ਮੋਦੀ ਦਾ ਬਾਦਲਾਂ ਨੂੰ ਲੌਲੀਪਾਪ : ਪਾਕਿ ਜਾ ਰਿਹਾ ਪਾਣੀ ਰੋਕ ਕੇ ਪੰਜਾਬ ਨੂੰ ਦਿਆਂਗੇ

ਮੋਦੀ ਦਾ ਬਾਦਲਾਂ ਨੂੰ ਲੌਲੀਪਾਪ : ਪਾਕਿ ਜਾ ਰਿਹਾ ਪਾਣੀ ਰੋਕ ਕੇ ਪੰਜਾਬ ਨੂੰ ਦਿਆਂਗੇ

ਬਠਿੰਡਾ/ਬਿਊਰੋ ਨਿਊਜ਼ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਪੰਜਾਬ ਆਏ। ਬਠਿੰਡਾ ਵਿਚ ਏਮਜ਼ ਦਾ ਨੀਂਹ ਪੱਥਰ ਰੱਖਣ ਮਗਰੋਂ ਵੱਡੀ ਰੈਲੀ ਨੂੰ ਸੰਬੋਧਨ ਕਰਨ ਲੱਗੇ ਤਾਂ ਪੰਜਾਬ-ਹਰਿਆਣਾ ਵਿਚ ਝਗੜੇ ਦਾ ਕਾਰਨ ਬਣੇ ਪਾਣੀ ਦੇ ਮੁੱਦੇ ‘ਤੇ ਵੀ ਆ ਗਏ। ਪਰ ਐਸ.ਵਾਈ.ਐਲ. ਦਾ ਜ਼ਿਕਰ ਤੱਕ ਨਹੀਂ ਕੀਤਾ। ਬਾਦਲਾਂ ਨੂੰ ‘ਲੌਲੀਪਾਪ’ ਦਿੰਦਿਆਂ ਕਹਿਣ ਲੱਗੇ, ”ਭਾਰਤੀ ਜਲ ਸੰਧੀ ਤਹਿਤ ਸਤਲੁਜ-ਯਮੁਨਾ-ਰਾਵੀ ਦਾ ਪਾਣੀ ਭਾਰਤ ਦਾ ਹੈ। ਇਨ੍ਹਾਂ ਨਦੀਆਂ ਵਿਚ ਹਿੰਦੁਸਤਾਨ ਦੇ ਹਿੱਸੇ ਦਾ ਪਾਣੀ ਪਾਕਿਸਤਾਨ ਰਾਹੀਂ ਸਮੁੰਦਰ ਵਿਚ ਅਜਾਈਂ ਜਾ ਰਿਹਾ ਹੈ। ਇਸ ਨੂੰ ਦੇਖਦਿਆਂ ਹੀ ਕੇਂਦਰ ਨੇ ਟਾਸਕ ਫੋਰਸ ਬਣਾਈ ਹੈ। ਇਹ ਟਾਸਕ ਫੋਰਸ ਇਸ ਪਾਣੀ ਨੂੰ ਭਾਰਤ ਵਿਚ ਇਸਤੇਮਾਲ ਕਰਨ ‘ਤੇ ਕੰਮ ਕਰ ਰਹੀ ਹੈ। ਅਸੀਂ ਹਿੰਦੁਸਤਾਨ ਦੇ ਹੱਕ ਦਾ ਪਾਣੀ ਲੈ ਕੇ ਜੰਮੂ-ਕਸ਼ਮੀਰ ਤੇ ਪੰਜਾਬ ਦੇ ਕਿਸਾਨਾਂ ਨੂੰ ਦੇਵਾਂਗੇ। ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ, ਪਰ ਕਿਸਾਨਾਂ ਨੂੰ ਪਾਣੀ ਦੇਣ ਦੇ ਮੁੱਦੇ ‘ਤੇ ਕਿਸੇ ਨੇ ਕੰਮ ਨਹੀਂ ਕੀਤਾ। ਪਾਣੀ ਦੇ ਮਸਲੇ ਮਿਲ ਕੇ ਹੱਲ ਹੋ ਸਕਦੇ ਹਨ।” ਇਸ ਤੋਂ ਪਹਿਲਾਂ ਮੰਚ ਤੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਐਸ.ਵਾਈ.ਐਲ. ‘ਤੇ ਦੋਗਲੀ ਸਿਆਸਤ ਕਰ ਰਹੀਆਂ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਤੋਂ ਇਕ ਬੂੰਦ ਪਾਣੀ ਵੀ ਬਾਹਰ ਨਹੀਂ ਜਾਣ ਦਿਆਂਗੇ। ਇਸ ਤੋਂ ਬਾਅਦ ਮੋਦੀ ਦਾ ਭਾਸ਼ਣ ਹੋਇਆ।

