ਮੁਲਾਜ਼ਮਾਂ, ਕਿਸਾਨਾਂ ਤੇ ਕਾਂਗਰਸੀਆਂ ਨੇ ਦਿਖਾਈਆਂ ਸੁਖਬੀਰ ਬਾਦਲ ਨੂੰ ਕਾਲੀਆਂ ਝੰਡੀਆਂ

ਮੁਲਾਜ਼ਮਾਂ, ਕਿਸਾਨਾਂ ਤੇ ਕਾਂਗਰਸੀਆਂ ਨੇ ਦਿਖਾਈਆਂ ਸੁਖਬੀਰ ਬਾਦਲ ਨੂੰ ਕਾਲੀਆਂ ਝੰਡੀਆਂ

ਕੈਪਸ਼ਨ-ਸੰਗਰੂਰ ਵਿੱਚ ਉਪ ਮੁੱਖ ਮੰਤਰੀ ਦੇ ਵਿਰੋਧ ਮੌਕੇ ਝੜਪ ਦੌਰਾਨ ਸੜਕ ‘ਤੇ ਡਿੱਗੀਆਂ ਆਂਗਨਵਾੜੀ ਵਰਕਰਾਂ ਤੇ ਮਹਿਲਾ ਪੁਲੀਸ ਮੁਲਾਜ਼ਮ।
ਸੰਗਰੂਰ/ਬਿਊਰੋ ਨਿਊਜ਼ :
ਇੱਥੇ ਬੱਸ ਸਟੈਂਡ ਦਾ ਉਦਘਾਟਨ ਕਰਨ ਪੁੱਜੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਆਂਗਨਵਾੜੀ ਵਰਕਰਾਂ, ਕਾਂਗਰਸੀ ਵਰਕਰਾਂ, ਮੈਡੀਕਲ ਪ੍ਰੈਕਟੀਸ਼ਨਰਾਂ ਤੇ ਕਿਸਾਨਾਂ-ਮਜ਼ਦੂਰਾਂ ਵੱਲੋਂ ਕਾਲੀਆਂ ਝੰਡੀਆਂ ਨਾਲ ਸ੍ਰੀ ਬਾਦਲ ਖ਼ਿਲਾਫ਼ ਮੁਜ਼ਾਹਰੇ ਕੀਤੇ ਗਏ। ਇਸ ਮੌਕੇ ਆਂਗਨਵਾੜੀ ਵਰਕਰਾਂ ਅਤੇ ਕਾਂਗਰਸੀ ਵਰਕਰਾਂ ਤੇ ਪੁਲੀਸ ਵਿਚਕਾਰ ਤਿੱਖੀਆਂ ਝੜਪਾਂ ਹੋਈਆਂ। ਆਂਗਨਵਾੜੀ ਵਰਕਰਾਂ ਪੁਲੀਸ ਰੋਕਾਂ ਦੇ ਬਾਵਜੂਦ ਬੱਸ ਸਟੈਂਡ ਦੇ ਗੇਟ ਤੱਕ ਪੁੱਜ ਗਈਆਂ। ਇਸ ਦੌਰਾਨ ਹੋਈਆਂ ਝੜਪਾਂ ਕਾਰਨ ਆਂਗਨਵਾੜੀ ਵਰਕਰਾਂ ਅਤੇ ਮਹਿਲਾ ਪੁਲੀਸ ਮੁਲਾਜ਼ਮ ਸੜਕ ‘ਤੇ ਡਿੱਗ ਪਈਆਂ।
ਜਾਣਕਾਰੀ ਅਨੁਸਾਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਆਮਦ ਮੌਕੇ ਆਂਗਨਵਾੜੀ ਵਰਕਰਾਂ ਮੰਗ ਪੱਤਰ ਸੌਂਪਣਾ ਚਾਹੁੰਦੀਆਂ ਸਨ ਪਰ ਪੁਲੀਸ ਵੱਲੋਂ ਇਜ਼ਾਜਤ ਨਾ ਮਿਲਣ ਕਾਰਨ ਉਹ ਭੜਕ ਗਈਆਂ। ਪੁਲੀਸ ਵੱਲੋਂ ਗਲੀ ਗਲੀ ਲਾਏ ਨਾਕਿਆਂ ਨੂੰ ਤੋੜਦਿਆਂ ਕਰੀਬ ਤਿੰਨ ਦਰਜਨ ਆਂਗਨਵਾੜੀ ਵਰਕਰਾਂ ਕਾਲੀਆਂ ਝੰਡੀਆਂ ਲੈ ਕੇ ਸ੍ਰੀ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕਰਦੀਆਂ ਬੱਸ ਸਟੈਂਡ ਨਜ਼ਦੀਕ ਪੁੱਜ ਗਈਆਂ। ਪ੍ਰਦਰਸ਼ਨਕਾਰੀ ਵਰਕਰਾਂ ਨੂੰ ਰੋਕਣ ਲਈ ਪੁਲੀਸ ਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪਈ। ਇਸ ਮੌਕੇ ਵਰਕਰਾਂ ਅਤੇ ਪੁਲੀਸ ਵਿਚਕਾਰ ਖਿੱਚ-ਧੂਹ ਹੋਈ, ਜਿਸ ਦੌਰਾਨ ਦੋ ਮਹਿਲਾ ਪੁਲੀਸ ਮੁਲਾਜ਼ਮ ਸੜਕ ‘ਤੇ ਡਿੱਗ ਪਈਆਂ। ਕਈ ਆਂਗਨਵਾੜੀ ਵਰਕਰਾਂ ਵੀ ਡਿੱਗ ਪਈਆਂ। ਉਨ੍ਹਾਂ ਦੀਆਂ ਚੁੰਨੀਆਂ ਲੱਥ ਗਈਆਂ ਤੇ ਵਾਲ ਖੁੱਲ੍ਹ ਗਏ। ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਗੁਰਮੇਲ ਕੌਰ ਵੀ ਝੜਪ ਦੌਰਾਨ ਹੇਠਾਂ ਡਿੱਗ ਪਈ। ਪੁਲੀਸ ਇਨ੍ਹਾਂ ਵਰਕਰਾਂ ਨੂੰ ਧੂਹ ਕੇ ਲੈ ਗਈ, ਜਿਸ ਤੋਂ ਬਾਅਦ ਜਬਰੀ ਬੱਸ ਵਿੱਚ ਚੜ੍ਹਾ ਦਿੱਤਾ ਗਿਆ। ਇਸ ਤੋਂ ਬਾਅਦ ਵਰਕਰਾਂ ਦਾ ਇੱਕ ਹੋਰ ਕਾਫ਼ਲਾ ਇੱਕ ਗਲੀ ਵਿਚੋਂ ਨਾਅਰੇ ਮਾਰਦਾ ਆਇਆ, ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲੀਸ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਗੁਰਮੇਲ ਕੌਰ ਬਿੰਜੋਕੀ ਨੇ ਕਿਹਾ ਕਿ ਆਂਗਨਵਾੜੀ ਵਰਕਰਾਂ ਨੂੰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ। ਉਹ ਸ੍ਰੀ ਬਾਦਲ ਨੂੰ ਮਿਲਣ ਆਈਆਂ ਸਨ ਪਰ ਪੁਲੀਸ ਨੇ ਵਰਕਰਾਂ ਨਾਲ ਗਲਤ ਵਿਹਾਰ ਕੀਤਾ ਹੈ।
