ਜੇ.ਐਨ.ਯੂ. ਵਿਚ ਭਗਵੇਂ ‘ਤੇ ਕਿਉਂ ਹਾਵੀ ਹੈ ਲਾਲ ਝੰਡਾ?

ਜੇ.ਐਨ.ਯੂ. ਵਿਚ ਭਗਵੇਂ ‘ਤੇ ਕਿਉਂ ਹਾਵੀ ਹੈ ਲਾਲ ਝੰਡਾ?

 

ਨੋਟਬੰਦੀ-ਜੀ.ਐਸ.ਟੀ. ਦੇ ਮਾੜੇ ਅਸਰ, ਸਮਾਜ ਵਿਚ ਵਧਦੇ ਫਿਰਕੂ-ਭਾਈਚਾਰਕ ਵੰਡ, ਸ਼ੋਸ਼ਣ, ਅਪਰਾਧ, ਅਸਹਿਮਤ ਲੋਕਾਂ ਦੇ ਦਮਨ, ਸਿੱਖਿਆ ਖੇਤਰ ਵਿਚ ਮੱਚੀ ਬੇਹੱਦ ਅਰਾਜਕਤਾ ਤੇ ਸੀਟ-ਕਟੌਤੀ ਵਰਗੇ ਪਹਿਲੂ ਜੇ.ਐਨ.ਯੂ. ਵਿਚ ਭਾਰੂ ਹੋ ਗਏ। ਮੌਜੂਦਾ ਸੱਤਾ ਤੋਂ ਨਾਰਾਜ਼ ਵਿਦਿਆਰਥੀਆਂ ਨੇ ਖੱਬੇਪੱਖੀ ਨਿਰਪੱਖ ਖੇਮੇ ਨੂੰ ਬਿਹਤਰ ਮੰਨਿਆ। ਇਹ ਦੇਸ਼ ਜਾਂ ਕਿਸੇ ਸੂਬੇ ਦਾ ਨਹੀਂ, ਇਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਫ਼ੈਸਲਾ ਹੈ, ਜਿਸ ਨੂੰ ਖੁਦ ਕੇਂਦਰ ਵੀ ਅਧਿਕਾਰਤ ਤੌਰ ‘ਤੇ ਭਾਰਤ ਦੀ ਸਰਵੋਤਮ ਯੂਨੀਵਰਸਿਟੀ ਮੰਨਦਾ ਹੈ।

ਉਰਮੀਲੇਸ਼

ਭਾਰਤ ਦੇ ਮਸ਼ਹੂਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿਚ ਇਸ ਵਾਰ ਫਿਰ ਖੱਬੀਆਂ ਧਿਰਾਂ ਨੇ ਆਪਣੀ ਸ਼ਾਨਦਾਰ ਜਿੱਤ ਦਾ ਪਰਚਮ ਲਹਿਰਾਇਆ ਹੈ। ਪ੍ਰਧਾਨ ਤੋਂ ਲੈ ਕੇ ਸਕੱਤਰ ਤੱਕ, ਕੇਂਦਰੀ ਪੈਨਲ ਦੇ ਸਾਰੇ ਅਹੁਦਿਆਂ ਅਤੇ ਕੌਂਸਲ ਦੀਆਂ ਜ਼ਿਆਦਾਤਰ ਸੀਟਾਂ ‘ਤੇ ‘ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈਸਾ), ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ (ਐਸ.ਐਫ.ਆਈ.) ਅਤੇ ਡੈਮੋਕਰੈਟਿਕ ਸਟੂਡੈਂਟਸ ਫੈਡਰੇਸ਼ਨ (ਡੀ.ਐਸ.ਐਫ.) ਦੇ ਖੱਬੇ ਪੱਖੀ ਏਕਤਾ ਗਠਜੋੜ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।
ਜੇ.ਐਨ.ਯੂ. ਵਿਚ ਖੱਬੀਆਂ ਧਿਰਾਂ ਦੀ ਜਿੱਤ ਕੋਈ ਪਹਿਲੀ ਵਾਰ ਨਹੀਂ ਹੋਈ ਹੈ। ਖੱਬੇ ਪ੍ਰਭਾਵ ਦਾ ਇਹ ਲੰਬਾ ਇਤਿਹਾਸ ਹੈ। ਵਿਚ ਜਿਹੇ ਕਿਤੇ ਕਿਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ੱਦ ਵਰਗੇ ਧੁਰ ਦੱਖਣਪੰਥੀ ਵਿਦਿਆਰਥੀ ਸੰਗਠਨ, ਕਾਂਗਰਸ ਦੇ ਵਿਦਿਆਰਥੀ ਸੰਗਠਨ ਐਨ.ਐਸ.ਯੂ.ਆਈ. ਅਤੇ ਸ਼ੁਰੂ ਦੇ ਦੌਰ ਵਿਚ ‘ਫਰੀ ਥਿੰਕਰਜ਼’ ਵਰਗੇ ਗੈਰ ਪਾਰਟੀ ਦਾਇਰੇ ਦੇ ਸੰਗਠਨਾਂ ਦੇ ਉਮੀਦਵਾਰ ਵੀ ਚੋਣ ਜਿੱਤਦੇ ਰਹੇ ਹਨ।
ਖਾਰਜ ਹੋਇਆ ਟੈਂਕ…
ਸਭ ਤੋਂ ਵੱਧ ਵਾਰ ਜਿੱਤ ਦਾ ਰਿਕਾਰਡ ਖੱਬੀਆਂ ਧਿਰਾਂ ਦੇ ਨਾਂ ਹੈ। ਪਰ ਇਸ ਵਾਰ ਵਿਦਿਆਰਥੀ ਚੋਣਾਂ ਵਿਚ ਖੱਬੀ ਧਿਰ ਏਕਤਾ ਗਠਜੋੜ ਦੀ ਸ਼ਾਨਦਾਰ ਜਿੱਤ ਦੇ ਬੇਹੱਦ ਖ਼ਾਸ ਮਾਇਨੇ ਹਨ। ਨਤੀਜੇ ਤੋਂ ਪਹਿਲਾਂ, ਦੇਸ਼ ਦੀ ਸੱਤਾਧਾਰੀ ਪਾਰਟੀ ਅਤੇ ਆਰ.ਐਸ.ਐਸ. ਦੇ ਰਣਨੀਤੀਕਾਰ ਇਸ ਚੋਣ ਨੂੰ ਜੇ.ਐਨ.ਯੂ ਦਾ ਇਤਿਹਾਸ ਦਾ ਇਕ ‘ਟਰਨਿੰਗ ਪੁਵਾਇੰਟ’ ਮੰਨ ਰਹੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਦੇਸ਼ ਵਿਚ ਜਿਸ ਤਰ੍ਹਾਂ ਦੀ ਲਹਿਰ ਚੱਲ ਰਹੀ ਹੈ, ਉਸ ਤੋਂ ਜੇ.ਐਨ.ਯੂ. ਅਛੂਤਾ ਨਹੀਂ ਰਹਿ ਸਕਦਾ। ਪਿਛਲੇ 2 ਸਾਲਾਂ ਤੋਂ ਜੇ.ਐਨ.ਯੂ. ਪ੍ਰਸ਼ਾਸਨ ਵੀ ਵਿਦਿਆਰਥੀ ਸੰਘ ਦੀ ਸਿਆਸਤ ਦੀ ਧਾਰਾ ਨੂੰ ਬਦਲਣ ਵਿਚ ਜੁਟਿਆ ਹੋਇਆ ਸੀ। ਸ਼ਾਇਦ ਉਸ ਨੂੰ ਅਹਿਮ ਏਜੰਡੇ ਵਜੋਂ ਇਹ ਕਾਰਜਭਾਰ ਸੌਂਪਿਆ ਗਿਆ ਸੀ।
ਤਾਂ ਹੀ ਤਾਂ ਯੂਨੀਵਰਸਿਟੀ ਦੇ ਕੁਲਪਤੀ ਨੇ ਕੁਝ ਦਿਨ ਪਹਿਲਾਂ ਕੈਂਪਸ ਵਿਚ ‘ਰਾਸ਼ਟਰਵਾਦੀ ਵਿਚਾਰਾਂ ਦਾ ਮਾਣ ਤੇ ਪ੍ਰਚਾਰ’ ਲਈ ਵੱਡਾ ਯੁੱਧ ਟੈਂਕ ਰਖਵਾਉਣ ਦਾ ਪ੍ਰਸਤਾਵ ਰੱਖਿਆ। ਨਿੱਜੀ ਟੀ.ਵੀ. ਚੈਨਲਾਂ ‘ਤੇ ਆਪਣੇ ‘ਸਖ਼ਤ ਯੁੱਧ ਸਮਰਥਕ ਬੋਲ’ ਲਈ ਵਿਵਾਦਗ੍ਰਸਤ ਸਾਬਕਾ ਸੈਨਾ ਅਧਿਕਾਰੀ ਦੀ ਮੌਜੂਦਗੀ ਵਾਲੇ ਸਮਾਰੋਹ ਵਿਚ ਇਸ ਇੱਛਾ ਦਾ ਐਲਾਨ ਹੋਇਆ।
ਰਾਸ਼ਟਰਵਾਦੀ ਪ੍ਰਸ਼ਾਸਨ…
ਸੱਤਾਧਾਰੀ ਖੇਮੇ ਦੇ ਨੇਤਾ ਤੇ ਸੰਘ ਪ੍ਰਚਾਰਕ ਅਕਸਰ ਜੇ.ਐਨ.ਯੂ. ਨੂੰ ‘ਦੇਸ਼ ਧਰੋਹੀਆਂ ਦਾ ਅੱਡਾ’ ਦੱਸਦੇ ਰਹੇ। ਮਾਹੌਲ ਨੂੰ ‘ਰਾਸ਼ਟਰਵਾਦੀ’ ਬਣਾਉਣ ਲਈ ਪ੍ਰਸ਼ਾਸਨ ਵਲੋਂ ਕੈਂਪਸ ਵਿਚ ਕਦੇ ‘ਕਾਰਗਿਲ ਜੇਤੂ ਦਿਵਸ’ ਤੇ ਕਦੇ ‘ਦੀਨਦਿਆਲ ਉਪਾਧਾਏ ਦੇ ਇਕੋ-ਇਕ ਮਾਨਵਵਾਦ’ ਦੇ ਨਾਂ ‘ਤੇ ਵੱਡੇ ਵੱਡੇ ਪ੍ਰੋਗਰਾਮ ਕਰਦੇ ਰਹੇ। ਵਿਦਿਆਰਥੀ ਸੰਘ ਨੇ ਕੈਂਪਸ ਵਿਚ ਟੈਂਕ ਰੱਖਣ ਦੇ ਪ੍ਰਸਤਾਵ ਨੂੰ ‘ਘਟੀਆ ਸੋਚ’ ਦੱਸਿਆ। ਬੀਤੇ 2 ਵਰ੍ਹਿਆਂ ਦੌਰਾਨ ਵੱਖ ਵੱਖ ਮੁੱਦਿਆਂ ‘ਤੇ ਪ੍ਰਸ਼ਾਸਨ ਤੇ ਵਿਦਿਆਰਥੀ-ਅਧਿਆਪਕਆਂ ਦੇ ਵੱਡੇ ਹਿੱਸੇ ਵਿਚਾਲੇ ਲਗਾਤਾਰ ਟਕਰਾਅ ਜਾਰੀ ਰਿਹਾ। ਖੱਬੇ-ਪੱਖੀ ਧਾਰਾ ਦੇ ਸੰਗਠਨਾਂ, ਵਿਦਿਆਰਥੀਆਂ ਤੇ ਇਥੋਂ ਤਕ ਕਿ ਅਧਿਆਪਕਾਂ ਖ਼ਿਲਾਫ਼ ਵੀ ਤਰ੍ਹਾਂ ਤਰ੍ਹਾਂ ਦੇ ਕਦਮ ਚੁੱਕੇ ਗਏ। ਖੱਬੇ ਪੱਖੀ ਸੰਗਠਨਾਂ ਦੀਆਂ ਗਤੀਵਿਧੀਆਂ ‘ਤੇ ਤਮਾਮ ਤਰ੍ਹਾਂ ਦੀਆਂ ਪਾਬੰਦੀਆਂ ਥੋਪੀਆਂ ਗਈਆਂ। ਖੱਬੇਪੱਖੀ ਸਮਰਥਕ ਤੇ ਦਲਿਤ-ਪਛੜੇ ਫ਼ਿਰਕੇ ਦੇ ਕਈ ਵਿਦਿਆਰਥੀਆਂ ਖ਼ਿਲਾਫ਼ ਅਨੁਸ਼ਾਸਨਿਕ ਕਾਰਵਾਈ ਕੀਤੀ ਗਈ। ਨਤੀਜੇ ਤੋਂ ਸਾਫ਼ ਲਗਦਾ ਹੈ, ‘ਜੇ.ਐਨ.