ਬਾਦਲ ਦੀ ਸਿਰਫ਼ ਇਕ ਮੰਗ…
ਪਰਾਲੀ ਖ਼ਰੀਦੇ ਕੇਂਦਰ, ਕਿਸਾਨਾਂ ਦੀ ਆਮਦਨ ਵਧੇਗੀ
ਬਾਦਲ ਨੇ ਕੇਂਦਰ ਤੋਂ ਸਿਰਫ਼ ਇਕ ਮੰਗ ਕੀਤੀ। ਕਿਹਾ, ”ਪੰਜਾਬ ਦੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਉਨ੍ਹਾਂ ਦੀ ਫ਼ਸਲ ਦੇ ਝਾੜ ਤੇ ਪਰਾਲੀ ਨੂੰ ਕੇਂਦਰ ਸਰਕਾਰ ਖ਼ਰੀਦਣ ਦਾ ਪ੍ਰਬੰਧ ਕਰੇ। ਜੇਕਰ ਕੇਂਦਰ ਸਰਕਾਰ ਅਜਿਹਾ ਕਰਦੀ ਹੈ ਤਾਂ ਪਰਾਲੀ ਸਾੜਨ ਕਾਰਨ ਹੋਣ ਵਾਲੇ ਪ੍ਰਦੂਸ਼ਣ ਤੋਂ ਵੀ ਲੋਕਾਂ ਨੂੰ ਨਿਜਾਤ ਮਿਲੇਗੀ।
ਮੋਦੀ ਦਾ ਟਕੇ ਦਾ ਜਵਾਬ…
ਪਰਾਲੀ ਖੇਤਾਂ ਵਿਚ ਹੀ ਪਾਓ, ਜ਼ਮੀਨ ਨੂੰ ਖ਼ੁਰਾਕ ਮਿਲੇਗੀ
ਮੋਦੀ ਨੇ ਕਿਹਾ, ”ਜ਼ਮੀਨ ਦੇ ਪਾਣੀ ਲਈ ਤਾਂ ਅਸੀਂ ਲੜਦੇ ਹਾਂ, ਪਰ ਉਸੇ ਜ਼ਮੀਨ ਨੂੰ ਖ਼ੁਰਾਕ ਵੀ ਚਾਹੀਦੀ ਹੈ। ਇਸ ਨੂੰ ਅਸੀਂ ਨਜ਼ਰਅੰਦਾਜ਼ ਕਿਉਂ ਕਰ ਰਹੇ ਹਾਂ। ਪਰਾਲੀ ਨੂੰ ਮਸ਼ੀਨ ਵਿਚ ਘੁਮਾ ਕੇ ਖੇਤਾਂ ਵਿਚ ਪਾ ਦਿਓ ਤਾਂ ਮਿੱਟੀ ਦੀ ਖ਼ੁਰਾਕ ਮਿਲੇਗੀ। ਇਸ ਨੂੰ ਸਾੜੋ ਨਾ। ਇਹ ਅਰਬਾਂ-ਖ਼ਰਬਾਂ ਦੀ ਸੰਪਤੀ ਹੈ।
ਕੈਪਟਨ ਬੋਲੇ-ਮੋਦੀ ਪਾਕਿ ਨਾਲ ਲੜਾਈ ਦੇ ਬਹਾਨੇ ਲਭਦੇ ਰਹਿੰਦੇ ਹਨ, ਤਾਂ ਕਿ ਦੇਸ਼ ਦਾ ਧਿਆਨ ਅਸਲ ਮੁੱਦਿਆਂ ‘ਤੇ ਨਾ ਜਾਵੇ। ਜਦਕਿ ਉਨ੍ਹਾਂ ਇਥੇ ਆ ਕੇ ਐਸ.ਵਾਈ.ਐਲ. ਰਾਹੀਂ ਪੰਜਾਬ ਨਾਲ ਹੋ ਰਹੇ ਅਨਿਆਂ ‘ਤੇ ਗੱਲ ਕਰਨੀ ਚਾਹੀਦੀ ਸੀ।

ਮਾਹਰਾਂ ਦਾ ਨਜ਼ਰੀਆ…ਮੋਦੀ ਦੀਆਂ ਦੋਵੇਂ ਗੱਲਾਂ ਕਿੰਨੀਆਂ ਗ਼ੈਰ-ਤਜਰਬੇਕਾਰ!
