸ੍ਰੀ ਫੂਲਕਾ ਨੂੰ ਸ਼ਾਂਤ ਕੀਤਾ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਕੌਮਾਂਤਰੀ ਹਾਕੀ ਸਟਾਰ ਰਾਜਬੀਰ ਕੌਰ ਤੇ ਸੁਰਿੰਦਰ ਸੋਢੀ ਵੀ ਪਾਰਟੀ ਤੋਂ ਤੌਬਾ ਕਰ ਚੁੱਕੇ ਹਨ। ਪਿਛਲੇ ਸਮੇਂ ਤੋਂ ਪਾਰਟੀ ਨਾਲ ਜੁੜੇ ਕੁਝ ਵੱਡੇ ਨਾਮ ਵੀ ਭੇਤ ਭਰੇ ਢੰਗ ਨਾਲ ਚੁੱਪ ਧਾਰੀ ਬੈਠੇ ਹਨ। ਬੁੱਧੀਜੀਵੀ ਸੈੱਲ ਦੇ ਮੁਖੀ ਤੇ ਸਾਬਕਾ ਆਈਏਐਸ ਅਧਿਕਾਰੀ ਆਰ.ਆਰ. ਭਾਰਦਵਾਜ ਪਹਿਲਾਂ ਹੀ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ।
ਇਨ੍ਹਾਂ ਤੋਂ ਇਲਾਵਾ ਮੁੱਢਲੇ ਦੌਰ ਵਿੱਚ ਹੀ ਪਾਰਟੀ ਦੇ ਦੋ ਸੀਨੀਅਰ ਸੰਸਦ ਮੈਂਬਰਾਂ ਹਰਿੰਦਰ ਸਿੰਘ ਖਾਲਸਾ ਤੇ ਡਾ. ਧਰਮਵੀਰ ਗਾਂਧੀ ਸਮੇਤ ਅਨੁਸ਼ਾਸਨੀ ਕਮੇਟੀ ਦੇ ਮੁਖੀ ਡਾ. ਦਲਜੀਤ ਸਿੰਘ ਅੰਮ੍ਰਿਤਸਰ ਨੂੰ ਪਹਿਲਾਂ ਹੀ ਪਾਰਟੀ ਵਿੱਚੋਂ ਮੁਅੱਤਲ ਕੀਤਾ ਜਾ ਚੁੱਕਾ ਹੈ। ਇਸੇ ਦੌਰਾਨ ਹੁਣ ਪੰਜਾਬ ਫਰੰਟ ਦੇ ਬੈਨਰ ਹੇਠ ਅਤੇ ਡਾ. ਗਾਂਧੀ ਦੀ ਛਤਰ ਛਾਇਆ ਵਿੱਚ ਡੈਮੋਕ੍ਰੇਟਿਕ ਸਵਰਾਜ ਪਾਰਟੀ, ਵਾਲੰਟੀਅਰ ਫਰੰਟ ਅਤੇ ‘ਆਪ’ ਨੂੰ 59 ਉਮੀਦਵਾਰਾਂ ਨੂੰ ਬਦਲਣ ਦੀ ਚਿਤਾਵਨੀ ਦੇ ਚੁੱਕੇ ਕਈ ਜ਼ਿਲ੍ਹਿਆਂ ਦੇ ਵਾਲੰਟੀਅਰਜ਼ ਅਤੇ ਆਗੂਆਂ ਵੱਲੋਂ ਚੋਣਾਂ ਵਿੱਚ ਪੰਜਾਬ ਫਰੰਟ ਦੇ ਬੈਨਰ ਹੇਠ ਨਿਤਰਨ ਦੇ ਕੀਤੇ ਐਲਾਨ ਨਾਲ ਪਾਰਟੀ ਨੂੰ ਚੁਫੇਰਿਓਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਪਾਰਟੀ ਵੱਲੋਂ ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ ਅਤੇ ਓਲੰਪੀਅਨ ਪਰਗਟ ਸਿੰਘ ਨਾਲ ਸਾਂਝ ਪਾਉਣ ਤੋਂ ਝਿਜਕਣ ਅਤੇ ਵਾਲੰਟੀਅਰਾਂ ਦੇ ਵਿਰੋਧ ਦੇ ਬਾਵਜੂਦ ਕਾਂਗਰਸ ਅਤੇ ਅਕਾਲੀਆਂ ਦੇ ਦਲ-ਬਦਲੂ ਆਗੂਆਂ ਨੂੰ ਟਿਕਟਾਂ ਦੇਣ ਕਾਰਨ ਲੀਡਰਸ਼ਿਪ ਉਪਰ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਜਗਮੀਤ ਸਿੰਘ ਬਰਾੜ ਦੇ ਧੜੇ ਨਾਲ ਸਿਆਸੀ ਗਠਜੋੜ ਨਾ ਕਰਨ ਦੀ ਸੰਵਿਧਾਨਕ ਬੰਦਿਸ਼ ਦਾ ਬਹਾਨਾ ਲਾਉਣਾ ਅਤੇ ਕੁਝ ਦਿਨਾਂ ਬਾਅਦ ਹੀ ਬੈਂਸ ਭਰਾਵਾਂ ਨਾਲ ਚੋਣ ਗਠਜੋੜ ਕਰਨ ਕਰਕੇ ਪਾਰਟੀ ਹੋਰ ਵਿਵਾਦਾਂ ਵਿੱਚ ਘਿਰ ਗਈ ਹੈ ਕਿਉਂਕਿ ਬੈਂਸ ਭਰਾਵਾਂ ਨਾਲ ਹੱਥ ਮਿਲਾਉਣ ਤੋਂ ਬਾਅਦ ਪਾਰਟੀ ਦਾ ਪੰਜਾਬ ਵਿਚਲਾ ਮਜ਼ਬੂਤ ਲੁਧਿਆਣਾ ਯੂਨਿਟ ਵੀ ਖਿੰਡ-ਪੁੰਡ ਗਿਆ ਹੈ। ਇਸ ਸਾਰੀ ਸਥਿਤੀ ਵਿੱਚ ਪਾਰਟੀ ਵਿਚ ਭਾਰੀ ਖਲਾਅ ਦਾ ਮਾਹੌਲ ਹੈ ਅਤੇ ਦੋ ਕੌਮੀ ਲੀਡਰ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਤੋਂ ਇਲਾਵਾ ਪੰਜਾਬ ਦੇ ਕੇਵਲ ਦੋ ਆਗੂ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਤੇ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਹੀ ਸਮੁੱਚੀ ਪਾਰਟੀ ਦੀ ਕਮਾਂਡ ਸਾਂਭ ਰਹੇ ਹਨ।

ਲੀਡਰਸ਼ਿਪ ਹੋਈ ਸਰਗਰਮ :
ਲੀਡਰਸ਼ਿਪ ਨੇ ਪਾਰਟੀ ਵਿੱਚ ਪੈਦਾ ਹੋ ਰਹੇ ਖਲਾਅ ਨੂੰ ਭਰਨ ਲਈ ਯਤਨ ਵਿੱਢ ਦਿੱਤੇ ਹਨ। ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਸਤਨਾਮ ਚੀਚੀ, ਹਰਚੰਦ ਬਰਸਟ, ਅਮਨ ਮਲਹੋਤਰਾ, ਗੁਰਪ੍ਰੀਤ ਗੋਪੀ ਸਰਪੰਚ, ਅਨਿਲ ਠਾਕੁਰ, ਵਿਸ਼ਵਪ੍ਰੀਤ ਸਿੰਘ ਛੀਨਾ, ਅਸ਼ੋਕ ਪੁਰੀ ਤੇ ਸਵੀਟੀ ਸ਼ਰਮਾ ਲਾਲੜੂ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਰਾਜਿੰਦਰ ਸ਼ਰਮਾ ਨੂੰ ਅਬਜ਼ਰਵਰ ਅਨੰਦਪੁਰ ਸਾਹਿਬ, ਸੰਦੀਪ ਧਾਲੀਵਾਲ ਨੂੰ ਜ਼ੋਨ ਕੋਆਰਡੀਨੇਟਰ ਫਰੀਦਕੋਟ, ਆਸ਼ੂਤੋਸ਼ ਟੰਡਨ ਨੂੰ ਫਤਿਹਗੜ੍ਹ ਸਾਹਿਬ ਜ਼ੋਨ ਕੋਆਰਡੀਨੇਟਰ, ਵਰਿੰਦਰ ਖਾਰਾ ਨੂੰ ਇੰਚਾਰਜ ਫਤਿਹਗੜ੍ਹ ਸਾਹਿਬ ਤੇ ਲੁਧਿਆਣਾ, ਦਲਬੀਰ ਢਿਲੋ ਨੂੰ ਸੰਗਰੂਰ ਤੇ ਫਰੀਦਕੋਟ ਦੇ ਇੰਚਾਰਜ ਨਿਯੁਕਤ ਕੀਤਾ ਹੈ। ਜੱਸੀ ਸੋਹੀਆ ਨੂੰ ਐਸ.ਸੀ-ਐਸ.ਟੀ ਵਿੰਗ ਦਾ ਮੀਤ ਪ੍ਰਧਾਨ,  ਰਾਮ ਲਾਲ  ਨੂੰ ਸੰਯੁਕਤ ਸਕੱਤਰ ਐਸ.ਸੀ.-ਐਸਟੀ ਵਿੰਗ, ਜਗਦੀਪ ਬਰਾੜ ਨੂੰ ਮੀਤ ਪ੍ਰਧਾਨ ਯੂਥ ਵਿੰਗ, ਰਵੀ ਸ਼ਾਹਕੋਟ ਨੂੰ ਜੁਆਇੰਟ ਸਕੱਤਰ ਯੂਥ ਵਿੰਗ ਅਤੇ   ਪਰਮਿੰਦਰ ਸਿੰਘ ਨੂੰ ਸੰਯੁਕਤ ਸਕੱਤਰ ਵਪਾਰ, ਉਦਯੋਗ ਅਤੇ ਆਵਾਜਾਈ ਵਿੰਗ ਨਿਯੁਕਤ ਕੀਤਾ ਹੈ।

ਆਪ’ ਵੱਲੋਂ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ :
ਹੁਸ਼ਿਆਰਪੁਰ : ਆਮ ਆਦਮੀ ਪਾਰਟੀ (‘ਆਪ’) ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਬੀਤੇ ਦਿਨ ਪਾਰਟੀ ਤੋਂ ਅਸਤੀਫ਼ਾ ਦੇ ਗਈ ਕੌਮੀ ਕਾਰਜਕਾਰਨੀ ਮੈਂਬਰ ਅਤੇ ਦਲਿਤ ਆਗੂ ਯਾਮਿਨੀ ਗੋਮਰ ਨੂੰ ਮਨਾਉਣ ਲਈ ਅੱਜ ਉਨ੍ਹਾਂ ਦੇ ਘਰ ਆਏ। ਇੱਥੇ ਹੀ ਉਨ੍ਹਾਂ ਨੇ ਕੌਮੀ ਪ੍ਰੀਸ਼ਦ ਦੇ ਦੂਜੇ ਆਗੂ ਨਵੀਨ ਜੈਰਥ ਨੂੰ ਵੀ ਸੱਦ ਕੇ ਗਿਲੇ-ਸ਼ਿਕਵੇ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਸ੍ਰੀ ਜੈਰਥ ਨੂੰ ਦੋ ਦਿਨ ਪਹਿਲਾਂ ਪਾਰਟੀ ਵਿਰੋਧੀ ਕਾਰਵਾਈਆਂ ਦਾ ਦੋਸ਼ ਲਾਉਂਦਿਆਂ ਬਰਖਾਸਤ ਕਰ ਦਿੱਤਾ ਗਿਆ ਸੀ।
ਦੱਸਣਯੋਗ ਹੈ ਕਿ ਜਦੋਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸ਼ਹਿਰ ਆਏ ਹੋਏ ਸਨ ਤਾਂ ਉਦੋਂ ਉਨ੍ਹਾਂ ਨੇ ਨਾਰਾਜ਼ ਵਾਲੰਟੀਅਰਾਂ ਨੂੰ ਮਨਾਉਣ ਦੀ ਕੋਈ ਪਹਿਲਕਦਮੀ ਨਹੀਂ ਕੀਤੀ। ਜ਼ਾਹਰ ਹੈ ਕਿ ਸ੍ਰੀਮਤੀ ਗੋਮਰ ਅਤੇ ਹੋਰ ਸੀਨੀਅਰ ਆਗੂਆਂ ਦੇ ਅਸਤੀਫਿਆਂ ਨੇ ਉਨ੍ਹਾਂ ਨੂੰ ਆਪਣਾ ਰੁਖ਼ ਬਦਲਣ ਲਈ ਮਜਬੂਰ ਕਰ ਦਿੱਤਾ। ਸੂਤਰਾਂ ਅਨੁਸਾਰ ਸ੍ਰੀ ਵੜੈਚ ਸ੍ਰੀਮਤੀ ਗੋਮਰ ਤੇ ਜੈਰਥ ਨੂੰ ਮਜੀਠਾ ਵਿੱਚ ਸ੍ਰੀ ਕੇਜਰੀਵਾਲ ਨਾਲ ਮਿਲਾਉਣ ਲਈ ਲਿਜਾਣਾ ਚਾਹੁੰਦੇ ਸਨ ਪਰ ਦੋਹਾਂ ਆਗੂਆਂ ਨੇ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪਾਰਟੀ ਪਹਿਲਾਂ ਇਹ ਫੈਸਲਾ ਕਰੇ ਕਿ ਉਨ੍ਹਾਂ ਨੂੰ ਭ੍ਰਿਸ਼ਟ ਅਬਜ਼ਰਵਰਾਂ ਦੀ ਲੋੜ ਹੈ ਜਾਂ ਪਾਰਟੀ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਵਾਲੰਟੀਅਰਾਂ ਦੀ।