ਯੂ. ਵਿਦਿਆਰਥੀਆਂ ਨੇ ਕੈਂਪਸ ਵਿਚ ਟੈਂਕ ਰੱਖਣ ਦੇ ਪ੍ਰਸਤਾਵ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਤੇ ਕੈਂਪਸ ਦੀ ਵਿਦਿਆਰਥੀ-ਸਿਆਸਤ ਵਿਚ ‘ਟਰਨਿੰਗ ਪਵਾਇੰਟ’ ਨਹੀਂ ਆਉਣ ਦਿੱਤਾ।
ਰਣਨੀਤੀ ਕੰਮ ਨਾ ਆਈ!…
ਖੱਬੇਪੱਖੀ ਵਿਦਿਆਰਥੀ ਸੰਗਠਨਾਂ ਦਾ ਅਸਰ ਸੀਮਤ ਕਰਨ ਲਈ ਇਸ ਵਾਰ ਜੇ.ਐਨ.ਯੂ. ਪ੍ਰਸ਼ਾਸਨ ਖ਼ਾਸ ਤੌਰ ‘ਤੇ ਸਰਗਰਮੀ ਦਿਖਾ ਰਿਹਾ ਸੀ। ਸੰਨ 2017 ਦੇ ਵਿਦਿਅਕ ਸੈਸ਼ਨ ਲਈ ਉਸ ਨੇ ਕਈ ਵਿਭਾਗਾਂ ਵਿਚ ਐਮ.ਫਿਲ-ਪੀਐਚਡੀ ਦੀਆਂ ਸੀਟਾਂ ਵਿਚ ਭਾਰੀ ਕਟੌਤੀ ਕੀਤੀ, ਜਦਕਿ ਬੀ.ਏ., ਐਮ.ਏ. ਜਮਾਤਾਂ ਦੀਆਂ ਸੀਟਾਂ ਵਿਚ ਕਟੌਤੀ ਨਹੀਂ ਹੋਈ ਹੈ।
ਕੈਂਪਸ ਵਿਚ ਇਸ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ। ਵਿਦਿਆਰਥੀ ਸੰਗਠਨ ਨੇ ਦੋਸ਼ ਲਾਇਆ ਕਿ ਜੇ.ਐਨ.ਯੂ. ਪ੍ਰਸ਼ਾਸਨ ਨੇ ਦਾਖ਼ਲੇ ਲਈ ਅਕਾਦਮਿਕ ਕੌਂਸਲ ਦੀ ਸਹਿਮਤੀ ਦੇ ਬਿਨਾਂ ਜੋ ਫ਼ੈਸਲਾ ਕੀਤਾ, ਉਸ ਪਿਛੇ ਸ਼ਾਸਕੀ ਦਬਾਅ ਅਹਿਮ ਕਾਰਨ ਹੈ। ਜੇ.ਐਨ.ਯੂ. ਅਧਿਆਪਕ ਸੰਘ ਦੇ ਮੁਖੀ ਰਹਿ ਚੁੱਕੇ ਪ੍ਰੋਫੈਸਰ ਚਮਨ ਲਾਲ ਮੁਤਾਬਕ ਆਮ ਤੌਰ ‘ਤੇ ਜੇ.ਐਨ.ਯੂ. ਵਿਚ ਖੱਬੇ ਪੱਖੀ ਧਾਰਾ ਦੇ ਵਿਦਿਆਰਥੀ ਸੰਗਠਨਾਂ ਨੂੰ ਐਮਫਿਲ-ਪੀਐਚਡੀ. ਦੇ ਵਿਦਿਆਰਥੀਆਂ ਦਾ ਵਿਆਪਕ ਸਮਰਥਨ ਮਿਲਦਾ ਹੈ। ਉਸ ਦਾ ਵੱਡਾ ਕਾਰਨ ਹੈ ਕਿ ਅਜਿਹੇ ਵਿਦਿਆਰਥੀ ਉਮੀਦ ਨਾਲੋਂ ਸਮਝਦਾਰ, ਬੌਧਿਕ ਤੇ ਤਜਰਬੇਕਾਰ ਹੁੰਦੇ ਹਨ। ਅਜਿਹੇ ਵਿਦਿਆਰਥੀਆਂ ਦਾ ਇਕ ਹਿੱਸਾ ਇਸੇ ਕੈਂਪਸ ਤੋਂ ਹੁੰਦਾ ਹੈ।
ਸੀਟਾਂ ਵਿਚ ਕਟੌਤੀ…