ਕਿੰਨੀ ਗੈਰ ਤਜਰਬੇਕਾਰ ਗੱਲ…
ਪੰਜਾਬ ਸਿੰਜਾਈ ਵਿਭਾਗ ਦੇ ਸਾਬਕਾ ਚੀਫ਼ ਇੰਜਨੀਅਰ ਅਤੇ ਜਲ ਮਾਹਰ ਏ.ਐਸ. ਦੁਲਟ ਦਾ ਕਹਿਣਾ ਹੈ, ”ਪ੍ਰੈਕਟੀਕਲੀ ਇਹ ਸੰਭਵ ਨਹੀਂ ਹੈ। ਇਹ ਹੋ ਵੀ ਜਾਵੇ ਤਾਂ ਪਾਕਿਸਤਾਨ ਇਸ ਮੁੱਦੇ ਨੂੰ ਕੌਮਾਂਤਰੀ ਅਦਾਲਤ ਸੰਧੀ ਵਿਚ ਲੈ ਕੇ ਜਾਵੇਗਾ। ਪਹਿਲਾਂ ਵੀ ਭਾਰਤ ਨੇ ਜਿਹਲਮ ‘ਤੇ ਪਾਵਰ ਜੈਨਰੇਸ਼ਨ ਲਈ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਪਾਕਿਸਤਾਨ ਨੇ ਵਿਰੋਧ ਕੀਤਾ ਤੇ ਇਸ ਲਈ ਮਨਜ਼ੂਰੀ ਨਹੀਂ ਮਿਲੀ ਸੀ।
ਪਾਕਿਸਤਾਨ ਜਾ ਰਹੇ ਪਾਣੀ ‘ਤੇ…
ਕੋਸ਼ਿਸ਼ 1947 ਵਿਚ ਵੀ ਹੋਈ, ਫਿਰ ਸੰਧੀ ਕਰਨੀ ਪਈ, ਮੰਨ ਲਓ ਅਜਿਹਾ ਹੋ ਵੀ ਜਾਵੇ ਤਾਂ ਪਾਣੀ ਆਉਣ ਵਿਚ 20-25 ਸਾਲ ਲੱਗਣਗੇ।
50 ਸਾਲ ਤੋਂ ਪਾਣੀ ਦੇ ਮਾਮਲਿਆਂ ‘ਤੇ ਕੰਮ ਕਰ ਰਹੇ ਪ੍ਰੀਤਮ ਸਿੰਘ ਕੁਮੇਦਾਨ ਨੇ ਕਿਹਾ, ”ਪਾਕਿਸਤਾਨ ਜਾ ਰਿਹਾ ਪਾਣੀ ਸੰਧੀ ਰੱਦ ਕਰਕੇ ਹੀ ਰੋਕਿਆ ਜਾ ਸਕਦਾ ਹੈ। ਪਰ ਇਹ ਸੰਭਵ ਨਹੀਂ। 1947 ਵਿਚ ਵੀ ਚਨਾਬ ਦਾ ਪਾਣੀ ਮੋਹੜ ਤੋਂ ਸੁਰੰਗ ਬਣਾ ਕੇ ਰਾਵੀ ਵਿਚ ਪਾਉਣ ਦੀ ਕੋਸ਼ਿਸ਼ ਹੋਈ ਸੀ। ਉਦੋਂ ਮਾਮਲਾ ਕੌਮਾਂਤਰੀ ਪੱਧਰ ‘ਤੇ ਉਠਿਆ ਤੇ 1960 ਵਿਚ ਭਾਰਤੀ ਜਲ ਸੰਧੀ ਹੋਈ।” ਜਲ ਮਾਹਰ ਕਿਰਪਾਲ ਸਿੰਘ ਦਰਦੀ ਨੇ ਕਿਹਾ, ”ਸੰਧੀ ਅਨੁਸਾਰ ਨਦੀਆਂ ਦੇ ਰਸਤੇ ਬਦਲੇ ਨਹੀਂ ਜਾ ਸਕਦੇ। ਜੇਕਰ ਭਾਰਤ ਅਜਿਹਾ ਕਰੇ ਵੀ ਤਾਂ ਪਾਣੀ ਪੰਜਾਬ ਵਿਚ ਪਹੁੰਚਣ ਵਿਚ 20-25 ਸਾਲ ਲੱਗ ਜਾਣਗੇ। ਸਿੰਧੂ ਨੂੰ ਪਹਿਲਾਂ ਜਿਹਲਮ, ਫਿਰ ਜਿਹਲਮ ਨੂੰ ਚਨਾਬ ਤੇ ਚਨਾਬ ਨੂੰ ਰਾਵੀ ਤੇ ਹੋਰਨਾਂ ਨਦੀਆਂ ਨਾਲ ਜੋੜਨਾ ਪਏਗਾ। ਖ਼ਰਬਾਂ ਰੁਪਏ ਖ਼ਰਚ ਹੋਣਗੇ।
ਪਰਾਲੀ ਜ਼ਮੀਨ ਵਿਚ ਹੀ ਪਾਉਣ ਨਾਲ…