ਇਸ ਮਗਰੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ ਦੀ ਅਗਵਾਈ ਹੇਠ ਕਾਂਗਰਸੀ ਵਰਕਰ ਸ੍ਰੀ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲਾਲ ਬੱਤੀ ਚੌਕ ਨੇੜੇ ਪੁੱਜ ਗਏ। ਪੁਲੀਸ ਨੇ ਕਾਂਗਰਸੀਆਂ ਨੂੰ ਬੱਸ ਸਟੈਂਡ ਨੇੜੇ ਪੁੱਜਣ ਤੋਂ ਪਹਿਲਾਂ ਹੀ ਰੋਕ ਲਿਆ। ਇਸ ਮੌਕੇ ਕਾਂਗਰਸੀ ਵਰਕਰਾਂ ਦੀ ਵੀ ਪੁਲੀਸ ਨਾਲ ਖਿੱਚ-ਧੂਹ ਹੋਈ। ਰੋਹ ਵਿੱਚ ਆਏ ਕਾਂਗਰਸੀ ਸੜਕ ‘ਤੇ ਲੰਮੇ ਪੈ ਗਏ, ਜਿਨ੍ਹਾਂ ਨੂੰ ਪੁਲੀਸ ਨੇ ਜਬਰੀ ਹਿਰਾਸਤ ਵਿੱਚ ਲੈ ਲਿਆ। ਇਸ ਮੌਕੇ ਸ੍ਰੀ ਰਾਜਾ ਨੇ ਕਿਹਾ ਕਿ ਉਹ ਪਾਣੀਆਂ ਦੇ ਮੁੱਦੇ ‘ਤੇ ਸ੍ਰੀ ਬਾਦਲ ਦਾ ਵਿਰੋਧ ਕਰਨ ਪੁੱਜੇ ਹਨ। ਇਸੇ ਦੌਰਾਨ ਅਨਵਰ ਭਸੌੜ ਦੀ ਅਗਵਾਈ ਹੇਠ ਮੈਡੀਕਲ ਪ੍ਰੈਕਟੀਸ਼ਨਰ ਵੀ ਨਾਅਰੇਬਾਜ਼ੀ ਕਰਦੇ ਹੋਏ ਬੱਸ ਸਟੈਂਡ ਵੱਲ ਵੱਧ ਰਹੇ ਸਨ ਕਿ ਪੁਲੀਸ ਨੇ ਰੋਕ ਲਿਆ। ਸ਼ਹਿਰ ਵਿੱਚ ਪੰਜਾਬ ਯੂਥ ਕਾਂਗਰਸ ਦੀ ਜਨਰਲ ਸਕੱਤਰ ਪੂਨਮ ਕਾਂਗੜਾ ਅਤੇ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਸ਼ਰਮਾ ਦੀ ਅਗਵਾਈ ਹੇਠ ਵੀ ਵੱਖ-ਵੱਖ ਥਾਈਂ ਮੁਜ਼ਾਹਰੇ ਹੋਏ, ਜਿਨ੍ਹਾਂ ਨੂੰ ਪੁਲੀਸ ਨੇ ਰਾਹ ਵਿੱਚ ਹੀ ਰੋਕ ਲਿਆ। ਹਿਰਾਸਤ ਵਿੱਚ ਲਈਆਂ ਕਰੀਬ 35 ਆਂਗਨਵਾੜੀ ਵਰਕਰਾਂ ਨੂੰ ਥਾਣਾ ਲੌਂਗੋਵਾਲ ਵਿੱਚ ਲਿਜਾ ਕੇ ਬੰਦ ਕਰ ਦਿੱਤਾ ਗਿਆ, ਜਦੋਂਕਿ 47 ਕਾਂਗਰਸੀ ਵਰਕਰਾਂ ਨੂੰ ਥਾਣਾ ਧੂਰੀ ਲਿਜਾਇਆ ਗਿਆ। ਸ਼ਾਮ ਨੂੰ ਹਿਰਾਸਤ ਵਿੱਚ ਲਏ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਛੱਡ ਦਿੱਤਾ ਗਿਆ। ਜ਼ਿਲ੍ਹਾ ਪੁਲੀਸ ਮੁਖੀ ਪ੍ਰਿਤਪਾਲ ਸਿੰਘ ਥਿੰਦ ਨੇ ਦੱਸਿਆ ਕਿ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਸੀ, ਜਿਨ੍ਹਾਂ ਨੂੰ ਛੱਡ ਦਿੱਤਾ ਹੈ।