ਐਮ.ਏ. ਪਾਸ ਕਰਨ ਤੋਂ ਬਾਅਦ ਜੇ.ਐਨ.ਯੂ. ਦੇ ਅਨੇਕ ਵਿਦਿਆਰਥੀ ਐਮਫਿਲ-ਪੀਐਚਡੀ ਕੋਰਸ ਵਿਚ ਦਾਖ਼ਲਾ ਲੈਂਦੇ ਹਨ। ਕੈਂਪਸ ਦੇ ਮਾਹੌਲ ਵਿਚ ਰਚੇ-ਵਸੇ ਅਜਿਹੇ ਵਿਦਿਆਰਥੀਆਂ ਵਿਚ ਖੱਬੇ ਪੱਖੀ ਸੋਚ ਵਾਲੇ ਵਿਦਿਆਰਥੀਆਂ ਦੀ ਸੰਖਿਆ ਜ਼ਿਆਦਾ ਹੁੰਦੀ ਹੈ। ਬਾਹਰੋਂ ਆਉਣ ਵਾਲੇ ਖੋਜ ਦੇ ਵਿਦਿਆਰਥੀਆਂ ਦਾ ਵੀ ਇਕ ਹਿੱਸਾ ਖੱਬੇ ਪੱਖੀ ਖੇਮੇ ਨਾਲ ਜੁੜਦਾ ਹੈ। ਇਕ ਰਣਨੀਤੀ ਤਹਿਤ ਇਸ ਸਾਲ ਐਮਫਿਲ-ਪੀਐਚਡੀ ਦੇ ਦਾਖ਼ਲੇ ਦੀਆਂ ਸੀਟਾਂ ਵਿਚ ਵੱਡੇ ਪੱਧਰ ‘ਤੇ ਕਟੌਤੀ ਕੀਤੀ ਗਈ ਹੈ। ਬਹਾਨਾ ਯੂ.ਜੀ.ਸੀ. ਦੇ ਫਰਮਾਨ ਦਾ ਬਣਾਇਆ ਗਿਆ ਹੈ। ਅਕਾਦਮਿਕ ਕੌਂਸਲ ਵਿਚ ਬਹੁਮਤ ਇਸ ਕਟੌਤੀ ਦੇ ਖ਼ਿਲਾਫ਼ ਸੀ। ਪਰ ਪ੍ਰਸ਼ਾਸਨ ਨੇ ਘੱਟ ਮੈਂਬਰਾਂ ਦੀ ਗੱਲ ਮੰਨੀ। ਕਈ ਹੋਰਨਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਲਗਿਆ ਹੋਵੇਗਾ ਕਿ ਬਾਹਰੋਂ ਆਉਣ ਵਾਲੇ ਜ਼ਿਆਦਾਤਰ ਨੌਜਵਾਨ ਵਿਦਿਆਰਥੀ ਏ.ਬੀ.ਵੀ.ਪੀ. ਵਰਗੇ ਸੰਗਠਨ ਲਈ ਅਨੁਕੂਲ ਹੋਣਗੇ, ਇਸ ਲਈ ਬੀ.ਏ. ਐਮ.ਏ. ਕੋਰਸ ਵਿਚ ਕਟੌਤੀ ਨਹੀਂ ਹੋਈ। ਕਟੌਤੀ ਸਿਰਫ਼ ਖੋਜ-ਵਿਦਿਆਰਥੀਆਂ ਦੇ ਦਾਖ਼ਲੇ ਵਿਚ ਕੀਤੀ ਗਈ ਹੈ।
ਦੋ ਪਾਸਿਆਂ ਤੋਂ ਚੁਣੌਤੀ…
ਪਰ ਪ੍ਰਸ਼ਾਸਨ ਦੀ ਇਹ ਕਥਿਤ ਰਣਨੀਤੀ ਵੀ ਦੇਸ਼ ਦੇ ਸੱਤਾਧਾਰੀ ਖੇਮੇ ਤੇ ਕੈਂਪਸ ਵਿਚ ਏ.ਬੀ.ਵੀ.ਪੀ. ਲਈ ‘ਵਰਦਾਨ’ ਨਹੀਂ ਸਿੱਧ ਹੋ ਸਕੀ। ਖੱਬੇਪੱਖੀ ਖੇਮੇ ਸਾਹਮਣੇ ਇਕ ਹੋਰ ਵੱਡੀ ਚੁਣੌਤੀ ਸੀ। ਭਾਜਪਾ-ਸੰਘ ਦੇ ਪਿਛੋਕੜ ਵਾਲੀ ਏ.ਬੀ.ਵੀ.