ਅਜਿਹਾ ਕਰਾਂਗੇ ਤਾਂ 4000 ਏਕੜ ਖ਼ਰਚ ਵਧੇਗਾ, ਸਰਕਾਰ ਇਨਸੈਂਟਿਵ ਦੇਵੇ ਤਾਂ ਠੀਕ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟਰ ਰਕੇਸ਼ ਕੁਮਾਰ ਗੁੰਬਰ, ਬਠਿੰਡਾ ਦੇ ਖੇਤੀਬਾੜੀ ਅਫ਼ਸਰ ਨਛੱਤਰ ਸਿੰਘ ਤੇ ਹੋਰਨਾਂ ਮਾਹਰਾਂ ਨੇ ਕਿਹਾ-”ਪਰਾਲੀ ਦੀ ਵਰਤੋਂ ਦੀ ਤਕਨੀਕ ਉਪਲਬਧ ਹੈ। ਇਸ ਨਾਲ ਜ਼ਮੀਨ ਦੀ ਉਪਜਾਉ ਸ਼ਕਤੀ ਵਧਦੀ ਹੈ। ਮਿੱਤਰ ਕੀਟ ਬਚੇ ਰਹਿੰਦੇ ਹਨ। ਦੂਸਰੇ ਕੀਟਾਂ ਦੇ ਹਮਲੇ ਤੋਂ ਬਚਾਅ ਰਹਿੰਦਾ ਹੈ। ਪਰ ਛੋਟੇ ਕਿਸਾਨ ਇਸ ਤਕਨੀਕ ਦਾ ਇਸਤੇਮਾਲ ਨਹੀਂ ਕਰ ਪਾ ਰਹੇ। ਇਸ ਲਈ ਚਾਰ ਹਜ਼ਾਰ ਰੁਪਏ ਪ੍ਰਤੀ ਏਕੜ ਖ਼ਰਚ ਕਰਨੇ ਪੈਣਗੇ। ਸਰਕਾਰ ਮਦਦ ਕਰੇ ਤਾਂ ਕਿਸਾਨ ਇਸ ਨੂੰ ਅਪਣਾ ਸਕਦਾ ਹੈ।

ਮੋਦੀ ਦੇ ਭਾਸ਼ਣ ਦੌਰਾਨ ਨੋਟਬੰਦੀ ‘ਤੇ ਉਠੀ ਆਵਾਜ਼ ਇੰਜ ਦਬਾਈ
ਬਜ਼ੁਰਗ ਔਰਤ ਨੂੰ ਸਿਰ ‘ਤੇ ਲਾਠੀ ਮਾਰੀ, ਫੇਰ ਕੁੱਟਿਆ ਤੇ ਘੜੀਸ ਕੇ ਪੰਡਾਲ ਤੋਂ ਬਾਹਰ ਕੱਢਿਆ…
ਬਠਿੰਡਾ : ਏਮਜ਼ ਦਾ ਨੀਂਹ ਪੱਥਰ ਰੱਖਣ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਸ਼ਣ ਦਿੰਦੇ ਹੋਏ ਜਦੋਂ ਨੋਟਬੰਦੀ ‘ਤੇ ਬੋਲਣ ਲੱਗੇ ਤਾਂ ਇਕ ਬਜ਼ੁਰਗ ਔਰਤ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲ ਸਕਦੀ, ਪੁਲੀਸਵਾਲੇ ਉਸ ‘ਤੇ ਟੁੱਟ ਪਏ ਤੇ ਮੂੰਹ ਬੰਦ ਕਰਕੇ ਕੁੱਟਣ ਲੱਗੇ। ਸਿਰ ‘ਤੇ ਸੋਟੀ ਮਾਰੀ, ਖੂਨ ਵਹਿਣ ਲੱਗਾ। ਇਸ ਘਟਨਾਕ੍ਰਮ ਨੂੰ ਮੋਦੀ ਨਾ ਦੇਖ ਸਕਣ, ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ‘ਪੰਜਾਬ ਸਰਕਾਰ ਜ਼ਿੰਦਾਬਾਦ’ ਦੇ ਬੈਨਰ ਅੱਗੇ ਤਾਣ ਦਿੱਤੇ ਤੇ ਪੁਲੀਸ ਔਰਤ ਨੂੰ ਘੜੀਸਦੇ ਹੋਏ ਲੈ ਗਈ। ਬਾਅਦ ਵਿਚ ਪਤਾ ਚੱਲਿਆ ਕਿ ਔਰਤ ਦਾ ਨਾਮ ਬਲਵਿੰਦਰ ਕੌਰ ਹੈ। ਬਲਵਿੰਦਰ ਨੇ ਪਰਲ ਗਰੁੱਪ ਵਿਚ ਪੈਸੇ ਨਿਵੇਸ਼ ਕੀਤੇ ਸਨ। ਇਸ ਗਰੁੱਪ ‘ਤੇ 6 ਕਰੋੜ ਲੋਕਾਂ ਦੇ 49 ਹਜ਼ਾਰ ਕਰੋੜ ਰੁਪਏ ਹੜੱਪਣ ਦਾ ਦੋਸ਼ ਹੈ। ਪਰਲ ਗਰੁੱਪ ਹੀ ਸੁਖਬੀਰ ਬਾਦਲ ਦੇ ਡਰੀਮ ਪ੍ਰੋਜੈਕਟ ਕਬੱਡੀ ਵਰਲਡ ਕੱਪ ਨੂੰ ਪੰਜ ਸਾਲ ਤਕ ਫਡਿੰਗ ਕਰਦਾ ਰਿਹਾ ਹੈ।