ਸੂਤਰਾਂ ਅਨੁਸਾਰ ਸ੍ਰੀ ਵੜੈਚ ਨੂੰ ਸ੍ਰੀਮਤੀ ਗੋਮਰ ਬਾਰੇ ਦਿੱਤੇ ਬਿਆਨ ਅਤੇ ਸ੍ਰੀ ਜੈਰਥ ਨੂੰ ਬਰਖਾਸਤ ਕਰਨ ਦੇ ਨੋਟਿਸ ਦੇਣ ਕਾਰਨ ਖਰੀਆਂ-ਖਰੀਆਂ ਸੁਣਨੀਆਂ ਪਈਆਂ। ਲਗਭਗ ਇੱਕ ਘੰਟੇ ਦੀ ਗੱਲਬਾਤ ਦੌਰਾਨ ‘ਆਪ’ ਆਗੂਆਂ ਨੇ ਖੁੱਲ੍ਹ ਦੇ ਭੜਾਸ ਕੱਢੀ ਅਤੇ ਕਿਹਾ ਕਿ ਜਿਨ੍ਹਾਂ ਨੇ ਸੂਬੇ ਵਿਚ ਪਾਰਟੀ ਦੀਆਂ ਜੜ੍ਹਾਂ ਲਗਾਉਣ ਲਈ ਰਾਤ-ਦਿਨ ਇੱਕ ਕੀਤਾ, ਅੱਜ ਉਨ੍ਹਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਸੋਚਣ ਲਈ ਸਮਾਂ ਚਾਹੀਦਾ ਹੈ ਅਤੇ ਉਹ ਆਪਣੇ ਸਮਰਥਕਾਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਕੋਈ ਫੈਸਲਾ ਲੈਣਗੇ। ਦੱਸਣਯੋਗ ਹੈ ਕਿ ਸ੍ਰੀ ਵੜੈਚ ਨੇ ਬੀਤੇ ਦਿਨ ਐਨ.ਆਰ.ਆਈ. ਫਰੰਟ ਦੇ ਇੱਕ ਕੋਆਰਡੀਨੇਟਰ ਵਰਿੰਦਰ ਪਰਿਹਾਰ ਨੂੰ ਵੀ ਬਰਖਾਸਤ ਕਰ ਦਿੱਤਾ ਸੀ ਪਰ ਉਨ੍ਹਾਂ ਨੂੰ ਗੱਲਬਾਤ ਲਈ ਨਹੀਂ ਬੁਲਾਇਆ।

ਭਗਵੰਤ ਮਾਨ ਬੋਲੇ-ਕੇਜਰੀਵਾਲ ਚੋਣ ਨਹੀਂ ਲੜਨਗੇ :
ਤਲਵੰਡੀ ਸਾਬੋ : ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਸੂਬਾ ਕਨਵੀਨਰ ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਪਾਰਟੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਜਗ੍ਹਾ ਦੇ ਹੱਕ ਵਿੱਚ ਪਿੰਡ ਸਿੰਗੋ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ‘ਤੇ ਪੰਜਾਬ ਨੂੰ ਲੁੱਟਣ ਦੇ ਦੋਸ਼ ਲਾਉਂਦਿਆਂ ਲੋਕਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੇ ਹੱਕ ਵਿੱਚ ਫ਼ਤਵਾ ਦੇ ਕੇ ਨਿਜ਼ਾਮ ਬਦਲਣ ਦਾ ਸੱਦਾ ਦਿੱਤਾ। ਰੈਲੀ ਨੂੰ ਸਬੋਧਨ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਇੱਕ ਰੁਪਇਆ ਪ੍ਰਤੀ ਮਹੀਨਾ ਤਨਖਾਹ ਲੈਣ ਅਤੇ ਸੇਵਾ ਦੀਆਂ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਸਾਢੇ ਬਾਰ੍ਹਾਂ ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਲੈ ਰਹੇ ਹਨ ਜਦ ਕਿ ਛੋਟੇ ਮੁਲਾਜ਼ਮਾਂ ਨੂੰ ਕਈ-ਕਈ ਮਹੀਨੇ ਤਨਖਾਹ ਨਹੀਂ ਦਿੱਤੀ ਜਾਂਦੀ। ਸ੍ਰੀ ਮਾਨ ਨੇ ਖ਼ੁਲਾਸਾ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਅੰਦਰ ਵਿਧਾਨ ਸਭਾ ਚੋਣ ਨਹੀਂ ਲੜਨਗੇ।