ਪੀ. ਦੇ ਹਮਲਾਵਰ ਰੁਖ਼ ਦੇ ਬਾਵਜੂਦ ਉਸ ਦਾ ਆਪਣਾ ਖੇਮਾ ਬੁਰੀ ਤਰ੍ਹਾਂ ਵੰਡਿਆ ਜਿਹਾ ਗਿਆ ਸੀ। ਵਿਰੋਧੀ-ਏਕਤਾ ਦੀ ਗੱਲ ਤਾਂ ਦੂਰ ਰਹੀ, ਖੱਬੀ-ਏਕਤਾ ਵੀ ਪੁਖ਼ਤਾ ਨਹੀਂ ਸੀ। ਵਿਦਿਆਰਥੀ ਸੰਘ ਦੇ ਸਾਬਕਾ ਮੁਖੀ ਤੇ ਮਸ਼ਹੂਰ ਖੱਬੇਪੱਖੀ ਵਿਦਿਆਰਥੀ ਨੇਤਾ ਕਨੱ੍ਹਈਆ ਕੁਮਾਰ ਦਾ ਸੰਗਠਨ ਏ.ਆਈ.ਐਸ.ਐਫ. ਖੱਬੇਪੱਖੀ ਗਠਜੋੜ ਤੋਂ ਬਾਹਰ ਰਿਹਾ। ਪ੍ਰਧਾਨਗੀ ਅਹੁਦੇ ਲਈ ਉਸ ਨੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਸੰਸਦ ਮੈਂਬਰ ਡੀ. ਰਾਜਾ ਦੀ ਧੀ ਅਪਰਾਜਿਤਾ ਰਾਜਾ ਨੂੰ ਖੜ੍ਹਾ ਕਰ ਦਿੱਤਾ। ਕਨੱ੍ਹਈਆ ਵੀ ਰਾਜਾ ਲਈ ਪ੍ਰਚਾਰ ਕਰ ਰਹੇ ਸਨ। ਦੂਸਰੇ ਪਾਸੇ, ਦਲਿਤ ਪੱਛੜਿਆਂ ਦੇ ਖੇਮੇ ਦੀ ਪ੍ਰਤੀਨਿਧਤਾ ਦਾ ਦਾਅਵਾ ਕਰਨ ਵਾਲਾ ‘ਬਾਪਸਾ’ ਨਾਂ ਦਾ ਵਿਦਿਆਰਥੀ ਸਮੂਹ ਪੂਰੀ ਤਾਕਤ ਨਾਲ ਆਪਣਾ ਵੱਖਰ ਪੈਨਲ ਲੈ ਕੇ ਮੈਦਾਨ ਵਿਚ ਉਤਰਿਆ। ਪਿਛਲੀਆਂ ਚੋਣਾਂ ਵਿਚ ਹੀ ‘ਬਾਪਸਾ’ ਨੇ ਆਪਣੀ ਧਮਕ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਸਾਲ ਜਿੱਤਣ ਲਈ ਉਸ ਨੇ ਪੂਰੀ ਤਾਕਤ ਲਗਾ ਦਿੱਤੀ।
ਗੌਰੀ ਲੰਕੇਸ਼ ਦੀ ਹੱਤਿਆ ਵੀ ਬਣਿਆ ਮੁੱਦਾ…
ਪਰ ਕਿਤੇ ਨਾ ਕਿਤੇ ਉਸ ਦੀ ਸਿਆਸੀ ਭਰੋਸੇਯੋਗਤਾ ‘ਤੇ ਦਲਿਤ ਪਛੜੇ ਵਿਦਿਆਰਥੀਆਂ ਦੇ ਇਕ ਹਿੱਸੇ ਵਿਚ ਵੀ ਕੁਝ ਸਵਾਲ ਸਨ। ਮਸਲਨ, ‘ਬਾਪਸਾ’ ਦੇ ਨੇਤਾ ਇਹ ਸਾਫ਼ ਨਹੀਂ ਕਰ ਸਕੇ ਕਿ ਬਹੁਜਨ ਹਿਤਾਂ ਦੇ ਮੱਦੇਨਜ਼ਰ ਅੱਜ ‘ਖੱਬੇਪੱਖੀਆਂ ਦੇ ਕਥਿਤ ਮੌਕਾਪ੍ਰਸਤ’ ਤੇ ‘ਸੰਘ-ਭਾਜਪਾ ਦੇ ਕਥਿਤ ਫਾਸੀਵਾਦੀ ਮਨੁਵਾਦ’ ਵਿਚ ਜ਼ਿਆਦਾ ਖ਼ਤਰਨਾਕ ਕੌਣ ਹੈ?
ਫਿਰ ਵੀ ਉਸ ਦੇ ਉਮੀਦਵਾਰਾਂ ਨੂੰ ਦਲਿਤ ਪਛੜਿਆਂ ਦੇ ਇਕ ਖੇਮੇ ਦਾ ਜ਼ਿਕਰਯੋਗ ਸਮਰਥਨ ਮਿਲਿਆ। ਏ.ਬੀ.ਵੀ.ਪੀ. ਨੇ ਜਿੱਤਣ ਲਈ ਸਭ ਕੁਝ ਕੀਤਾ। ਉਸ ਦੀ ਜਿੱਤ ਸੁਨਿਸਚਿਤ ਕਰਨ ਲਈ ਭਾਜਪਾ-ਸੰਘ ਦੇ ਨੇਤਾ ਵੀ ਜੁਟੇ ਹੋਏ ਸਨ। ਚੋਣਾਂ ਦੇ ਅੰਤਿਮ ਗੇੜ ਵਿਚ ਜੇ.ਐਨ.ਯੂ. ਦੀ ਸਾਬਕਾ ਵਿਦਿਆਰਥੀ ਰਹੀ ਨਿਰਮਲਾ ਸੀਤਾਰਮਨ ਦੇ ਦੇਸ਼ ਦੇ ਰੱਖਿਆ ਮੰਤਰੀ ਬਣਨ ਨੂੰ ਵੀ ਮੋਦੀ ਸਰਕਾਰ ਦੇ ਵੱਡੇ ਕਦਮ ਵਜੋਂ ਪ੍ਰਚਾਰਤ ਕੀਤਾ ਗਿਆ ਤੇ ਵਿਦਿਆਰਥੀਆਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ ਕੀਤੀ ਗਈ। ਪਰ ਲਗਦਾ ਹੈ, ਇਕ ਸਮੇਂ ਦੀ ‘ਫਰੀ ਥਿੰਕਰ’ ਨਿਰਮਲਾ ਦੇ ਰੱਖਿਆ ਮੰਤਰੀ ਬਣਨ ਦਾ ਜੇ.ਐਨ.ਯੂ. ਵਿਚ ਓਨਾ ਅਸਰ ਨਹੀਂ ਪਿਆ, ਜਿੰਨਾ ਬੰਗਲੁਰੂ ਵਿਚ ਉਘੀ ਪੱਤਰਕਾਰ-ਲੇਖਿਕਾ ਗੌਰੀ ਲੰਕੇਸ਼ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦਾ ਪਿਆ। ਗੌਰੀ ਨਿਰਪੱਖ-ਜਮਹੂਰੀ ਸੋਚ ਦੀ ਨਿਡਰ ਪੱਤਰਕਾਰ ਸੀ, ਜਿਸ ਤੋਂ ਕਰਨਾਟਕ ਵਿਚ ਭਾਜਪਾ-ਸੰਘ-ਸ਼੍ਰੀਰਾਮ ਸੈਨਾ ਵਰਗੇ ਸੰਗਠਨਾਂ ਦੇ ਨੇਤਾ ਬੇਹੱਦ ਡਰਦੇ ਸਨ। ਭਾਜਪਾ ਦੇ ਨੇਤਾਵਾਂ ਨੇ ਉਨ੍ਹਾਂ ਖ਼ਿਲਾਫ਼ ਮਾਨਹਾਨੀ ਦਾ ਮਾਮਲਾ ਵੀ ਦਰਜ ਕੀਤਾ, ਜਿਸ ਵਿਚ ਉਨ੍ਹਾਂ ਨੂੰ ਸਜ਼ਾ ਹੋਈ। ਉਨ੍ਹਾਂ ਨੇ ਉਪਰੀ ਅਦਾਲਤ ਵਿਚ ਸਜ਼ਾ ਨੂੰ ਚੁਣੌਤੀ ਦਿੱਤੀ ਸੀ। ਜੇ.ਐਨ.ਯੂ. ਵਿਦਿਆਰਥੀ ਸੰਘ ਦੇ ਮੁੱਖ ਭਾਸ਼ਣਾਂ ਵਿਚ ਗੌਰੀ ਹੱਤਿਆ ਕਾਂਡ ਦੀ ਵੀ ਚਰਚਾ ਹੋਈ। ਕਿਸੇ ਨੇ ਕਿਸੇ ‘ਤੇ ਦੋਸ਼ ਨਹੀਂ ਲਾਇਆ ਪਰ ਏ.ਬੀ.ਵੀ.ਪੀ. ਬਚਾਅ ਦੀ ਮੁੱਦਰਾ ਵਿਚ ਦਿਖੀ।
ਖੱਬੀ ਧਿਰ ਦੀ ਜਿੱਤ…
