ਪੀ.ਵੀ. ਸਿੰਧੂ ਨੇ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਜਿੱਤਿਆ ਕੋਰੀਆ ਬੈਡਮਿੰਟਨ ਓਪਨ

ਪੀ.ਵੀ. ਸਿੰਧੂ ਨੇ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਜਿੱਤਿਆ ਕੋਰੀਆ ਬੈਡਮਿੰਟਨ ਓਪਨ

ਸਿਓਲ/ਬਿਊਰੋ ਨਿਊਜ਼ :
ਉਲੰਪਿਕ ਚਾਂਦੀ ਤਗਮਾ ਜੇਤੂ ਭਾਰਤੀ ਸਟਾਰ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਜਾਪਾਨ ਦੀ ਵਿਸ਼ਵ ਚੈਂਪੀਅਨ ਖਿਡਾਰਨ ਨੋਜੋਮੀ ਓਕੁਹਾਰਾ ਨੂੰ ਫਾਈਨਲ ਵਿਚ ਹਰਾ ਕੇ ਕੋਰੀਆ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦਾ ਮਹਿਲਾ ਸਿੰਗਲ ਵਰਗ ਦਾ ਖਿਤਾਬ ਜਿੱਤ ਲਿਆ। 22 ਸਾਲ ਦੀ ਖਿਡਾਰਨ ਸਿੰਧੂ ਨੇ ਇਸ 6,00,000 ਡਾਲਰ ਇਨਾਮੀ ਟੂਰਨਾਮੈਂਟ ਦੇ ਫਾਈਨਲ ਵਿਚ ਓਕੁਹਾਰਾ ਨੂੰ 1 ਘੰਟਾ 23 ਮਿੰਟ ਤੱਕ ਚੱਲੇ ਮੈਚ ਵਿਚ 22-20, 11-21, 20-18 ਨਾਲ ਮਾਤ ਦੇ ਕੇ ਇਸ ਖਿਤਾਬ ‘ਤੇ ਕਬਜ਼ਾ ਕੀਤਾ। ਸਿੰਧੂ ਨੇ ਪਹਿਲੇ ਹਾਫ਼ ਦੇ ਸ਼ੁਰੂ ਵਿਚ ਹੀ 2-0 ਨਾਲ ਬੜਤ ਬਣਾ ਲਈ ਪਰ ਵਿਰੋਧੀ ਖਿਡਾਰਨ ਨੇ ਜਲਦ ਹੀ ਬਰਾਬਰੀ ਕਰ ਲਈ ਜਿਸ ਤੋਂ ਬਾਅਦ ਸਿੰਧੂ ਫਿਰ 5-4 ਨਾਲ ਅੱਗੇ ਹੋ ਗਈ।
ਇਨ੍ਹਾਂ ਦੋਵੇਂ ਖਿਡਾਰਨਾਂ ਵਿਚਕਾਰ ਵਿਸ਼ਵ ਚੈਂਪੀਅਨਸ਼ਿਪ ਦੀ ਝਲਕ 6-5 ਦੇ ਅੰਕਾਂ ‘ਤੇ ਦੇਖਣ ਨੂੰ ਮਿਲੀ ਜਦ ਉਨ੍ਹਾਂ ਵਿਚਕਾਰ ਕਾਫ਼ੀ ਲੰਮੇ ਸਮੇਂ ਤੱਕ ਖੇਡ ਚੱਲੀ। ਇਸੇ ਦੌਰਾਨ ਸਿੰਧੂ ਨੇ ਕਰਾਰਾ ਸਮੈਸ਼ ਕਰਕੇ ਅੰਕ ਆਪਣੇ ਨਾਂਅ ਕੀਤਾ। ਹਾਲਾਂਕਿ ਓਕੁਹਾਰਾ ਨੇ ਇਸ ਤੋਂ ਬਾਅਦ ਲਗਾਤਾਰ ਚਾਰ ਅੰਕ ਬਣਾਏ ਜਦਕਿ ਸਿੰਧੂ ਨੇ ਅੰਕਾਂ ਨੂੰ ਫਿਰ 9-9 ਦੀ ਬਰਾਬਰੀ ‘ਤੇ ਲਿਆ ਦਿੱਤਾ ਪਰ ਜਾਪਾਨੀ ਖਿਡਾਰਨ ਬ੍ਰੇਕ ਤੱਕ 11-9 ਨਾਲ ਬੜਤ ਬਣਾਉਣ ਵਿਚ ਸਫ਼ਲ ਰਹੀ। ਇਸ ਤੋਂ ਬਾਅਦ ਸਿੰਧੂ ਨੇ ਵਿਚਕਾਰੋਂ ਅੱਠਾਂ ਵਿਚੋਂ ਪੰਜ ਅੰਕ ਹਾਸਲ ਕੀਤੇ ਤੇ ਉਹ 14-13 ਨਾਲ ਅੱਗੇ ਹੋ ਗਈ। ਫਿਰ ਦੋਵਾਂ ਵਿਚ ਕੁਝ ਰੁਮਾਂਚਕ ਖੇਡ ਦੇਖਣ ਨੂੰ ਮਿਲੀ ਤੇ ਇਸੇ ਵਿਚਕਾਰ ਓਕੁਹਾਰਾ ਨੂੰ ਦੋ ਗੇਮ ਪੁਆਇੰਟ ਮਿਲੇ ਗਏ ਤੇ ਦੂਜਾ ਹਾਫ਼ ਉਸ ਨੇ ਆਪਣੇ ਨਾਂਅ ਕਰ ਲਿਆ। ਹਾਲਾਂਕਿ ਸਿੰਧੂ ਨੇ ਦੂਜੇ ਹਾਫ਼ ਦੀਆਂ ਸਭ ਗਲਤੀਆਂ ਨੂੰ ਪਿੱਛੇ ਛੱਡਦਿਆਂ ਸ਼ਾਨਦਾਰ ਵਾਪਸੀ ਕੀਤੀ ਤੇ ਤੀਜੇ ਸੈੱਟ ਦੀ ਬ੍ਰੇਕ ਤੱਕ 11-5 ਨਾਲ ਅੱਗੇ ਹੋ ਗਈ। ਜਦਕਿ ਓਕੁਹਾਰਾ ਨੇ ਵੀ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਮੈਚ ਦੇ ਅੰਤ ਵਿਚ ਸਿੰਧੂ ਇਸ ਟੂਰਨਾਮੈਂਟ ‘ਤੇ ਕਬਜ਼ਾ ਕਰਨ ਵਿਚ ਸਫ਼ਲ ਰਹੀ।