ਭਾਸ਼ਣ ਲਈ 35 ਮਿੰਟ ਤੈਅ ਸਨ, ਪਰ ਮੋਦੀ ਆਪਣੀ ਆਦਤ ਦੇ ਉਲਟ 23 ਮਿੰਟ ਹੀ ਬੋਲੇ…।

ਬਾਦਲ ਵਿਰੋਧੀਆਂ ‘ਤੇ ਵਰ੍ਹਦੇ ਰਹੇ, ਮੋਦੀ ਨੇ ਨਾਂ ਤਕ ਨਹੀਂ ਲਿਆ
ਪਾਕਿ ਨੂੰ ਵੀ ਨਸੀਹਤ, ਲੜਨਾ ਹੈ ਤਾਂ ਕਾਲੇ ਧਨ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਲੜੇ
ਬਠਿੰਡਾ/ਬਿਊਰੋ ਨਿਊਜ਼ :
ਚੋਣ ਮਾਹੌਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿਚ ਸਨ। ਬਠਿੰਡਾ ਵਿਚ ਏਮਜ਼ ਦਾ ਨੀਂਹ ਪੱਥਰ ਰੱਖਣ ਅਤੇ ਆਨੰਦਪੁਰ ਸਾਹਿਬ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਵਿਚ ਜਿੱਥੇ ਬਾਕੀ ਨੇਤਾ ਕਾਂਗਰਸ ਤੇ ਆਮ ਆਦਮੀ ਪਾਰਟੀ ‘ਤੇ ਹਮਲੇ ਬੋਲਦੇ ਰਹੇ, ਉਥੇ ਮੋਦੀ ਨੇ ਉਨ੍ਹਾਂ ਦਾ ਨਾਂ ਤਕ ਨਹੀਂ ਲਿਆ। ਉਹ ਧਰਮ ਤੇ ਵਿਕਾਸ ਦੀ ਗੱਲ ਕਰਦੇ ਰਹੇ।
ਮੋਦੀ ਨੇ ਬਠਿੰਡਾ ਵਿਚ 177 ਏਕੜ ਵਿਚ 925 ਕਰੋੜ ਨਾਲ ਬਣਨ ਵਾਲੇ ਏਮਜ਼ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਨੋਟਬੰਦੀ ‘ਤੇ ਗੱਲ ਕਰਦਿਆਂ ਕਿਹਾ, ”ਦੇਸ਼ ਵਿਚ ਕਾਲੇ ਧਨ ਨੇ ਮੱਧ ਵਰਗ ਨੂੰ ਕਮਜ਼ੋਰ ਤੇ ਗ਼ਰੀਬਾਂ ਨੂੰ ਹੱਕ ਤੋਂ ਵਾਂਝੇ ਕਰ ਦਿੱਤਾ ਹੈ। ਅਜਿਹੇ ਹਾਲਾਤ ਵਿਚੋਂ ਉਨ੍ਹਾਂ ਨੂੰ ਕੱਢਣ ਲਈ ਹੀ ਨੋਟਬੰਦੀ ਕੀਤੀ ਗਈ ਹੈ। ਇਸ ਸੁਧਾਰ ਵਿਚ ਜਿਨ੍ਹਾਂ ਦੇਸ਼ ਵਾਸੀਆਂ ਨੂੰ ਤਕਲੀਫ਼ ਝਲਣੀ ਪਈ, ਉਨ੍ਹਾਂ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ।”
ਉਨ੍ਹਾਂ ਕਿਹਾ ਕਿ ਮੋਬਾਈਲ ਵਿਚ ਐਪ ਡਾਊਨਲੋਡ ਕਰ ਕੇ ਬੈਂਕ ਬਣਾਉਣਾ ਚਾਹੀਦਾ ਹੈ ਤੇ ਆਪਣੀ ਹਰ ਅਦਾਇਗੀ ਉਸੇ ਨਾਲ ਕਰੋ। ਇਸ ਨਾਲ ਕਾਲਾ ਧਨ ਰੁਕੇਗਾ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨੋਟਬੰਦੀ ਦਾ ਸਮਰਥਨ ਕਰਦਿਆਂ ਕਿਹਾ, ”ਇਸ ਨਾਲ ਭ੍ਰਿਸ਼ਟਾਚਾਰ ‘ਤੇ ਰੋਕ ਲੱਗੇਗੀ। ਉਹ ਮੋਦੀ ਦੇ ਹਰ ਕੰਮ ਵਿਚ ਉਨ੍ਹਾਂ ਦੇ ਨਾਲ ਹਨ, ਬੱਸ ਉਹ ਸਾਨੂੰ ਥਾਪੀ ਦਿੰਦੇ ਰਹਿਣ।” ਉਧਰ ਕੇਂਦਰ ਵਲੋਂ ਪੰਜਾਬ ਨੂੰ ਦਿੱਤੀ ਜਾ ਰਹੀ ਮਦਦ ‘ਤੇ ਬੋਲੇ, ”ਬਿਨਾਂ ਮੰਗੇ ਮੋਤੀ ਮਿਲੇ, ਮੰਗੇ ਮਿਲੇ ਨਾ ਭੀਖ।” ਮੋਦੀ ਨੇ ਕਿਹਾ, ”ਮੈਂ ਅੱਜ ਪਾਕਿਸਤਾਨ ਦੇ ਗਵਾਂਢ ਵਿਚ ਖੜ੍ਹਾ ਹਾਂ ਤੇ ਪਾਕਿਸਤਾਨੀ ਆਵਾਮ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਪੇਸ਼ਾਵਰ ਵਿਚ ਬੱਚਿਆਂ ਨੂੰ ਮਾਰ ਦਿੱਤਾ ਜਾਂਦਾ ਹੈ ਤਾਂ ਸਵਾ ਸੌ ਕਰੋੜ ਭਾਰਤੀਆਂ ਦੀਆਂ ਅੱਖਾਂ ਵਿਚ ਹੰਝੂ ਹੁੰਦੇ ਹਨ। ਪਾਕਿਸਤਾਨ ਦੀ ਆਵਾਮ ਆਪਣੇ ਹੁਕਮਰਾਨਾਂ ਤੋਂ ਜਵਾਬ ਮੰਗੇ। ਲੜਨਾ ਹੈ ਤਾਂ ਭ੍ਰਿਸ਼ਟਾਚਾਰ ਨਾਲ ਲੜੇ, ਕਾਲੇ ਧਨ ਖ਼ਿਲਾਫ਼ ਲੜੇ।

ਮਲੂਕਾ ਦੀ ਹੈੱਡਕਾਂਸਟੇਬਲ ਨਾਲ ਝੜਪ, ਗਾਲ੍ਹਾਂ ਕੱਢੀਆਂ :
ਬਠਿੰਡਾ ਸਮਾਗਮ ਵਿਚ ਪਹੁੰਚੇ ਪੇਂਡੂ ਵਿਕਾਸ ਮੰਤਰੀ ਸਿਕੰਦਰ ਸਿਘ ਮਲੂਕਾ ਦੀ ਵੀ.ਆਈ.ਪੀ. ਗੇਟ ‘ਤੇ ਤੈਨਾਤ ਮੋਗਾ ਪੁਲੀਸ ਦੇ ਹੈੱਡਕਾਂਸਟੇਬਲ ਕਮਲਜੀਤ ਸਿੰਘ ਨਾਲ ਝੜਪ ਹੋ ਗਈ। ਕਾਂਸਟੇਬਲ ਨੇ ਕਿਹਾ, ”ਮਲੂਕਾ ਦੀ ਗੱਡੀ ਨੋ ਐਂਟਰੀ ਜੋਨ ਵਿਚ ਜਾ ਰਹੀ ਸੀ। ਜਦੋਂ ਉਨ੍ਹਾਂ ਨੇ ਰੋਕਣਾ ਚਾਹਿਆ ਤਾਂ ਗੱਡੀ ਵਿਚ ਮੌਜੂਦ ਮੰਤਰੀ ਨੇ ਉਸ ਨੂੰ ਗਾਲ੍ਹਾਂ ਕੱਢੀਆਂ। ਉਨ੍ਹਾਂ ਦੇ ਸਮਰਥਕਾਂ ਨੇ ਹੱਥੋ-ਪਾਈ ਕੀਤੀ ਤੇ ਉਸ ਦੀ ਬੈਲਟ ਫੜ ਕੇ ਧੱਕੇ ਮਾਰੇ। ਮੌਕੇ ‘ਤੇ ਲੋਕਾਂ ਦੇ ਜਮ੍ਹਾ ਹੋਣ ਤੇ ਹੋਰਨਾਂ ਪੁਲੀਸ ਵਾਲਿਆਂ ਦੇ ਆਉਣ ਨਾਲ ਮਲੂਕਾ ਦੇ ਡਰਾਈਵਰ ਨੂੰ ਗੱਡੀ ਵਾਪਸ ਲਿਜਾਣੀ ਪਈ। ਉਧਰ ਮਲੂਕਾ ਨੇ ਕਿਹਾ, ”ਉਨ੍ਹਾਂ ਦਾ ਕਿਸੇ ਪੁਲੀਸਵਾਲੇ ਨਾਲ ਝਗੜਾ ਨਹੀਂ ਹੋਇਆ ਤੇ ਨਾ ਹੀ ਉਨ੍ਹਾਂ ਨੇ ਕਿਸੇ ਨੂੰ ਗਾਲ੍ਹਾਂ ਕੱਢੀਆਂ ਹਨ।” ਸਮਾਗਮ ਖ਼ਤਮ ਹੋਣ ਮਗਰੋਂ ਹੈੱਡਕਾਂਸਟੇਬਲ ਨੂੰ ਅਧਿਕਾਰੀਆਂ ਵਲੋਂ ਪੁਛਗਿਛ ਲਈ ਸੱਦਿਆ ਗਿਆ।

350 ਸਾਲਾ ਸਮਾਗਮ ਲਈ ਸੰਗਤ ਨੂੰ ਮਿਲੇਗੀ ਵਿਸ਼ੇਸ਼ ਟਰੇਨ :
