ਸਿੱਧੂ ਦੀ ‘ਆਵਾਜ਼-ਏ-ਪੰਜਾਬ’ ਦੀ ਨਿਕਲੀ ਫੂਕ

ਸਿੱਧੂ ਦੀ ‘ਆਵਾਜ਼-ਏ-ਪੰਜਾਬ’ ਦੀ  ਨਿਕਲੀ ਫੂਕ

ਬੈਂਸ ਭਰਾ ਹੋਏ ‘ਆਪ’ ਵਿਚ ਸ਼ਾਮਲ, ਪਰਗਟ ਤੇ ਸਿੱਧੂ ਜਾ ਸਕਦੇ ਹਨ ਕਾਂਗਰਸ ਵਿਚ
ਜਲੰਧਰ/ਬਿਊਰੋ ਨਿਊਜ਼ :
ਪੰਜਾਬ ਵਿਚ ਅਚਾਨਕ ਬੁਲੰਦ ਹੋਈ ਨਵਜੋਤ ਸਿੰਘ ਸਿੱਧੂ ਦੀ ‘ਆਵਾਜ਼-ਏ-ਪੰਜਾਬ’ 73 ਦਿਨਾਂ ਵਿਚ ਹੀ ਦੱਬ ਗਈ। ਇਸ ਮੋਰਚੇ ਦੇ ਦੋ ਅਹਿਮ ਨੇਤਾਵਾਂ ਬਲਵਿੰਦਰ ਬੈਂਸ ਅਤੇ ਸਿਰਮਜੀਤ ਬੈਂਸ ਨੇ ਸਿੱਧੂ ਨੂੰ ਛੱਡ ਕੇ ਆਮ ਆਦਮੀ ਪਾਰਟੀ ਨਾਲ ਗਠਜੋੜ ਕਰ ਲਿਆ ਹੈ। ਇਸ ਗਠਜੋੜ ਤਹਿਤ ਬੈਂਸ ਭਰਾ ਆਪਣੀ ਲੋਕ ਇਨਸਾਫ ਪਾਰਟੀ ਦੇ ਬੈਨਰ ਹੇਠ ਚੋਣ ਮੈਦਾਨ ਵਿਚ ਉਤਰਨਗੇ ਤੇ ਉਨ੍ਹਾਂ ਵਲੋਂ ਆਪਣੀ ਪਾਰਟੀ ਲਈ 6 ਸੀਟਾਂ ਦੀ ਮੰਗ ਰੱਖੀ ਗਈ ਹੈ, ਜਿਸ ‘ਤੇ ਆਮ ਆਦਮੀ ਪਾਰਟੀ ਵੱਲੋਂ ਲਗਭਗ ਸਹਿਮਤੀ ਦੇ ਦਿੱਤੀ ਗਈ ਹੈ। ਇਸ ਸਬੰਧੀ ਫੈਸਲਾ ਬੈਂਸ ਭਰਾਵਾਂ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਚੰਡੀਗੜ੍ਹ ਵਿਚ ਹੋਈ ਮੀਟਿੰਗ ਤੋਂ ਬਾਅਦ ਲਿਆ ਦੱਸਿਆ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਲਈ 6 ਸੀਟਾਂ ਛੱਡਣ ਲਈ ਸਹਿਮਤ ਹੋ ਗਈ ਹੈ, ਜਿਸ ਤਹਿਤ 4 ਸੀਟਾਂ ਲੁਧਿਆਣਾ ਜ਼ਿਲ੍ਹੇ ਵਿਚ ਹਨ, ਜਦਕਿ ਦੋ ਸੀਟਾਂ ਜ਼ਿਲ੍ਹੇ ਤੋਂ ਬਾਹਰ ਦੇਣ ‘ਤੇ ਸਹਿਮਤੀ ਬਣੀ ਹੈ। ਉਧਰ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਵੀ ਇਕ-ਦੋ ਦਿਨਾਂ ਵਿਚ ਕਾਂਗਰਸ ਦਾ ਹੱਥ ਫੜ੍ਹ ਸਕਦੇ ਹਨ। ਬੈਂਸ ਭਰਾਵਾਂ ਦੇ ਵੱਖ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਕੋਲ ਕਾਂਗਰਸ ਹੀ ਇਕੋ-ਇਕ ਬਦਲ ਦੱਸਿਆ ਜਾ ਰਿਹਾ ਹੈ ਤੇ ਦੋਵਾਂ ਦੀ ਕਾਂਗਰਸ ਵਿਚ ਸ਼ਮੂਲੀਅਤ ਕਿਸੇ ਵੀ ਵੇਲੇ ਸੰਭਵ ਹੈ। ਦੋਵੇਂ ਦਿੱਲੀ ਵਿਚ ਕਾਂਗਰਸ ਦੇ ਉੱਚ ਆਗੂਆਂ ਦੇ ਸੰਪਰਕ ਵਿਚ ਦੱਸੇ ਜਾ ਰਹੇ ਹਨ ਤੇ ਇਹ ਵੀ ਪਤਾ ਲੱਗਾ ਹੈ ਕਿ ਕਾਂਗਰਸ ਜਿੱਥੇ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਹਲਕੇ ਤੋਂ ਲੋਕ ਸਭਾ ਚੋਣ ਲੜਾਉਣ ‘ਤੇ ਸਹਿਮਤ ਹੋ ਗਈ ਹੈ, ਉੱਥੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਤੇ ਪ੍ਰਗਟ ਸਿੰਘ ਨੂੰ ਉਨ੍ਹਾਂ ਦੇ ਪੁਰਾਣੇ ਹਲਕਿਆਂ ਤੋਂ ਤੇ ਉਨ੍ਹਾਂ ਦੇ 2-3 ਹੋਰ ਸਾਥੀਆਂ ਨੂੰ ਵੀ ਸੀਟਾਂ ਦੇਣ ਲਈ ਹਾਮੀ ਭਰ ਰਹੀ ਹੈ। ਹਾਲਾਂਕਿ ਕਾਂਗਰਸ ਵਲੋਂ ਪ੍ਰਗਟ ਸਿੰਘ ਨੂੰ ਜਲੰਧਰ ਛਾਉਣੀ ਦੀ ਬਜਾਏ, ਨਕੋਦਰ, ਸ਼ਾਹਕੋਟ ਤੇ ਨਵਾਂਸ਼ਹਿਰ ਹਲਕਿਆਂ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਦੱਸੀ ਜਾ ਰਹੀ ਹੈ, ਪਰ ਸ. ਪ੍ਰਗਟ ਸਿੰਘ ਆਪਣੇ ਪੁਰਾਣੇ ਹਲਕੇ ਜਲੰਧਰ ਛਾਉਣੀ ਤੋਂ ਹੀ ਮੁੜ ਕਿਸਮਤ ਅਜ਼ਮਾਉਣ ਲਈ ਅੜੇ ਹੋਏ ਹਨ।