ਕੋਰੀਆ ਓਪਨ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ
ਸਿੰਧੂ ਪਿਛਲੇ ਮਹੀਨੇ ਗਲਾਸਗੋ ‘ਚ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਕਾਫ਼ੀ ਰੁਮਾਂਚਕ ਮੁਕਾਬਲੇ ਨਾਲ ਓਕੁਹਾਰਾ ਤੋਂ ਹਾਰ ਗਈ ਸੀ। ਇਸ ਮੈਚ ਨੂੰ ਮਾਹਰਾਂ ਨੇ ਬਹੁਤ ਅਹਿਮ ਮੈਚ ਕਰਾਰ ਦਿੱਤਾ ਸੀ ਪਰ ਸਿੰਧੂ ਨੇ ਜਾਪਾਨੀ ਖਿਡਾਰਨ ਤੋਂ ਬਦਲਾ ਲੈ ਕੇ ਟੂਰਨਾਮੈਂਟ ਜਿੱਤ ਲਿਆ। ਇਸ ਤਰਾਂ ਕੋਰੀਆ ਓਪਨ ਸੁਪਰ ਸੀਰੀਜ਼ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ।
ਸਿੰਧੂ ਨੇ ਤੀਜਾ ਸੁਪਰ ਸੀਰੀਜ਼ ਖ਼ਿਤਾਬ ਜਿੱਤਿਆ
ਸਿੰਧੂ ਤੇ ਓਕੁਹਾਰਾ ਇਕ ਮਹੀਨੇ ਵਿਚ ਦੂਜੀ ਵਾਰ ਫਾਈਨਲ ਮੈਚ ਵਿਚ ਆਹਮਣੇ-ਸਾਹਮਣੇ ਹੋਈਆਂ ਜਿਸ ਕਾਰਨ ਫਿਰ ਤੋਂ ਰੁਮਾਂਚਕ ਮੈਚ ਹੋਣ ਦੀ ਉਮੀਦ ਕੀਤੀ ਜਾ ਰਹੀ ਸੀ। ਫਾਈਨਲ ਵਿਚ ਵੀ ਵਿਸ਼ਵ ਚੈਂਪੀਅਨਸ਼ਿਪ ਦੀ ਤਰਾਂ ਹੀ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਸਿੰਧੂ ਨੇ ਫਿਰ ਤੋਂ ਆਪਣੇ ਜਜ਼ਬੇ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ ਤੇ ਆਪਣੇ ਕੈਰੀਅਰ ਦਾ ਤੀਜਾ ਸੁਪਰ ਸੀਰੀਜ਼ ਖ਼ਿਤਾਬ ਜਿੱਤਿਆ। ਇਸ ਤੋਂ ਪਹਿਲਾਂ ਸਿੰਧੂ ਨੇ 2016 ਵਿਚ ਚਾਈਨਾ ਸੁਪਰ ਸੀਰੀਜ਼ ਪ੍ਰੀਮੀਅਰ ਤੇ ਇੰਡੀਅਨ ਓਪਨ ਸੁਪਰ ਸੀਰੀਜ਼ ਜਿੱਤੀ ਸੀ।
ਓਕੁਹਾਰਾ ਖ਼ਿਲਾਫ਼ ਰਿਕਾਰਡ ਦੀ ਕੀਤੀ ਬਰਾਬਰੀ
ਸਿੰਧੂ ਨੇ ਓਕੁਹਾਰਾ ਦਾ ਆਸਟ੍ਰੇਲੀਆ ਓਪਨ ਤੇ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਲਗਾਤਾਰ ਤੀਜਾ ਖਿਤਾਬ ਜਿੱਤਣ ਦਾ ਸੁਪਣਾ ਪੂਰਾ ਨਹੀਂ ਹੋਣ ਦਿੱਤਾ। ਇਸ ਸੀਰੀਜ਼ ਵਿਚ ਸਿੰਧੂ ਓਕੁਹਾਰਾ ਖ਼ਿਲਾਫ਼ ਆਪਣੇ ਰਿਕਾਰਡ ਨੂੰ ਬਰਾਬਰੀ ‘ਤੇ ਲਿਆਉਣ ਵਿਚ ਵੀ ਸਫ਼ਲ ਰਹੀ। ਇਨ੍ਹਾਂ ਦੋਵੇਂ ਖਿਡਾਰਨਾਂ ਨੇ ਹੁਣ ਤੱਕ ਇਕ-ਦੂਜੇ ਖ਼ਿਲਾਫ਼ 8 ਮੈਚ ਖੇਡੇ ਹਨ ਜਿਨ੍ਹਾਂ ਵਿਚੋਂ ਹੁਣ ਦੋਵਾਂ ਨੇ 4-4 ਮੈਚਾਂ ਵਿਚ ਜਿੱਤ ਪ੍ਰਾਪਤ ਕੀਤੀ ਹੈ।