ਆਨੰਦਪੁਰ ਸਾਹਿਬ  : ”ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬੀਰਤਾ ਤੇ ਦ੍ਰਿੜ੍ਹਤਾ ਦਾ ਸੰਦੇਸ਼ ਦਿੱਤਾ ਹੈ। ਅਸੀਂ ਇਸ ਸੰਦੇਸ਼ ਨੂੰ ਸੰਸਾਰ ਦੇ ਲੋਕਾਂ ਤੱਕ ਪਹੰਚਾਉਣ ਲਈ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਉਨ੍ਹਾਂ ਦੇ 350ਵੇਂ ਪ੍ਰਕਾਸ਼ ਦਿਹਾੜੇ ਮੌਕੇ ਇਕ ਲਾਮਿਸਾਲ ਧਾਰਮਿਕ ਸਮਾਗਮ ਕਰਾ ਰਹੇ ਹਾਂ ਤਾਂ ਕਿ ਉਨ੍ਹਾਂ ਵਲੋਂ ਸਾਰੇ ਪਰਿਵਾਰ ਦੀ ਦਿੱਤੀ ਕੁਰਬਾਨੀ ਨੂੰ ਸਾਰੇ ਲੋਕ ਜਾਣ ਸਕਣ।” ਇਹ ਪ੍ਰਗਟਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦਸਮ ਪਾਤਸ਼ਾਹ ਨੂੰ ਆਪਣੇ ਅਕੀਦਤ ਦੇ ਫੁੱਲ ਭੇਟ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ, ”ਸਿੱਖ ਕੌਮ ਨਾਲ ਮੇਰਾ ਖੂਨ ਦਾ ਰਿਸ਼ਤਾ ਹੈ ਕਿਉਂਕਿ ਜਦੋਂ ਦਸਮ ਪਾਤਸ਼ਾਹ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ ਤਾਂ ਪੰਜ ਪਿਆਰਿਆਂ ਵਿਚੋਂ ਇਕ ਪਿਆਰਾ ਗੁਜਰਾਤ ਜੋ ਕਿ ਮੇਰੀ ਧਰਤੀ ਹੈ, ਉਥੋਂ ਦੇ ਇਕ ਸ਼ਹਿਰ ਦੁਆਰਕਾ ਦਾ ਵਾਸੀ ਸੀ।” ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਸੀ ਸਦਭਾਵਨਾ, ਤਿਆਗ, ਜਾਤ-ਪਾਤ ਦੇ ਵਿਰੁੱਧ, ਸੇਵਾ ਮਹਾਨ ਕੁਰਬਾਨੀ ਦੇ ਪ੍ਰਤੀਕ ਸਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਸੰਦੇਸ਼ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਦੇ ਮਕਸਦ ਨਾਲ ਭਾਰਤ ਸਰਕਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਮੁੱਚੇ ਭਾਰਤ ਵਿਚ ਪੂਰੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਅਤੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਕਰਵਾਏ ਜਾ ਰਹੇ ਰਾਸ਼ਟਰੀ ਪੱਧਰ ਦੇ ਸਮਾਗਮਾਂ ਮੌਕੇ ਦੇਸ਼ ਦੇ ਕੋਨੇ-ਕੋਨੇ ਤੋਂ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੇ ਭਾਸ਼ਣ ਤੋਂ ਪਹਿਲਾਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਨਰਿੰਦਰ ਮੋਦੀ ਨੂੰ ਸਿਰੋਪਾਓ ਦੁਸ਼ਾਲਾ ਤੇ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਭੇਟ ਕਰਕੇ ਸਨਮਾਨਿਤ ਕੀਤਾ। ਮੁੱਖ ਮੰਤਰੀ ਸ. ਬਾਦਲ ਨੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਕੁਰਬਾਨੀ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਹਾਦਤ ਉਨ੍ਹਾਂ ਤਾਕਤਾਂ ਵਿਰੁੱਧ ਸੀ ਜਿਹੜੇ ਜਬਰੀ ਲੋਕਾਂ ਦੇ ਧਰਮ ਨੂੰ ਬਦਲਵਾ ਕੇ ਆਪਣੇ ਧਰਮ ਵਿਚ ਸ਼ਾਮਲ ਕਰਾਉਂਦੇ ਸਨ, ਦਸਮ ਪਾਤਸ਼ਾਹ ਨੇ ਇਸ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਤੇ ਆਪਣੇ ਸ਼ਰਧਾਲੂਆਂ ਨੂੰ ਕਿਹਾ ਕਿ ਨਾ ਤਾਂ ਜ਼ੁਲਮ ਕਰਨਾ ਚਾਹੀਦਾ ਹੈ ਤੇ ਨਾ ਹੀ ਸਹਿਣਾ ਚਾਹੀਦਾ ਹੈ। ਇਸ ਮੌਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਬਹੁਤ ਸਾਰੀਆਂ ਯਾਦਾਂ ਸਥਾਪਤ ਕਰਕੇ ਵਿਰਸੇ ਨਾਲ ਜੋੜਿਆ ਹੈ। ਵਿਰਾਸਤ-ਏ-ਖਾਲਸਾ ਦੇ ਦੂਜੇ ਫੇਸ ਨੂੰ ਸੰਗਤ ਦੇ ਸਮਰਪਿਤ ਕੀਤਾ ਗਿਆ ਹੈ ਤਾਂ ਕਿ ਅਸੀਂ ਆਪਣੇ ਅਮੀਰ ਵਿਰਸੇ ਨਾਲ ਨੌਜਵਾਨੀ ਨੂੰ ਜੋੜੀ ਰੱਖੀਏ। ਇਸ ਮੌਕੇ ਕੇਂਦਰ ਦੇ ਰਾਜ ਮੰਤਰੀ ਤੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਕਿਹਾ ਕਿ ਦਸਮ ਪਾਤਸ਼ਾਹ ਦੇ ਅਸੂਲਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਲਿਜਾਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪ੍ਰਧਾਨ ਮੰਤਰੀ ਨੂੰ ਇਸ ਪਵਿੱਤਰ ਅਸਥਾਨ ‘ਤੇ ਆਉਣ ਨੂੰ ਇਕ ਪ੍ਰਸੰਸਾਯੋਗ ਉਪਰਾਲਾ ਦੱਸਿਆ। ਉਨ੍ਹਾਂ ਨੇ ਇਸ ਮੌਕੇ ਆਈਆਂ ਸਾਰੀਆਂ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨੇ ਨਿਭਾਇਆ।