ਇਨ੍ਹਾਂ ਤਮਾਮ ਕਾਰਨਾਂ ਨਾਲ ਜੇ.ਐਨ.ਯੂ. ਵਿਦਿਆਰਥੀ ਸੰਘ ਦੀਆਂ ਚੋਣਾਂ ਨੂੰ ਲੈ ਕੇ ਦੇਸ਼ ਦੇ ਸਿਆਸੀ ਹਲਕਿਆਂ ਵਿਚ ਇਸ ਵਾਰ ਜ਼ਿਆਦਾ ਉਤਸੁਕਤਾ ਸੀ। ਇਕ ਵਿਵਾਦਗ੍ਰਸਤ ਵੀ.ਸੀ. ਰਾਹੀਂ ਜੇ.ਐਨ.ਯੂ. ਪ੍ਰਸ਼ਾਸਨ ‘ਤੇ ਸੰਪੂਰਨ ਕਬਜ਼ਾ ਕਾਇਮ ਕਰ ਚੁੱਕੇ ਸੰਘ-ਭਾਜਪਾ ਖੇਮੇ ਨੂੰ ਲੱਗ ਰਿਹਾ ਸੀ ਕਿ ਇਸ ਵਾਰ ਵਿਦਿਆਰਥੀ-ਭਾਈਚਾਰੇ ਵਿਚਾਲੇ ਵੀ ਇਹ ‘ਜੇ.ਐਨ.ਯੂ. ਫਤਿਹ’ ਕਰ ਲਏਗਾ। ਅਤੇ ਸੱਚ ਪੁਛੋ ਤਾਂ ਖੱਬਾ-ਖੇਮਾ ਬਚਾਅ ਤੇ ਬੇਚੈਨੀ ਦੀ ਮੁਦਰਾ ਵਿਚ ਸੀ ਕਿ ਫਿਰਕੂ ਤੇ ਦੱਖਣ ਪੰਥੀ ਉਭਾਰ ਦੇ ਮੌਜੂਦਾ ਮਾਹੌਲ ਵਿਚ ਇਹ ਆਪਣੇ ਇਸ ਮਜ਼ਬੂਤ ਥੰਭ ਨੂੰ ਕਿਵੇਂ ਬਚਾਏ! ਪਰ ਲਗਦਾ ਹੈ ਕਿ ਨੋਟਬੰਦੀ-ਜੀ.ਐਸ.ਟੀ. ਦੇ ਮਾੜੇ ਅਸਰ, ਸਮਾਜ ਵਿਚ ਵਧਦੇ ਫਿਰਕੂ-ਭਾਈਚਾਰਕ ਵੰਡ, ਸ਼ੋਸ਼ਣ, ਅਪਰਾਧ, ਅਸਹਿਮਤ ਲੋਕਾਂ ਦੇ ਦਮਨ, ਸਿੱਖਿਆ ਖੇਤਰ ਵਿਚ ਮੱਚੀ ਬੇਹੱਦ ਅਰਾਜਕਤਾ ਤੇ ਸੀਟ-ਕਟੌਤੀ ਵਰਗੇ ਪਹਿਲੂ ਜੇ.ਐਨ.ਯੂ. ਵਿਚ ਭਾਰੂ ਹੋ ਗਏ। ਮੌਜੂਦਾ ਸੱਤਾ ਤੋਂ ਨਾਰਾਜ਼ ਵਿਦਿਆਰਥੀਆਂ ਨੇ ਖੱਬੇਪੱਖੀ ਨਿਰਪੱਖ ਖੇਮੇ ਨੂੰ ਬਿਹਤਰ ਮੰਨਿਆ। ਇਹ ਦੇਸ਼ ਜਾਂ ਕਿਸੇ ਸੂਬੇ ਦਾ ਨਹੀਂ, ਇਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਫ਼ੈਸਲਾ ਹੈ, ਜਿਸ ਨੂੰ ਖੁਦ ਕੇਂਦਰ ਵੀ ਅਧਿਕਾਰਤ ਤੌਰ ‘ਤੇ ਭਾਰਤ ਦੀ ਸਰਵੋਤਮ ਯੂਨੀਵਰਸਿਟੀ ਮੰਨਦਾ ਹੈ। ਅਜਿਹੇ ਵਿਚ ਮੰਨਣਾ ਪਏਗਾ ਕਿ ਪ੍ਰਤੀਭਾਵਾਨ ਵਿਦਿਆਰਥੀਆਂ ਦੇ ਮਸ਼ਹੂਰ ਕੈਂਪਸ ਵਿਚ ਇਹ ਖੱਬੇ ਖੇਮੇ ਦੀ ਜਿੱਤ ਤਾਂ ਹੈ ਹੀ, ਸਿਆਸਤ ਦੇ ‘ਪੁਨਰਉਥਾਨਵਾਦੀ ਭਗਵਾਂ ਖੇਮੇ’ ਦਾ ਪੁਰਜ਼ੋਰ ਵਿਰੋਧ ਵੀ ਹੈ।